ਮੁਲਕ ਲੲੀ ਆਪਣਾ ਸਭ ਕੁਝ ਨਿਛਾਵਰ ਕਰਨ ਵਾਲੀ ਗ਼ਦਰੀ ਗੁਲਾਬ ਕੌਰ

ਮੁਲਕ ਲੲੀ ਆਪਣਾ ਸਭ ਕੁਝ ਨਿਛਾਵਰ ਕਰਨ ਵਾਲੀ ਗ਼ਦਰੀ ਗੁਲਾਬ ਕੌਰ

ਪ੍ਰੋ. ਮਲਵਿੰਦਰ ਜੀਤ ਸਿੰਘ ਵਡ਼ੈਚ

ਹਰ ਆਜ਼ਾਦੀ ਲਹਿਰ ਆਪਣੇ ਦੇਸ਼ ਵਿੱਚੋਂ ਕੁਝ ਅਜਿਹੇ ਪਰਵਾਨਿਆਂ ਨੂੰ ਪ੍ਰੇਰਦੀ ਹੈ, ਜੋ ਆਪਣਾ ਤਨ, ਮਨ ਤੇ ਧੰਨ ਦੇਸ਼ ’ਤੇ ਨਿਸ਼ਾਵਰ ਕਰ ਦਿੰਦੇ ਹਨ। ਉਨ੍ਹਾਂ ਨੂੰ ਕਿਸੇ ਚੀਜ਼ ਦੀ, ਇੱਥੋਂ ਤਕ ਕਿ ਸ਼ੁਹਰਤ ਦੀ ਲਾਲਸਾ ਵੀ ਨਹੀਂ ਹੁੰਦੀ।  ਜੇ ਅੱਜ ਇਤਿਹਾਸ ਵਿੱਚ ਮਰਦਾਂ ਦਾ ਰੋਲ ਹੀ ਅਹਿਮ ਨਜ਼ਰ ਆਉਂਦਾ ਹੈ ਤਾਂ ਉਸ ਦਾ ਮੁੱਖ ਕਾਰਨ ਇਹ ਹੈ ਕਿ ਅੌਰਤ ਦੀ ਕੁਰਬਾਨੀ ਉਸੇ ਤਰ੍ਹਾਂ ਖ਼ਾਮੋਸ਼ ਹੁੰਦੀ ਹੈ, ਜਿਵੇਂ ਮਾਂ ਦੀ ਆਪਣੇ ਬੱਚੇ ਨੂੰ ਪਾਲਣ ਦੌਰਾਨ ਕੀਤੀ ਕੁਰਬਾਨੀ ਹੁੰਦੀ ਹੈ।  ਕਦੇ ਕਿਸੇ ਨੇ ਹਿਸਾਬ ਨਹੀਂ ਲਾਇਆ ਕਿ ਜਿਨ੍ਹਾਂ ਸੂਰਬੀਰਾਂ ਦੇ ਕਾਰਨਾਮੇ ਅਸੀਂ ਪੜ੍ਹਦੇ ਹਾਂ, ਉਨ੍ਹਾਂ ਦੀਆਂ ਬੇਟੀਆਂ, ਭੈਣਾਂ, ਮਾਤਾਵਾਂ ਅਤੇ ਜੀਵਨ ਸਾਥਣਾਂ ਨੇ ਕਿੰਨੇ ਦੁੱਖ ਭੋਗੇ ਹਨ। ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਆਦਮੀ ਨੂੰ ਇੰਨੀ ਖੁੱਲ੍ਹ ਹੈ ਕਿ ਉਹ ਜਿਵੇਂ ਚਾਹੇ ਕੰਮ ਕਰ ਸਕਦਾ ਹੈ ਪਰ ਉਸ ਦੇ ਮੁਕਾਬਲੇ ਅੌਰਤ ਦੇ ਪੈਰੀਂ ਬੰਦਸ਼ਾਂ ਦੇ ਅਣਗਿਣਤ ਸੰਗਲ ਹਨ। ਇਹ ਜ਼ੰਜੀਰਾਂ ਸਾਧਾਰਨ ਤੌਰ ’ਤੇ ਨਜ਼ਰ ਨਹੀਂ ਆਉਂਦੀਆਂ ਪਰ ਜਦੋਂ ਵੀ ਅੌਰਤ ਕਿਸੇ ਤਹਿਰੀਕ ਵਿੱਚ ਸ਼ਾਮਲ ਹੋਣ ਦਾ ਯਤਨ ਕਰਦੀ ਹੈ ਤਾਂ ਇਹ ਹਾਲਤ ਪ੍ਰਤੱਖ ਹੋ ਜਾਂਦੀ ਹੈ। ਸਾਡੇ ਮੁਲਕ ਵਿੱਚ ਆਜ਼ਾਦੀ ਖ਼ਾਤਰ ਜਿੰਨੀਆਂ ਲਹਿਰਾਂ ਚੱਲੀਆਂ ਹਨ, ਉਨ੍ਹਾਂ ਵਿੱਚ ਅੌਰਤਾਂ ਦਾ ਰੋਲ ਨਾ ਸਿਰਫ਼ ਜ਼ਿਕਰਯੋਗ ਸਗੋਂ ਫ਼ਖ਼ਰਯੋਗ ਵੀ ਹੈ। ਇਸ ਖ਼ਾਤਰ ਉਨ੍ਹਾਂ ਨੂੰ ਅਨੇਕ ਕੁਰਬਾਨੀਆਂ ਦੇ ਨਾਲ-ਨਾਲ ਤਾਹਨੇ-ਮਿਹਣੇ ਵੀ ਸਹਿਣੇ ਪਏ ਅਤੇ ਪੁਲੀਸ ਦੀਆਂ ਸਖ਼ਤੀਆਂ ਦਾ ਸ਼ਿਕਾਰ ਵੀ ਹੋਣਾ ਪਿਆ। ਬੰਗਾਲ ਦੇ ਪ੍ਰਸਿੱਧ ਲਿਖਾਰੀ ਬੰਕਿਮ ਚੰਦਰ ਚੈਟਰਜੀ ਦੇ ਨਾਵਲ ‘ਆਨੰਦ ਮੱਠ’ ਵਿੱਚ ਇੱਕ ਇਸਤਰੀ ਮਰਦਾਵੇਂ ਭੇਸ ਵਿੱਚ ਵਿਚਰਦੀ ਹੈ ਕਿਉਂਕਿ ਇਸ ਲਹਿਰ ਵਿੱਚ ਸਿਰਫ਼ ਮਰਦ ਹੀ ਹਿੱਸਾ ਲੈ ਸਕਦੇ ਸਨ। ਇਸੇ ਨਾਵਲ ਵਿੱਚ ‘ਵੰਦੇ ਮਾਤਰਮ’ ਦਰਜ ਹੈ, ਜੋ ਕਿ ਇਨਕਲਾਬੀਆਂ ਦਾ ਪ੍ਰਮੁੱਖ ਨਾਅਰਾ ਹੋ ਨਿੱਬੜਿਆ ਸੀ। ਇਹ ਨਾਵਲ ਅਨੇਕਾਂ ਆਜ਼ਾਦੀ ਪਰਵਾਨਿਆਂ ਦਾ ਪ੍ਰੇਰਨਾ ਸਰੋਤ ਰਿਹਾ ਹੈ। 1857 ਦੇ ਗ਼ਦਰ ਵਿੱਚ ਰਾਣੀ ਝਾਂਸੀ ਨੇ ਜ਼ਾਲਮਾਂ ਨਾਲ ਸਿੱਧੀ ਟੱਕਰ ਲਈ।  1907 ਦੀ ਲਹਿਰ ਵਿੱਚ ਚੌਧਰਾਨੀ ਸਰਲਾ ਦੇਵੀ ਦੀ ਦੇਣ ਮਹਾਨ ਹੈ।

1914-15 ਦੀ ਪ੍ਰਚੰਡ ਇਨਕਲਾਬੀ ਲਹਿਰ ਜੋ ਗ਼ਦਰ ਲਹਿਰ ਕਰਕੇ ਪ੍ਰਸਿੱਧ ਹੋਈ, ਵਿੱਚ ਸਰਗਰਮ ਗ਼ਦਰੀਆਂ ਵਿੱਚ ਮਾਤਾ ਗੁਲਾਬ ਕੌਰ ਆਪਣੀ ਮਿਸਾਲ ਆਪ ਸਨ।  ੳੁਨ੍ਹਾਂ ਦਾ ਜਨਮ ਪਿੰਡ ਬਖ਼ਸ਼ੀਵਾਲੇ ਜ਼ਿਲ੍ਹਾ ਸੰਗਰੂਰ ਵਿੱਚ ਹੋਇਆ ਸੀ।  ਉਹ ਇੱਕ ਥੁੜ੍ਹਾਂ ਮਾਰੇ ਕਿਸਾਨ ਪਰਿਵਾਰ ਵਿੱਚੋਂ ਸਨ।  ਉਨ੍ਹਾਂ ਦਾ ਵਿਆਹ ਪਿੰਡ ਜਖੇਪਲ ਦੇ ਸਰਦਾਰ ਮਾਨ ਸਿੰਘ ਨਾਲ ਹਇਆ। ੳੁਨ੍ਹਾਂ ਦੇ ਪਤੀ ਮਨੀਲਾ ਰਾਹੀਂ ਅਮਰੀਕਾ ਜਾਣਾ ਚਾਹੁੰਦੇ ਸਨ ਕਿਉਂਕਿ ਉਸ ਮੌਕੇ ਹਿੰਦੀਆਂ ਦੇ ਸਿੱਧੇ ਦਾਖ਼ਲੇ ’ਤੇ ਕਈ ਪਾਬੰਦੀਆਂ ਲੱਗ ਚੁੱਕੀਆਂ ਸਨ। ਦੋਵੇਂ ਪਤੀ-ਪਤਨੀ ਮਨੀਲਾ ਪੁੱਜੇ। ਅਜੇ ੳੁਹ ਮਨੀਲਾ ਵਿੱਚ ਹੀ ਸਨ ਕਿ ਅਮਰੀਕਾ-ਕੈਨੇਡਾ ਤੋਂ ਗ਼ਦਰੀ ਸੂਰਬੀਰ ਜਾਨਾਂ ਤਲੀ ’ਤੇ ਧਰ ਕੇ ਗ਼ਦਰ ਮਚਾਉਣ ਖ਼ਾਤਰ ਦੇਸ਼ ਨੂੰ ਪਰਤਣ ਲੱਗ ਪਏ।  ਉਨ੍ਹੀਂ ਦਿਨੀਂ ਗੁਰਦੁਆਰੇ ਹੀ ਸਮਾਗਮ ਸਥਾਨ ਹੁੰਦੇ ਸਨ, ਜਿੱਥੇ ਬਾਹਰੋਂ ਪਰਤਦੇ ਗ਼ਦਰੀ ਆਗੂ ਦੇਸ਼ ਵਾਸੀਆਂ ਨੂੰ ਆਜ਼ਾਦੀ ਸੰਗਰਾਮ ਲਈ ਪ੍ਰੇਰਦੇ। ਇਹ ਮੀਆਂ-ਬੀਵੀ ਵੀ ਲਗਪਗ ਹਰ ਰੋਜ਼ ਗੁਰਦੁਆਰੇ ਆਉਂਦੇ ਤੇ ਤਕਰੀਰਾਂ ਸੁਣਦੇ। ਜਿਸ ਬੋਲੀ ਅਤੇ ਲਹਿਜ਼ੇ ਵਿੱਚ ਇਹ ਤਕਰੀਰਾਂ ਹੁੰਦੀਆਂ, ੳੁਨ੍ਹਾਂ ਨੂੰ ਸੁਣ ਕੇ ਕੋਈ ਵੀ ਸ਼ਖ਼ਸ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ ਸੀ। ਇਸੇ ਦੌਰਾਨ ਇਸ ਸ਼ੇਰਨੀ ਨੇ ਆਜ਼ਾਦੀ ਦੇਵੀ ਨੂੰ ਆਪਣਾ ਇਸ਼ਟ ਥਾਪ ਲਿਆ। ਇੱਕ ਦਿਨ ਦੀਵਾਨ ਦੀ ਸਮਾਪਤੀ ’ਤੇ ਮਨੀਲਾ ਵਾਸੀਆਂ ਵੱਲੋਂ ਗ਼ਦਰ ਕਰਨ ਲਈ ਦੇਸ਼ ਪਰਤਣ ਵਾਲਿਆਂ ਦੀ ਲਿਸਟ ਬਣਨ ਲੱਗੀ ਤਾਂ ਸਰਦਾਰ ਮਾਨ ਸਿੰਘ ਨੇ ਵੀ ਨਾਂ ਲਿਖਾ ਦਿੱਤਾ, ਸੋ ਦੋਵੇਂ ਪਤੀ-ਪਤਨੀ ਦੇਸ਼ ਆਉਣ ਲਈ ਤਿਆਰ ਹੋ ਗਏ। ਜਦੋਂ ਜਹਾਜ਼ ਚੱਲਣ ਦਾ ਵੇਲਾ ਆਇਆ ਤਾਂ ਮਾਨ ਸਿੰਘ ਦਾ ਮਨ ਡੋਲ ਗਿਆ ਅਤੇ ਉਹ ਦੇਸ਼ ਪਰਤਣ ਤੋਂ ਇਨਕਾਰੀ ਹੋ ਗਿਆ ਪਰ ਇਸ ਸ਼ੇਰਨੀ ਨੇ ਪਤੀ ਪਿੱਛੇ ਲੱਗਣ ਦੀ ਥਾਂ ੳੁਸ ਨੂੰ ਝਾੜ ਪਾਈ ਤੇ ਗਰਜਵੀਂ ਆਵਾਜ਼ ਵਿੱਚ ਕਿਹਾ, ‘‘ਤੁਸੀਂ ਜਾਉ ਭਾਵੇਂ ਨਾ ਜਾਉ, ਇਹ ਤਾਂ ਤੁਹਾਡਾ ਆਪਣਾ ਫ਼ੈਸਲਾ ਹੈ ਪਰ ਮੈਂ ਤੇ ਜ਼ਰੂਰ ਜਾਣਾ ਹੈ ਤੇ ਜਾ ਕੇ ਦੂਣਾ ਕੰਮ ਕਰਨਾ ਹੈ ਕਿਉਂਕਿ ਤੁਹਾਡੇ ਹਿੱਸੇ ਦਾ ਕੰਮ ਵੀ ਤਾਂ ਮੈਂ ਹੀ ਕਰਾਂਗੀ।’’ ਮੁੱਢੋਂ-ਸੁਢੋਂ ਸਫ਼ਰ ਤੇ ਰਵਾਨਗੀ ਵੇਲੇ ਪਤੀ ਦਾ ਸਾਥ ਜ਼ਰੂਰੀ ਸੀ ਪਰ ਗ਼ਦਰ ਖ਼ਾਤਰ ਦੇਸ਼ ਪਰਤਣ ਦਾ ਸਿੱਧਾ ਨਤੀਜਾ ਆਪਣੇ ਪਤੀ ਨੂੰ ਛੱਡਣਾ ਸੀ।  ਇਹ ਇੱਕ ਖੁਲ੍ਹੀ ਬਗ਼ਾਵਤ ਸੀ ਅਤੇ ਹੁਣ ਨਾ ਪੇਕਿਓਂ ਅਤੇ ਨਾ ਹੀ ਸਹੁਰਿਓਂ ਕਿਸੇ ਨੇ ਬਾਂਹ ਫੜਨੀ ਸੀ ਪਰ ਅਜਿਹੀਆਂ ਹਸਤੀਆਂ ਅੱਗੇ ਅਜਿਹੀਆਂ ਰੁਕਾਵਟਾਂ ਦੀ ਕੋਈ ਹੈਸੀਅਤ ਨਹੀਂ ਹੁੰਦੀ। ੳੁਨ੍ਹਾਂ ਦੇ ਨਾਲ ਮਨੀਲਾ ਤੋਂ ਸ਼ਹੀਦ ਜੀਵਨ ਸਿੰਘ ਦੌਲੇ ਸਿੰਘ ਵਾਲਾ, ਸ਼ਹੀਦ ਹਾਫ਼ਿਜ਼ ਅਬਦੁੱਲਾ ਜਗਰਾਉਂ, ਸ਼ਹੀਦ ਰਹਿਮਤ ਅਲੀ ਵਜੀਦਕੇ, ਸ਼ਹੀਦ ਲਾਲ ਸਿੰਘ ਸਾਹਿਬਾਨਾਂ, ਸ਼ਹੀਦ ਬਖ਼ਸ਼ੀਸ ਸਿੰਘ ਖਾਨਪੁਰ, ਸ਼ਹੀਦ ਜਗਤ ਸਿੰਘ ਬਿੰਝਲ, ਸ਼ਹੀਦ ਦਿਆਲ ਸਿੰਘ ਓਮਰਪੁਰ, ਸ਼ਹੀਦ ਧਿਆਨ ਸਿੰਘ ਬੰਗਸੀਪੁਰਾ, ਸ਼ਹੀਦ ਚੰਦਾ ਸਿੰਘ ਵੜੈਚ ਅਤੇ ਫ਼ਤਹਿਗੜ੍ਹ ਦੇ ਸ਼ਹੀਦ ਸੁਰਜਨ ਸਿੰਘ ਤੇ 40-50 ਹੋਰ ਗ਼ਦਰੀ ਚੱਲੇ ਸਨ, ਜੋ ‘ਕੋਰੀਆ’ ਜਹਾਜ਼ ਰਾਹੀਂ ਹਾਂਗਕਾਂਗ ਤੇ ‘ਤੋਸ਼ਾ ਮਾਰੂ’ ਰਾਹੀਂ ਕਲਕੱਤੇ ਪੁੱਜੇ। ਹਾਂਗਕਾਂਗ ਦੇ ਗੁਰਦੁਆਰੇ ਵਿੱਚ ਦੇਸ਼ ਪਰਤਦੇ ਗ਼ਦਰੀ ਦੀਵਾਨ ਲਾਉਂਦੇ ਤੇ ਦੇਸ਼ ਆਜ਼ਾਦੀ ਲਈ ਵਿਚਾਰ ਕਰਦੇ। ਮਾਤਾ ਗੁਲਾਬ ਕੌਰ ਨੇ ‘ਗ਼ਦਰ ਗੂੰਜਾਂ’ ਵਿੱਚੋਂ ਇਹ ਪੰਕਤੀਆਂ ਕੰਠ ਕਰ ਲਈਆਂ: ‘‘ਹਿੰਮਤ ਕਰੋ ਸ਼ਰਮਾਉਣ ਦੀ ਲੋੜ ਕੀ ਏ ਚਲੋ ਮੁਲਕ ਅੰਦਰ ਚਲ ਗ਼ਦਰ ਕਰੀਏ। ਉੱਠੋ ਨਾਲ ਤਲਵਾਰ ਦੇ ਹੱਕ ਲਈਏ ਬੁਰੇ ਹਾਲ ਕਰਾਉਣ ਦੀ ਲੋੜ ਕੀ ਏ? ਜੋ ਕੁਝ ਪਾਸ ਹੋ ਮੁਲਕ ਤੋਂ ਵਾਰ ਦੇਵੋ ਪਿਛੇ ਰਖ ਰਖਾਉਣ ਦੀ ਲੋੜ ਕੀ ਏ? ਗ਼ਦਰ ਸ਼ੁਰੂ ਹੈ ਵੀਰਨੋ ਚਲੋ ਜਲਦੀ ਬੈਠੇ ਤੱਕਾਂ ਤਕਾਉਣ ਦੀ ਲੋੜ ਕੀ ਏ? ਤੁਰੋ ਕਰੋ ਹਿੰਮਤ ਜਲਦੀ ਗ਼ਦਰ ਕਰੀਏ, ਬਾਰ-ਬਾਰ ਦੁਹਰਾਉਣ ਦੀ ਲੋੜ ਕੀ ਏ? ਤੋਸ਼ਾ ਮਾਰੂ ਜਹਾਜ਼ ਵਿੱਚ ਸਫ਼ਰ ਦੌਰਾਨ ਮਾਤਾ ਗੁਲਾਬ ਕੌਰ ਹਰ ਰੋਜ਼ ਤਕਰੀਰ ਕਰਦੇ ਤੇ ਕਮਜ਼ੋਰ ਦਿਲਾਂ ਨੂੰ ਆਪਣੀ ਖੱਬੀ ਬਾਂਹ ਤੋਂ ਚੂੜੀਆਂ ਲਾਹ ਕੇ ਵਿਖਾਉਂਦੇ ਤੇ ਆਜ਼ਾਦੀ ਸੰਗਰਾਮ ਵਿੱਚ ਕੁੱਦਣ ਲਈ ਵੰਗਾਰਦੇ। ਕਲਕੱਤੇ ਪੁੱਜਣ ’ਤੇ ਸਰਕਾਰੀ ਛਾਣ-ਬੀਣ ਹੋਈ ਪਰ ਇਹ ਸ਼ਹੀਦ ਜੀਵਨ ਸਿੰਘ ਨੂੰ ਆਪਣਾ ਪਤੀ ਦੱਸ ਕੇ ਉਨ੍ਹਾਂ ਨਾਲ ਬਚ ਨਿਕਲੇ। ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿੱਚ ੳੁਨ੍ਹਾਂ ਨੂੰ ਸ਼ਹੀਦ ਜੀਵਨ ਸਿੰਘ ਦੀ ਪਤਨੀ ਹੀ ਦੱਸਿਆ ਗਿਆ ਹੈ। ਮਾਤਾ ਗੁਲਾਬ ਕੌਰ ਨੂੰ ਵੀ ਕਿਸੇ ਮਰਦ ਸਾਥ ਦੀ ਲੋੜ ਸੀ ਤੇ ਇਨ੍ਹਾਂ ਦੋ ਪਵਿੱਤਰ ਆਤਮਾਵਾਂ ਨੇ ਭੈਣ-ਭਰਾ ਵਾਂਗ ਇਕੱਠੇ ਰਹਿ ਕੇ ਗ਼ਦਰ ਲਹਿਰ ਲਈ ਕੰਮ ਕੀਤਾ ਪਰ 27 ਨਵੰਬਰ 1914 ਵਿੱਚ ਫੇਰੂ ਸ਼ਾਹ ਕੇਸ ਵਿੱਚ ਸ਼ਹੀਦ ਜੀਵਨ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ 27 ਮਾਰਚ 1915 ਨੂੰ ਸ਼ਹੀਦ ਕਰ ਦਿੱਤਾ ਗਿਆ।  ਮਾਤਾ ਜੀ ਫਿਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੋਟਲਾ ਨੌਧ ਸਿੰਘ ਵੱਲ ਚਲੇ ਗਏ ਤੇ ਉੱਥੇ ਰਹਿ ਕੇ ਬਾਬਾ ਹਰਨਾਮ ਸਿੰਘ ਟੁੰਡੀ ਲਾਟ ਅਤੇ ਬਾਬਾ ਸ਼ਿਵ ਸਿੰਘ ਨਾਲ ਰਲ ਕੇ ਲਹਿਰ ਵਿੱਚ ਹਿੱਸਾ ਲੈਂਦੇ ਰਹੇ। 19 ਫਰਵਰੀ 1915 ਦਾ ਗ਼ਦਰ ਦਾ ਪ੍ਰੋਗਰਾਮ ਫੇਲ੍ਹ ਹੋ ਜਾਣ ਪਿੱਛੋਂ ਸਾਰੀਆਂ ਸਰਗਰਮੀਆਂ ਸਿਰਫ਼ ਪਿੰਡਾਂ ਵਿੱਚ ਹੀ ਹੁੰਦੀਆਂ ਸਨ।  ਮਾਤਾ ਜੀ ਨੂੰ ਸਰਕਾਰ ਨੇ 1916 ਵਿੱਚ ਗ੍ਰਿਫ਼ਤਾਰ ਕਰ ਲਿਆ ਤੇ ਬਿਨਾਂ ਮੁਕੱਦਮਾ ਚਲਾਏ 1921 ਤਕ ‘ਬੰਗਾਲ ਰੈਗੁਲੇਸ਼ਨ’ ਤਹਿਤ ਨਜ਼ਰਬੰਦ ਰੱਖਿਆ। ਇਸ ਪਿੱਛੋਂ ੳੁਹ ਬਾਬਾ ਅਮਰ ਸਿੰਘ ਕੋਟਲਾ ਨੌਧ ਸਿੰਘ ਕੋਲ ਰਹਿਣ ਲੱਗ ਪਏ, ਜਿਨ੍ਹਾਂ ਨੂੰ ਤੀਜੇ ਲਾਹੌਰ ਸਾਜ਼ਿਸ਼ ਕੇਸ ਵਿੱਚ ਦੋ ਸਾਲ ਸਖ਼ਤ ਕੈਦ ਹੋਈ ਸੀ।  ਮਾਤਾ ਜੀ ਨੇ ਆਜ਼ਾਦੀ ਸੰਗਰਾਮ ਦਾ ਆਖ਼ਰੀ ਸਾਹਾਂ ਤਕ ਲੜ ਨਹੀਂ ਛੱਡਿਆ। 1941 ਵਿੱਚ ੳੁਹ ਸਦੀਵੀਂ ਵਿਛੋੜਾ ਦੇ ਗਏ।

ਮੋਬਾੲੀਲ: 0172-2556314

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All