ਰਾਜਵੀਰ ਕੌਰ ਬਣੀ ਮਾਡਰਨ ਕਾਲਜ ਦੀ ਸਰਬੋਤਮ ਖਿਡਾਰਨ

ਵਿਦਿਆਰਥੀਆਂ ਨੂੰ ਇਨਾਮ ਦਿੰਦੇ ਹੋਏ ਚੇਅਰਮੈਨ ਹਰਪਾਲ ਸਿੰਘ। -ਫੋਟੋ: ਚੀਮਾ

ਪੱਤਰ ਪ੍ਰੇਰਕ ਸੰੰਦੌੜ, 14 ਫਰਵਰੀ ਮਾਡਰਨ ਕਾਲਜ ਆਫ ਐਜੂਕੇਸ਼ਨ, ਸ਼ੇਰਗੜ੍ਹ ਚੀਮਾ ਦੇ ਡਾਇਰੈਕਟਰ ਜਗਜੀਤ ਸਿੰਘ ਦੀ ਅਗਵਾਈ ਅਤੇ ਪ੍ਰਿੰਸੀਪਲ ਡਾ. ਨੀਤੂ ਸੇਠੀ ਦੀ ਨਿਗਰਾਨੀ ਹੇਠ ਅੱਜ ਇੱਥੇ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸੰਸਥਾ ਦੇ ਚੇਅਰਮੈਨ ਹਰਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਬੀਐੱਡ ਦੇ ਦੋਵੇਂ ਸਮੈਸਟਰਾਂ ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਮਾਰਚ ਪਾਸਟ ਕੀਤਾ। ਇਸ ਮਗਰੋਂ ਵਿਦਿਆਰਥਣਾਂ ਨੇ ਵੱਖ-ਵੱਖ ਖੇਡਾਂ ਚਾਟੀ ਦੌੜ, 100 ਮੀਟਰ ਦੌੜ, 200 ਮੀਟਰ ਦੌੜ, ਰੀਲੇਅ ਦੌੜ, ਚਮਚਾ ਦੌੜ, ਤਿੰਨ ਟੰਗੀ ਦੌੜ, ਲੰਬੀ ਛਾਲ ਆਦਿ ਵਿਚ ਹਿੱਸਾ ਲਿਆ। ਬੈਸਟ ਮਾਰਚ ਪਾਸਟ ਦੀ ਟਰਾਫੀ ਟੈਗੋਰ ਹਾਊਸ ਨੇ ਜਿੱਤੀ। ਗਾਂਧੀ ਹਾਊਸ ਨੂੰ ਬੈਸਟ ਹਾਊਸ ਅਤੇ ਬੈਸਟ ਐਥਲੀਟ ਰਾਜਵੀਰ ਕੌਰ ਨੂੰ ਐਲਾਨਿਆ ਗਿਆ। ਮੁੱਖ ਮਹਿਮਾਨ ਹਰਪਾਲ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਸਰੀਰਿਕ ਵਿਕਾਸ ਵਿਚ ਤਾਂ ਮਹੱਤਵਪੂਰਨ ਰੋਲ ਅਦਾ ਕਰਦੀਆਂ ਹੀ ਹਨ, ਇਸ ਦੇ ਨਾਲ ਹੀ ਸਾਨੂੰ ਮਾਨਸਿਕ ਤੌਰ ’ਤੇ ਵੀ ਮਜਬੂਤ ਰੱਖਦੀਆਂ ਹਨ। ਇਸ ਦੌਰਾਨ ਦੇਸ਼ ਭਗਤ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਕਵਿਤਾ ਨੇ ਵੀ ਹਾਜ਼ਰੀ ਭਰੀ।

ਕਬੱਡੀ: 57 ਕਿਲੋ ਵਿੱਚ ਚੰਗਾਲੀਵਾਲਾ ਦੀ ਟੀਮ ਜੇਤੂ

ਲਹਿਰਾਗਾਗਾ (ਪੱਤਰ ਪ੍ਰੇਰਕ): ਨੇੜਲੇ ਪਿੰਡ ਚੰਗਾਲੀਵਾਲਾ ’ਚ ਗੁਰੂ ਰਵਿਦਾਸ ਵੈਲਫੇਅਰ ਕਮੇਟੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਖੇਡਾਂ ਵੱਲ ਉਤਸਾਹਿਤ ਕਰਨ ਲਈ ਕਬੱਡੀ ਟੂਰਨਾਮੈਂਟ ਕਰਵਾਇਆ। ਟੂਰਨਾਮੈਂਟ ਦਾ ਉਦਘਾਟਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਅਕਾਲੀ ਆਗੂ ਐਡਵੋਕੇਟ ਅਨਿਲ ਗਰਗ, ਪ੍ਰਾਚੀਨ ਸ਼ਿਵ ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨ ਅਸ਼ਵਨੀ ਅੱਛੀ ਨੇ ਕੀਤਾ। ਉਨ੍ਹਾਂ ਵੈਲਫੇਅਰ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਟੂਰਨਾਮੈਂਟ ਦੇ 57 ਕਿਲੋ ਭਾਰ ਕਬੱਡੀ ਮੁਕਾਬਲੇ ’ਚ ਪਿੰਡ ਚੰਗਾਲੀਵਾਲਾ ਨੇ ਪਹਿਲਾ ਸਥਾਨ ਅਤੇ ਘੱਗਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ 47 ਕਿਲੋ ਭਾਰ ਦੇ ਕਬੱਡੀ ਮੁਕਾਬਲੇ ’ਚ ਵੀ ਸਥਿਤੀ ਉਹੀ ਰਹੀ। ਇਸ ਮੌਕੇ ਕਮੇਟੀ ਪ੍ਰਧਾਨ ਕੁਲਵੀਰ ਸਿੰਘ, ਸਤਵਿੰਦਰ ਸ਼ਰਮਾ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੂਖਚੈਨ ਸਿੰਘ ਫੌਜੀ ਅਤੇ ਜਗਤਾਰ ਸਿੰਘ ਵੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All