ਯੂਪੀ: ਦੋ ਹੋਰ ਕਰੋਨਾ ਪਾਜ਼ੇਟਿਵ, ਪੀੜਤਾਂ ਦੀ ਗਿਣਤੀ 35

ਲਖ਼ਨਊ, 24 ਮਾਰਚ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿਚ ਕਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ 35 ਹੋ ਗਈ ਹੈ। ਦੋ ਜਣੇ ਹੋਰ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚ 11 ਜਣੇ ਠੀਕ ਵੀ ਹੋਏ ਹਨ। ਦੋ ਨਵੇਂ ਕੇਸ ਸ਼ਮੀਲ ਤੇ ਨੋਇਡਾ ਦੇ ਹਨ। ਪ੍ਰਿੰਸੀਪਲ ਸਕੱਤਰ (ਸਿਹਤ) ਅਮਿਤ ਮੋਹਨ ਨੇ ਦੱਸਿਆ ਕਿ 35 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ 11 ਪੀੜਤ ਹੁਣ ਤੱਕ ਠੀਕ ਹੋ ਚੁੱਕੇ ਹਨ ਤੇ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਇਸ ਤਰ੍ਹਾਂ ਮੌਜੂਦਾ ਸਮੇਂ ਗਿਣਤੀ 24 ਹੈ। ਠੀਕ ਹੋਏ ਵਿਅਕਤੀਆਂ ਵਿਚੋਂ ਸੱਤ ਜਣੇ ਆਗਰਾ ਤੋਂ ਹਨ, ਦੋ ਗਾਜ਼ੀਆਬਾਦ ਤੇ ਇਕ-ਇਕ ਲਖ਼ਨਊ ਤੇ ਨੋਇਡਾ ਤੋਂ ਹੈ। ਉਨ੍ਹਾਂ ਕਿਹਾ ਕਿ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ ਤੇ ਹਾਲਤ ਸਥਿਰ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਵੇਲੇ ਰਾਜ ਵਿਚ 2800 ਆਈਸੋਲੇਸ਼ਨ ਬੈੱਡ ਹਨ ਤੇ ਜਲਦੀ ਹੀ ਗਿਣਤੀ 11,000 ਕਰ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਸਾਰੇ 51 ਮੈਡੀਕਲ ਕਾਲਜਾਂ ਵਿਚ 200 ਬੈੱਡ ਤਿਆਰ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ 5,000 ਕੁਆਰੰਟੀਨ ਬੈੱਡ ਵੀ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਆਈਸੋਲੇਸ਼ਨ ਬੈੱਡ ਪਾਜ਼ੇਟਿਵ ਵਿਅਕਤੀਆਂ ਲਈ ਹਨ ਤੇ ਕੁਆਰੰਟੀਨ ਸ਼ੱਕੀ ਮਰੀਜ਼ਾਂ ਲਈ ਹਨ। ਅਧਿਕਾਰੀ ਨੇ ਦੱਸਿਆ ਕਿ ਲਖ਼ਨਊ, ਅਲੀਗੜ੍ਹ, ਵਾਰਾਨਸੀ ਤੇ ਮੇਰਠ ਵਿਚ ਛੇ ਟੈਸਟਿੰਗ ਲੈਬਾਂ ਹਨ। ਗੋਰਖ਼ਪੁਰ ਤੇ ਸੈਫ਼ਈ ਵਿਚ ਵੀ ਟੈਸਟਿੰਗ ਲੈਬ ਸਥਾਪਿਤ ਕੀਤੀ ਜਾ ਰਹੀ ਹੈ। ਪ੍ਰਾਈਵੇਟ ਲੈਬ ਵੀ ਮਾਨਤਾ ਲਈ ਸਾਹਮਣੇ ਆ ਰਹੀਆਂ ਹਨ।

-ਪੀਟੀਆਈ

ਪ੍ਰਿਯੰਕਾ ਵੱਲੋਂ ਕਾਂਗਰਸੀ ਵਰਕਰਾਂ ਨੂੰ ਲੋਕਾਂ ਦੀ ਮਦਦ ਦੀ ਅਪੀਲ

ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਪੱਖਪਾਤ ਇਸ ਸੰਕਟ ਦੀ ਘੜੀ ਵਿਚ ਲੋਕਾਂ ਦੀ ਮਦਦ ਕਰਨ। ਉੱਤਰ ਪ੍ਰਦੇਸ਼ ਵਿਚ ਕਾਂਗਰਸ ਦੇ ਜ਼ਿਲ੍ਹਾ ਤੇ ਸ਼ਹਿਰੀ ਇਕਾਈਆਂ ਦੇ ਪ੍ਰਧਾਨਾਂ ਨੂੰ ਲਿਖੇ ਪੱਤਰਾਂ ਵਿਚ ਉਨ੍ਹਾਂ ਕਿਹਾ ਕਿ ਮੁਲਕ ਬੀਮਾਰੀ ਨਾਲ ਜੂਝ ਰਿਹਾ ਹੈ, ਇਹ ਸਮਾਂ ਜਾਗਰੂਕ ਹੋਣ ਤੇ ਇਕ ਦੂਜੇ ਦੀ ਮਦਦ ਕਰਨ ਦਾ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਵਟਸਐਪ ਗਰੁੱਪ ਬਣਾ ਕੇ ਕੋਵਿਡ-19 ਦੇ ਲੱਛਣਾਂ ਵਾਲੇ ਹਰੇਕ ਵਿਅਕਤੀ ਨੂੰ ਟੈਸਟ ਕਰਵਾਉਣ ਦੀ ਅਪੀਲ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਕਾਂਗਰਸ ਵਰਕਰ ਨੂੰ ਪੀੜਤ ਵਿਅਕਤੀ ਬਾਰੇ ਪਤਾ ਲੱਗਦਾ ਹੈ ਤਾਂ ਉਹ ਸਬੰਧਤ ਵਿਭਾਗ ਨੂੰ ਜਾਣੂ ਕਰਵਾਏ।

-ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All