ਮੇਰਾ ਪਹਿਲਾ ਤੇ ਦੂਜਾ ਅਧਿਆਪਕ

ਮੇਰਾ ਪਹਿਲਾ ਤੇ ਦੂਜਾ ਅਧਿਆਪਕ

ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਨੌਸ਼ਹਿਰਾ ਪੰਨੂਆਂ ਦੀ ਚੌਥੀ ਸ਼੍ਰੇਣੀ ਵਿੱਚ ਪੜ੍ਹਦਾ ਸਾਂ। ਇਹ ਪ੍ਰਾਇਮਰੀ ਸਕੂਲ, ਹਾਈ ਸਕੂਲ ਦਾ ਭਾਗ ਹੀ ਸੀ। ਹਰ ਸਵੇਰੇ ਪ੍ਰਾਰਥਨਾ ਹੁੰਦੀ ਸੀ। ਹਰ ਰੋਜ਼ ਇੱਕ ਅਧਿਆਪਕ ਪ੍ਰਾਰਥਨਾ ਸਭਾ ਵਿੱਚ ਵਿਦਿਆਰਥੀਆਂ ਨੂੰ ਨੈਤਿਕ ਗੱਲਾਂ ਦੱਸਿਆ ਕਰਦਾ ਸੀ। ਹਰ ਰੋਜ਼ ਇੱਕ ਵਿਦਿਆਰਥੀ ਕੋਈ ਕਵਿਤਾ ਜਾਂ ਕਹਾਣੀ ਪੇਸ਼ ਕਰਦਾ ਸੀ। ਅਗਲੇ ਦਿਨ ਬੋਲਣ ਦੀ ਵਾਰੀ ਮੇਰੀ ਸੀ। ਰਾਤ ਨੂੰ ਸੋਚਦਾ ਰਿਹਾ-ਮੈਂ ਕੀ ਬੋਲਾਂ? ਕੀ ਮੈਂ ਬੋਲ ਵੀ ਲਵਾਂਗਾ? ਮੈਂ ਤਾਂ ਪਹਿਲੀ ਵਾਰ ਸਕੂਲ ਦੀ ਭਰਵੀਂ ਸਭਾ ਵਿੱਚ ਮੰਚ ਉੱਤੇ ਖੜ੍ਹਾ ਹੋ ਰਿਹਾ ਸਾਂ। ਸਾਡੇ ਘਰ ਬਾਲ ਕਾਵਿ ਕਹਾਣੀਆਂ ਦੀ ਇੱਕ ਪੁਸਤਕ ਸੀ। ਘਰਦੇ ਅਨਪੜ੍ਹ ਸਨ। ਪਤਾ ਨਹੀਂ ਉਹ ਕਿਤਾਬ ਸਾਡੇ ਘਰ ਕਿਵੇਂ ਆਈ। ਉਸ ਕਿਤਾਬ ਵਿੱਚ ਹਰੀ ਸਿੰਘ ਨਲੂਆ ਦੀ ਜਮਰੌਦ ਦੇ ਕਿਲ੍ਹੇ ਬਾਰੇ ਕਾਵਿ ਵਾਰਤਾ ਸੀ। ਮੈਂ ਉਸ ਨੂੰ ਕਹਾਣੀ ਬਣਾ ਕੇ ਕਾਗਜ਼ ਉੱਤੇ ਲਿਖ ਲਿਆ। ਅੱਧੀ ਰਾਤ ਤੱਕ ਜਾਗਦਿਆਂ ਕਹਾਣੀ ਨੂੰ ਪੂਰੀ ਤਰ੍ਹਾਂ ਯਾਦ ਕਰ ਲਿਆ। ਸਵੇਰੇ ਉੱਠ ਕੇ ਘਰ ਦੀ ਛੱਤ ਉੱਤੇ ਚੜ੍ਹ ਕੇ ਮੈਂ ਇਸ ਕਹਾਣੀ ਨੂੰ ਉੱਚੀ ਉੱਚੀ ਬੋਲ ਕੇ ਅਭਿਆਸ ਕਰ ਲਿਆ। ਸਵੇਰੇ ਪ੍ਰਾਰਥਨਾ ਸਭਾ ਵਿੱਚ ਇਕ ਅਧਿਆਪਕ ਦਾ ਨੈਤਿਕ ਗੱਲਾਂ ਬਾਰੇ ਭਾਸ਼ਣ ਮੁੱਕਣ ਤੋਂ ਬਾਅਦ ਮੈਂ ਸਕੂਲ ਦੇ ਮੰਚ ਉੱਤੇ ਆਇਆ। ਮੇਰੀਆਂ ਲੱਤਾਂ ਕੰਬ ਰਹੀਆਂ ਸਨ। ਮੈਂ ਪਹਿਲੀ ਵਾਰ ਜਨਤਕ ਸਭਾ ਵਿੱਚ ਬੋਲਣਾ ਸੀ। ਹੈੱਡਮਾਸਟਰ ਸਰਦਾਰ ਚਰਨ ਸਿੰਘ ਦੀ ਇਕ ਗੱਲ ਮੈਨੂੰ ਯਾਦ ਸੀ ਕਿ ਬੋਲਣ ਲੱਗੇ ਸਾਹਮਣੇ ਬੈਠੇ ਕਿਸੇ ਵਿਦਿਆਰਥੀ ਜਾਂ ਅਧਿਆਪਕ ਵੱਲ ਨਾ ਵੇਖੋ। ਨਿਗ੍ਹਾ ਥੋੜੀ ਉੱਪਰ ਰੱਖੋ। ਆਪਣੇ ਆਪ ਉੱਤੇ ਕਾਬੂ ਰੱਖੋ ਤੇ ਡਰੋ ਨਾ। ਮੈਂ ਕੁਝ ਦੂਰੀ ਉੱਤੇ ਖਿੜੇ ਗੁਲਾਬ ਦੇ ਫੁੱਲਾਂ ਵੱਲ ਵੇਖਿਆ ਤੇ ਕਹਾਣੀ ਉੱਚੀ ਗੜਕਵੀਂ ਆਵਾਜ਼ ਵਿੱਚ ਬੋਲ ਦਿੱਤੀ-ਨਾ ਮੈਂ ਕਿਤੇ ਭੁੱਲਿਆ, ਨਾ ਰੁਕਿਆ, ਨਾ ਘਬਰਾਇਆ। ਵਿਦਿਆਰਥੀਆਂ ਤੇ ਅਧਿਆਪਕਾਂ ਨੇ ਲੰਮੀ ਤਾੜੀ ਮਾਰੀ ਤੇ ਸ਼ਾਬਾਸ਼ ਦਿੱਤੀ। ਮੇਰੇ ਕਲਾਸ ਇੰਚਾਰਜ ਅਧਿਆਪਕ ਸਰਦਾਰ ਸਾਧੂ ਸਿੰਘ ਨੇ ਮੈਨੂੰ ਆਪਣੇ ਮੋਢਿਆਂ ਉੱਤੇ ਚੁੱਕ ਲਿਆ। ਏਨੀ ਉੱਚੀ ਆਵਾਜ਼ ਵਿੱਚ ਮੈਨੂੰ ਸ਼ਾਬਾਸ਼ ਦਿੱਤੀ ਕਿ ਪੱਤੀ ਦਾਸ ਕੀ, ਸਾਡੇ ਘਰ ਤੱਕ ਆਵਾਜ਼ ਸੁਣੀ ਗਈ। ਸਰਦਾਰ ਸਾਧੂ ਸਿੰਘ ਮੇਰੇ ਪਹਿਲੇ ਅਧਿਆਪਕ ਸਨ, ਜਿਨ੍ਹਾਂ ਦੀ ਸ਼ਾਬਾਸ਼ ਦਾ ਨਿੱਘ ਅੱਜ ਵੀ ਬਰਕਰਾਰ ਹੈ। ਉਸ ਮਗਰੋਂ ਅਧਿਆਪਕ ਹਰਬੰਸ ਸਿੰਘ ਅਜਿਹੀ ਸ਼ਖ਼ਸੀਅਤ ਹਨ, ਜਿਨ੍ਹਾਂ ਬਦੌਲਤ ਮੇਰੀ ਜ਼ਿੰਦਗੀ ਸੰਵਰੀ। ਮੇਰਾ ਪਿੰਡ ਨੌਸ਼ਹਿਰਾ ਪੰਨੂਆਂ ਇੱਕ ਵੱਡਾ ਪਿੰਡ ਹੈ-ਹੁਣ ਇਹ ਪਿੰਡ ਸਬ-ਤਹਿਸੀਲ ਹੈ। ਦੋ ਵੱਡੇ ਸਰਕਾਰੀ ਸਕੂਲ ਅਤੇ ਤਿੰਨ ਪ੍ਰਾਈਵੇਟ ਸਕੂਲ ਹਨ। ਅੱਠਵੀਂ ਪਾਸ ਕਰਕੇ ਮੈਂ ਅੱਠ ਕਿਲੋਮੀਟਰ ਦੀ ਦੂਰੀ ਉੱਤੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਹਾਈ ਸਕੂਲ ਸਰਹਾਲੀ ਵਿੱਚ ਨੌਂਵੀ ’ਚ ਦਾਖ਼ਲ ਹੋ ਗਿਆ। ਨੌਂਵੀਂ ਦਾ ਅੰਗਰੇਜ਼ੀ ਅਧਿਆਪਕ ਸਰਦਾਰ ਹਰਬੰਸ ਸਿੰਘ ਬਹੁਤ ਮਿਹਨਤੀ ਤੇ ਸਮਰਪਿਤ ਅਧਿਆਪਕ ਸੀ। ਮੈਂ ਮਾਸਟਰ ਜੀ ਦੇ ਹਰ ਸਵਾਲ ਦਾ ਜਵਾਬ ਦਿੰਦਾ ਸੀ। ਇੱਕ ਵਾਰ ਕੁਝ ਦਿਨ ਮੈਂ ਸਕੂਲ ਵਿੱਚੋਂ ਗ਼ੈਰਹਾਜ਼ਰ ਰਿਹਾ। ਮਾਸਟਰ ਜੀ ਨੇ ਮੇਰੇ ਪਿੰਡ ਦੇ ਵਿਦਿਆਰਥੀਆਂ ਨੂੰ ਮੇਰੇ ਬਾਰੇ ਪੁੱਛਿਆ, ਪਰ ਠੀਕ ਉੱਤਰ ਨਾ ਮਿਲਿਆ। ਪੰਜਵੇਂ ਦਿਨ ਮਾਸਟਰ ਹਰਬੰਸ ਸਿੰਘ ਮੇਰੇ ਪਿੰਡ ਦੇ ਵਿਦਿਆਰਥੀ ਨੂੰ ਨਾਲ ਲੈ ਕੇ ਪੱਤੀ ਦਾਸ ਕੀ ਵਿੱਚ ਸਾਡੇ ਘਰ ਪਹੁੰਚ ਗਏ। ਮੇਰੇ ਚਾਚਾ (ਪਿਤਾ) ਮੰਜੇ ਉੱਤੇ ਲੇਟੇ ਹੋਏ ਸਨ, ਮੈਂ ਨੇੜੇ ਹੀ ਭੁੰਜੇ ਬੋਰੀ ਵਿਛਾ ਕੇ ਬੈਠਾ ਪੜ੍ਹ ਰਿਹਾ ਸਾਂ। ਮੈਂ ਹੈਰਾਨ ਜਿਹਾ ਹੋ ਕੇ ਉੱਠ ਕੇ ਖੜ੍ਹਾ ਹੋ ਗਿਆ। ਮੈਨੂੰ ਕੁਝ ਨਹੀਂ ਸੀ ਸੁੱਝ ਰਿਹਾ ਕਿ ਮੈਂ ਹੁਣ ਕੀ ਕਰਾਂ ਤੇ ਕੀ ਕਹਾਂ, ਕਿੱਥੇ ਬਿਠਾਵਾਂ। ਘਰ ਵਿੱਚ ਕੋਈ ਕੁਰਸੀ ਵੀ ਤਾਂ ਨਹੀਂ ਸੀ। ਮੈਂ ਇਨ੍ਹਾਂ ਹੀ ਬੋਲ ਸਕਿਆ ਚਾਚਾ ਜੀ ਬਿਮਾਰ ਹਨ। ਏਸੇ ਕਰਕੇ ਮੈਂ ਸਕੂਲ ਨਹੀਂ ਆ ਸਕਿਆ। ਮਾਸਟਰ ਹਰਬੰਸ ਸਿੰਘ ਮੇਰੇ ਚਾਚਾ ਜੀ ਵਾਲੇ ਮੰਜੇ ਦੀ ਬਾਹੀ ਉੱਤੇ ਆ ਕੇ ਬੈਠ ਗਏ। ‘‘ਚਾਚਾ ਜੀ ਮੈਨੂੰ ਤਾਂ ਤੁਸੀਂ ਠੀਕ-ਠਾਕ ਲੱਗਦੇ ਹੋ। ਤੁਸੀਂ ਬਿਮਾਰ ਥੋੜ੍ਹਾ ਹੋ। ਜ਼ਰਾ ਉੱਠ ਕੇ ਬੈਠੋ ਤਾਂ ਸਹੀ।’’ ਮੇਰਾ ਚਾਚਾ ਜਿਹੜਾ ਬਿਨਾ ਸਹਾਰੇ ਉੱਠ ਕੇ ਬੈਠ ਨਹੀਂ ਸੀ ਸਕਦਾ, ਹੁਣ ਆਪ ਹੀ ਉੱਠ ਕੇ ਬੈਠ ਗਿਆ। ‘‘ਇਸ ਦੀ ਮਾਂ ਇਸ ਦੇ ਬਚਪਨ ਵਿੱਚ ਚਲਾਣਾ ਕਰ ਗਈ ਸੀ। ਘਰ ਦਾ ਬਹੁਤਾ ਕੰਮ ਏਸੇ ਨੂੰ ਕਰਨਾ ਪੈਂਦਾ ਹੈ। ਭਲਕ ਤੋਂ ਮੇਰਾ ਪੁੱਤ ਜ਼ਰੂਰ ਸਕੂਲ ਜਾਇਆ ਕਰੇਗਾ-ਹੁਣ ਮੈਂ ਠੀਕ ਹਾਂ।’’ ਮੇਰੇ ਚਾਚਾ ਜੀ ਨੇ ਨਿਮਰਤਾ ਸਹਿਤ ਕਿਹਾ। ਸਰਦਾਰ ਹਰਬੰਸ ਸਿੰਘ ਮੇਰੇ ਦੂਜੇ ਸਕੂਲ ਅਧਿਆਪਕ ਸਨ। ਮੈਂ ਪਹਿਲੇ ਦਰਜੇ ਵਿੱਚ ਦਸਵੀਂ ਦਾ ਇਮਤਿਹਾਨ ਪਾਸ ਕਰ ਲਿਆ। ਮੇਰੇ ਚਾਚਾ ਇੱਕ ਛੋਟਾ ਤੇ ਥੋੜ੍ਹੀ ਜ਼ਮੀਨ ਵਾਲਾ ਕਿਸਾਨ ਸੀ। ਉਸ ਕੋਲ ਇੰਨੀ ਸਮਰੱਥਾ ਨਹੀਂ ਸੀ ਕਿ ਮੈਨੂੰ ਅੰਮ੍ਰਿਤਸਰ ਕਾਲਜ ਵਿੱਚ ਦਾਖ਼ਲਾ ਕਰਵਾ ਸਕੇ। ਮੇਰੇ ਸਾਹਮਣੇ ਹਨੇਰਾ ਸੀ, ਪਰ ਮੈਂ ਉਜਾਲਾ ਲੱਭਣਾ ਸੀ। ਮੈਂ ਅਜੇ ਪੜ੍ਹਨਾ ਸੀ ਤੇ ਪੜ੍ਹਨ ਲਈ ਰਾਹ ਮੈਨੂੰ ਆਪ ਹੀ ਲੱਭਣਾ ਪੈਣਾ ਸੀ। ਉਦੋਂ ਡਾਕ ਰਾਹੀਂ ਪੜ੍ਹਾਈ ਕਰਨ ਦਾ ਪ੍ਰਬੰਧ ਨਹੀਂ ਹੁੰਦਾ ਸੀ। ਅਧਿਆਪਕਾਂ ਦੀ ਸਮੇਂ ਸਮੇਂ ’ਤੇ ਦਿੱਤੀ ਹੱਲਾਸ਼ੇਰੀ ਨਾਲ ਮੈਂ ਹਵਾਈ ਸੈਨਾ ਵਿੱਚ ਭਰਤੀ ਹੋ ਗਿਆ ਤੇ ਸਿਖਲਾਈ ਲਈ ਮਦਰਾਸ ਚਲਾ ਗਿਆ। ਹਵਾਈ ਸੈਨਾ ਰਾਹੀਂ ਮੈਨੂੰ ਅੱਗੇ ਪੜ੍ਹਨ ਦਾ ਰਾਹ ਲੱਭ ਗਿਆ। ਇਸ ਤਰ੍ਹਾਂ ਸਮੇਂ ਸਮੇਂ ’ਤੇ ਅਧਿਆਪਕਾਂ ਦੇ ਕਹੇ ਬੋਲਾਂ ਨੇ ਮੈਨੂੰ ਸਫ਼ਲਤਾ ਦੇ ਰਾਹ ਪਾਇਆ। ਸੰਪਰਕ: 94368-08697

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਮੁੱਖ ਖ਼ਬਰਾਂ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਆਮ ਤੌਰ ’ਤੇ ਪਹਿਲੀ ਜੂਨ ਨੂੰ ਕੇਰਲ ਪੁੱਜਦਾ ਹੈ ਮੌਨਸੂਨ

ਸ਼ਹਿਰ

View All