ਮੁਫ਼ਤ ਹਿਕਮਤ ਕਰ ਰਿਹਾ ਸਾਹਿਤਕਾਰ ਤੇਲੂ ਰਾਮ ਕੁਹਾੜਾ

ਹਰਮੀਤ ਸਿੰਘ ਅਟਵਾਲ ਜਲੰਧਰ, 8 ਜੁਲਾਈ ਤੇਲੂ ਰਾਮ ਕੁਹਾੜਾ ਸਾਹਿਤਕਾਰ ਤਾਂ ਹੈ ਹੀ, ਉਹ ਆਪਣੀ ਮੁਫ਼ਤ ਹਿਕਮਤ ਕਰਕੇ ਵੀ ਜਾਣਿਆ ਜਾਂਦਾ ਹੈ। ਭਾਵੇਂ ਉਸ ਕੋਲ ਆਯੁਰਵੈਦਿਕ ਇਲਾਜ ਪ੍ਰਣਾਲੀ ਦੇ ਵੀ ਕਈ ਟੋਟਕੇ ਹਨ ਪਰ ਦੋ ਨੁਸਖ਼ੇ ਉਸ ਕੋਲ ਅਜਿਹੇ ਹਨ, ਜਿਨ੍ਹਾਂ ਨੂੰ ਉਹ ਆਪਣੇ ਪਰਿਵਾਰ ਨਾਲ ਮਿਲ ਕੇ ਸਖਤ ਮਿਹਨਤ ਪਿੱਛੋਂ ਤਿਆਰ ਕਰਦਾ ਹੈ ਅਤੇ ਰੋਗੀਆਂ ਵਿੱਚ ਮੁਫ਼ਤ ਵੰਡਦਾ ਹੈ। ਇਕ ਨੁਸਖਾ ਫੁਲਬਹਿਰੀ ਦੇ ਇਲਾਜ ਦਾ ਹੈ ਅਤੇ ਦੂਜਾ ਆਮ ਪੀਲੀਏ ਦਾ (ਬੀ ਅਤੇ ਸੀ ਦਾ ਇਲਾਜ ਨਹੀਂ)। ਇਹ ਦੋਵੇਂ ਨੁਸਖ਼ੇ ਤੇਲੂ ਰਾਮ ਕੁਹਾੜਾ ਨੂੰ ਸਵਾਮੀ ਸ਼ੰਕਰਾਨੰਦ ਭੂਰੀ ਵਾਲਿਆਂ ਨੇ ਇਸ ਵਿਸ਼ਵਾਸ ਨਾਲ ਦਿੱਤੇ ਸਨ ਕਿ ਉਹ ਇਸ ਬਦਲੇ ਕਿਸੇ ਤੋਂ ਕੋਈ ਪੈਸਾ ਨਹੀਂ ਲਵੇਗਾ। ਤੇਲੂ ਰਾਮ ਕੁਹਾੜਾ ਨੇ ਇਸ ਵਿਸ਼ਵਾਸ ਨੂੰ ਕਾਇਮ ਰੱਖਿਆ ਹੋਇਆ ਹੈ ਤੇ ਉਸ ਦੇ ਦੱਸਣ ਮੁਤਾਬਕ 1986 ਤੋਂ ਹੁਣ ਤੱਕ ਦੋਹਾਂ ਨੁਸਖ਼ਿਆਂ ਨਾਲ ਹਜ਼ਾਰਾਂ ਰੋਗੀ ਠੀਕ ਹੋ ਚੁੱਕੇ ਹਨ। ਪਿੰਡ ਕੁਹਾੜਾ (ਲੁਧਿਆਣਾ) ’ਚ 1942 ’ਚ ਜਨਮਿਆ ਤੇਲੂ ਰਾਮ ਪੰਜਾਬੀ ਦਾ ਸਮਰੱਥ ਸਾਹਿਤਕਾਰ ਵੀ ਹੈ। ਭਾਵੇਂ ਉਸ ਕੋਲ ਫਿਲਮ ਬਣਾਉਣ ਦਾ ਤਜਰਬਾ ਵੀ ਹੈ ਪਰ ਅਪ੍ਰਤੱਖ ਰੂਪ ਵਿਚ ਇਹ ਤਜਰਬਾ ਉਸ ਦੀ ਸਾਹਿਤ ਸਿਰਜਣਾ ਦੇ ਕੰਮ ਹੀ ਆਇਆ ਹੈ। 1982 ’ਚ ਉਹ ਆਪਣੇ ਮਿੱਤਰ ਅਜਾਇਬ ਸਿੰਘ ਗਰੇਵਾਲ ਨਾਲ ਪੰਜਾਬੀ ਫਿਲਮ ‘ਰਾਂਝਣ ਮੇਰਾ ਯਾਰ’ ਦਾ ਨਿਰਮਾਣ ਕਰਨ ਲਈ ਮੁੰਬਈ ਗਿਆ। ਫਿਲਮ ਰਿਲੀਜ਼ ਤਾਂ ਹੋ ਗਈ ਪਰ ਖਰਚਾ ਵੀ ਪੂਰਾ ਨਾ ਕਰ ਸਕੀ। ਇਸੇ ਫਿਲਮ ਦੇ ਨਿਰਮਾਣ ਦੌਰਾਨ ਹੋਏ ਕੌੜੇ-ਮਿੱਠੇ ਤਜਰਬਿਆਂ ਵਿੱਚੋਂ ਉਸ ਦੀ ਪੁਸਤਕ ‘ਸ਼ਹਿਰ ਤੇ ਸਮੁੰਦਰ’ ਨੇ ਜਨਮ ਲਿਆ। ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਨੇ ਪੰਜਾਬੀ ਫਿਲਮ ਬਣਾਉਣ ਵਾਲਿਆਂ ਲਈ ਇਸ ਪੁਸਤਕ ਨੂੰ ਧਨੰਤਰੀ ਨੁਸਖ਼ਾ ਕਰਾਰ ਦਿੱਤਾ। ਇਸ ਪੁਸਤਕ ਤੋਂ ਇਲਾਵਾ ਤੇਲੂ ਰਾਮ ਕੁਹਾੜਾ ਦੇ ਦੋ ਕਹਾਣੀ ਸੰਗ੍ਰਹਿ ‘ਰੰਗ ਬਦਲਦੇ ਮੌਸਮ’ ਤੇ ‘ਅਣਦੇਖੀ ਅੱਗ’ ਵੀ ਪਾਠਕਾਂ ਕੋਲ ਪੁੱਜ ਚੁੱਕੇ ਹਨ। ਉਸ ਨੇ ਇਕ ਬਾਲ ਨਾਵਲ ‘ਅਲੋਪ ਹੋ ਰਿਹਾ ਬਾਬਾ’ ਵੀ ਲਿਖਿਆ ਹੈ ਜੋ ਬੱਚਿਆਂ ਦੇ ਵਹਿਮਾਂ-ਭਰਮਾਂ ਨੂੰ ਦੂਰ ਕਰਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All