ਮੋਬਾਈਲ ’ਚੋਂ ਵਾਇਰਸ ਰਾਹੀਂ ਜਾਸੂਸੀ ਚਿੰਤਾ ਦਾ ਵਿਸ਼ਾ

ਮੁਹੰਮਦ ਅੱਬਾਸ ਧਾਲੀਵਾਲ

ਇੰਟਰਨੈੱਟ ਦੀ ਕਾਢ ਬਿਨਾਂ ਸ਼ੱਕ ਸੰਸਾਰ ਦੇ ਲੋਕਾਂ ਲਈ ਬਹੁਤ ਵੱਡੀ ਚੀਜ਼ ਹੈ, ਜਿਸ ਸਦਕੇ ਅੱਜ ਦੁਨੀਆ ਗਲੋਬਲ ਵਿਲੇਜ ਦਾ ਰੂਪ ਧਾਰ ਗਈ ਹੈ। ਇੰਟਰਨੈੱਟ ਜ਼ਰੀਏ ਚਲਣ ਵਾਲੀਆਂ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਤੇ ਟਵਿੱਟਰ ਆਦਿ ਸੋਸ਼ਲ ਸਾਈਟਾਂ ਨੇ ਤਾਂ ਜਿਵੇਂ ਬਹੁਤ ਦੂਰ-ਦੂਰੇਡੇ ਬੈਠੇ ਲੋਕਾਂ ਨੂੰ ਵੀ ਨੇੜੇ ਲੈ ਆਂਦਾ ਹੈ। ਕਈ ਚੀਜ਼ਾਂ ਸਾਡੇ ਜੀਵਨ ਵਿੱਚ ਵਰਦਾਨ ਬਣ ਕੇ ਆਂਦੀਆਂ ਹਨ, ਪਰ ਗਲਤ ਇਸਤੇਮਾਲ ਕਾਰਨ ਇਹੋ ਚੀਜ਼ਾਂ ਸਰਾਪ ਜਾਪਣ ਲੱਗਦੀਆਂ ਹਨ। ਪਿਛਲੇ ਦਿਨੀਂ ਜਿਸ ਤਰ੍ਹਾਂ ਵਟਸਐਪ ਨੇ ਆਪਣੇ ਕੁੱਝ ਖ਼ਪਤਕਾਰਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਕਿ ਉਨ੍ਹਾਂ ਦੇ ਮੋਬਾਈਲ ਨੰਬਰ ਦੀ ਜਾਸੂਸੀ ਹੋਈ ਹੈ, ਤਾਂ ਇਕ ਵਾਰ ਤਾਂ ਜਿਵੇਂ ਲੋਕਾਂ ਦੇ ਹੋਸ਼ ਉੱਡ ਗਏ। ਇਸ ਖ਼ੁਲਾਸੇ ਤੋਂ ਸਾਫ਼ ਹੋ ਜਾਂਦਾ ਹੈ ਕਿ ਭਾਵੇਂ ਅੱਜ ਇੰਟਰਨੈੱਟ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਹੈ, ਪਰ ਜਾਸੂਸੀ ਕਾਂਡ ਸਾਹਮਣੇ ਆਉਣ ਉਪਰੰਤ ਇਕ ਉਪਭੋਗਤਾ ਦੀ ਪਰਾਈਵੇਸੀ ਭਾਵ ਨਿੱਜਤਾ ਤੇ ਪਰਦਾਦਾਰੀ ਕਿਸ ਕਦਰ ਗੈਰਮਹਿਫੂਜ਼ ਹੈ, ਇਸ ਦੀ ਮਿਸਾਲ ਪਹਿਲਾਂ ਸ਼ਾਇਦ ਕਦੇ ਨਹੀਂ ਮਿਲਦੀ। ਯਕੀਨਨ ਅੱਜ ਦੀ ਤਾਰੀਖ਼ ਵਿੱਚ ਇਹ ਬੇਹੱਦ ਸੰਵੇਦਨਸ਼ੀਲ ਤੇ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ। ਬਿਨਾਂ ਸ਼ੱਕ ਇਹ ਲੋਕਾਂ ਦੀ ਨਿੱਜਤਾ ਨਾਲ ਘਿਨਾਉਣਾ ਖਿਲਵਾੜ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦੇ ਤੁੱਲ ਹੈ। ਜਾਸੂਸੀ ਦੇ ਇਸ ਖੁਲਾਸੇ ਨੇ ਇਹ ਗੱਲ ਵੀ ਸਪੱਸ਼ਟ ਕਰ ਦਿੱਤੀ ਹੈ ਕਿ ਅਸੀਂ ਕਿਸ ਨਾਲ ਕੀ ਗੱਲ ਕਰ ਰਹੇ ਹਾਂ ਤੇ ਕਿਹੜੀ ਫੋਟੋ ਜਾਂ ਵੀਡੀਓ ਕਿਸ ਨੂੰ ਭੇਜ ਰਹੇ ਹਾਂ, ਹੁਣ ਇਸ ਦੇ ਭੇਤ ਬਣੇ ਰਹਿਣ ਦੀ ਕੋਈ ਗਾਰੰਟੀ ਨਹੀਂ, ਕਿਉਂਕਿ ਅੱਜ ਪਿਗਾਸਾਸ ਵਰਗੀ ਟੈਕਨਾਲੋਜੀ ਰਾਹੀਂ ਤੁਹਾਨੂੰ ਪਤਾ ਲੱਗੇ ਬਿਨਾਂ ਹੀ ਤੁਹਾਡੇ ਮੋਬਾਈਲ ਅੰਦਰ ਆਸਾਨੀ ਨਾਲ ਵਾਇਰਸ ਦੀ ਘੁਸਪੈਠ ਕਰਾ ਕੇ ਤੁਹਾਡੇ ਤਮਾਮ ਤਰ੍ਹਾਂ ਦੇ ਡੇਟਾ ’ਤੇ ਜਾਸੂਸੀ ਡਾਕਾ ਮਾਰਿਆ ਜਾ ਸਕਦਾ ਹੈ ਅਤੇ ਕਿਸੇ ਵੀ ਸਮੇਂ ਤੁਸੀਂ ਜਾਸੂਸੀ ਕੰਪਨੀਆਂ ਦਾ ਸ਼ਿਕਾਰ ਹੋ ਸਕਦੇ ਹੋ। ਕੋਈ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਕਿ ਭਾਈ ਹੋਲੀ ਬੋਲ ‘ਕੰਧਾਂ ਦੇ ਵੀ ਕੰਨ ਹੁੰਦੇ ਨੇ’ ਪਰ ਇਸ ਜਾਸੂਸੀ ਕਾਂਡ ਤੋਂ ਬਾਅਦ ਸ਼ਾਇਦ ਹੁਣ ਇਹੋ ਕਿਹਾ ਜਾਇਆ ਕਰੇਗਾ ਕਿ ਭਾਈ ਜੇ ਕੋਈ ਰਾਜ਼ ਜਾਂ ਭੇਤਭਰੀ ਗੱਲ ਕਰਨੀ ਹੈ ਤਾਂ ਨਿੱਜੀ ਰੂਪ ਵਿੱਚ ਆ ਕੇ ਮਿਲ, ਕਿਉਂਕਿ ਮੋਬਾਈਲ ਵਿਚ ਤਾਂ ਅੱਜ-ਕੱਲ੍ਹ ਜਾਸੂਸੀ ਵਾਇਰਸ (ਚੁਗਲਖੋਰ ਕੀਟਾਣੂ) ਵੜੇ ਹੁੰਦੇ ਹਨ। ਜਿਵੇਂ ਅਸੀਂ ਬੀਤੇ ਕਈ ਦਿਨਾਂ ਤੋਂ ਅਖਬਾਰਾਂ ਦੀਆਂ ਸੁਰਖੀਆਂ ਵੇਖ ਹੀ ਰਹੇ ਹਾਂ ਕਿ ਕਿਸ ਤਰ੍ਹਾਂ ਇਸਰਾਈਲੀ ਟੈਕਨਾਲੋਜੀ ਰਾਹੀਂ ਵਟਸਐਪ ਵਿੱਚ ਸੰਨ੍ਹ ਮਾਰ ਕੇ ਪੱਤਰਕਾਰਾਂ, ਵਕੀਲਾਂ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਦੁਨੀਆਂ ਭਰ ਦੇ ਕਰੀਬ 1400 ਤੋਂ ਵਧੇਰੇ ਲੋਕਾਂ ਦੀ ਜਾਸੂਸੀ ਕੀਤੀ ਗਈ ਹੈ। ਯਕੀਨਨ ਸੱਭਿਅਕ ਸਮਾਜ ਵਿੱਚ ਇਹ ਲੋਕਾਂ ਨਾਲ ਇਖ਼ਲਾਕੀ ਤੌਰ ’ਤੇ ਨਿਹਾਇਤ ਗਿਰੀ ਹੋਈ ਹਰਕਤ ਕੀਤੀ ਗਈ ਹੈ। ਇਹ ਗੱਲ ਵੀ ਗ਼ੌਰ ਕਰਨ ਵਾਲੀ ਹੈ ਕਿ ਇਸਰਾਈਲੀ ਕੰਪਨੀ ਐਨਐਸਓ ਵੱਲੋਂ ਦਿੱਤੀ ਸਫ਼ਾਈ ਨੂੰ ਸੱਚ ਮੰਨਿਆ ਜਾਵੇ ਤਾਂ ਸਰਕਾਰ ਜਾਂ ਸਰਕਾਰੀ ਏਜੰਸੀਆਂ ਹੀ ਪੈਗਾਸਾਸ ਸਾਫਟਵੇਅਰ ਦੇ ਜ਼ਰੀਏ ਜਾਸੂਸੀ ਕਰ ਸਕਦੀਆਂ ਹਨ, ਕਿਉਂਕਿ ਕੰਪਨੀ ਵੱਲੋਂ ਇਹ ਤਕਨਾਲੋਜੀ ਸਿਰਫ਼ ਸਰਕਾਰੀ ਅਦਾਰਿਆਂ ਨੂੰ ਹੀ ਮੁਹੱਈਆ ਕਰਵਾਈ ਜਾਂਦੀ ਹੈ, ਨਿਜੀ ਅਦਾਰਿਆਂ ਨੂੰ ਨਹੀਂ। ਮੋਦੀ ਸਰਕਾਰ ਨੇ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਉਸ ਨੇ ਐਨਐਸਓ ਪਲੇਟਫਾਰਮ ਰਾਹੀਂ ਸੇਵਾਵਾਂ ਹਾਸਲ ਕੀਤੀਆਂ ਹਨ ਅਤੇ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਕਿ ਉਹ ਆਪਣੇ ਨਾਗਰਿਕਾਂ ਦੇ ਫੋਨ ਹੈਕ ਕਰ ਕੇ ਜਾਸੂਸੀ ਕਰ ਰਹੀ ਹੈ, ਜਦਕਿ ਸੂਚਨਾ ਟੈਕਨਾਲੋਜੀ ਮੰਤਰੀ ਨੇ ਕਿਹਾ ਹੈ ਕਿ ਭਾਰਤ ਨੇ ਵਟਸਐਪ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਉਲੰਘਣਾ ਦੀ ਕਿਸਮੀ ਕੀ ਹੈ ਅਤੇ ਉਹ ਭਾਰਤੀਆਂ ਦੀ ਨਿੱਜਤਾ ਦੀ ਸੁਰੱਖਿਆ ਲਈ ਕੀ ਕਰ ਰਹੇ ਹਨ। ਗ਼ੌਰਤਲਬ ਹੈ ਕਿ ਕੈਂਬ੍ਰਿਜ ਏਨਾਲਾਈਟਿਕਾ ਮਾਮਲੇ ਵਿਚ ਵੀ ਫੇਸਬੁੱਕ ਤੋਂ ਅਜਿਹਾ ਹੀ ਜਵਾਬ ਮੰਗਿਆ ਗਿਆ ਸੀ। ਕੈਂਬ੍ਰਿਜ ਮਾਮਲੇ ਵਿਚ ਯੂਰਪੀਅਨ ਕਾਨੂੰਨ ਦੇ ਤਹਿਤ ਕੰਪਨੀ ਨੂੰ ਜੁਰਮਾਨਾ ਵੀ ਲੱਗਾ, ਪਰ ਭਾਰਤ ਦੀ ਸੀਬੀਆਈ ਹਾਲੇ ਅੰਕੜਿਆਂ ਦਾ ਵਿਸ਼ਲੇਸ਼ਣ ਹੀ ਕਰ ਰਹੀ ਹੈ। ਕਾਗਜ਼ਾਂ ਤੋਂ ਤਾਂ ਇਹੋ ਜ਼ਾਹਿਰ ਹੁੰਦਾ ਹੈ ਕਿ ਵਟਸਐਪ ਵਿੱਚ ਸੰਨ੍ਹਮਾਰੀ ਦੀ ਇਹ ਖੇਡ ਕਈ ਸਾਲਾਂ ਤੋਂ ਚਲ ਰਹੀ ਹੈ ਤੇ ਹੁਣ ਕੈਲੀਫੋਰਨੀਆ ਦੀ ਅਦਾਲਤ ਵਿੱਚ ਵਟਸਐਪ ਵੱਲੋਂ ਮੁਕੱਦਮਾ ਦਾਇਰ ਕਰਨ ਪਿੱਛੇ ਕੀ ਕੋਈ ਰਣਨੀਤੀ ਹੈ? ਵਟਸਐਪ ਨੇ ਅਮਰੀਕਾ ਦੇ ਕੈਲੀਫੋਰਨੀਆ ਵਿਚ ਇਸਰਾਈਲੀ ਕੰਪਨੀ ਐੱਨਐੱਸਓ ਅਤੇ ਉਸ ਦੀ ਸਹਿਯੋਗੀ ਕੰਪਨੀ ਕਿਊ ਸਾਈਬਰ ਟੈਕਨਾਲੋਜੀਜ਼ ਲਿਮਟਿਡ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ। ਗ਼ੌਰਤਲਬ ਹੈ ਕਿ ਵਾਟਸਐਪ ਦੇ ਨਾਲ ਫੇਸਬੁੱਕ ਵੀ ਇਸ ਮੁਕੱਦਮੇ ਵਿੱਚ ਸਹਿਯੋਗੀ ਧਿਰ ਵਜੋਂ ਵਿਚਰ ਰਹੀ ਹੈ। ਦੱਸਣਯੋਗ ਹੈ ਕਿ ਫੇਸਬੁੱਕ ਹੀ ਵਟਸਐਪ ਦੀ ਮਾਲਕ ਕੰਪਨੀ ਹੈ, ਪਰ ਇਸ ਮੁਕੱਦਮੇ ਵਿੱਚ ਫੇਸਬੁੱਕ ਨੂੰ ਵਟਸਐਪ ਦਾ ਸਰਵਿਸ ਪ੍ਰੋਵਾਈਡਰ ਦੱਸਿਆ ਗਿਆ ਹੈ, ਜੋ ਵਟਸਐਪ ਨੂੰ ਬੁਨਿਆਦੀਢਾਂਚਾ ਅਤੇ ਸੁਰੱਖਿਆ ਦਿੰਦਾ ਹੈ। ਪਿਛਲੇ ਸਾਲ ਹੀ ਫੇਸਬੁੱਕ ਨੇ ਕਬੂਲਿਆ ਸੀ ਕਿ ਉਨ੍ਹਾਂ ਦੇ ਗਰੁੱਪ ਵੱਲੋਂ ਵਟਸਐਪ ਅਤੇ ਇੰਸਟਾਗ੍ਰਾਮ ਦੇ ਡੇਟਾ ਨੂੰ ਇੰਟੈਗਰੇਟ ਕਰਕੇ ਉਸ ਦੀ ਵਿਪਾਰਕ ਵਰਤੋਂ ਕੀਤੀ ਜਾ ਰਹੀ ਹੈ। ਫੇਸਬੁੱਕ ਨੇ ਇਹ ਵੀ ਮੰਨਿਆ ਸੀ ਕਿ ਉਸ ਦੇ ਪਲੇਟਫਾਰਮ ਵਿੱਚ ਅਨੇਕਾਂ ਐਪਸ ਰਾਹੀਂ ਡੇਟਾ ਮਾਈਨਿੰਗ ਅਤੇ ਡੇਟਾ ਦਾ ਕਾਰੋਬਾਰ ਹੁੰਦਾ ਹੈ। ਇਕ ਹੋਰ ਰਿਪੋਰਟ ਅਨੁਸਾਰ ਕੈਂਬ੍ਰਿਜ ਏਨਾਲਾਈਟਿਕਾ ਅਜਿਹੀ ਕੰਪਨੀ ਸੀ, ਜਿਸ ਰਾਹੀਂ ਭਾਰਤ ਸਮੇਤ ਅਨੇਕ ਦੇਸ਼ਾਂ ਵਿੱਚ ਲੋਕਤੰਤਰੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਸ ਤੋਂ ਪਹਿਲਾਂ ਵਟਸਐਪ ਆਪਣੇ ਸਿਸਟਮ ਵਿੱਚ ਕੀਤੀ ਗਈ ਕਾਲ, ਵੀਡੀਓ ਕਾਲ, ਚੈਟ, ਗਰੁੱਪ ਚੈਟ, ਇਮੇਜ, ਵੀਡੀਓ, ਵਾਇਸ ਕਾਲ, ਵਾਇਸ ਮੈਸੇਜ ਅਤੇ ਫਾਈਲ ਟਰਾਂਸਫਰ ਨੂੰ ਇੰਕਰਿਪਟਡ ਦਸਦੇ ਹੋਏ, ਆਪਣੇ ਪਲੇਟਫਾਰਮ ਨੂੰ ਹਮੇਸ਼ਾ ਸੁਰੱਖਿਅਤ ਹੋਣ ਦਾ ਦਾਅਵਾ ਕਰਦਾ ਰਿਹਾ ਹੈ। ਕੈਲੀਫੋਰਨੀਆ ਦੀ ਅਦਾਲਤ ਵਿਚ ਦਾਇਰ ਮੁਕੱਦਮੇ ਅਨੁਸਾਰ ਇਸਰਾਈਲੀ ਕੰਪਨੀ ਨੇ ਮੋਬਾਈਲ ਫੋਨ ਰਾਹੀਂ ਵਟਸਐਪ ਦੇ ਸਿਸਟਮ ਨੂੰ ਹੈਕ ਕੀਤਾ, ਜਿਸ ਤਹਿਤ ਸਾਫਟਵੇਅਰ ਦੇ ਇਸਤੇਮਾਲ ਵਿੱਚ ਇੱਕ ਮਿਸਡ ਕਾਲ ਰਾਹੀਂ ਸਮਾਰਟ ਫੋਨ ਅੰਦਰ ਵਾਇਰਸ ਦਾਖ਼ਲ ਕਰ ਕੇ ਸਾਰੀ ਜਾਣਕਾਰੀ ਲੈ ਲਈ ਜਾਂਦੀ ਹੈ। ਇਸ ਰਾਹੀਂ ਫੋਨ ਦੇ ਕੈਮਰੇ ਤੋਂ ਪਤਾ ਲੱਗਦਾ ਰਹਿੰਦਾ ਹੈ ਕਿ ਸਬੰਧਤ ਵਿਅਕਤੀ ਕਿਥੇ ਜਾ ਰਿਹਾ ਹੈ ਅਤੇ ਕਿਸ ਨੂੰ ਮਿਲ ਰਿਹਾ ਹੈ ਅਤੇ ਕੀ ਗੱਲਬਾਤ ਕਰ ਰਿਹਾ ਹੈ। ਇਕ ਅੰਦਾਜ਼ੇ ਮੁਤਾਬਕ ਏਅਰਟੈੱਲ, ਐੱਮਟੀਐਨਐਲ ਸਮੇਤ ਭਾਰਤ ਦੇ 8 ਮੋਬਾਈਲ ਨੈਟਵਰਕਾਂ ਦਾ ਇਸ ਜਾਸੂਸੀ ਲਈ ਇਸਤੇਮਾਲ ਹੋਇਆ ਹੈ। ਮੁਕੱਦਮੇ ਵਿੱਚ ਦਰਜ ਤੱਥਾਂ ਅਨੁਸਾਰ ਇਸਰਾਈਲੀ ਕੰਪਨੀ ਨੇ ਜਨਵਰੀ 2018 ਤੋਂ ਮਈ 2019 ਦੌਰਾਨ ਭਾਰਤ ਸਮੇਤ ਅਨੇਕਾਂ ਦੇਸ਼ਾਂ ਦੇ ਲੋਕਾਂ ਦੀ ਜਾਸੂਸੀ ਕੀਤੀ। ਦਰਜ ਮੁਕੱਦਮੇ ਅਨੁਸਾਰ ਵਟਸਐਪ ਨੇ ਇਸਰਾਈਲੀ ਕੰਪਨੀ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਸਵਾਲ ਇਹ ਵੀ ਉੱਠਦਾ ਹੈ ਕਿ ਜਿਨ੍ਹਾਂ ਭਾਰਤੀ ਲੋਕਾਂ ਦੇ ਮੋਬਾਈਲਾਂ ਵਿੱਚ ਸੰਨ੍ਹਮਾਰੀ ਹੋਈ ਹੈ, ਆਖਿਰ ਉਨ੍ਹਾਂ ਨੂੰ ਇਨਸਾਫ ਕਿਵੇਂ ਤੇ ਕਦੋਂ ਮਿਲੇਗਾ। ਐਨਐਸਓ ਭਾਵੇਂ ਇਕ ਇਸਰਾਈਲੀ ਕੰਪਨੀ ਹੈ, ਪਰ ਪਤਾ ਲੱਗਿਆ ਹੈ ਕਿ ਇਸ ਦੀ ਮਲਕੀਅਤ ਯੋਰਪੀਅਨ ਹਨ। ਇਸ ਸਾਲ ਫਰਵਰੀ ਵਿੱਚ ਯੂਰਪ ਦੀ ਇਕ ਪ੍ਰਾਈਵੇਟ ਇਕਵਟੀ ਫਰਮ ਨੋਵਾਲਿਪਨਾ ਕੈਪੀਟਲ ਐਲਐਲਪੀ ਨੇ ਐਨਐਸਓ ਨੂੰ 100 ਕਰੋੜ ਡਾਲਰ ਵਿੱਚ ਖਰੀਦ ਲਿਆ ਸੀ। ਬਿਜ਼ਨਸ ਇਨਸਾਈਡ ਦੀ ਬੈਕੀ ਪੀਟਰਸਨ ਦੀ ਰਿਪੋਰਟ ਦੇ ਮੁਤਾਬਕ ਐਨਐਸਓ ਦਾ ਪਿਛਲੇ ਸਾਲ ਦਾ ਮੁਨਾਫਾ 1.25 ਕਰੋੜ ਡਾਲਰ ਸੀ। ਜਾਸੂਸੀ ਕਰਨ ਵਾਲੀ ਅਨਜਾਣ ਕੰਪਨੀ ਜਦੋਂ ਅਰਬਾਂ ਡਾਲਰ ਕਮਾ ਰਹੀ ਹੈ, ਤਾਂ ਫੇਸਬੁੱਕ ਜਿਹੀਆਂ ਕੰਪਨੀਆਂ ਵੀ ਆਪਣੀ ਸਹਿਯੋਗੀ ਕੰਪਨੀਆਂ ਦੇ ਨਾਲ ਡੇਟਾ ਵੇਚ ਕੇ ਕਿੰਨਾਂ ਮੋਟਾ ਮੁਨਾਫਾ ਕਮਾ ਰਹੀਆਂ ਹੋਣਗੀਆਂ, ਇਸ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ। ਐਨਐਸਓ ਅਨੁਸਾਰ ਉਸਦਾ ਸਾਫਟਵੇਅਰ ਸਰਕਾਰ ਜਾਂ ਇਸ ਦੇ ਮਾਤਹਤ ਏਜੰਸੀਆਂ ਨੂੰ ਬਾਲ ਜਿਨਸੀ ਸ਼ੋਸ਼ਣ, ਡਰੱਗਜ਼ ਅਤੇ ਅੱਤਵਾਦੀਆਂ ਦੇ ਖਿਲਾਫ ਲੜਨ ਲਈ ਦਿੱਤਾ ਜਾਂਦਾ ਹੈ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਦੇ ਖਿਲਾਫ ਜਾਸੂਸੀ, ਉਨ੍ਹਾਂ ਦੇ ਸਾਫਟਵੇਅਰ ਦੀ ਵਰਤੋਂ ਗਲਤ ਹੈ। ਰਿਪੋਰਟਾਂ ਅਨੁਸਾਰ 10 ਡਿਵਾਇਸਾਂ ਨੂੰ ਹੈਕ ਕਰਨ ਲਈ ਲਗਭਗ 4.61 ਕਰੋੜ ਰੁਪਏ ਦਾ ਖਰਚ ਅਤੇ 3.55 ਕਰੋੜ ਰੁਪਏ ਦੀ ਇੰਸਟਾਲੇਸ਼ਨ ਲਾਗਤ ਆਉਂਦਾ ਹੈ। ਇਸ ਪੈਸੇ ਨੂੰ ਲੋਕਾਂ ਦੀ ਜਾਸੂਸੀ ’ਤੇ ਖਰਚ ਕਰਨ ਦੀ ਬਜਾਏ ਜੇ ਸਰਕਾਰਾਂ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਖ਼ਰਚਣ ਤਾਂ ਸ਼ਾਇਦ ਉਨ੍ਹਾਂ ਨੂੰ ਕਦੇ ਆਪਣੇ ਹੀ ਲੋਕਾਂ ਦੀ ਜਾਸੂਸੀ ਕਰਾਉਣ ਦੀ ਲੋੜ ਨਾ ਪਵੇ। ਇਸ ਜਾਸੂਸੀ ਕਾਂਡ ਤੋਂ ਇਹੋ ਸਬਕ ਮਿਲਦਾ ਹੈ ਕਿ ਸਾਡੇ ਅੱਜ ਦੇ ਇਸ ਮੋਬਾਈਲ ਫੋਨ ਦੀ ਚੈਟ ਜਾਂ ਵੀਡੀਓ ਜਾਂ ਵਾਇਸ ਕਾਲ ਨਾਲੋਂ ਤਾਂ ਪਿੰਡ ਦੀ ਸੱਥ ਵਿਚ ਜਾਂ ਸ਼ਹਿਰ ਦੇ ਕਿਸੇ ਚਾਹ ਦੇ ਖੋਖੇ ’ਤੇ ਪੰਜ ਸੱਤ ਬੰਦਿਆਂ ਵਿਚਕਾਰ ਹੋਣ ਵਾਲੀ ਗੱਲਬਾਤ ਕਿਤੇ ਚੰਗੀ ਤੇ ਸੁਰੱਖਿਅਤ ਸੀ। ਬੇਸ਼ੱਕ ਉਨ੍ਹੀਂ ਦਿਨੀਂ ਇੰਟਰਨੈੱਟ ਵਰਗੀ ਕਾਢ ਦੀਆਂ ਸਹੂਲਤਾਂ ਨਹੀਂ ਸਨ, ਪਰ ਉਨ੍ਹਾਂ ਸਮਿਆਂ ਦੌਰਾਨ ਇਸ ਗੱਲ ਦੀ ਪੂਰੀ ਤਸੱਲੀ ਸੀ ਕਿ ਲੋਕਾਂ ਵਿਚਕਾਰ ਹੋਣ ਵਾਲੀ ਚਰਚਾ ਦੀ ਅੱਜ-ਕਲ੍ਹ ਵਾਂਗ ਜਾਸੂਸੀ ਨਹੀਂ ਸੀ ਹੋ ਸਕਦੀ!

-ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ। ਸੰਪਰਕ: 98552-59650

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All