ਮੈਕਸਿਕੋ: ਅੰਨ੍ਹੇਵਾਹ ਗੋਲੀਬਾਰੀ ’ਚ ਚਾਰ ਪੁਲੀਸ ਕਰਮੀਆਂ ਸਣੇ 14 ਹਲਾਕ

ਮੈਕਸਿਕੋ ਸਿਟੀ, 1 ਦਸੰਬਰ ਅਮਰੀਕੀ ਸਰਹੱਦ ਲਾਗੇ ਮੈਕਸਿਕੋ ਦੇ ਇਕ ਕਸਬੇ ਵਿਚ ਹੋਈ ਗੋਲੀਬਾਰੀ ’ਚ ਚਾਰ ਪੁਲੀਸ ਕਰਮੀਆਂ ਸਣੇ 14 ਜਣੇ ਮਾਰੇ ਗਏ ਹਨ। ਮਰਨ ਵਾਲੇ 10 ਜਣੇ ਕਿਸੇ ਗੈਂਗ ਦਾ ਹਿੱਸਾ ਦੱਸੇ ਜਾ ਰਹੇ ਹਨ। ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉਹ ਗੈਂਗਸਟਰਾਂ ਨੂੰ ਅਤਿਵਾਦੀ ਐਲਾਨਣਗੇ। ਇਸ ਤੋਂ ਬਾਅਦ ਇਲਾਕੇ ’ਚ ਤਣਾਅ ਵਧ ਗਿਆ ਸੀ। ਮੈਕਸਿਕੋ ਦੇ ਉੱਤਰੀ ਸੂਬੇ ਕੋਵਾਵਿਲਾ ਦੀ ਪੁਲੀਸ ਨੇ ਦੱਸਿਆ ਕਿ ਬੰਦੂਕਧਾਰੀਆਂ ਕੋਲ ਕਾਫ਼ੀ ਅਸਲਾ ਸੀ ਤੇ ਪਿੱਕਅਪ ਟਰੱਕਾਂ ’ਚ ਜਾ ਰਹੇ ਸਨ। ਵਿਲਾ ਯੂਨੀਅਨ ਦੇ ਇਕ ਛੋਟੇ ਜਿਹੇ ਕਸਬੇ ਕੋਲ ਉਨ੍ਹਾਂ ਦਾ ਪੁਲੀਸ ਨਾਲ ਟਕਰਾਅ ਹੋ ਗਿਆ। ਸੂਬੇ ਦੇ ਗਵਰਨਰ ਨੇ ਕਿਹਾ ਕਿ ਉਹ ਅਜਿਹੇ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠ ਰਹੇ ਹਨ। ਛੇ ਪੁਲੀਸ ਕਰਮੀ ਗੋਲੀਬਾਰੀ ਵਿਚ ਫੱਟੜ ਵੀ ਹੋਏ ਹਨ। ਗੋਲੀਬਾਰੀ ਕਰੀਬ ਘੰਟਾ ਚੱਲਦੀ ਰਹੀ। ਇਸ ਸਬੰਧੀ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹਨ। ਕੁਝ ਲੋਕ ਲਾਪਤਾ ਵੀ ਹਨ। ਪੁਲੀਸ ਨੇ 14 ਵਾਹਨ ਜ਼ਬਤ ਕੀਤੇ ਹਨ ਤੇ ਕਰੀਬ ਦਰਜਨ ਬੰਦੂਕਾਂ ਵੀ ਕਬਜ਼ੇ ਵਿਚ ਲਈਆਂ ਹਨ। ਮੈਕਸਿਕੋ ਦੇ ਰਾਸ਼ਟਰਪਤੀ ਆਂਦਰੀਜ਼ ਮੈਨੂਏਲ ਲੋਪੇਜ਼ ਓਬਰਾਡੋਰ ਨੇ ਟਰੰਪ ਦੇ ਬਿਆਨ ਤੋਂ ਬਾਅਦ ਕਿਹਾ ਸੀ ਕਿ ਮੁਲਕ ਹਿੰਸਕ ਅਪਰਾਧੀ ਗੈਂਗਸਟਰ ਨਾਲ ਨਜਿੱਠਣ ਦੀ ਇਜਾਜ਼ਤ ਕਿਸੇ ਬਾਹਰੀ ਤਾਕਤ ਨੂੰ ਨਹੀਂ ਦੇਵੇਗਾ। ਲੋਪੇਜ਼ ਨੇ ਕਿਹਾ ਕਿ ਉਹ ਖ਼ੁਦ ਇਸ ਸਮੱਸਿਆ ਨਾਲ ਨਜਿੱਠਣਗੇ। ਉਨ੍ਹਾਂ ਕਿਹਾ ਕਿ ਸਹਿਯੋਗ ਕੀਤਾ ਜਾ ਸਕਦਾ ਹੈ। ਅਮਰੀਕੀ ਅਟਾਰਨੀ ਜਨਰਲ ਵਿਲੀਅਮ ਬਾਰ ਅਗਲੇ ਹਫ਼ਤੇ ਮੈਕਸਿਕੋ ਦੇ ਦੌਰੇ ’ਤੇ ਆ ਰਹੇ ਹਨ। -ਰਾਇਟਰਜ਼

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All