ਮੇਰਾ ਪਿੰਡ

ਇਲਾਕੇ ਦੀ ਸਿਆਸਤ ’ਚ ਸਰਗਰਮ ਅਗਾਂਹਵਧੂ ਪਿੰਡ ਬੁੱਟਰਾਂ

ਮੇਰੇ ਪਿੰਡ ਦੇ ਵਡੇਰਿਆਂ ਨੂੰ ਆਪਣੇ ਸਮਿਆਂ ਵਿਚ ਬਹੁਤ ਸੰਘਰਸ਼ ਕਰਨਾ ਪਿਆ ਹੈ। ਦਰਿਆ ਰਾਵੀ ਦੇ ਕੰਢੇ ਪਿੰਡ ਈਚੌਗਲ ਉਤਾੜ (ਹੁਣ ਪਾਕਿਸਤਾਨ ’ਚ) ਵਸਿਆ ਹੈ, ਜਿੱਥੋਂ ਦੇ ਪਹਿਲਾਂ ਜ਼ਿਆਦਾਤਰ ਵਸਨੀਕ ਬੁੱਟਰ ਗੋਤ ਨਾਲ ਸਬੰਧਤ ਸਨ। ਉਨ੍ਹਾਂ ਦਾ ਇਲਾਕੇ ਵਿਚ ਬੜਾ ਦਬਦਬਾ ਸੀ। ਬੁੱਟਰ ਗੋਤੀਆਂ ਨੇ ਪਿੰਡ ਵਾਂ ਅਤੇ ਡਲ ’ਤੇ ਵੀ ਕਬਜ਼ਾ ਕਰ ਲਿਆ ਜੋ ਆਜ਼ਾਦੀ ਤੋਂ ਬਾਅਦ ਤਹਿਸੀਲ ਪੱਟੀ ਵਿਚ ਆ ਗਏ। ਪਿੰਡ ਵਾਂ ਵਿਚ 1702 ਦੌਰਾਨ ਪਿੰਡ ਦੇ ਵਾਸੀ ਭਾਈ ਗੁਰਦਾਸ ਸਿੰਘ ਦੇ ਘਰ ਵਿਚ ਤਾਰਾ ਸਿੰਘ ਦਾ ਜਨਮ ਹੋਇਆ, ਜਿਸ ਨੇ ਵੱਡੇ ਹੋ ਕੇ ਆਪਣਾ ਜੀਵਨ ਧਰਮ ਪ੍ਰਚਾਰ ਅਤੇ ਗੁਰਸਿੱਖ ਮਰਜੀਵੜਿਆਂ ਦੀ ਸੇਵਾ ਲਈ ਲਾ ਦਿੱਤਾ। ਪਿੰਡ ਵਾਂ ਵਿਚ ਇਕ ਡੇਰਾ ਕਾਇਮ ਕੀਤਾ। ਉਸ ਸਮੇਂ ਪੰਜਾਬ ਵਿਚ ਜ਼ਕਰੀਆਂ ਖਾਂ ਗ਼ਵਰਨਰ ਸੀ। ਕਿਸੇ ਕਾਰਨ ਨੌਸ਼ਹਿਰੇ ਚਾਲੇ ਦੇ ਚੌਧਰੀ ਸਾਹਿਬ ਰਾਏ ਨਾਲ ਬਾਬਾ ਤਾਰਾ ਸਿੰਘ ਵਾਂ ਦਾ ਝਗੜਾ ਹੋ ਗਿਆ ਜੋ ਬਾਬਾ ਜੀ ਕੋਲੋਂ ਹਾਰ ਖਾ ਕੇ ਜ਼ਕਰੀਆਂ ਖਾਂ ਦੀ ਸ਼ਰਨ ’ਚ ਗਿਆ। ਜਕਰੀਆ ਖਾਂ ਨੇ ਬਾਬਾ ਜੀ ਦੇ ਡੇਰੇ ਨੂੰ ਤਬਾਹ ਕਰਨ ਲਈ ਮੋਮਨ ਖਾਂ ਦੀ ਅਗਵਾਈ ਹੇਠ ਫੌਜ ਭੇਜੀ। ਬਾਬਾ ਜੀ ਅਤੇ ਉਥੇ ਰਹਿ ਰਹੇ ਗੁਰਸਿੱਖ ਮਰਜੀਵੜਿਆਂ ਨੇ ਫੌਜ ਦਾ ਡੱਟ ਨੇ ਮੁਕਾਬਲਾ ਕੀਤਾ। ਪਿੰਡ ਵਾਂ ਦੇ ਬੁੱਟਰ ਗੋਤ ਦੇ ਬਹੁਤੇ ਵਾਸੀ ਸ਼ਹੀਦ ਹੋ ਗਏ। ਕੁਝ ਇਧਰ-ਉਧਰ ਖਿੰਡਰ ਗਏ। ਉਨ੍ਹਾਂ ਵਿਚੋਂ ਦੋ ਭਾਈ ਮਨਸਾ ਸਿੰਘ ਬੁੱਟਰ ਅਤੇ ਭਾਈ ਕੋਰਾ ਸਿੰਘ ਬੁੱਟਰ ਨੇ ਦੋਆਬੇ ਵਿਚ ਆ ਕੇ ਪਿੰਡ ਬੁੱਟਰ ਵਸਾਇਆ। ਹੁਣ ਵੀ ਪਿੰਡ ਵਿਚ ਕੋਰੇ ਕਿਆਂ ਦੀ ਪੱਤੀ ਅਤੇ ਮਨਸੇ ਕਿਆਂ ਦੀ ਪੱਤੀ ਚਲਦੀ ਹੈ। ਦੋਹਾਂ ਪੱਤੀਆਂ ਦੇ ਲੋਕਾਂ ਨੇ ਬਾਬਾ ਤਾਰਾ ਸਿੰਘ ਵਾਂ ਦੀ ਯਾਦ ਵਿਚ ਵੱਖਰੇ-ਵੱਖਰੇ ਦੋ ਗੁਰਦੁਆਰੇ ਬਣਾਏ ਜੋ ਹੁਣ ਧਰਮ ਪ੍ਰਚਾਰ ਦਾ ਕੇਂਦਰ ਬਣੇ ਹੋਏ ਹਨ। ਪਿੰਡ ਬੁੱਟਰ ਨੇ ਬਹੁਤ ਤਰੱਕੀ ਕੀਤੀ ਹੈ। ਪਿੰਡ ਦੇ ਕਿਸਾਨਾਂ ਕੋਲ ਜ਼ਮੀਨਾਂ ਵੀ ਜ਼ਿਆਦਾ ਹਨ। ਬਹੁਤੇ ਵਸਨੀਕ ਵਿਦੇਸ਼ਾਂ ਵਿਚ ਜਾ ਵੱਸੇ ਹਨ। ਜ਼ਿਲ੍ਹਾ ਜਲੰਧਰ ਦੇ ਬਲਾਕ ਭੋਗਪੁਰ ਦੇ ਪਿੰਡ ਬੁੱਟਰਾਂ ਨੂੰ ਇਲਾਕੇ ਦੀ ਸਿਆਸਤ ਦਾ ਧੁਰਾ ਕਹਿ ਲਿਆ ਜਾਵੇ ਤਾਂ ਅਤਿ ਕਥਨੀ ਨਹੀਂ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਇਲਾਕੇ ਵਿਚ ਜਾਣੇ ਜਾਂਦੇ ਬਾਬਾ ਬੋਹੜ ਜਥੇਦਾਰ ਬੰਤਾ ਸਿੰਘ ਬੁੱਟਰ ਨੇ ਆਜ਼ਾਦੀ ਤੋਂ ਬਾਅਦ ਅਕਾਲੀ ਦਲ ਦੀ ਅਗਵਾਈ ਕੀਤੀ ਤੇ ਅਜੇ ਤਕ ਕਰ ਰਹੇ ਹਨ। ਉਨ੍ਹਾਂ ਦੀ ਕਮਾਂਡ ਹੇਠ ਇਲਾਕੇ ਨੂੰ ਅਕਾਲੀ ਦਲ ਦਾ ਰੰਗ ਚੜ੍ਹਿਆ ਰਿਹਾ ਹੈ। ਉਹ ਮਾਰਕੀਟ ਕਮੇਟੀ ਭੋਗਪੁਰ ਅਤੇ ਸਰਕਾਰੀ ਖੰਡ ਮਿੱਲ ਭੋਗਪੁਰ ਦੇ ਚੇਅਰਮੈਨ ਬਣੇ ਹਨ। ਸ੍ਰੀ ਪਾਲ ਸਿੰਘ ਬੁੱਟਰ ਵੀ ਪਿੰਡ ਦੇ ਦੋ ਵਾਰ ਸਰਪੰਚ ਅਤੇ ਬਲਾਕ ਸਮਿਤੀ ਭੋਗਪੁਰ ਦੇ ਵਾਇਸ ਚੇਅਰਮੈਨ ਕਾਂਗਰਸ ਪਾਰਟੀ ਇਲਾਕਾ ਭੋਗਪੁਰ ਦੀ ਕਈ ਸਾਲ ਵਾਗਡੋਰ ਕੁਲਵੰਤ ਸਿੰਘ ਬੁੱਟਰ ਨੇ ਸਾਂਭੀ ਰੱਖੀ। ਉਹ ਹੁਣ ਅਮਰੀਕਾ ਚਲੇ ਗਏ ਹਨ। ਬੀਬੀ ਬਲਬੀਰ ਕੌਰ ਬੁੱਟਰ ਵੀ ਵਾਇਸ ਚੇਅਰਮੈਨ, ਬਲਾਕ ਸਮਿਤੀ ਭੋਗਪੁਰ ਰਹੇ ਹਨ। ਸ੍ਰੀ ਅਵਤਾਰ ਸਿੰਘ ਬੁੱਟਰ ਭਾਵੇਂ ਪਿੰਡ ਬੁੱਟਰਾਂ ਦੇ ਹਨ ਪਰ ਉਹ ਪਿਛਲੇ ਪੰਜ ਸਾਲ ਤੋਂ ਪਿੰਡ ਬੁੱਲ੍ਹੋਵਾਲ ਦੇ ਸਰਪੰਚ ਰਹੇ ਅਤੇ ਹੁਣ ਬਲਾਕ ਸਮਿਤੀ ਮੈਂਬਰ ਹਨ। ਇਸ ਤਰ੍ਹਾਂ ਪਿੰਡ ਬੁੱਟਰਾਂ ਇਲਾਕੇ ਦੀ ਸਿਆਸਤ ਵਿਚ ਸਰਗਰਮ ਹੈ। ਮੇਰੇ ਪਿੰਡ ਬੁੱਟਰਾਂ ਤੋਂ ਪਿੰਡਾਂ ਨੂੰ ਜਾਂਦੀਆਂ ਸੜਕਾਂ ਨੂੰ ਪੱਕੀਆਂ ਬਣਾ ਦਿੱਤਾ ਗਿਆ ਹੈ। ਪਿੰਡ ਵਿਚ ਸਕੂਲ ਵੀ ਮਿਡਲ ਤਕ ਹੈ। ਪੰਚਾਇਤ ਘਰ ਹੈ। ਤਿੰਨ ਬੈਂਕ ਸ਼ਾਖਾਵਾਂ ਵੀ ਹਨ। ਖੇਡ ਸਟੇਡੀਅਮ ਅਤੇ ਡਾਕਘਰ ਵੀ ਹੈ, ਪੀਣ ਵਾਲੇ ਪਾਣੀ ਦੀ ਟੈਂਕੀ ਬਣ ਚੁੱਕੀ ਹੈ। ਤਿੰਨ ਪਿੰਡਾਂ ਦੀ ਸਾਂਝੀ ਸਹਿਕਾਰੀ ਖੇਤੀਬਾੜੀ ਸੁਸਾਇਟੀ ਵੀ ਪਿੰਡ ਵਿਚ ਹੈ। ਦੁੱਧ ਦੀ ਸੁਸਾਇਟੀ ਵੀ ਹੈ। ਇਲਾਕੇ ਵਿਚ ਸਭ ਤੋਂ ਜ਼ਿਆਦਾ ਜ਼ਮੀਨ 1400 ਏਕੜ ਪਿੰਡ ਬੁੱਟਰਾਂ ਦੀ ਹੈ। ਪਿੰਡ ਬੁੱਟਰਾਂ ਤੋਂ ਦੋ ਕਿਲੋਮੀਟਰ ਦੂਰ ਬਾਬਾ ਬੁੱਢਣ ਸ਼ਾਹ ਦੀ ਦਰਗਾਹ ਹੈ, ਜਿੱਥੇ ਹਰ ਸਾਲ ਵਿਸਾਖੀ ’ਤੇ ਮੇਲਾ ਲਗਦਾ ਹੈ। ਖੇਡਾਂ ਵੀ ਕਰਾਈਆਂ ਜਾਂਦੀਆਂ ਹਨ। ਮੇਰਾ ਪਿੰਡ ਬੁੱਟਰਾਂ, ਬਲਾਕ ਭੋਗਪੁਰ ਅਤੇ ਹਲਕਾ ਆਦਮਪੁਰ ਦਾ ਪ੍ਰਮੁੱਖ ਪਿੰਡ ਰਿਹਾ ਹੈ। ਚੋਣ ਕਮਿਸ਼ਨ ਅਤੇ ਪੁਲੀਸ ਪ੍ਰਸ਼ਾਸਨ ਨੇ ਇਸ ਪਿੰਡ ਨੂੰ ਵਿਧਾਨ ਸਭਾ ਹਲਕਾ ਆਦਮਪੁਰ ਅਤੇ ਥਾਣਾ ਭੋਗਪੁਰ ਤੋਂ ਹਟਾ ਕੇ ਵਿਧਾਨ ਸਭਾ ਹਲਕਾ ਕਰਤਾਰਪੁਰ, ਥਾਣਾ ਕਰਤਾਰਪੁਰ ਨਾਲ ਜੋੜ ਦਿੱਤਾ ਹੈ। ਇਸ ਕਰਕੇ ਇਸ ਪਿੰਡ ਦੇ ਵਾਸੀਆਂ ਨੂੰ ਪ੍ਰਸ਼ਾਸਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਮਨਾ ਕਰਦੀ ਹਾਂ ਕਿ ਪਿੰਡ ਬੁੱਟਰ ਪਹਿਲਾਂ ਵਾਂਗ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਦਾ ਰਹੇ। ਪਿੰਡ ਬੁੱਟਰਾਂ ਦੀ ਇਲਾਕੇ ਵਿਚ ਨਿਵੇਕਲੀ ਪਛਾਣ ਬਣੀ ਰਹੇ।

ਬਲਜੀਤ ਕੌਰ ਨੈਸ਼ਨਲ ਕਾਲਜ, ਭੋਗਪੁਰ। ਰਾਹੀਂ- ਬਲਵਿੰਦਰ ਸਿੰਘ ਭੰਗੂ (ਪੱਤਰ ਪ੍ਰੇਰਕ, ਭੋਗਪੁਰ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All