ਰਣਜੀ ਟਰਾਫ਼ੀ: ਕੇਰਲ ਨੂੰ ਪੰਜਾਬ ਖ਼ਿਲਾਫ਼ 97 ਦੌੜਾਂ ਦੀ ਲੀਡ

ਨਾਗਪੁਰ, 12 ਜਨਵਰੀ

ਦੂਜੇ ਦਿਨ ਛੇ ਵਿਕਟਾਂ ਲੈਣ ਵਾਲੇ ਵਿਦਰਭ ਦੇ ਗੇਂਦਬਾਜ਼ ਆਦਿਤਿਆ ਸਰਵਟੇ ਨੂੰ ਵਧਾਈ ਦਿੰਦਾ ਹੋਇਆ ਉਸ ਦਾ ਸਾਥੀ ਖਿਡਾਰੀ। -ਫੋਟੋ: ਪੀਟੀਆਈ

ਪੰਜਾਬ ਅਤੇ ਕੇਰਲ ਦਾ ਥੁੰਬਾ ਵਿੱਚ ਖੇਡਿਆ ਜਾ ਰਿਹਾ ਰਣਜੀ ਟਰਾਫ਼ੀ ਇਲੀਟ ਗਰੁੱਪ ‘ਏ’ ਦਾ ਮੈਚ ਅੱਜ ਰੋਮਾਂਚਕ ਮੋੜ ’ਤੇ ਪਹੁੰਚ ਗਿਆ। ਪੰਜਾਬ ਨੇ ਕੇਰਲ ਦੀ ਦੂਜੀ ਪਾਰੀ ਵਿੱਚ 88 ਦੌੜਾਂ ’ਤੇ ਪੰਜ ਵਿਕਟਾਂ ਝਟਕ ਲਈਆਂ ਹਨ, ਜਿਸ ਕਾਰਨ ਕੇਰਲ ਦੀ ਕੁੱਲ ਲੀਡ 97 ਦੌੜਾਂ ਦੀ ਹੋ ਗਈ। ਦੂਜੇ ਪਾਸੇ ਨਾਗਪੁਰ ਵਿੱਚ ਵਿਦਰਭ ਨੇ ਫ਼ਿਰਕੀ ਗੇਂਦਬਾਜ਼ਾਂ ਦੇ ਦਮ ’ਤੇ ਮੈਚ ਦੇ ਦੂਜੇ ਦਿਨ ਹੀ ਬੰਗਾਲ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਛੇ ਅੰਕ ਹਾਸਲ ਕਰ ਲਏ। ਇਸ ਤੋਂ ਪਹਿਲਾਂ ਮੁਹੰਮਦ ਨਿਧੀਸ਼ ਨੇ ਸੱਤ ਵਿਕਟਾਂ ਲੈ ਕੇ ਪੰਜਾਬ ਨੂੰ ਪਹਿਲੀ ਪਾਰੀ ਵਿੱਚ ਲੀਡ ਲੈਣ ਤੋਂ ਰੋਕ ਦਿੱਤਾ। ਕਪਤਾਨ ਮਨਦੀਪ ਸਿੰਘ ਦੀ ਪਾਰੀ (ਨਾਬਾਦ 71 ਮਗਰੋਂ ਵੀ ਪੰਜਾਬ ਦੀ ਟੀਮ 218 ਦੌੜਾਂ ਹੀ ਬਣਾ ਸਕੀ। ਕੇਰਲ ਦੀ ਪਹਿਲੀ ਪਾਰੀ 227 ਦੌੜਾਂ ’ਤੇ ਢੇਰ ਹੋ ਗਈ ਸੀ। ਨਾਗਪੁਰ ਵਿੱਚ ਖੱਬੇ ਹੱਥ ਦੇ ਸਪਿੰਨਰ ਅਦਿਤਿਆ ਸਰਵਟੇ ਨੇ ਅੱਜ ਛੇ ਵਿਕਟਾਂ ਲਈਆਂ, ਜਿਸ ਨਾਲ ਬੰਗਾਲ ਦੀ ਦੂਜੀ ਪਾਰੀ 26.1 ਓਵਰਾਂ ਵਿੱਚ ਸਿਰਫ਼ 99 ਦੌੜਾਂ ’ਤੇ ਢੇਰ ਹੋ ਗਈ। ਸਰਵਟੇ ਨੇ ਪਹਿਲੀ ਪਾਰੀ ਵਿੱਚ ਵੀ ਚਾਰ ਵਿਕਟਾਂ ਝਟਕਾਈਆਂ ਸਨ। ਉਸ ਨੇ 13ਵੀਂ ਵਾਰ ਪਾਰੀ ਵਿੱਚ ਪੰਜ ਵਿਕਟਾਂ ਅਤੇ ਦੂਜੀ ਵਾਰ ਮੈਚ ਵਿੱਚ ਦਸ ਵਿਕਟਾਂ ਲਈਆਂ। ਬੰਗਾਲ ਦੇ ਸਿਰਫ਼ ਦੋ ਬੱਲੇਬਾਜ਼ ਅਨੁਸ਼ਟੁਪ ਮਜ਼ੂਮਦਾਰ (29 ਦੌੜਾਂ) ਅਤੇ ਆਕਾਸ਼ਦੀਪ (ਨਾਬਾਦ 14 ਦੌੜਾਂ) ਹੀ ਦੂਹਰੇ ਅੰਕ ਤੱਕ ਪਹੁੰਚ ਸਕੇ। ਵਿਦਰਭ ਨੂੰ ਦੂਜੀ ਪਾਰੀ ਵਿੱਚ ਜਿੱਤ ਲਈ 58 ਦੌੜਾਂ ਦਾ ਟੀਚਾ ਮਿਲਿਆ। ਟੀਮ ਨੇ 13.5 ਓਵਰਾਂ ਵਿੱਚ ਇੱਕ ਵਿਕਟ ’ਤੇ 61 ਦੌੜਾਂ ਬਣਾ ਕੇ ਦੋ ਦਿਨ ਪਹਿਲਾਂ ਦਰਜ ਕਰ ਲਈ। ਓਂਗੋਲ ਵਿੱਚ ਤੇਲਗੂ ਟੀਮਾਂ ਵਿਚਾਲੇ ਖੇਡੇ ਜਾ ਰਹੇ ਮੁਕਾਬਲੇ ਵਿੱਚ ਆਂਧਰਾ ਪ੍ਰਦੇਸ਼ ਪ੍ਰਸ਼ਾਂਤ ਕੁਮਾਰ ਦੇ ਸੈਂਕੜੇ ਦੀ ਬਦੌਲਤ ਹੈਦਰਾਬਾਦ ਖ਼ਿਲਾਫ਼ ਪਹਿਲੀ ਪਾਰੀ ਵਿੱਚ ਵੱਡੀ ਲੀਡ ਹਾਸਲ ਕਰਨ ਵੱਲ ਵਧ ਰਿਹਾ ਹੈ। ਹੈਦਰਾਬਾਦ ਦੀ ਪਹਿਲੀ ਪਾਰੀ ਵਿੱਚ 225 ਦੌੜਾਂ ਦੇ ਜਵਾਬ ਵਿੱਚ ਆਂਧਰਾ ਪ੍ਰਦੇਸ਼ ਨੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਇੱਕ ਵਿਕਟ ’ਤੇ 237 ਦੌੜਾਂ ਬਣਾ ਕੇ 12 ਦੌੜਾਂ ਦੀ ਲੀਡ ਹਾਸਲ ਕਰ ਲਈ। ਦਿਨ ਦੀ ਖੇਡ ਖ਼ਤਮ ਹੋਣ ਤੱਕ ਪ੍ਰਸ਼ਾਂਤ 117 ਅਤੇ ਕਪਤਾਨ ਹਨੁਮਾ ਵਿਹਾਰੀ 41 ਦੌੜਾਂ ’ਤੇ ਬੱਲੇਬਾਜ਼ੀ ਕਰ ਰਹੇ ਸਨ। ਰਾਜਸਥਾਨ ਨੇ ਜੈਪੁਰ ਵਿੱਚ ਖੇਡੇ ਜਾ ਰਹੇ ਮੁਕਾਬਲੇ ਵਿੱਚ ਗੁਜਰਾਤ ਖ਼ਿਲਾਫ਼ ਪਹਿਲੀ ਪਾਰੀ ਵਿੱਚ ਠੋਸ ਸ਼ੁਰੂਆਤ ਕਰਦਿਆਂ ਦਿਨ ਦੀ ਖੇਡ ਖ਼ਤਮ ਹੋਣ ਤੱਕ ਇੱਕ ਵਿਕਟ ਗੁਆ ਕੇ 142 ਦੌੜਾਂ ਬਣਾ ਲਈਆਂ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All