ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕਰਨ ਵਾਲੇ ਪੁਲੀਸ ਮੁਲਾਜ਼ਮ ’ਤੇ ਦਾਤਰ ਨਾਲ ਹਮਲਾ

ਮੋਟਰਸਾਈਕਲ ਸਵਾਰ ਵਿਅਕਤੀਆਂ ਦੇ ਹਮਲੇ ਵਿੱਚ ਜ਼ਖ਼ਮੀ ਪੁਲੀਸ ਮੁਲਾਜ਼ਮ ਪ੍ਰਗਟ ਸਿੰਘ।

ਸਿਮਰਤ ਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਨਵੰਬਰ ਅੱਜ ਇੱੱਥੇ ਦੁਪਹਿਰ ਥਾਣੇ ਵਿੱਚ ਤਾਇਨਾਤ ਇੱਕ ਪੀਸੀਆਰ ਮੁਲਾਜ਼ਮ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਦਾਤਰ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਇਸ ਬਾਰੇ ਐਸਐਚਓ ਜੰਡਿਆਲਾ ਗੁਰੂ ਇੰਸਪੈਕਟਰ ਅਮੋਲਕ ਸਿੰਘ ਨੇ ਦੱਸਿਆ ਕਿ ਦੁਪਹਿਰ ਸਮੇਂ ਵੈਰੋਵਾਲ ਰੋਡ ਉੱਪਰ ਪੀਸੀਆਰ ਮੁਲਾਜ਼ਮ ਹੈੱਡ ਕਾਂਸਟੇਬਲ ਪ੍ਰਗਟ ਸਿੰਘ ਅਤੇ ਹੈੱਡ ਕਾਂਸਟੇਬਲ ਨਿਸ਼ਾਨ ਸਿੰਘ ਆਪਣੇ ਮੋਟਰਸਾਈਕਲ ਉੱਪਰ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇੱਕ ਪਲਸਰ ਮੋਟਰਸਾਈਕਲ ਉਪਰ ਸਵਾਰ ਦੋ ਸ਼ੱਕੀ ਵਿਅਕਤੀ ਨਜ਼ਰ ਆਏ। ਮੁਲਾਜ਼ਮਾਂ ਨੇ ਇਨ੍ਹਾਂ ਮੋਟਰਸਾਈਕਲ ਸਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਆਪਣਾ ਮੋਟਰਸਾਈਕਲ ਸ਼ੇਖਫੱਤਾ ਦਰਵਾਜ਼ੇ ਵੱਲ ਨੂੰ ਦੌੜਾ ਲਿਆ। ਦੋਵੇਂ ਮੁਲਾਜ਼ਮ ਆਪਣੇ ਮੋਟਰਸਾਈਕਲ ’ਤੇ ਇਨ੍ਹਾਂ ਦਾ ਪਿੱਛਾ ਕਰਨ ਲੱਗੇ ਜਦੋਂ ਇਹ ਸ਼ੇਖ਼ਫਾਤਾ ਚੌਕ ਤੋਂ ਥੋੜ੍ਹਾ ਅੱਗੇ ਸੜਕ ਉੱਪਰ ਇਨ੍ਹਾਂ ਨੂੰ ਰੋਕਿਆ ਤਾਂ ਇਨ੍ਹਾਂ ਮੋਟਰਸਾਈਕਲ ਸਵਾਰਾਂ ਨੇ ਹੌਲਦਾਰ ਪ੍ਰਗਟ ਸਿੰਘ ਉੱਪਰ ਦਾਤਰ ਨਾਲ ਹਮਲਾ ਕਰ ਕੇ ਉਸ ਨੂੰ ਸਖ਼ਤ ਜ਼ਖ਼ਮੀ ਕਰ ਦਿੱਤਾ ਅਤੇ ਮੌਕੇ ਉੱਤੇ ਆਪਣਾ ਕਾਲੇ ਰੰਗ ਦਾ ਪਲਸਰ ਮੋਟਰਸਾਈਕਲ ਪੀਬੀ 02 ਸੀਟੀ 8132 ਸੁੱਟ ਕੇ ਭੱਜ ਗਏ। ਐਸਐਚਓ ਨੇ ਦੱਸਿਆ ਕਿ ਇਸ ਹਮਲੇ ਵਿੱਚ ਹੌਲਦਾਰ ਪ੍ਰਗਟ ਸਿੰਘ ਦੀਆਂ ਦੋਵੇਂ ਬਾਹਾਂ ਉਪਰ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਬਹੁਤ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਅਤੇ ਬਹੁਤ ਜਲਦ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All