ਮੂੰਗਫਲੀ ਸਰਦੀਆਂ ਦਾ ਤੋਹਫਾ

ਮੂੰਗਫਲੀ ਸਰਦੀਆਂ ਦਾ ਤੋਹਫਾ

ਸੱਤ ਪ੍ਰਕਾਸ਼ ਸਿੰਗਲਾ

ਕੁਝ ਸਮਾਂ ਪਹਿਲਾਂ ਮੂੰਗਫਲੀ ਨੂੰ ਗਰੀਬਾਂ ਦਾ ਮੇਵਾ ਕਿਹਾ ਜਾਂਦਾ ਸੀ ਪਰ ਹੁਣ ਇਹ ਗਰੀਬਾਂ ਦਾ ਹੀ ਨਹੀਂ ਸਗੋਂ ਅਮੀਰਾਂ ਦਾ ਖੁਸ਼ਕ ਮੇਵਾ ਹੋ ਗਿਆ ਹੈ। ਵਿਗਿਆਨਕ ਖੋਜਾਂ ਨਾਲ ਮੂੰਗਫਲੀ ਦੇ ਜੋ ਤੱਤ ਸਾਹਮਣੇ ਆਏ ਹਨ, ਉਨ੍ਹਾਂ ਨਾਲ ਇਹ ਸਿੱਧ ਹੋ ਚੁੱਕਾ ਹੈ ਕਿ ਮੂੰਗਫਲੀ ਇਕ ਪੂਰਨ ਪੌਸ਼ਟਿਕ ਖੁਰਾਕ ਹੈ ਜਿਸ ਵਿਚ ਮਹਿੰਗੇ ਭਾਅ ਦੇ ਕਾਜੂ, ਅਖਰੋਟ ਤੇ ਬਦਾਮਾਂ ਨਾਲੋਂ ਵੀ ਵਧੇਰੇ ਪ੍ਰੋਟੀਨ ਹੀ ਨਹੀਂ ਸਗੋਂ ਕੈਲਸ਼ੀਅਮ, ਲੋਹਾ, ਫਾਸਫੇਟ, ਵਿਟਾਮਿਨ 'ਏ' ਤੇ 'ਬੀ' ਵੀ ਮਿਲਦੇ ਹਨ ਜਿਹੜੇ ਕਿ ਸਰੀਰਕ ਵਿਕਾਸ ਲਈ ਗੁਣਕਾਰੀ ਹਨ। ਇਹੋ ਕਾਰਨ ਹੈ ਕਿ ਅਮੀਰ ਲੋਕ ਵੀ ਮੂੰਗਫਲੀ ਦੀ ਵਰਤੋਂ ਕਰਨ ਲੱਗ ਪਏ ਹਨ ਤੇ ਮੂੰਗਫਲੀ ਦੇ ਭਾਅ ਵੀ ਹੁਣ ਇੰਨੇ ਮਹਿੰਗੇ ਹੋ ਗਏ ਹਨ ਕਿ  ਮੂੰਗਫਲੀ ਵੀ ਗਰੀਬਾਂ ਦਾ ਮੇਵਾ ਨਾ ਹੋ ਕੇ ਅਮੀਰਾਂ ਦਾ ਮੇਵਾ ਹੀ ਹੋ ਚੱਲਿਆ ਹੈ। ਮੂੰਗਫਲੀ ਹੁਣ ਪਹਿਲਾਂ ਵਾਂਗ ਨਹੀਂ ਮਿਲਦੀ ਸਗੋਂ ਅਨੇਕਾਂ ਤਰ੍ਹਾਂ ਨਾਲ ਸਜਾ ਸੰਵਾਰ ਕੇ ਪੈਕਟਾਂ ਵਿਚ ਬੰਦ ਕਰਕੇ ਅਮੀਰੀ ਠਾਠ ਨਾਲ ਵਿਕ ਰਹੀ ਹੈ। ਸਰਦੀਆਂ ਦੀ ਰੁੱਤ ਸ਼ੁਰੂ ਹੁੰਦਿਆਂ ਹੀ ਬਾਜ਼ਾਰਾਂ ਵਿਚ ਮੂੰਗਫਲੀ ਦੀ ਸੱਜ-ਧੱਜ ਸ਼ੁਰੂ ਹੋ ਜਾਂਦੀ ਹੈ ਅਤੇ ਹਰ ਬਾਜ਼ਾਰ ਦੀ ਨੁੱਕਰੇ ਗਰਮ ਮੂੰਗਫਲੀ ਦੀਆਂ ਰੇਹੜੀਆਂ ਨਜ਼ਰ ਆਉਂਦੀਆਂ ਹਨ। ਜਿੱਥੇ ਮੂੰਗਫਲੀ ਵੇਚਣ ਵਾਲੇ 'ਭੁੱਜੇ ਬਦਾਮ' 'ਟਾਈਮ ਪਾਸ' ਤੇ ਕਈ ਹੋਰ ਨਾਵਾਂ ਨਾਲ ਪੁਕਾਰ ਕੇ ਗਾਹਕਾਂ ਵਿਚ ਖਿੱਚ ਪੈਦਾ ਕਰਦੇ ਹਨ। ਬੱਚਿਆਂ ਦੇ ਪੋਸ਼ਣ ਲਈ ਮੂੰਗਫਲੀ ਇਕ ਵਿਸ਼ੇਸ਼ ਖੁਰਾਕ ਹੈ। ਜੇਕਰ ਬੱਚੇ ਨੂੰ ਮੂੰਗਫਲੀ ਦਾ ਦੁੱਧ ਕੱਢ ਕੇ ਪਿਲਾਇਆ ਜਾਵੇ ਜਾਂ ਫਿਰ ਮੂੰਗਫਲੀ ਕੱਢ ਕੇ ਖਿਲਾਈ ਜਾਵੇ ਤਾਂ ਬੱਚੇ ਵਿਚ ਇਕ ਅਜਿਹੀ ਤਾਕਤ ਆਉਂਦੀ ਹੈ ਜੋ ਕਮਜ਼ੋਰੀਆਂ ਕਾਰਨ ਲੱਗਣ ਵਾਲੀਆਂ ਕਈ ਬਿਮਾਰੀਆਂ ਤੋਂ ਬਚਾਓ ਵਿਚ ਸਹਾਈ ਹੁੰਦੀ ਹੈ। ਆਯੁਰਵੈਦ ਅਨੁਸਾਰ ਇਕ ਸੌ ਗਰਾਮ ਮੂੰਗਫਲੀ ਵਿਚ 550 ਕੈਲੋਰੀ ਖੁਰਾਕੀ ਤੱਤ ਮਿਲਦੇ ਹਨ। ਮੂੰਗਫਲੀ ਵਿਚ ਪ੍ਰੋਟੀਨ ਦੀ ਮਾਤਰਾ ਕਣਕ ਨਾਲੋਂ ਲਗਪਗ ਦੋ ਗੁਣਾਂ ਵੱਧ ਹੁੰਦੀ ਹੈ। ਮਾਸ ਦੇ ਮੁਕਾਬਲੇ ਵੀ ਮੂੰਗਫਲੀ ਤੋਂ ਵਧੇਰੇ ਤਾਕਤ ਮਿਲਦੀ ਹੈ। ਦੁੱਧ ਪਿਲਾਉਂਦੀਆਂ ਮਾਵਾਂ ਲਈ ਵੀ ਮੂੰਗਫਲੀ ਇਕ ਤਾਕਤ ਵਾਲੀ ਖੁਰਾਕ ਮੰਨੀ ਜਾਂਦੀ ਹੈ। ਜੇਕਰ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਗਾਤਾਰ ਮੂੰਗਫਲੀ ਦੀ ਵਰਤੋਂ ਕਰਨ ਤਾਂ ਜਿੱਥੇ ਵਧੇਰੇ ਦੁੱਧ ਪਿਲਾਉਣ ਦੀ ਸ਼ਕਤੀ ਮਾਵਾਂ ਵਿਚ ਪੈਦਾ ਹੁੰਦੀ ਹੈ, ਉਸ ਦੇ ਨਾਲ ਹੀ ਮਾਂ ਦੇ ਦੁੱਧ ਤੋਂ ਵਧੇਰੇ ਪ੍ਰੋਟੀਨ ਵੀ ਮਿਲਦੀ ਹੈ। ਦੁੱਧ ਪਿਲਾਉਂਦੀਆਂ ਮਾਵਾਂ ਲਈ ਵੀ ਮੂੰਗਫਲੀ ਇਕ ਤਾਕਤ ਵਾਲੀ ਖੁਰਾਕ ਮੰਨੀ ਜਾਂਦੀ ਹੈ। ਜੇਕਰ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਗਾਤਾਰ ਮੂੰਗਫਲੀ ਦੀ ਵਰਤੋਂ ਕਰਨ ਤਾਂ ਜਿੱਥੇ ਵਧੇਰੇ ਦੁੱਧ ਪਿਲਾਉਣ ਦੀ ਸ਼ਕਤੀ ਮਾਵਾਂ ਵਿਚ ਪੈਦਾ ਹੁੰਦੀ ਹੈ, ਉਸ ਦੇ ਨਾਲ ਹੀ ਮਾਂ ਦੇ ਦੁੱਧ ਵਿਚ ਵਧੇਰੇ ਪ੍ਰੋਟੀਨ ਵੀ ਮਿਲਦੀ ਹੈ। ਆਯੁਰਵੈਦ ਮਾਹਿਰਾਂ ਅਨੁਸਾਰ ਮੂੰਗਫਲੀ ਦਾ ਰਿਫਾਇੰਡ ਕੀਤਾ ਹੋਇਆ ਸ਼ੁੱਧ ਤੇਲ ਬਹੁਤ ਗੁਣਕਾਰੀ ਹੈ। ਇਸ ਤੇਲ ਦੇ ਬਣੇ ਪਰਾਂਠੇ ਖਾਣ ਨਾਲ ਜਾਂ ਫਿਰ ਸਬਜ਼ੀ ਆਦਿ ਵਿਚ ਪ੍ਰਯੋਗ ਕਰਨ ਨਾਲ ਖਾਂਸੀ ਤੋਂ ਕਾਫੀ ਲਾਭ ਮਿਲਦਾ ਹੈ। ਜਦੋਂ ਕਿ ਆਮ ਇਹ ਕਿਹਾ ਜਾਂਦਾ ਹੈ ਕਿ ਮੂੰਗਫਲੀ ਖਾਣ ਨਾਲ ਖਾਂਸੀ ਜਾਂ ਕਈ ਹੋਰ ਬਿਮਾਰੀਆਂ ਹੁੰਦੀਆਂ ਹਨ, ਇਹ ਬਿਲਕੁਲ ਗਲਤ ਹੈ। ਮੂੰਗਫਲੀ ਦਾ ਦੁੱਧ ਬਣਾ ਕੇ ਕਈ ਚੀਜ਼ਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ ਅਤੇ ਘਰ ਵਿਚ ਵੀ ਕਈ ਚੰਗੇ ਪਕਵਾਨ ਬਣਾ ਕੇ ਇਸ ਦੇ ਗੁਣਕਾਰੀ ਤੱਤਾਂ ਤੋਂ ਭਰਪੂਰ ਫਾਇਦਾ ਹਾਸਲ ਕੀਤਾ ਜਾ ਸਕਦਾ ਹੈ। ਮੂੰਗਫਲੀ ਦਾ ਫਲ (ਦਾਣੇ) ਹੀ ਨਹੀਂ ਸਗੋਂ ਇਸ ਦਾ ਤੇਲ ਕੱਢਣ ਮਗਰੋਂ ਬਣੀ ਖਲ ਵਿਚ ਵੀ ਕਾਫੀ ਮਾਤਰਾ ਵਿਚ ਪ੍ਰੋਟੀਨ ਮਿਲਦੀ ਹੈ ਜਿਸ ਦੀ ਵਰਤੋਂ ਦੁੱਧ ਦੇਣ ਵਾਲੇ ਪਸ਼ੂਆਂ ਦੇ ਚਾਰੇ ਦੇ ਰੂਪ ਵਿਚ ਆਮ ਕੀਤੀ ਜਾਂਦੀ ਹੈ ਜਿਸ ਨਾਲ ਪਸ਼ੂ ਵਧੇਰੇ ਦੁੱਧ ਦਿੰਦੇ ਹਨ। ਇਥੇ ਹੀ ਬਸ ਨਹੀਂ, ਮੂੰਗਫਲੀ ਦੇ ਛਿਲਕੇ ਨੂੰ ਜਲਾ ਕੇ ਇਸ ਦੀ ਖਾਦ ਤਿਆਰ ਕੀਤੀ ਜਾਂਦੀ ਹੈ ਜਿਸ ਵਿਚ ਕਈ ਉਪਯੋਗੀ ਤੱਤ ਹੋਣ ਕਾਰਨ ਫਸਲਾਂ ਲਈ ਲਾਭਦਾਇਕ ਹੁੰਦੀ ਹੈ। ਇਸ ਤਰ੍ਹਾਂ ਮੂੰਗਫਲੀ ਇਕ ਮੇਵਾ, ਇਕ ਖੁਰਾਕ ਅਤੇ ਬਹੁ-ਉਪਯੋਗੀ ਚੀਜ਼ ਹੈ। ਜਿਹੜੀ ਦੇਸ਼ ਦੇ ਹਰ ਹਿੱਸੇ, ਖਾਸ ਕਰਕੇ ਰੇਤਲੇ ਇਲਾਕਿਆਂ ਵਿਚ ਵਧੇਰੇ ਪੈਦਾ ਕੀਤੀ ਜਾਂਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All