ਮੈਡਰਿਡ ਵਿੱਚ ਯੂਐੱਨ ਵਾਤਾਵਰਨ ਸਿਖਰ ਵਾਰਤਾ ਅੱਜ ਤੋਂ

ਨਵੀਂ ਦਿੱਲੀ, 1 ਦਸੰਬਰ ਗ੍ਰੀਨਹਾਊਸ ਗੈਸਾਂ ਦੀ ਵਧਦੀ ਨਿਕਾਸੀ ਦਰਮਿਆਨ ਭਾਰਤ ਸਮੇਤ ਲਗਪਗ ਦੋ ਸੌ ਮੁਲਕਾਂ ਦੇ ਸਫ਼ੀਰ ਤੇ ਅਧਿਕਾਰੀ ਸਪੇਨ ਦੀ ਰਾਜਧਾਨੀ ਮੈਡਰਿਡ ਵਿੱਚ ਸੋਮਵਾਰ ਤੋਂ ਸ਼ੁਰੂ ਹੋ ਰਹੀ ਯੂਐੱਨ ਵਾਤਾਵਰਨ ਸਿਖਰ ਵਾਰਤਾ ਵਿੱਚ ਵਾਤਾਵਰਨ ਸੰਕਟ ਨਾਲ ਸਿੱਝਣ ਦੇ ਤੌਰ ਤਰੀਕਿਆਂ ’ਤੇ ਚਰਚਾ ਕਰਨਗੇ। ਵਾਤਾਵਰਨ ਮਾਹਿਰਾਂ ਦਾ ਮੰਨਣਾ ਹੈ ਕਿ ਵਾਤਾਵਰਨਕ ਤਬਦੀਲੀਆਂ ਬਾਰੇ 25ਵੀਂ ਯੂਨਾਈਟਿਡ ਨੇਸ਼ਨਜ਼ ਦੀ ਫਰੇਮਵਰਕ ਕਨਵੈਨਸ਼ਨ (ਯੂਐੱਨਐੱਫਸੀਸੀਸੀ) ਜਾਂ ਕੋਪ25 ਆਲਮੀ ਪੱਧਰ ’ਤੇ ਵਧਦੇ ਵਾਤਾਵਰਨਕ ਅਸਰਾਂ ਦੇ ਪਿਛੋਕੜ ਵਿੱਚ ਹੋ ਰਹੀ ਹੈ।ਆਲਮੀ ਤਪਸ਼ ਕਰਕੇ ਲਗਦੀਆਂ ਅੱਗਾਂ ਨੇ ਐਮਾਜ਼ੋਨ ਤੋਂ ਲੈ ਕੇ ਇੰਡੋਨੇਸ਼ੀਆ ਅਤੇ ਕਾਂਗੋ ਤੋਂ ਆਸਟਰੇਲੀਆਂ ਦੇ ਜੰਗਲਾਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ ਹੈ। ਬ੍ਰਿਟੇਨ ਤੇ ਵੈਨਿਸ ਹੜ੍ਹਾਂ ਦੀ ਮਾਰ ਹੇਠ ਹਨ। ਗਰਮੀ ਵਿੱਚ ਲੂ, ਚੱਕਰਵਾਤੀ ਤੂਫ਼ਾਨ ਤੇ ਮੋਹਲੇਧਾਰ ਮੀਂਹ ਆਮ ਵਰਤਾਰਾ ਬਣ ਚੁੱਕੇ ਹਨ। ਉਂਜ ਭਲਕ ਤੋਂ ਸ਼ੁਰੂ ਹੋ ਰਹੀ ਆਲਮੀ ਕਾਨਫਰੰਸ ਦੌਰਾਨ ਵਧਦੀ ਕਾਰਬਨ ਨਿਕਾਸੀ ਤੇ ਆਲਮੀ ਪੱਧਰ ’ਤੇ ਤਪਸ਼ ਵਧਣ ਕਰਕੇ ਪੈ ਰਹੇ ਅਸਰ ਨਾਲ ਸਬੰਧਤ ਤਿੰਨ ਰਿਪੋਰਟਾਂ ਜਾਰੀ ਕੀਤੀਆਂ ਜਾਣਗੀਆਂ। ਕੋਪ25 ਚਿਲੀ ਸਰਕਾਰ ਦੀ ਸਰਪ੍ਰਸਤੀ ਵਿੱਚ ਹੋ ਰਹੀ ਹੈ ਜਦੋਂਕਿ ਕਾਨਫਰੰਸ ਲਈ ਲੌਜਿਸਟਿਕਲ ਸਪੋਰਟ ਸਪੇਨ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All