ਮੇਹੁਲੀ ਘੋਸ਼ ਨੇ ਕੌਮੀ ਨਿਸ਼ਾਨੇਬਾਜ਼ੀ ਟਰਾਇਲਜ਼ ਜਿੱਤੇ

ਨਵੀਂ ਦਿੱਲੀ, 10 ਸਤੰਬਰ ਪੱਛਮੀ ਬੰਗਾਲ ਦੀ ਮੇਹੁਲੀ ਘੋਸ਼ ਨੇ ਅੱਜ ਇੱਥੇ ਕੌਮੀ ਨਿਸ਼ਾਨੇਬਾਜ਼ੀ ਟਰਾਇਲਜ਼ ਵਿੱਚ ਮਹਿਲਾ ਦਸ ਮੀਟਰ ਰਾਈਫਲ ਮੁਕਾਬਲੇ ਦੇ ਸੀਨੀਅਰ ਅਤੇ ਜੂਨੀਅਰ ਦੋ ਵਰਗ ਦੇ ਖ਼ਿਤਾਬ ਜਿੱਤ ਲਏ। ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ਼ ’ਚ ਅਨਹਦ ਜਵਾਂਡਾ ਨੇ ਪੁਰਸ਼ 25 ਮੀਟਰ ਰੈਪਿਡ ਫਾਇਰ ਪਿਸਟਲ, ਜਦਕਿ ਪਾਰੂਲ ਕੁਮਾਰ ਨੇ ਪੁਰਸ਼ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਦਾ ਖ਼ਿਤਾਬ ਆਪਣੇ ਨਾਮ ਕੀਤਾ। ਦਿਨ ਦੀ ਸਟਾਰ ਮੇਹੁਲੀ ਰਹੀ, ਜਿਸ ਨੇ ਸੀਨੀਅਰ ਮਹਿਲਾ 10 ਮੀਟਰ ਏਅਰ ਰਾਈਫਲ ਵਿੱਚ 252 ਅੰਕ ਨਾਲ ਮੱਧ ਪ੍ਰਦੇਸ਼ ਦੀ ਸ਼੍ਰੇਆ ਅਗਰਵਾਲ ਨੂੰ ਪਛਾੜਿਆ ਜੋ 251.2 ਅੰਕ ਨਾਲ ਦੂਜੇ ਸਥਾਨ ’ਤੇ ਰਹੀ। ਦੁਨੀਆਂ ਦੀ ਅੱਵਲ ਨੰਬਰ ਨਿਸ਼ਾਨੇਬਾਜ਼ ਰਾਜਸਥਾਨ ਦੀ ਅਪੂਰਵੀ ਚੰਦੇਲਾ 229.3 ਅੰਕ ਨਾਲ ਤੀਜੇ ਸਥਾਨ ’ਤੇ ਰਹੀ। ਜੂਨੀਅਰ ਵਰਗ ਵਿੱਚ ਮੇਹੁਲੀ ਦੀ ਜਿੱਤ ਦਾ ਫ਼ਰਕ ਕਾਫ਼ੀ ਜ਼ਿਆਦਾ ਰਿਹਾ। ਉਸ ਨੇ 252.2 ਅੰਕ ਨਾਲ ਪੰਜਾਬ ਦੀ ਚਾਂਦੀ ਦਾ ਤਗ਼ਮਾ ਜੇਤੂ ਖ਼ੁਸ਼ੀ ਸੈਣੀ ਨੂੰ ਪਛਾੜਿਆ, ਜਿਸ ਨੇ 248.8 ਅੰਕ ਲਏ। ਇਸ ਮੁਕਾਬਲੇ ਦੇ ਯੂਥ ਵਰਗ ਵਿੱਚ ਹਿਮਾਚਲ ਪ੍ਰਦੇਸ਼ ਦੀ ਜੀਨਾ ਖਿੱਟਾ ਨੇ 252.5 ਅੰਕ ਨਾਲ ਖ਼ਿਤਾਬ ਜਿੱਤਿਆ। ਪੁਰਸ਼ 25 ਮੀਟਰ ਰੈਪਿਡ ਫਾਇਰ ਪਿਸਟਲ ਵਿੱਚ ਅਨਹਦ ਨੇ ਫਾਈਨਲ ਵਿੱਚ 31 ਅੰਕ ਨਾਲ ਓਲੰਪੀਅਨ ਅਤੇ ਸੈਨਾ ਦੇ ਨਿਸ਼ਾਨੇਬਾਜ਼ੀ ਗੁਰਪ੍ਰੀਤ ਨੂੰ ਪਛਾੜਿਆ, ਜਿਸ ਨੇ 26 ਅੰਕ ਲਏ। ਸੋਮਵਾਰ ਨੂੰ ਕੁਆਲੀਫਾਇਰ ਵਿੱਚ ਚੋਟੀ ’ਤੇ ਰਹੇ ਕੇਰਲ ਦੇ ਥੌਮਸ ਜੌਰਜ ਨੇ 23 ਅੰਕ ਨਾਲ ਤੀਜਾ ਸਥਾਨ ਹਾਸਲ ਕੀਤਾ। ਜੂਨੀਅਰ ਪੁਰਸ਼ ਵਰਗ ਵਿੱਚ ਚੰਡੀਗੜ੍ਹ ਦੇ ਵਿਜੈਵੀਰ ਸਿੱਧੂ 31 ਅੰਕ ਨਾਲ ਚੋਟੀ ’ਤੇ ਰਿਹਾ। ਭਾਰਤ ਦੇ ਕੌਮਾਂਤਰੀ ਨਿਸ਼ਾਨੇਬਾਜ਼ ਅਤੇ ਹਵਾਈ ਫੌਜ ਦੇ ਪਾਰੂਲ ਨੇ ਫਾਈਨਲਜ਼ ਵਿੱਚ 458.3 ਅੰਕ ਨਾਲ ਪੁਰਸ਼ ਥ੍ਰੀ ਪੁਜ਼ੀਸ਼ਨ ਦਾ ਖ਼ਿਤਾਬ ਜਿੱਤਿਆ। ਸੈਨਾ ਦਾ ਸਤਿੰਦਰ ਸਿਘ 456.5 ਅੰਕ ਨਾਲ ਦੂਜੇ, ਜਦਕਿ ਸੈਨਾ ਦਾ ਹੀ ਚੈਨ ਸਿੰਘ 443.1 ਅੰਕ ਨਾਲ ਤੀਜੇ ਸਥਾਨ ’ਤੇ ਰਿਹਾ। ਮੱਧ ਪ੍ਰਦੇਸ਼ ਦਾ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਪੁਰਸ਼ ਜੂਨੀਅਰ ਥ੍ਰੀ ਪੁਜ਼ੀਸ਼ਨ ਦਾ ਖ਼ਿਤਾਬ 453.5 ਅੰਕ ਨਾਲ ਜਿੱਤਿਆ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All