ਮੁਗਲ ਇਮਾਰਤ ਕਲਾ ਦੀ ਸ਼ਾਨ ਸਰਾਏ ਅਮਾਨਤ ਖ਼ਾਨ

ਬਹਾਦਰ ਸਿੰਘ ਗੋਸਲ ਇਤਿਹਾਸ ਪੜ੍ਹਨ ’ਤੇ ਇਹ ਗੱਲ ਸਹਿਜੇ ਹੀ ਸਾਹਮਣੇ ਆ ਜਾਂਦੀ ਹੈ ਕਿ ਜਿੱਥੇ ਪੁਰਾਤਨ ਸਮਿਆਂ ਵਿੱਚ ਹਿੰਦੂ ਰਾਜੇ-ਮਹਾਰਾਜਿਆਂ ਦੇ ਕਾਲ ਦੌਰਾਨ ਮੂਰਤੀ ਕਲਾ ਦਾ ਖੂਬ ਵਿਕਾਸ ਹੋਇਆ, ਉੱਥੇ ਹੀ ਮੁਗਲ ਸਾਮਰਾਜ ਸਮੇਂ ਇਮਾਰਤ ਕਲਾ ਨੇ ਖੂਬ ਤਰੱਕੀ ਕੀਤੀ। ਮੁਗਲ ਬਾਦਸ਼ਾਹਾਂ ਨੇ ਇਮਾਰਤ ਕਲਾ ਵਿੱਚ ਵਿਸ਼ੇਸ਼ ਰੁਚੀ ਦਿਖਾਈ ਅਤੇ ਇਸ ਤਰ੍ਹਾਂ ਇਹ ਕਲਾ ਸ਼ਾਹ ਜਹਾਨ ਦੇ ਸਮੇਂ ਬਹੁਤ ਉੱਚ ਪੱਧਰੀ ਅਤੇ ਸਿਖਰਾਂ ’ਤੇ ਪਹੁੰਚ ਗਈ। ਉਸ ਦੌਰਾਨ ਸੰਸਾਰ ਪ੍ਰਸਿੱਧ ਇਮਾਰਤਾਂ ਬਣਾਈਆਂ ਗਈਆਂ, ਜਿਨ੍ਹਾਂ ਵਿੱਚ ਤਾਜ ਮਹਿਲ ਵੀ ਇੱਕ ਹੈ, ਜਿਸ ਦੀ ਗਿਣਤੀ ਸੰਸਾਰ ਦੇ ਸੱਤ ਅਜੂਬਿਆਂ ਵਿਚ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀ ਇਸੇ ਸਮੇਂ ਦੀ ਬਣੀ ਇੱਕ ਹੋਰ ਇਮਾਰਤ ਅਮਾਨਤ ਖਾਨ ਵੱਲੋਂ ਬਣਾਈ ਸਰਾਏ ਸੀ, ਜਿਸ ਨੂੰ ਤਾਜ ਮਹਿਲ ਦੀ ਤਰ੍ਹਾਂ ਹੀ ਸਜਾਇਆ ਗਿਆ ਸੀ। ਇਹ ਸਰਾਏ ਪੰਜਾਬ ਵਿੱਚ ਅੰਮ੍ਰਿਤਸਰ ਤੋਂ ਕੋਈ 29 ਕਿਲੋਮੀਟਰ ਦੂਰ ਦੱਖਣ-ਪੂਰਬ ਦਿਸ਼ਾ ਵਿੱਚ ਤਰਨਤਾਰਨ-ਅਟਾਰੀ ਸੜਕ ’ਤੇ ਸਥਿਤ ਹੈ। ਅਮਾਨਤ ਖ਼ਾਨ ਮੁਗਲ ਅਦਾਲਤ ਵਿੱਚ ਇੱਕ ਉੱਚ ਅਧਿਕਾਰੀ ਸੀ ਅਤੇ ਉਹ ਉਸ ਦੀ ਸੁੰਦਰ ਲਿਖਾਈ ਲਈ ਜਾਣਿਆ ਜਾਂਦਾ ਸੀ। ਉਸ ਦੀ ਲਿਖਣ-ਕਲਾ ਅਦਭੁੱਤ ਸੀ ਅਤੇ ਇਹੀ ਕਾਰਣ ਸੀ ਕਿ ਸ਼ਾਹ ਜਹਾਨ ਨੇ ਉਸ ਨੂੰ 1632 ਈ: ਵਿੱਚ ‘ਅਬਦ-ਅਲ ਹੱਕ-ਸਿਰਾਂਜੀ’ ਦੇ ਖਿਤਾਬ ਨਾਲ ਨਿਵਾਜਿਆ ਸੀ। ਸਿਕੱਦਰਾਂ ਵਿੱਚ ਅਕਬਰ ਦੀ ਕਬਰ ਦੇ ਬਣੇ ਦਰਵਾਜੇ ’ਤੇ ਉਸ ਨੇ ਹੀ ਸ਼ਾਨਦਾਰ ਮੀਨਾਕਾਰੀ ਕੀਤੀ ਸੀ। ਇਸੇ ਤਰ੍ਹਾਂ ਮਦਰਾਸ ਮਸੀਤ ਅਤੇ ਛਿੰਨੀ ਦਜ ਰੋਜ਼ਾ ਆਗਰਾ ਦੀਆਂ ਇਮਾਰਤਾਂ ਦਾ ਵੀ ਅਮਾਨਤ ਖ਼ਾਨ ਨੇ ਡਿਜ਼ਾਇਨ ਬਣਾਇਆ ਸੀ ਪਰ ਉਹ ਤਾਜ ਮਹਿਲ ’ਚ ਨਿਕਾਸੀ ਕਰਨ ਕਰਕੇ ਵੱਧ ਪ੍ਰਸਿੱਧ ਹੋਇਆ। ਅਮਾਨਤ ਖ਼ਾਨ, ਬਾਦਸ਼ਾਹ ਸ਼ਾਹ ਜਹਾਨ ਦੇ ਦੀਵਾਨ ਆਲਮੀ ਅਫ਼ਜ਼ਲ ਖ਼ਾਨ ਦਾ ਭਰਾ ਸੀ, ਜਿਸ ਕਾਰਨ ਉਸ ਨੂੰ ਸਰਕਾਰੀ ਮਦਦ ਭਰਪੂਰ ਮਿਲਦੀ ਸੀ। ਸਮਕਾਲੀ ਪ੍ਰਸਿੱਧ ਲੇਖਕ ਚੰਦਰਾਭਾਨ ਬ੍ਰਾਹਮਣ ਅਨੁਸਾਰ ਆਲਮੀ ਅਫ਼ਜ਼ਲ ਖ਼ਾਨ ਦੀ ਮੌਤ 17 ਜਨਵਰੀ 1639 ਨੂੰ ਹੋ ਗਈ ਸੀ ਅਤੇ ਉਸ ਦੀ ਮੌਤ ਤੋਂ ਤੁਰੰਤ ਬਾਅਦ ਅਮਾਨਤ ਖ਼ਾਨ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਸੇਵਾ ਮੁਕਤ ਹੋ ਕੇ ਵੱਖਰਾ ਜੀਵਨ ਜਿਊਣਾ ਸ਼ੁਰੂ ਕਰ ਦਿੱਤਾ। ਉਸ ਨੇ ਹੀ 1640 ਵਿੱਚ ਲਾਹੌਰ ਤੋਂ ਥੋੜੇ ਫ਼ਾਸਲੇ ’ਤੇ ਇਕ ਰੂਹ ਖੁਸ਼ ਕਰਨ ਯੋਗ ਸਰਾਏ ਬਣਾਈ, ਜੋ ਬਾਅਦ ਵਿੱਚ ਅਮਾਨਤ ਖ਼ਾਨ ਦੀ ਸਰਾਏ ਦੇ ਤੌਰ ’ਤੇ ਪ੍ਰਸਿੱਧ ਹੋਈ। ਇਹ ਸਰਾਏ ਪ੍ਰਸਿੱਧ ਜਰਨੈਲੀ ਸੜਕ ’ਤੇ ਹੋਣ ਕਾਰਨ ਲਾਹੌਰ-ਆਗਰਾ ਰੂਟ ’ਤੇ ਜਾਣ ਵਾਲੇ ਯਾਤਰੀਆਂ ਲਈ ਆਰਾਮ ਘਰ ਦਾ ਕੰਮ ਵੀ ਕਰਦੀ ਸੀ, ਜਿੱਥੇ ਖੂਬ ਮਹਿਮਾਨ-ਨਿਵਾਜ਼ੀ ਹੁੰਦੀ। ਇੱਥੇ ਰੁਕਣ ਵਾਲੇ ਯਾਤਰੀ ਇਸ ਸਰਾਏ ਅੰਦਰ ਬਣੇ ਕਮਰਿਆਂ ਵਿੱਚ ਆਰਾਮ ਕਰਦੇ ਅਤੇ ਨਾਲ ਲੱਗਦੀ ਸ਼ਾਨਦਾਰ ਮਸੀਤ ਵਿੱਚ ਨਮਾਜ਼ ਅਦਾ ਕਰਦੇ। ਇਸ ਕੰਮ ਲਈ ਉਹ ਖੁੱਲ੍ਹੇ ਅਤੇ ਚੌੜੇ ਵਰਾਂਡਿਆਂ ਦੀ ਵਰਤੋਂ ਵੀ ਕਰ ਲੈਂਦੇ। ਇਸ ਤਰ੍ਹਾਂ ਇਹ ਸਰਾਏ ਬਹੁਤ ਪ੍ਰਸਿੱਧ ਹੋ ਗਈ। ਸਮੇਂ ਦੇ ਨਾਲ-ਨਾਲ ਇਹ ਸਰਾਏ, ਜੋ ਨਾਨਕ ਸ਼ਾਹੀ ਇੱਟਾਂ ਦੀ ਬਣੀ ਹੋਈ ਸੀ, ਸਰਕਾਰਾਂ ਦੀ ਬੇ-ਰੁਖੀ ਕਾਰਨ ਢਹਿ-ਢੇਰੀ ਹੋਣ ਲੱਗ ਪਈ। ਇਸ ਦਾ ਪੂਰਬੀ ਹਿੱਸਾ ਇੱਟਾਂ ਦੇ ਡਿੱਗਣ ਕਾਰਨ ਬਰਬਾਦੀ ਵੱਲ ਵੱਧ ਰਿਹਾ ਹੈ। ਇਸ ਤੋਂ 800 ਮੀਟਰ ਦੀ ਦੂਰੀ ’ਤੇ ਬਣਿਆ ਖਾਨ ਦਾ ਮਕਬਰਾ ਤਬਾਹ ਹੋ ਚੁੱਕਿਆ ਹੈ। ਇਹ ਸਰਾਏ ਅਮਾਨਤ ਖ਼ਾਨ ਦੇ ਨਾਂ ’ਤੇ ਵਸੇ ਪਿੰਡ ਦੇ ਬਿਲਕੁਲ ਵਿਚਕਾਰ ਹੋਣ ਕਰਕੇ ਬਹੁਤ ਸਾਰੇ ਲੋਕਾਂ ਨੇ ਇੱਥੇ ਕਬਜ਼ਾ ਕਰ ਕੇ ਆਪਣੀਆਂ ਦੁਕਾਨਾਂ ਬਣਾ ਲਈਆਂ ਹਨ ਜਾਂ ਕਈਆਂ ਨੇ ਰਿਹਾਇਸ਼ੀ ਕਬਜ਼ੇ ਕਰ ਲਏ ਹਨ। ਹੁਣ ਪੁਰਾਤਤਵ ਵਿਭਾਗ ਵੱਲੋਂ ਕੁਝ ਸੰਭਾਲ ਕਰ ਕੇ, ਸਰਾਏ ਦੇ ਅੰਦਰਲੇ ਕਮਰਿਆਂ ਤੋਂ ਕਬਜ਼ਾ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਕਮਰਿਆਂ ਵਿੱਚ ਸਦੀਆਂ ਤੋਂ ਵਸੇ ਲੋਕ ਆਪਣੀ ਮਲਕੀਅਤ ਦਾ ਦਾਅਵਾ ਕਰਦੇ ਹਨ। ਇਸੇ ਸਰਾਏ ਸਬੰਧੀ ਇਹ ਗੱਲ ਚੰਗੀ ਹੋਈ ਕਿ ਅੰਗਰੇਜ਼ੀ ਸਰਕਾਰ ਨੇ 25 ਜੂਨ 1928 ਨੂੰ ਆਪਣੇ ਗਜਟ ਨੋਟੀਫਿਕੇਸ਼ਨ ਨੰਬਰ-19571 ਰਾਹੀਂ ਇਸ ਨੂੰ ਕੌਮੀ ਸੰਪਤੀ ਐਲਾਨਿਆ ਸੀ। ਪਰ ਇਸ ਸਮੇਂ ਇਸ ਇਮਾਰਤ ਦੇ ਕਈ ਹਿੱਸੇ ਤਰਸਯੋਗ ਹਾਲਤ ਵਿੱਚ ਹਨ ਅਤੇ ਬਹੁਤ ਸਾਰੀਆਂ ਛੱਤਾਂ ਡਿਗ ਚੁੱਕੀਆਂ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੀਆਂ ਇਤਿਹਾਸਿਕ ਮਹੱਤਤਾ ਵਾਲੀਆਂ ਇਮਾਰਤਾਂ ਨੂੰ ਪਹਿਲ ਦੇ ਕੇ ਉਨ੍ਹਾਂ ਦੀ ਦੇਖ ਭਾਲ ਕਰ ਕੇ, ਮੁਰੰਮਤ ਨੂੰ ਪਹਿਲ ਦਿੱਤੀ ਜਾਵੇ। ਸੰਪਰਕ: 98764-52223

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All