ਮੈਂ ਤੇ ਮੀਆਂ ਸਕੇ ਭਰਾ

ਐੱਸ ਪੀ ਸਿੰਘ

ਲਿਖੋ, ਲਿਖ ਲਵੋ, ਮੈਂ ਮੀਆਂ ਹਾਂ ਨਾਗਰਿਕਾਂ ਦੇ ਕੌਮੀ ਰਜਿਸਟਰ ਵਿੱਚ ਮੇਰੀ ਕ੍ਰਮਸੰਖਿਆ ਹੈ 200543 ਦੋ ਮੇਰੇ ਬੱਚੇ ਨੇ, ਤੇ ਆ ਰਿਹਾ ਇੱਕ ਹੋਰ ਹੈ ਅਗਲੀਆਂ ਗਰਮੀਆਂ ਉਹਨੂੰ ਵੀ ਕਰੋਗੇ ਇੰਝ ਹੀ ਨਫ਼ਰਤ, ਜਿਵੇਂ ਕਰਦੇ ਹੋ ਮੇਰੇ ਨਾਲ ਤੁਸੀਂ? ਤੁਸਾਂ ਕਵਿਤਾ ਦੀਆਂ ਬੜੀਆਂ ਵੰਨਗੀਆਂ ਪੜ੍ਹੀਆਂ ਨੇ ਹੁਣ ਤੱਕ। ਛੰਦਬੰਦ, ਖੁੱਲ੍ਹੀ ਬਹਿਰ ਵਾਲੀਆਂ, ਰੋਮਾਂਚਕ, ਸੂਫ਼ੀ, ਕਿੱਸਾ ਕਾਵਿ ਅਤੇ ਉਹ ਰਸਾਂ ਵਾਲੀਆਂ - ਬੀਰ ਰਸ, ਸ਼ਿੰਗਾਰ ਰਸ, ਹਾਸ ਰਸ, ਕਰੁਣਾ ਰਸ ਅਤੇ ਕਿੰਨੇ ਹੀ ਰਸ, ਹੋਰ ਪਰ੍ਹੇ ਹੋਰ ਹੋਰ। ਪਰ ਇਹ ਵਾਲੀ ਵੰਨਗੀ ਨਵੀਂ ਜਨਮੀ ਹੈ - ਮੀਆਂ ਕਾਵਿ। ਮਜ਼ਬੂਤ ਦੇਸ਼ ਦੇ ਨਵੇਂ ਉਸਰ ਰਹੇ ਨਾਗਰਿਕਾਂ ਦੇ ਰਾਸ਼ਟਰੀ ਰਜਿਸਟਰ ਕਾਰਨ ਜਨਮੀ ਇਹ ਮੀਆਂ ਕਵਿਤਾ ਅੱਜਕੱਲ੍ਹ ਪੁਲੀਸ ਦੀਆਂ ਐਫ.ਆਈ.ਆਰਜ਼ ਦਾ ਸ਼ਿੰਗਾਰ ਬਣ ਰਹੀ ਹੈ। ਆਧੁਨਿਕ ਮੀਆਂ ਕਾਵਿ ਦੀ ਇਹ ਵੰਨਗੀ ਨਵੀਂ ਹੈ, ਬੱਸ ਓਨੀ ਕੁ ਪੁਰਾਣੀ ਹੈ ਜਿੰਨਾ ਕੁ ਪੁਰਾਣਾ ਰਾਸ਼ਟਰਪਤੀ ਟਰੰਪ ਹੈ। ਆਸਾਮ ਦੇ ਚਾਰ ਸਪੋਰੀ ਸਾਹਿਤ ਪ੍ਰੀਸ਼ਦ ਦੇ ਪ੍ਰਧਾਨ ਹਾਫਿਜ਼ ਅਹਿਮਦ ਨੇ ਇਹ ਕਵਿਤਾ ਲਿਖ, 2016 ਵਿੱਚ ਆਪਣੇ ਫੇਸਬੁੱਕ ਸਫ਼ੇ ’ਤੇ ਪਾਈ ਸੀ, ਪਰ ਬਖੇੜਾ ਹੁਣ ਜੂਨ ਮਹੀਨੇ ਖੜ੍ਹਾ ਹੋਇਆ ਜਦੋਂ ਕਾਰਵਾਂ-ਏ-ਮੁਹੱਬਤ ਵਾਲਿਆਂ ਇਸ ਕਵਿਤਾ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਪਾ ਦਿੱਤਾ। ਦਸ ਕਵੀਆਂ ਦਾ ਨਾਮ ਹੁਣ ਪੁਲਸੀਆ ਸਾਹਿਤ ਦੀ ਉਸ ਵੰਨਗੀ ਵਿੱਚ ਸ਼ੁਮਾਰ ਹੋ ਗਿਆ ਹੈ ਜਿਸ ਨੂੰ ਐੱਫ.ਆਈ.ਆਰ. ਕਹਿੰਦੇ ਹਨ। ਦੋਸ਼ ਹੈ ਕਿ ਮੀਆਂ ਕਾਵਿ ਨਾਲ ਇਨ੍ਹਾਂ ਕਵੀਆਂ ਨੇ ਸਮਾਜ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਧਰਮ ਦੀ ਨਿਰਾਦਰੀ ਕੀਤੀ। ਪਰ ਗੁੱਸਾ ਕਵਿਤਾ ’ਤੇ ਘੱਟ, ਉਸ ਜ਼ਬਾਨ ’ਤੇ ਜ਼ਿਆਦਾ ਹੈ ਜਿਸ ਵਿੱਚ ਕਵਿਤਾ ਲਿਖੀ ਗਈ ਹੈ। ਅਖੇ ਬੰਗਾਲੀ ਮੂਲ ਦੇ ਕਵੀਆਂ ਨੇ, ਜਿਨ੍ਹਾਂ ਨੂੰ ਚੰਗੀ ਭਲੀ ਅਸਾਮੀ ਭਾਸ਼ਾ ਆਉਂਦੀ ਹੈ, ਆਪਣੀ ਮੂਲ ਭਾਸ਼ਾ ਵਿੱਚ ਕਵਿਤਾ ਕਿਉਂ ਲਿਖੀ? ਇਹ ਉਪਬੋਲੀ ਉਹ ਬੰਗਲਾਦੇਸ਼ ਵਿਚਲੇ ਆਪਣੇ ਇਲਾਕਿਆਂ ਤੋਂ ਲਿਆਏ ਸਨ। ਦੱਖਣੀ ਏਸ਼ੀਆ ਦੇ ਵੱਡੇ ਹਿੱਸੇ ਵਿੱਚ ‘ਮੀਆਂ’ ਤੋਂ ਭਾਵ ‘ਭੱਦਰਪੁਰਸ਼’ ਲਿਆ ਜਾਂਦਾ ਹੈ। ਇਹ ਅੰਗਰੇਜ਼ੀ ਦੇ ‘ਜੈਂਟਲਮੈਨ’ ਦੇ ਨੇੜੇ ਢੁੱਕਦਾ ਹੈ। ਪਰ ਜਦੋਂ ਇੱਜ਼ਤਦਾਰ ਸ਼ਬਦ ਕੂ-ਏ-ਯਾਰ ਤੋਂ ਦਰ-ਬਦਰ ਹੁੰਦੇ ਹਨ ਤਾਂ ਉਦੋਂ ਤੱਕ ਬੇਆਬਰੂ ਕੀਤੇ ਜਾਂਦੇ ਹਨ ਜਦੋਂ ਤੱਕ ਸੂ-ਏ-ਦਾਰ ਦਾ ਮੁਕਾਮ ਨਾ ਕਰ ਲੈਣ। ਅੱਜ ਦੇ ਬੰਗਲਾਦੇਸ਼ ਵਿਚਲੇ ਇਲਾਕਿਆਂ ਵਿੱਚੋਂ ਉੱਜੜ ਕੇ ਆਏ ਬੰਗਾਲੀ ਮੁਸਲਮਾਨਾਂ ਲਈ ਇਹ ‘ਮੀਆਂ’ ਉਵੇਂ ਹੀ ਗਾਲ਼੍ਹ ਵਾਂਗ ਵਰਤੀਂਦਾ ਰਿਹਾ ਜਿਵੇਂ ਪੰਜਾਬ ਅਤੇ ਪੰਜਾਬੀ ਵਿੱਚ ਸ਼ਬਦ ‘ਭਈਆ’ ਗਰਕਿਆ। ਪੱਛਮ ਵਾਲੇ ਪਾਸਿਓਂ ਹੱਲਿਆਂ ਵੇਲੇ ਬਾਰਡਰ ਪਾਰ ਕਰ, ਆਪਣੇ ਨਾਲ ਬਾਇੱਜ਼ਤ ‘ਭਾਪਾ’ ਸ਼ਬਦ ਲੈ ਆਏ ਸਨ। ਕਿਸੇ ਵਿਰਲੇ ਨਵਯੁਗੀ ਨੇ ਇਹਨੂੰ ਆਪਣੇ ਨਾਓਂ ਅੱਗੇ ਲਾ ਕੇ ਆਰਸੀ ਵਿੱਚ ਆਪਣਾ ਸੋਹਣਾ ਨਕਸ਼ ਜ਼ਰੂਰ ਤੱਕਿਆ ਹੋਵੇਗਾ ਪਰ ਬਹੁਤਿਆਂ ਨੇ ‘ਭਾਪਾ’ ਹੋਣ, ਕਹਾਉਣ ਦੀ ਕੀਮਤ ਤਾਉਮਰ ਬੇਇੱਜ਼ਤੀਆਂ ਨਾਲ ਤਾਰੀ। ਇੱਜ਼ਤਾਂ, ਮੁਲਕਾਂ, ਪਰਵਾਸ ਅਤੇ ਭਾਸ਼ਾਵਾਂ ਦੀ ਸ਼ਤਰੰਜ ਵਿੱਚ ਮੀਆਂ, ਭੱਈਆ ਅਤੇ ਭਾਪਾ ਖਿਤਾਬਾਂ ਨਾਲ ਖੜ੍ਹੇ ਉਹ ਮੋਹਰੇ ਹਨ ਜਿਨ੍ਹਾਂ ਨੂੰ ਅਜ਼ਲੋਂ ਮਾਤ ਦੇ ਸਰਾਪ ਮਿਲੇ ਹੋਏ ਹਨ। ਹੁਣ ਜਦੋਂ ਦੇਸ਼ ਦੇ ‘ਅਸਲੀ ਬਾਸ਼ਿੰਦੇ’ ਫਿਰ ਪਛਾਣੇ ਜਾ ਰਹੇ ਹਨ ਅਤੇ ਪਾਰਲੀਮੈਂਟ ਵਿੱਚ ਸਰਬਸ਼ਕਤੀਮਾਨ ਤੋਂ ਲੈ ਕੇ ਗਲੀਆਂ ਵਿੱਚ ਦੇਸ਼ਭਗਤੀ ਦੇ ਨਾਮ ’ਤੇ ਦਨਦਨਾਉਂਦੀਆਂ ਨਵ-ਨਿਰਮਾਣਤ ਲਾਠੀ-ਯੁਕਤ ਕਾਨੂੰਨ-ਮੁਕਤ ਸੈਨਾਵਾਂ ਕਹਿ ਰਹੀਆਂ ਹਨ ਕਿ ਉਹ ਹਿੰਦੋਸਤਾਨ ਦੀ ਇੰਚ-ਇੰਚ ਜ਼ਮੀਨ ਤੋਂ ਅੰਦਰ ਵੜ ਆਏ ਨਕਲੀ ਨਾਗਰਿਕਾਂ ਨੂੰ ਕੱਢ ਕੇ ਦਮ ਲੈਣਗੇ ਤਾਂ ਅਸਾਮ ਵਿੱਚ ਬੰਗਾਲੀ ਮੂਲ ਦੇ ਮੁਸਲਮਾਨ ਕਿਸੇ ਕਵੀ ਨੇ ਆਪਣੇ ਅਤੀਤ ਵਿੱਚੋਂ ਸ਼ਬਦ ‘ਮੀਆਂ’ ਨੂੰ ਫੜ ਉਹਦੀ ਅਜ਼ਮਤ ਦੀ ਰੱਖ ਵਿਖਾਉਣ ਦਾ ਫ਼ੈਸਲਾ ਕੀਤਾ। ਦਹਾਕਿਆਂ ਪਹਿਲਾਂ, 1951 ਦੀ ਜਨਗਣਨਾ ਵੇਲੇ ਬੰਗਾਲੀ ਇਲਾਕਿਆਂ ਵਿੱਚੋਂ ਉਜੜ ਆਏ ਮੁਸਲਮਾਨਾਂ ਨੇ ਮੀਆਂ ਡਾਇਲੈਕਟ ਤਿਆਗ, ਆਪਣੀ ਭਾਸ਼ਾ ਆਸਾਮੀ ਲਿਖਵਾਈ। ਨਤੀਜੇ ਵਜੋਂ 1931 ਦੀ ਬਨਿਸਬਤ 1951 ਵਿੱਚ ਆਸਾਮੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ 150 ਫ਼ੀਸਦ ਵਧ ਗਈ। ਸਮੇਂ ਦੇ ਨਾਲ ਨਾਲ ਬੰਗਾਲੀ ਮੁਸਲਮਾਨਾਂ ਦੀ ਉਪਭਾਸ਼ਾ ਜਾਂ ਤਾਂ ਗੁਆਚਦੀ ਰਹੀ ਜਾਂ ਘਰ ਦੀ ਚਾਰਦੀਵਾਰੀ ’ਚ ਕੈਦ ਰਹੀ। ਬਾਹਰ ਜ਼ਿੰਦਗੀ ਅਸਾਮੀ ਭਾਸ਼ਾ ਵਿੱਚ ਗੁਜ਼ਰੀ ਅਤੇ ਸਾਹਿਤ ਵੀ ਇਸੇ ਪ੍ਰਵਾਨਿਤ ਭਾਸ਼ਾ ਵਿੱਚ ਰਚਿਆ ਗਿਆ। ਪਰ ਜਦੋਂ ਰਾਜਨੀਤੀ ਨੇ ਅਸਲੀ ਨਕਲੀ ਨਾਗਰਿਕਾਂ ਦੀ ਲੱਭਤ ਦੀ ਖੇਡ ਖੇਡਣੀ ਸ਼ੁਰੂ ਕੀਤੀ ਤਾਂ ਕਵੀ ਨੇ ਆਪਣੀ ਵਾਰੀ ਭੁਗਤਾਈ, ਤ੍ਰਿਸਕਾਰੀ ਉਪਭਾਸ਼ਾ ਵਿੱਚ ਬੋਲੀ ਪਾਈ, ਮੀਆਂ ਜੀ ਦੀ ਇੱਜ਼ਤ ਵਧਾਈ। ਔਖਾ ਪੁੱਛਿਆ ਇੱਕ ਸਵਾਲ - ਅਗਲੀਆਂ ਗਰਮੀਆਂ ਜੰਮਣ ਵਾਲੇ ਮੇਰੇ ਬੱਚੇ ਨਾਲ ਵੀ ਕਰੋਗੇ ਇੰਞ ਹੀ ਨਫ਼ਰਤ, ਜਿਵੇਂ ਕਰਦੇ ਹੋ ਮੇਰੇ ਨਾਲ? ਪਾਰਲੀਮੈਂਟ ਦੀ ਸਰਦਲ ਤੋਂ ਜਵਾਬ ‘‘ਹਾਂ’’ ਵਿੱਚ ਗੂੰਜਿਆ ਹੈ। ਅਸਾਮ ਵਿੱਚ ਹੜ੍ਹਾਂ ਵਿੱਚ ਦਰਜਨਾਂ ਮਰ ਗਏ ਹਨ। 33 ਜ਼ਿਲ੍ਹਿਆਂ ਵਿੱਚ ਅੱਧੇ ਕਰੋੜ ਤੋਂ ਵੀ ਜ਼ਿਆਦਾ ਖ਼ਲਕਤ ਛੱਲਾਂ ਦੀ ਮਾਰ ਥੱਲੇ ਆਈ ਹੋਈ ਹੈ। ਜਿੱਥੇ ਸਰਕਾਰ ਦਹਾਕਿਆਂ ਤੋਂ ਵੱਸਦੇ-ਰਸਦੇ ਇਨਸਾਨਾਂ ਨੂੰ ਸਿਉਂਕ ਕਹਿ ਮੁਲਕ ਤੋਂ ਬਾਹਰ ਸੁੱਟ ਦੇਣ ਦਾ ਤਹੱਈਆ ਕੀਤੀ ਬੈਠੀ ਹੋਵੇ, ਓਥੇ ਜਾਨਵਰਾਂ ਦੀ ਕੀ ਗਿਣਤੀ ਕਰਨੀ ਜਿਹੜੇ ਇਨ੍ਹਾਂ ਪਾਣੀਆਂ ਵਿੱਚ ਰੁੜ੍ਹ-ਪੁੜ ਗਏ ਹੋਣਗੇ, ਪਰ ਰੱਬ ਦੇ ਜੀਅ ਨੇ, ਤੁਸਾਂ ਵਿਸਾਰ ਨਾ ਦੇਣਾ। ਅਜਿਹੇ ਵਿੱਚ ਪਰਲੋ ਆਉਂਦੀ ਵੇਖ ਵੀ ਲੱਖਾਂ ਲੋਕ ਅਜੇ ਵੀ ਘਰਾਂ ਵਿੱਚ ਹੀ ਬੈਠੇ ਨੇ। ਚੁਪਾਸੇ ਹੜ੍ਹਾਂ ਨੇ ਬਸਤੀਆਂ ਪਸਤ ਕਰ ਦਿੱਤੀਆਂ ਨੇ ਪਰ ਕਾਗਜ਼ਾਂ ਦਾ ਦੱਥਾ ਲਈ, ਉਹ ਰਿਆਸਤ-ਏ-ਹਿੰਦ ਦੇ ਔਖੇ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਨ ਕਿ ਉਹ ਸਿਉਂਕ ਨਹੀਂ ਹਨ। ਇਸੇ ਦੇਸ਼ ਦੇ ਹਨ। ਕਈ ਵਿਚਾਰਿਆਂ ਕੋਲ ਤਾਂ ਪਾਉਣ ਲਈ ਦੂਜਾ ਜੋੜਾ ਨਹੀਂ, ਉਨ੍ਹਾਂ ਕੋਲ ਜਾਣ ਲਈ ਦੂਜਾ ਦੇਸ਼ ਕਿੱਥੋਂ ਆਉਣਾ ਹੈ? ‘‘ਪਰ ਕਿਉਂ ਨਹੀਂ ਕਹਿੰਦੇ ਕਿ ਅਸੀਂ ਅਸਾਮੀ-ਭਾਸ਼ੀ ਹਾਂ? ਕਿਉਂ ਲਿਖੀ ਮੀਆਂ ਉਪਬੋਲੀ ਵਿੱਚ ਕਵਿਤਾ?’’ ਭੀੜ ਪੁੱਛ ਰਹੀ ਹੈ। ਦੋ ਸਾਲ ਪਹਿਲਾਂ ਬੱਸ ਵਿੱਚ ਬੈਠ, ਢਾਈ ਟੋਟਰੂ ਕਾਰਵਾਂ-ਏ-ਮੁਹੱਬਤ ਬਣਾ ਕੇ ਉਨ੍ਹਾਂ ਸ਼ਹਿਰਾਂ, ਗਲੀਆਂ, ਚੌਕਾਂ, ਵਿਹੜਿਆਂ ਦੀ ਯਾਤਰਾ ਕਰਨ ਟੁਰ ਪਏ ਜਿੱਥੇ ਭੀੜ ਨੇ ਆਪੇ ਪਛਾਣ, ਕੁੱਟ-ਕੁੱਟ ਕੇ ਦੇਸ਼ ਅਤੇ ਧਰਮ ਦੇ ਦੁਸ਼ਮਣ ਨਾਗਰਿਕ ਮਾਰੇ ਸਨ। ਸਿਆਸਤ ਤੁਹਾਨੂੰ ਇਸ਼ਤਿਹਾਰੀ ਸਿਉਂਕ ਦਾ ਦਰਜਾ ਦੇ ਦੇਵੇ ਤਾਂ ਭੀੜ ਵਫ਼ਾਦਾਰੀ ਨਾਲ ਭੁਗਤਾਉਂਦੀ ਹੈ। ਨਾਗਰਿਕ ਤੋਂ ਪੂਰੀ ਕੀਮਤ ਵਸੂਲ ਕਰਦੀ ਹੈ। ਮਰਨ ਤੋਂ ਪਹਿਲੋਂ ਪਹਿਲੋਂ ਉਹਦੇ ਕਾਫ਼ਿਰ ਮੁੱਖੋਂ ਆਪਣੇ ਰੱਬ ਦੀ ਜੈ ਕਰਵਾਉਂਦੀ ਹੈ। ਸਰਕਾਰ ’ਚ ਵੱਡੀ ਅਫ਼ਸਰੀ ਛੱਡ, ਕਮੀਜ਼ ਪੈਂਟ ਤੋਂ ਬਾਹਰ ਲਟਕਾਈ, ਪੈਰੀਂ ਪੁਰਾਣੀ ਜੁੱਤੀ ਅੜਾਈ ਹਰਸ਼ ਮੰਡੇਰ ਅਤੇ ਉਹਦੇ ਸਾਥੀ ਹੁਣ ਹੈਰਾਨ ਹੋ ਰਹੇ ਹਨ ਕਿ ਉਨ੍ਹਾਂ ਦਾ ਸੋਸ਼ਲ ਮੀਡੀਆ ’ਤੇ ਪਾਇਆ ਮੀਆਂ ਕਾਵਿ ਦਾ ਮਜ਼ਮੂਨ ਚੰਨ ਵੱਲ ਨੂੰ ਚੜ੍ਹਦੇ ਮਜ਼ਬੂਤ ਮੁਲਕ ਲਈ ਇੰਨਾ ਵੱਡਾ ਖ਼ਤਰਾ ਕਿਉਂ ਹੋ ਗਿਆ ਕਿ ਕਵੀਆਂ ਖ਼ਿਲਾਫ਼ ਐੱਫ.ਆਈ.ਆਰ ਦਰਜ ਹੋ ਗਈ? ਫਸਾਦਾਂ ਮਾਰਿਆਂ, ਝੂਠੇ ਕੇਸਾਂ ਵਿੱਚ ਫਸਾਇਆਂ ਅਤੇ ਗੁਰਬਤ ਦੇ ਰੋਲਿਆਂ ਦੀ ਬਾਤ ਪਾਉਂਦਾ ਹਰਸ਼ ਮੰਡੇਰ ਬੀਤੇ ਹਫ਼ਤੇ ਪੁੱਛ ਰਿਹਾ ਸੀ ਕਿ ਵਿਦਰੋਹੀ ਕਾਵਿ ਤੋਂ ਬਿਨਾਂ ਦੁਨੀਆ ਵਿੱਚ ਅੱਜ ਭਾਰਤ ਦੀ ਕੀ ਔਕਾਤ ਹੁੰਦੀ? ਕਹਿ ਰਿਹਾ ਸੀ ਕਿ ਭਗਤੀ ਕਾਵਿ, ਸੂਫ਼ੀ ਕਾਵਿ ਸਭ ਵਿਦਰੋਹੀ ਕਾਵਿ ਹੀ ਤਾਂ ਹਨ। ਅਸ਼ੋਕ ਵਾਜਪਾਈ, ਗੀਤਾ ਹਰੀਹਰਨ, ਨਤਾਸ਼ਾ ਬੱਧਵਾਰ, ਪ੍ਰੋਫੈਸਰ ਅਪੂਰਵਾਨੰਦ ਮੀਆਂ ਕਾਵਿ ਵਾਲਿਆਂ ਲਈ ਖੜ੍ਹੇ ਹੋਏ ਹਨ ਪਰ ਉੱਧਰ ਅਸਾਮ ਵਿੱਚ ਦੇਸ਼ਭਗਤੀ ਦਾ ਵੀ ਤਾਂ ਹੜ੍ਹ ਆਇਆ ਹੋਇਆ ਹੈ। ਕਿਸੇ ਡਾਢੇ ਤੋਂ ਦਸਾਂ ਨਹੁੰਆਂ ਦੀ ਕਿਰਤ ਕਰਦੇ ਪਰ ‘ਭਈਆ’ ਅਖਵਾਉਂਦੇ ਨੂੰ ਕੁੱਟ ਪੈਂਦੀ ਹੋਵੇ ਤਾਂ ਕੌਣ ਮਦਦ ਨੂੰ ਬਹੁੜਦਾ ਏ? ਕਵੀਆਂ ਮੁਆਫ਼ੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਫਿਜ਼ ਅਹਿਮਦ ਨੇ ਕਿਹਾ ਹੈ ਕਿ ਉਹ ਤਾਂ ਪੱਕਾ ਅਸਾਮੀ ਹੈ, ਵੈਸੇ ਵੀ ਅਸਾਮੀ ਭਾਸ਼ਾ ਵਿੱਚ ਹੀ ਲਿਖਦਾ ਹੈ, ਅਤੇ ਜੇ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤਾਂ ਮੁਆਫ਼ੀ ਮੰਗਦਾ ਹੈ। ਕੌਣ ਸਿਉਂਕ ਹੈ ਅਤੇ ਕੌਣ ਨਾਗਰਿਕ, ਇਹਦਾ ਫ਼ੈਸਲਾ ਕਰਦੇ ਨਾਗਰਿਕਾਂ ਦੇ ਕੌਮੀ ਰਜਿਸਟਰ ਦੇ ਬੰਦ ਹੋ ਜਾਣ ਦੀ ਆਖ਼ਰੀ ਤਾਰੀਕ 31 ਜੁਲਾਈ ਹੈ। ਮੀਆਂ ਜੀ ਦੀ ਮੁਆਫ਼ੀ ਮੰਗਣ ਦੀ ਕਾਹਲੀ ਸਮਝ ਆਉਂਦੀ ਹੈ। 9/11 ਤੋਂ ਬਾਅਦ ਜਦੋਂ ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿੱਚ ਕਈ ਵਾਰੀ ਕਿਸੇ ਸਿੱਖ ਨੂੰ ਅਰਬ ਮੁਸਲਮਾਨ ਸਮਝ ਨਫ਼ਰਤੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਤਾਂ ਤਖ਼ਤ-ਨਸੀਬਾਂ ਮੱਤ ਦਿੱਤੀ ਕਿ ਵਿਦੇਸ਼ਾਂ ਵਿੱਚ ਜਾਣਕਾਰੀ ਵਧਾਊ ਮੁਹਿੰਮ ਚਲਾਈ ਜਾਵੇ ਤਾਂ ਜੋ ਗੋਰਿਆਂ ਨੂੰ ਪਤਾ ਲੱਗੇ ਪਈ ਸਿੱਖ, ਮੁਸਲਮਾਨ ਨਹੀਂ ਹੁੰਦੇ। ਵੈਸੇ ਜਦੋਂ ਭੀੜ ਬਣੀ ਸੀ ਕਦੀ ਤਾਂ ਗੁਰੂ ਹਿੰਦ ਦੀ ਚਾਦਰ ਬਣ ਗਿਆ ਸੀ। ਅਮਰੀਕਾ ਦੀ ਸਿੱਖ ਕੋਲੀਸ਼ਨ (Sikh Coalition) ਦੇ ਅੰਕੜਿਆਂ ਅਨੁਸਾਰ ਟਰੰਪ ਦੇ ਰਾਜ ਵਿੱਚ ਨਫ਼ਰਤੀ ਹਮਲਿਆਂ ਵਿੱਚ ਵੱਡਾ ਵਾਧਾ ਹੋਇਆ ਹੈ। ਗੁਰੂ ਹੁੰਦਾ ਤਾਂ ਅੱਜ ਵਿਸ਼ਵ ਦੀ ਚਾਦਰ ਬਣ ਜਾਂਦਾ। ਕੁਝ ਗੁਰੂ ਵਾਲੇ ਨਿਸ਼ਚਿਤ ਹੀ ਉੱਦਮ ਕਰ ਰਹੇ ਹਨ। ਜਦੋਂ ਕੈਲੀਫੋਰਨੀਆ ਦੇ ਰਿਚਮੰਡ ਵਿਚ ਮਾਨ ਸਿੰਘ ਖਾਲਸਾ ’ਤੇ ਹਮਲਾ ਕਰਨ ਵਾਲੇ ਦੋ ਗੋਰੇ ਨੌਜਵਾਨਾਂ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਹੋਈ ਤਾਂ ਮਾਨ ਸਿੰਘ ਨੇ ਭਰੀ ਅਦਾਲਤ ਵਿੱਚ ਉਨ੍ਹਾਂ ਨੂੰ ਇੱਕੋ ਹੀ ਗੱਲ ਕਹੀ - ‘‘ਤੁਸੀਂ ਮੇਰੇ ਧਰਮ ਦੇ ਅਸੂਲਾਂ ਬਾਰੇ ਪੜ੍ਹਨਾ ਜ਼ਰੂਰ। ਆਪਾਂ ਭਰਾ ਹਾਂ ਸਾਰੇ।’’ ਪਤਾ ਨਹੀਂ ਕਿਉਂ ਪਰ ਇਹ ਮੀਆਂ ਕਾਵਿ ਵਰਗੇ ਬੋਲ ਜਾਪਦੇ ਹਨ। ਜਦੋਂ ਨਿਊਜ਼ੀਲੈਂਡ ਵਿੱਚ ਨਫ਼ਰਤ ਭਰੇ ਇੱਕ ਸਿਰਫਿਰੇ ਨੇ ਮਸਜਿਦ ਵਿੱਚ ਕਿੰਨੇ ਸਾਰੇ ਨਮਾਜ਼ੀ ਗੋਲੀਆਂ ਨਾਲ ਭੁੰਨ ਸੁੱਟੇ ਤਾਂ ਜਵਾਬ ਵਿੱਚ ਕਈ ਗ਼ੈਰ-ਮੁਸਲਮਾਨ ਔਰਤਾਂ ਨੇ ਹਿਜਾਬ ਦੀ ਬੁੱਕਲ ਮਾਰੀ ਜਾਂ ਬੁਰਕਾ ਪਹਿਨਿਆ। ਉਨ੍ਹਾਂ ਔਰਤਾਂ ਦਾ ਆਸਾਮ ਵਿੱਚ ਸਿਉਂਕ ਦਾ ਸ਼ਿਕਾਰ ਕਰਦਿਆਂ ਨੂੰ ਕੀ ਜਵਾਬ ਹੋਵੇਗਾ? ‘‘ਅਸੀਂ ਵੀ ਮੀਆਂ ਹਾਂ।’’

ਐੱਸ ਪੀ ਸਿੰਘ

ਗੁਰੂ ਵਾਲਿਆਂ ਲਈ ਇਹ ਐਲਾਨੀਆ ਕਹਿਣ ਦਾ ਵਕਤ ਆ ਗਿਆ ਹੈ ਕਿ ਅਸੀਂ ਪਹਿਲੂ ਖ਼ਾਨ ਹਾਂ, ਅਖਲਾਕ ਹਾਂ, ਨਜੀਬ ਹਾਂ। ਅਸੀਂ ਹੋਰ ਹਾਂ, ਤੁਸੀਂ ਹੋਰ ਹੋ, ਉਹ ਹੋਰ ਹਨ, ਵਾਲੇ ਬਿਆਨੀਏ ਵਿੱਚੋਂ ਨਿਕਲੀ ਸਿਆਸਤ ਹੇਠ ਆਪਣੇ ਧਰਮ ਦਾ ਪਰਮ ਸੱਚ ਸਾਬਤ ਕਰਨ ਲਈ ਤਿੰਨ-ਚੌਥਾਈ ਸਦੀ ਪਹਿਲਾਂ ਅਸੀਂ ਛਵੀਆਂ, ਗੰਡਾਸਿਆਂ, ਕੁਹਾੜਿਆਂ ਲਈ ਭੱਠੀਆਂ ਧਰਮ ਅਸਥਾਨਾਂ ਪੁਰ ਲਾਈਆਂ, ਚਲਾਈਆਂ। ਉਸੇ ਸਿਆਸਤ ਦੇ ਅਗਲੇ ਪੜਾਅ ਵਿੱਚ ਦੇਸ਼ ਵਿੱਚ ਇੱਕ ਨਵੀਂ ਘੱਟਗਿਣਤੀ ਦੇ ਨਿਰਮਾਣ ਹੋਣ ਦੀ ਕਥਾ ਸੁਣਾਈ ਦੇ ਰਹੀ ਹੈ। ਇਸ ਦੇਸ਼ ਦੀ ਬਹੁਲਤਾ ਦੇ ਸੰਕਲਪ ਦੀ ਇੱਜ਼ਤ ਕਰਨ ਵਾਲੇ, ਇੱਕ ਦੂਜੇ ਦੇ ਰੀਤੀ ਰਿਵਾਜਾਂ, ਸੱਭਿਆਚਾਰ, ਬੋਲੀ, ਖਾਣ-ਪੀਣ, ਧਰਮ, ਫ਼ਿਰਕੇ ਦਾ ਸਨਮਾਨ ਕਰਨ ਵਾਲੇ ਨਵੀਂ ਘੱਟਗਿਣਤੀ ਬਣ ਰਹੇ ਹਨ। ਜ਼ਹਿਰੀਲੀ ਹਵਾ ਝੀਥਾਂ ਥਾਣੀਂ ਘਰ ਦੇ ਅੰਦਰ ਆ ਰਹੀ ਹੈ। ਦਿੱਲੀ ਵਿੱਚ ਕੰਮ ਕਰਦਾ ਮੇਰਾ ਇੱਕ ਨੌਜਵਾਨ ਮਿੱਤਰ ਜਦ ਕਦੇ ਦੋ ਚਾਰ ਦਿਨਾਂ ਲਈ ਜੰਮੂ ਰਹਿੰਦੇ ਆਪਣੇ ਪਰਿਵਾਰ ਨੂੰ ਮਿਲਣ ਜਾਂਦਾ ਹੈ ਤਾਂ ਝੋਰਿਆਂ ਨਾਲ ਮੁੜਦਾ ਹੈ। ਉਹਨੂੰ ਟੁੱਟ ਕੇ ਪਿਆਰ ਕਰਦੀ ਉਹਦੀ ਮਾਂ ਅਤੇ ਹੋਰਨਾਂ ਰਿਸ਼ਤੇਦਾਰਾਂ ਦੇ ਕਸ਼ਮੀਰੀਆਂ ਬਾਰੇ ਬੋਲ ਸੁਣ ਉਹ ਘਰ ਵਿੱਚ ਵੀ ਘੱਟਗਿਣਤੀ ਬਣ ਚੁੱਕਾ ਹੈ। ਪਿਛਲੇ ਹਫ਼ਤੇ ਕਾਰਵਾਂ-ਏ-ਮੁਹੱਬਤ ਵਾਲਿਆਂ ਨੂੰ ਮਿਲ, ਮੀਆਂ ਕਾਵਿ ਦੇ ਕਾਫ਼ੀਏ-ਰਦੀਫ਼ ਨੂੰ ਉਧੇੜ ਕੇ ਰੱਖ ਦੇਣ ਦੇ ਕੌਮੀ ਨਾਗਰਿਕ ਰਜਿਸਟਰ ਵਾਲੇ ਕਾਰਜ ਦੀ ਕਥਾ ਸੁਣ, ਇਲਤਜ਼ਾ ਕਰ ਰਿਹਾ ਸੀ ਕਿ ਮੈਂ ਇਹ ਕਵਿਤਾ ਜ਼ਰੂਰ ਪੜ੍ਹਾਂ ਕਿ ਕੀ ਅਣਜੰਮੇ ਬਾਲ ਨੂੰ ਨਫ਼ਰਤ ਕਰਨ ਦੀ ਸਾਡੀ ਤਿਆਰੀ ਪੂਰੀ ਹੈ? ਉਧਰ ਟਰੰਪ ਵੀ ਆਪਣਾ ਕੌਮੀ ਨਾਗਰਿਕ ਰਜਿਸਟਰ ਫਰੋਲ ਰਿਹਾ ਹੈ। ਆਪਣੇ ਦੇਸ਼ ਦੀ ਪਾਰਲੀਮੈਂਟ ਵਿੱਚ ਉਹਨੂੰ ਚਾਰ ਜਨਾਨੀਆਂ ਐਸੀਆਂ ਲੱਭ ਪਈਆਂ ਹਨ ਜਿਨ੍ਹਾਂ ਨੂੰ ਉਸ ਵਾਪਸ ਉਨ੍ਹਾਂ ਦੇਸ਼ਾਂ ਵਿੱਚ ਜਾਣ ਲਈ ਕਹਿ ਦਿੱਤਾ ਹੈ ਜਿੱਥੋਂ ਉਹ ਜਾਂ ਉਨ੍ਹਾਂ ਦੇ ਵਡੇਰੇ ਆਏ ਸਨ। ਦੇਸ਼ ਨੂੰ ਮੁੜ ਮਹਾਨ ਬਣਾਉਣ ਨੂੰ ਪ੍ਰਣਾਈ ਭੀੜ ‘‘ਭੇਜੋ ਵਾਪਸ ਇਨ੍ਹਾਂ ਨੂੰ’’ ਦੇ ਆਵਾਜ਼ੇ ਕਸ ਰਹੀ ਹੈ। ਦੁਨੀਆਂ ਨੂੰ ਕਿਸੇ ਮਹਾਂ ਮੀਆਂ ਕਾਵਿ ਦੀ ਅਤਿ ਦੀ ਜ਼ਰੂਰਤ ਆ ਪਈ ਹੈ। ਮੈਨੂੰ ਕਈ ਵਾਰੀ ਯਾਰਾਂ ਪੁੱਛਿਆ ਹੈ “ਐੱਸ ਪੀ ਸਿੰਘ ਦਾ ਪੂਰਾ ਕੀ ਬਣਦਾ ਹੈ?” ਦੱਸਣ ’ਤੇ ਪੁੱਛਦੇ ਹਨ, “ਅੱਗੇ ਕੀ ਹੈ?” ਮੈਂ ਕਹਿੰਦਾ ਹਾਂ, “ਅੱਗੇ ਕੁਝ ਨਹੀਂ।” ਪੁੱਛਾਂ ਪੁੱਛਣ ਦੇ ਕਈ ਮਾਹਿਰ ਲੱਭ ਲੈਂਦੇ ਹਨ। ‘‘ਅੱਛਾ, ਤੁਸੀਂ ਫਿਰ ਅਰੋੜੇ ਖੱਤਰੀ ਹੋਏ ਸੁ?’’ ਅੱਜ ਇੰਕਸ਼ਾਫ ਕਰ ਹੀ ਦੇਈਏ। ਪਾਪ ਕੀ ਜੰਞ ਦਲ੍ਹੀਜਾਂ ਟੱਪ ਆਈ ਹੈ। ਸੱਚ ਕੀ ਬੇਲਾ ਦਾ ਐਲਾਨਨਾਮਾ ਕਰ ਦਿਓ - ਭਾਪੇ ਮੀਆਂ ਹੋਏ ਭਰਾ ਭਰਾ, ਪਰਾਇਆ ਰਹਿਓ ਨਾ ਕੋਈ। ਲਿਖ਼ਤੁਮ ਬਾਦਲੀਲ, ਭਾਪਾ ਐੱਸ ਪੀ ਸਿੰਘ ਮੀਆਂ। (*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਇਹ ਲਿਖਤ ਪੜ੍ਹਨ ਤੋਂ ਬਾਅਦ ਉਹਨੂੰ ‘ਹੋਰ ਭਾਪਾ ਜੀ, ਕੀ ਹਾਲ ਹੈ?’ ਕਹਿ ਕੇ ਤਨਜ਼ ਕਰਨ ਵਾਲੇ ਚਿਹਰੇ ਵੇਖਣ ਲਈ ਆਤੁਰ ਹੈ।)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All