ਮੋਦੀ ਵੱਲੋਂ ਟਰੰਪ ਨਾਲ ਫੋਨ ਉੱਤੇ ਗੱਲਬਾਤ

ਨਵੀਂ ਦਿੱਲੀ, 19 ਅਗਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਟੈਲੀਫੋਨ ’ਤੇ ਗੱਲ ਕੀਤੀ। ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਨਾਮ ਲਏ ਬਿਨਾਂ ਉਸ ਦੇ ਤਿੱਖੇ ਬਿਆਨਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਭਾਰਤ ਵਿਰੋਧੀ ਭੜਕਾਊ ਬਿਆਨ ਹਿੰਸਾ ਨੂੰ ਉਤਸ਼ਾਹਿਤ ਕਰਦੇ ਹਨ, ਜੋ ਸ਼ਾਂਤੀ ਲਈ ਖ਼ਤਰਨਾਕ ਹਨ। ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਬਿਆਨ ਮੁਤਾਬਕ ਸ੍ਰੀ ਮੋਦੀ ਨੇ ਕਰੀਬ ਅੱਧੇ ਘੰਟੇ ਤੱਕ ਟਰੰਪ ਨਾਲ ਫੋਨ ’ਤੇ ਗੱਲਬਾਤ ਕੀਤੀ, ਜਿਸ ਦੌਰਾਨ ਉਨ੍ਹਾਂ ਦੁਵੱਲੇ ਅਤੇ ਖੇਤਰੀ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਸ੍ਰੀ ਮੋਦੀ ਨੇ ਹਿੰਸਾ ਅਤੇ ਦਹਿਸ਼ਤ ਤੋਂ ਮੁਕਤ ਮਾਹੌਲ ਸਿਰਜਣ ’ਤੇ ਜ਼ੋਰ ਦਿੰਦਿਆਂ ਸਰਹੱਦ ਪਾਰੋਂ ਅਤਿਵਾਦ ਖ਼ਿਲਾਫ਼ ਕਾਰਵਾਈ ਲਈ ਕਿਹਾ। ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨੇ ਗਰੀਬੀ, ਅਨਪੜ੍ਹਤਾ ਅਤੇ ਬਿਮਾਰੀਆਂ ਨਾਲ ਲੜਨ ’ਚ ਕਿਸੇ ਨਾਲ ਵੀ ਸਹਿਯੋਗ ਕਰਨ ਦੀ ਵਚਨਬੱਧਤਾ ਦੁਹਰਾਈ।

-ਪੀਟੀਆਈ

ਪ੍ਰਧਾਨ ਮੰਤਰੀ ਮੋਦੀ ਦਾ ਫਰਾਂਸ ਦੌਰਾ 22 ਤੋਂ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਅਗਸਤ ਤੋਂ ਫਰਾਂਸ ਦੇ ਦੋ ਦਿਨਾ ਦੌਰੇ ’ਤੇ ਜਾ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ, ਫਰਾਂਸੀਸੀ ਰਾਸ਼ਟਰਪਤੀ ਇਮੈਨੂਏਲ ਮੈਕ੍ਰੋਂ ਨਾਲ ਰੱਖਿਆ, ਪ੍ਰਮਾਣੂ ਊਰਜਾ, ਸਮੁੰਦਰੀ ਵਪਾਰ ਤੇ ਅਤਿਵਾਦ ਵਿਰੋਧੀ ਗਤੀਵਿਧੀਆਂ ਵਿਚ ਰਣਨੀਤਕ ਭਾਈਵਾਲੀ ਮਜ਼ਬੂਤ ਕਰਨ ਬਾਰੇ ਗੱਲਬਾਤ ਕਰਨਗੇ। ਇਸ ਮੌਕੇ ਜੈਤਾਪੁਰ ਪ੍ਰਮਾਣੂ ਊਰਜਾ ਪ੍ਰਾਜੈਕਟ ਚਰਚਾ ਦਾ ਕੇਂਦਰ ਹੋਵੇਗਾ। ਫਰਾਂਸ ਮਗਰੋਂ ਸ੍ਰੀ ਮੋਦੀ ਯੂਏਈ ਤੇ ਬਹਿਰੀਨ ਦਾ ਦੌਰਾ ਵੀ ਕਰਨਗੇ। ਇਸ ਮਗਰੋਂ ਉਹ ਮੁੜ ਫਰਾਂਸ ਆਉਣਗੇ ਤੇ 25 ਅਗਸਤ ਨੂੰ ਜੀ7 ਸੰਮੇਲਨ ਵਿਚ ਹਿੱਸਾ ਲੈਣਗੇ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All