ਮੇਲਾ ਬਸੰਤ ਨਾਲ ਜੁੜੇ ਇਤਿਹਾਸਕ ਅਤੇ ਕਥਾ-ਪ੍ਰਸੰਗ

ਮੇਲਾ ਬਸੰਤ ਨਾਲ ਜੁੜੇ ਇਤਿਹਾਸਕ ਅਤੇ ਕਥਾ-ਪ੍ਰਸੰਗ

ਸੁਰਿੰਦਰ ਕੋਛੜ ਪ੍ਰਾਚੀਨ ਭਾਰਤ ਦੇ ਸਮੇਂ ਤੋਂ ਹੀ ਵਰ੍ਹੇ ਨੂੰ ਵੰਡੇ ਜਾਣ ਵਾਲੇ ਛੇ ਮੌਸਮਾਂ ਵਿੱਚੋਂ ਬਸੰਤ ਸਭ ਤੋਂ ਵਧੇਰੇ ਪਸੰਦੀਦਾ ਮੌਸਮ ਰਿਹਾ ਹੈ। ਇਸ ਮੌਸਮ ਦੌਰਾਨ ਕਈ ਥਾੲੀਂ ਮੇਲੇ ਲੱਗਦੇ ਹਨ। ਮੇਲਾ ਬਸੰਤ ਪੰਚਮੀ ਨਾਲ ਜੁੜੇ ਇੱਕ ਕਥਾ-ਪ੍ਰਸੰਗ ਅਨੁਸਾਰ ਪੁਰਾਣੇ ਸਮਿਆਂ ਵਿੱਚ ਬਸੰਤ ਰੁੱਤ ਦਾ ਸਵਾਗਤ ਕਰਨ ਲਈ ਮਾਘ ਮਹੀਨੇ ਦੇ ਪੰਜਵੇਂ ਦਿਨ ਜਸ਼ਨ ਕੀਤਾ ਜਾਂਦਾ ਸੀ, ਜਿਸ ਵਿੱਚ ਲੋਕ ਭਗਵਾਨ ਵਿਸ਼ਨੂ ਅਤੇ ਕਾਮਦੇਵ ਦੀ ਪੂਜਾ ਕਰਦੇ ਸਨ। ਉਸ ਦਿਹਾੜੇ ਨੂੰ ਬਸੰਤ ਪੰਚਮੀ ਦੇ ਦਿਨ ਵਜੋਂ ਮਨਾਇਆ ਜਾਂਦਾ ਸੀ। ਪੁਰਾਣਾਂ ਅਨੁਸਾਰ ਬਸੰਤ ਪੰਚਮੀ ਵਾਲੇ ਦਿਨ ਹੀ ਗਿਆਨ ਅਤੇ ਕਲਾ ਦੀ ਦੇਵੀ ਮਾਤਾ ਸਰਸਵਤੀ ਨੂੰ ਭਗਵਾਨ ਵਿਸ਼ਨੂ ਦੀ ਆਗਿਆ ’ਤੇ ਬ੍ਰਹਮਾ ਜੀ ਨੇ ਪ੍ਰਗਟ ਕੀਤਾ। ਇਸ ਤੋਂ ਬਾਅਦ ਭਗਵਾਨ ਵਿਸ਼ਨੂ ਨੇ ਦੇਵੀ ਸਰਸਵਤੀ ਨੂੰ ਵਰਦਾਨ ਦਿੱਤਾ ਕਿ ਬਸੰਤ ਪੰਚਮੀ ਦੇ ਦਿਹਾੜੇ ’ਤੇ ਲੋਕ ਉਨ੍ਹਾਂ ਦੀ ਵੀ ਪੂਜਾ ਅਾਰਾਧਨਾ ਕਰਿਆ ਕਰਨਗੇ। ਅੱਜ ਵੀ ਦੇਸ਼ ਦੇ ਕਈ ਰਾਜਾਂ ਵਿੱਚ ਬਸੰਤ ਪੰਚਮੀ ਦੇ ਦਿਨ ਦੇਵੀ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਤ੍ਰੇਤਾ ਯੁੱਗ ਨਾਲ ਸਬੰਧਿਤ ਇੱਕ ਹੋਰ ਪ੍ਰਸੰਗ ਅਨੁਸਾਰ ਰਾਵਣ ਦੁਆਰਾ ਮਾਤਾ ਸੀਤਾ ਨੂੰ ਅਗਵਾ ਕਰਨ ਤੋਂ ਬਾਅਦ ਜਿਸ ਦਿਨ ਭਗਵਾਨ ਰਾਮ ਚੰਦਰ ਆਪਣੇ ਛੋਟੇ ਭਰਾ ਲਛਮਣ ਸਹਿਤ ਉਨ੍ਹਾਂ ਦੀ ਖੋਜ ਕਰਦੇ ਹੋਏ ਦੰਡਕਾਰਨਇ (ਅੱਜ ਇਹ ਅਸਥਾਨ ਗੁਜਰਾਤ ਦੇ ਡਾਂਗ ਜ਼ਿਲ੍ਹੇ ਵਿੱਚ ਹੈ) ਵਿੱਚ ਛੱਬਰੀ ਨਾਮੀ ਭਿਲਨੀ ਦੀ ਝੋਂਪੜੀ ਵਿੱਚ ਪਹੁੰਚੇ ਤਾਂ ਉਹ ਬਸੰਤ ਪੰਚਮੀ ਦਾ ਦਿਨ ਸੀ। ਇਸ ਕਾਰਨ ਅੱਜ ਵੀ ਡਾਂਗ ਇਲਾਕੇ ਦੇ ਛੱਬਰੀ ਮੰਦਰ ਵਿੱਚ ਬਸੰਤ ਪੰਚਮੀ ਵਾਲੇ ਦਿਨ ਮੇਲਾ ਕਰਵਾਇਆ ਜਾਂਦਾ ਹੈ। ਬਸੰਤ ਪੰਚਮੀ ਦੇ ਨਾਲ ਕੁਝ ਇਤਿਹਾਸਕ ਘਟਨਾਵਾਂ ਵੀ ਜੁੜੀਆਂ ਹੋਈਆਂ ਹਨ। ਇਤਿਹਾਸਕ ਦਸਤਾਵੇਜ਼ਾਂ ਅਨੁਸਾਰ 1192 ਵਿੱਚ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜਦੋਂ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਤਾਂ ਮੌਤ ਦੀ ਸਜ਼ਾ ਦੇਣ ਤੋਂ ਪਹਿਲਾਂ ਉਸ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਆਪਣੇ ਸ਼ਬਦਬੇਦੀ ਬਾਣ ਦਾ ਕਮਾਲ ਵਿਖਾਉਣ ਲਈ ਕਿਹਾ। ਮੁਹੰਮਦ ਗੌਰੀ ਨੇ ਇਕ ਉੱਚੇ ਸਥਾਨ ’ਤੇ ਬਹਿ ਕੇ ਪਿੱਤਲ ਦੇ ਤਵੇ ’ਤੇ ਖੜਾਕ ਕੀਤਾ ਤਾਂ ਪ੍ਰਿਥਵੀ ਰਾਜ ਨੇ ਆਵਾਜ਼ ਪਛਾਣਦਿਆਂ ਸਿੱਧਾ ਨਿਸ਼ਾਨਾ ਉਸ ਦੀ ਛਾਤੀ ਵਿੱਚ ਲਾ ਕੇ ਉਸ ਨੂੰ ਢੇਰ ਕਰ ਦਿੱਤਾ। ਉਸੇ ਸਥਾਨ ’ਤੇ ਪ੍ਰਿਥਵੀ ਰਾਜ ਨੇ ਆਪਣੇ ਨਾਲ ਗ੍ਰਿਫ਼ਤਾਰ ਕੀਤੇ ਆਪਣੇ ਦੋਸਤ ਤੇ ਵਜ਼ੀਰ ਚੰਦਬਰਦਾਈ ਨੂੰ ਗਲਵੱਕੜੀ ਵਿੱਚ ਲੈ ਲਿਆ ਅਤੇ ਦੋਵਾਂ ਨੇ ਇੱਕ-ਦੂਜੇ ਦੇ ਖੰਜਰ ਆਰ-ਪਾਰ ਕਰ ਕੇ ਆਤਮ-ਬਲੀਦਾਨ ਦੇ ਦਿੱਤਾ। ਇਹ ਇਤਿਹਾਸਕ ਘਟਨਾ ਬਸੰਤ ਪੰਚਮੀ ਵਾਲੇ ਦਿਨ ਹੀ ਵਾਪਰੀ ਸੀ, ਜਿਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਬਸੰਤ ਪੰਚਮੀ ਦਾ ਪਵਿੱਤਰ ਦਿਹਾੜਾ ਹਿੰਦੂ-ਸਿੱਖਾਂ ਵੱਲੋਂ ਵੀਰ ਹਕੀਕਤ ਰਾਇ ਦੇ ਬਲੀਦਾਨ ਨੂੰ ਸਮਰਪਿਤ ਸ਼ਹੀਦੀ ਮੇਲੇ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਹਕੀਕਤ ਰਾਇ, ਜਿਸ ਨੂੰ ਉਸ ਦੀ ਬਹਾਦਰੀ ਸਦਕਾ ‘ਵੀਰ’ ਸ਼ਬਦ ਨਾਲ ਸੰਬੋਧਿਤ ਕੀਤਾ ਜਾਂਦਾ ਹੈ, ਦਾ ਜਨਮ 1724 ਵਿੱਚ ਸਿਆਲਕੋਟ ਦੇ ਭਾਗ ਮੱਲ ਪੁਰੀ (ਖੱਤਰੀ) ਦੇ ਘਰ ਮਾਤਾ ਦੁਰਗਾ ਦੇਵੀ (ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਸਫ਼ਾ 257 ’ਤੇ ਵੀਰ ਹਕੀਕਤ ਰਾਇ ਦੀ ਮਾਤਾ ਦਾ ਨਾਂ ਗੋਰਾਂ ਲਿਖਿਆ ਹੈ ਅਤੇ ਪਤਨੀ ਦਾ ਨਾਂ ਦੁਰਗਾ ਦੇਵੀ ਪੁੱਤਰੀ ਸਹਿਜਧਾਰੀ ਸਿੱਖ ਕਿਸ਼ਨ ਚੰਦ ਉੱਪਲ ਲਿਖਿਆ ਹੈ, ਜਦੋਂ ਕਿ ਬਹੁਤੇ ਵਿਦਵਾਨਾਂ ਨੇ ਹਕੀਕਤ ਰਾਇ ਦੀ ਪਤਨੀ ਦਾ ਨਾਂ ਲਕਛਮੀ ਦੇਵੀ ਲਿਖਿਆ ਹੈ) ਦੀ ਕੁੱਖੋਂ ਹੋਇਆ। ਉਨ੍ਹੀਂ ਦਿਨੀ ਮੁਸਲਮਾਨ ਬੱਚਿਆਂ ਵਾਂਗ ਹਿੰਦੂ ਬੱਚਿਆਂ ਨੂੰ ਵੀ ਫ਼ਾਰਸੀ ਸਿੱਖਣ ਲਈ ਮਦਰੱਸੇ ਭੇਜਿਆ ਜਾਂਦਾ ਸੀ। ਹਕੀਕਤ ਰਾਇ ਨੂੰ ਵੀ ਫ਼ਾਰਸੀ ਸਿੱਖਣ ਲਈ ਸਿਆਲਕੋਟ ਦੀ ਇੱਕ ਮਸਜਿਦ ਵਿੱਚ ਚੱਲ ਰਹੇ ਇਸਲਾਮੀਆਂ ਮਦਰੱਸੇ ਵਿੱਚ ਭੇਜਿਆ ਗਿਆ। ਇੱਕ ਦਿਨ ਮੌਲਵੀ ਦੀ ਗ਼ੈਰਹਾਜ਼ਰੀ ਵਿੱਚ ਹਕੀਕਤ ਰਾਇ ਦੇ ਜਮਾਤੀ ਮੁਸਲਮਾਨ ਲੜਕਿਆਂ ਨੇ ਉਸ ਨੂੰ ਚਿੜ੍ਹਾਉਣ ਲਈ ਦੇਵੀ ਦੁਰਗਾ ਦਾ ਮਜ਼ਾਕ ਬਣਾਉਂਦਿਆਂ ਦੇਵੀ ਦੇ ਸਬੰਧ ਵਿੱਚ ਭੈੜੇ ਸ਼ਬਦ ਵਰਤਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੂੰ ਸਮਝਾਉਣ ਲਈ ਹਕੀਕਤ ਰਾਇ ਨੇ ਉਨ੍ਹਾਂ ਨੂੰ ਕਿਹਾ, ‘‘ਜੇ ਕੋਈ ਹਜ਼ਰਤ ਮੁਹੰਮਦ ਸਾਹਿਬ ਦੀ ਪੁੱਤਰੀ ਬੀਬੀ ਫ਼ਾਤਿਮਾ ਬਾਰੇ ਇਹੋ ਜਿਹੇ ਸ਼ਬਦ ਇਸਤੇਮਾਲ ਕਰੇ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਵੇਗਾ?’’ ਲਡ਼ਕਿਆਂ ਨੇ ਇਹ ਗੱਲ ਵਧਾ-ਚੜ੍ਹਾ ਕੇ ਮੌਲਵੀ ਨੂੰ ਦੱਸ ਦਿੱਤੀ ਅਤੇ ਉਸ ਨੇ ਸਚਾਈ ਦੀ ਘੋਖ ਕੀਤੇ ਬਗ਼ੈਰ ਇਹ ਮਾਮਲਾ ਸਿਆਲਕੋਟ ਦੇ ਪ੍ਰਬੰਧਕ ਕਾਜ਼ੀ ਅਮੀਰ ਬੇਗ਼ ਸਾਹਮਣੇ ਰੱਖ ਦਿੱਤਾ। ਕਾਜ਼ੀ ਨੇ ਪੂਰੀ ਸਚਾਈ ਜਾਣੇ ਬਿਨਾਂ ਹਕੀਕਤ ਰਾਇ ਨੂੰ ਫਾਹੇ ਲਾਏ ਜਾਣ ਦੀ ਸਜ਼ਾ ਸੁਣਾ ਦਿੱਤੀ। ਹਕੀਕਤ ਰਾਇ ਨੂੰ ਜਦੋਂ ਪੰਜਾਬ ਦੇ ਗਵਰਨਰ ਖ਼ਾਨ ਬਹਾਦਰ ਨਵਾਬ ਜ਼ਕਰੀਆ ਖ਼ਾਨ (1707-1759) ਦੀ ਅਦਾਲਤ ਵਿੱਚ ਲਾਹੌਰ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਜੇ ਇਹ ਬਾਲਕ ਆਪਣੀ ਗ਼ਲਤੀ ਸਵਿਕਾਰ ਕਰ ਕੇ ਇਸਲਾਮ ਕਬੂਲ ਕਰ ਲੈਂਦਾ ਹੈ ਤਾਂ ਇਸ ਦੀ ਸਜ਼ਾ ਮੁਆਫ਼ ਕਰ ਦਿੱਤੀ ਜਾਵੇਗੀ, ਨਹੀਂ ਤਾਂ ਇਸ ਨੂੰ ਫਾਹੇ ਲਾ ਦਿੱਤਾ ਜਾਵੇਗਾ। ਪਿਤਾ ਭਾਗ ਮੱਲ ਦੇ ਵਾਰ-ਵਾਰ ਮਨਾਉਣ ਅਤੇ ਮੁਗ਼ਲ ਫ਼ੌਜ ਵੱਲੋਂ ਜ਼ੋਰ-ਜ਼ਬਰੀ ਕਰਨ ਦੇ ਬਾਵਜੂਦ ਹਕੀਕਤ ਰਾਇ ਨੇ ਇਸਲਾਮ ਕਬੂਲ ਨਾ ਕੀਤਾ। ਇਸ ਦੇ ਚੱਲਦਿਆਂ ਉਸ ਨੂੰ 20 ਜਨਵਰੀ 1735 ਨੂੰ ਫਾਂਸੀ ’ਤੇ ਚੜ੍ਹਾ ਦਿੱਤਾ ਗਿਆ। ਇਹ ਬਸੰਤ ਪੰਚਮੀ ਦਾ ਦਿਹਾੜਾ ਸੀ। ਲਾਹੌਰ ਵਿੱਚ ਜਿਸ ਸਥਾਨ ’ਤੇ ਵੀਰ ਹਕੀਕਤ ਰਾਇ ਦਾ ਸੰਸਕਾਰ ਕੀਤਾ ਗਿਆ, ਉੱਥੇ ਹੀ ਉਸ ਦੀ ਸਮਾਧ ਬਣਾ ਦਿੱਤੀ ਗਈ। ਵੀਰ ਹਕੀਕਤ ਰਾਇ ਦੀ ਸਮਾਧ ਮੌਜੂਦਾ ਸਮੇਂ ਵਾਹਗਾ ਬਾਰਡਰ ਤੋਂ ਲਾਹੌਰ ਵਾਲੇ ਪਾਸੇ ਸਾਢੇ ਤਿੰਨ-ਚਾਰ ਕਿਲੋਮੀਟਰ ਦੀ ਦੂਰੀ ’ਤੇ ਬਾਗ਼ਬਾਣਪੁਰਾ ਇਲਾਕੇ ਦੇ ਬਿਲਕੁਲ ਕੋਲ ਮੌਜ਼ਾ ਕੋਟ ਖ਼ਵਾਜ਼ਾ ਸਈਯਦ (ਖ਼ੌਜੇ ਸ਼ਾਹੀ) ਵਿੱਚ ਹੈ। ਇਸ ਇਲਾਕੇ ਨੂੰ ਸ਼ਾਹ ਬਹਿਲੋਲ ਵੀ ਕਹਿੰਦੇ ਹਨ। ਵੀਰ ਹਕੀਕਤ ਰਾਇ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਇੱਕ ਸ਼ਰਧਾਲੂ ਕਾਲੂ ਰਾਮ ਨੇ ਕਰੀਬ 250 ਸਾਲ ਪਹਿਲਾਂ ਸਮਾਧ ਦੇ ਸਥਾਨ ’ਤੇ ਮੇਲਾ ਬਸੰਤ ਪੰਚਮੀ ਕਰਾਉਣ ਦੀ ਸ਼ੁਰੂਆਤ ਕੀਤੀ। ਵੀਰ ਹਕੀਕਤ ਰਾਇ ਦੀ ਸਮਾਧ ਨੂੰ ਲਾਹੌਰ ਵਾਲੇ ‘ਬਾਵੇ ਦੀ ਮੜ੍ਹੀ’ ਕਹਿ ਕੇ ਸੰਬੋਧਿਤ ਕਰਦੇ ਹਨ। ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਸਮੇਂ ਮੇਲਾ ਬਸੰਤ ਪੰਚਮੀ ਲਾਹੌਰ ਵਿੱਚ ਸ਼ਾਲਾਮਾਰ ਬਾਗ਼ ਕੋਲ ਕਰਵਾਇਆ ਜਾਂਦਾ ਸੀ। ਇਸ ਦਿਨ ਹਿੰਦੂ-ਸਿੱਖ ਬਾਗ਼ ਦੇ ਕੋਲ ਕੋਟ ਖ਼ਵਾਜ਼ਾ ਸਈਯਦ ਵਿੱਚ ਮੌਜੂਦ ਵੀਰ ਹਕੀਕਤ ਰਾਇ ਦੀ ਸਮਾਧ ’ਤੇ ਮੱਥਾ ਟੇਕਦੇ ਤਾਂ ਮੁਸਲਮਾਨ ਉੱਥੇ ਮੌਜੂਦ ਮਾਦੋ ਲਾਲ ਹੁਸੈਨ ਦੀ ਮਜ਼ਾਰ ’ਤੇ ਸਿਜਦਾ ਕਰਦੇ ਅਤੇ ਬਾਅਦ ਵਿੱਚ ਇਕੱਠੇ ਬੈਠ ਕੇ ਮੇਲੇ ਦਾ ਆਨੰਦ ਮਾਣਦੇ। ਮਹਾਰਾਜਾ ਦੇ ਵਜ਼ੀਰ, ਜਰਨੈਲ, ਫ਼ੌਜ ਅਤੇ ਆਮ ਲੋਕ ਵੀ ਪੀਲੇ ਰੰਗ ਦੇ ਕੱਪੜੇ ਪਾ ਕੇ ਮੇਲੇ ਵਿੱਚ ਸ਼ਿਰਕਤ ਕਰਦੇ। ਲੈਫ਼ਟੀਨੈਂਟ ਅਲੈਗ਼ਜੈਂਡਰ ਬਰਨਜ਼ ਆਪਣੀ ਪੁਸਤਕ ‘ਬਰਨਜ਼ ਟਰੈਵਲਜ਼ ਇਨਟੂ ਬੁਖ਼ਾਰਾ’, ਅੰਕ 1, ਸਫ਼ਾ 26-27 ’ਤੇ ਲਿਖਦਾ ਹੈ ਕਿ 6 ਫ਼ਰਵਰੀ 1832 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸੱਦੇ ’ਤੇ ਉਹ ਲਾਹੌਰ ਬਸੰਤ ਮੇਲੇ ਵਿੱਚ ਸ਼ਾਮਲ ਹੋਇਆ। ਬਰਨਜ਼ ਅਨੁਸਾਰ ਮਹਾਰਾਜਾ ਖ਼ੁਦ ਹਾਥੀ ’ਤੇ ਬੈਠ ਕੇ ਮੇਲੇ ਵਿੱਚ ਆਇਆ ਅਤੇ ਦਿਲ ਖੋਲ੍ਹ ਕੇ ਲੋਕਾਂ ’ਤੇ ਸਿੱਕਿਆਂ ਦੀ ਵਰਖਾ ਕੀਤੀ। ਸਮਾਰੋਹ ਵਿੱਚ ਮਹਾਰਾਜਾ ਸਮੇਤ ਹੋਰਨਾਂ ਰਾਜਾਂ ਦੇ ਨਵਾਬਾਂ ਨੇ ਵੀ ਪੀਲੇ ਰੰਗ ਦੇ ਕੱਪੜੇ ਪਾਏ ਹੋਏ ਸਨ। ਸ਼ਾਲਾਮਾਰ ਬਾਗ਼ ਦੀ ਬਾਰਾਂਦਰੀ ਦੇ ਸਾਹਮਣੇ ਪੀਲੇ ਰੰਗ ਦੇ ਗਲੀਚਿਆਂ ਉੱਪਰ ਸ਼ਾਹੀ ਨ੍ਰਤਕੀਆਂ ਬਸੰਤ ਨਾਲ ਸਬੰਧਿਤ ਗੀਤਾਂ ’ਤੇ ਨ੍ਰਿਤ ਪੇਸ਼ ਕਰ ਰਹੀਆਂ ਸਨ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਕੋਲ ਹੀ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਛੇਹਰਟਾ ਸਾਹਿਬ ਵਿੱਚ ਵੀ ਹਰ ਸਾਲ ਬਸੰਤ ਪੰਚਮੀ ਦਾ ਮੇਲਾ ਲੱਗਦਾ ਹੈ। ਇਸ ਮੌਕੇ ਦੀਵਾਨ ਵੀ ਸਜਾਏ ਜਾਂਦੇ ਹਨ, ਜਿਸ ਵਿੱਚ ਦੇਸ਼ ਦੇ ਕੋਨੇ-ਕੋਨੇੇ ਤੋਂ ਸੰਗਤਾਂ ਪੁੱਜਦੀਆਂ ਹਨ।

ਸੰਪਰਕ: 93561-27771

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All