ਮੁੱਖ ਮੰਤਰੀ ਨਾਲ ਸਾਂਝੇ ਕੀਤੇ ਚੱਬੇਵਾਲ ਹਲਕੇ ਦੇ ਮਸਲੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਦੇ ਹੋਏ ਵਿਧਾਇਕ ਰਾਜ ਕੁਮਾਰ।

ਪੱਤਰ ਪ੍ਰੇਰਕ ਹੁਸ਼ਿਆਰਪੁਰ, 15 ਜਨਵਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਕੈਬਿਨਟ ਮੰਤਰੀਆਂ, ਵਿਧਾਇਕਾਂ ਅਤੇ ਸਾਰੇ ਜ਼ਿਲ੍ਹਿਆਂ ਦੇ ਆਗੂ ਪ੍ਰਤੀਨਿਧੀਆਂ ਨਾਲ ਪ੍ਰੀ-ਬਜਟ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਨਾਲ ਵੀ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਡਾ. ਰਾਜ ਨੇ ਮੁੱਖ ਮੰਤਰੀ ਨੂੰ ਆਪਣੇ ਹਲਕੇ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਵੇਰਵਾ ਦਿੱਤਾ ਅਤੇ ਨੇੜਲੇ ਭਵਿੱਖ ਵਿੱਚ ਕਰਵਾਏ ਜਾਣ ਵਾਲੇ ਜ਼ਰੂਰੀ ਵਿਕਾਸ ਕਾਰਜਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਡਾ. ਰਾਜ ਨੇ ਹਲਕੇ ਦੀਆਂ, ਹਲਕਾ ਵਾਸੀਆਂ ਦੀਆਂ ਅਤੇ ਕੁੱਝ ਪੰਜਾਬ ਦੇ ਸਾਰੀ ਜਨਤਾ ਦੀਆਂ ਸਾਂਝੀਆਂ ਸਮੱਸਿਆਵਾਂ ਅਤੇ ਮੁੱਦਿਆਂ ’ਤੇ ਕੈਪਟਨ ਅਮਰਿੰਦਰ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਹਲਕੇ ਦੀਆਂ ਸੜਕਾਂ, ਪੁੱਲਾਂ ਅਤੇ ਕਾਜ਼ਵੇ ਲਈ ਪ੍ਰਪੋਜ਼ਲ ਦਿੱਤਾ ਅਤੇ ਫ਼ੰਡਾਂ ਦੀ ਮੰਗ ਕੀਤੀ। ਹਲਕੇ ਦੇ ਗਰੀਬ ਪਰਿਵਾਰ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਪੈਣ ਵਾਲੀਆਂ ਹਨ, ਲਈ ਗ੍ਰਾਂਟ ਦੇਣ, ਪੀਣ ਵਾਲੇ ਪਾਣੀ ਦੇ 28 ਟਿਊਬਵੈਲ ਅਤੇ ਸਿੰਚਾਈ ਦੇ 30 ਟਿਊਬਵੈਲ ਲਾਉਣ ਦੀ ਮੰਗ ਦੇ ਨਾਲ-ਨਾਲ ਕਿਸਾਨਾਂ ਨੂੰ ਮੁਫ਼ਤ ਟਿਊਬਵੈਲ ਕੁਨੈਕਸ਼ਨ ਅਤੇ ਵਿਭਾਗ ਨੂੰ ਸਪੈਸ਼ਲ ਮੈਨਟੀਨੈਂਸ ਫ਼ੰਡ ਦਿੱਤੇ ਜਾਣ ਦਾ ਸੁਝਾਅ ਦਿੱਤਾ। ਡਾ. ਰਾਜ ਨੇ ਹਲਕੇ ਵਿੱਚ ਨੌਜਵਾਨਾਂ ਲਈ ਓਪਨ ਜਿੰਮ, ਸਪੋਰਟਸ ਕਲੱਬ, ਹੈਲਥ ਕਲੱਬ ਅਤੇ ਸਪੋਰਟਸ ਸਟੇਡੀਅਮ ਲਈ ਵੀ ਪ੍ਰਪੋਜ਼ਲ ਦਿੱਤਾ। ਮਹਿਲਾ ਸਸ਼ਕਤੀਕਰਣ ’ਤੇ ਗੱਲ ਕਰਦਿਆਂ ਡਾ. ਰਾਜ ਨੇ ਸੂਬੇ ਦੀਆਂ ਲੜਕੀਆਂ ਲਈ ਚਲਾਈ ਜਾ ਰਹੀ ਸ਼ਗਨ ਸਕੀਮ ਦੀ ਰਾਸ਼ੀ 51 ਹਜ਼ਾਰ ਰੁਪਏ ਕਰਨ ਦੀ ਸਿਫਾਰਿਸ਼ ਕੀਤੀ ਤੇ 5 ਏਕੜ ਤੋਂ ਘੱਟ ਜ਼ਮੀਨ ਵਾਲੇ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਕੰਡੀ ਖੇਤਰ ਦੀਆਂ ਸਮੱਸਿਆਵਾਂ ਵੀ ਮੁੱਖ ਮੰਤਰੀ ਸਾਹਮਣੇ ਰੱਖੀਆਂ। ਮੁੱਖ ਮੰਤਰੀ ਨੇ ਗੰਭੀਰਤਾ ਨਾਲ ਉਨ੍ਹਾਂ ਦੀਆਂ ਮੰਗਾਂ ਅਤੇ ਸੁਝਾਅ ’ਤੇ ਵਿਚਾਰ ਵਟਾਂਦਰਾ ਕੀਤਾ ਅਤੇ ਭਰੋਸਾ ਦਿੱਤਾ ਕਿ ਚੱਬੇਵਾਲ ਹਲਕੇ ਦੇ ਲਈ ਬਜਟ ਵਿਚ ਉਨ੍ਹਾਂ ਦੀਆਂ ਮੰਗਾਂ ਨੂੰ ਧਿਆਨ ਵਿਚ ਰੱਖਦੇ ਹੋੋਏ ਫ਼ੰਡ ਰਾਖਵੇਂ ਕੀਤੇ ਜਾਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All