ਮੀਡੀਆ ਅਤੇ ਇੰਟਰਨੈੱਟ

ਮੀਡੀਆ ਅਤੇ ਇੰਟਰਨੈੱਟ ਵੱਖਰੇ-ਵੱਖਰੇ ਖੇਤਰ ਨਾਲ ਸਬੰਧਿਤ ਜਾਪਦੇ ਹਨ। ਅਸਲ ਵਿੱਚ ਦੋਵੇਂ ਹੀ ਪ੍ਰਸਾਰ ਦੇ ਸਾਧਨ ਹਨ। ਛਪਿਆ ਹੋਇਆ ਅੱਖਰ, ਅਖ਼ਬਾਰ, ਸਿਨੇਮਾ, ਦਸਤਾਵੇਜ਼ੀ, ਰੇਡੀਓ, ਟੀ.ਵੀ., ਮੈਗਜ਼ੀਨ ਆਦਿ ਪ੍ਰਸਾਰ ਸਾਧਨਾਂ ਦੇ ਵੱਖ-ਵੱਖ ਰੂਪ ਹਨ। ਇੰਟਰਨੈੱਟ, ਇਸ ਦਾ ਸਭ ਤੋਂ ਆਧੁਨਿਕ ਰੂਪ ਹੈ। ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਦਾ ਆਪਸ ਵਿੱਚ ਜੁੜਨਾ ਨੈੱਟਵਰਕ ਅਖਵਾਉਂਦਾ ਹੈ। ਨੈੱਟਵਰਕ ਕੰਪਿਊਟਰਾਂ ਨੂੰ ਆਪਸ ਵਿੱਚ ਜੋੜ ਕੇ ਸੂਚਨਾਵਾਂ ਅਤੇ ਸੋਮਿਆਂ ਦੀ ਸਾਂਝ ਪੈਦਾ ਕਰਦਾ ਹੈ। ਦੁਨੀਆਂ  ਦੇ ਸਾਰੇ ਕੰਪਿਊਟਰ ਤੇ ਨੈੱਟਵਰਕ ਮਿਲ ਕੇ, ਜੋ ਵੱਡਾ ਨੈੱਟਵਰਕ ਬਣਾਉਂਦੇ ਹਨ, ਉਸ ਨੂੰ ਇੰਟਰਨੈਸ਼ਨਲ ਨੈੱਟਵਰਕ ਕਿਹਾ ਜਾਂਦਾ ਹੈ। ਇਸ ਨੂੰ ਸੰਖੇਪ ਵਿੱਚ ਇੰਟਰਨੈੱਟ ਤੇ ਆਮ ਤੌਰ 'ਤੇ ਨੈੱਟ ਹੀ ਕਿਹਾ ਜਾਂਦਾ ਹੈ। ਇਸ ਦੀ ਖੋਜ ਦਾ ਪਿਛੋਕੜ 19ਵੀਂ ਸਦੀ ਵਿੱਚ ਟੈਲੀਗਰਾਫ਼ ਪ੍ਰਣਾਲੀ ਨਾਲ ਜੁੜਦਾ ਹੈ। ਅਜੋਕੇ ਇਤਿਹਾਸ ਨੂੰ ਲਿਆ ਜਾਵੇ ਤਾਂ ਇਹ 1950ਵਿਆਂ ਅਤੇ 1960ਵਿਆਂ ਵਿੱਚ ਕੰਪਿਊਟਰ ਦੇ ਵਿਕਾਸ ਨਾਲ ਜੁੜਿਆ ਹੋਇਆ ਹੈ। ਇਸ ਦੀ ਖੋਜ ਅਮਰੀਕਾ ਵਿੱਚ ਸੰਨ 1960 'ਚ ਹੋਈ। ਇਸ ਦੀ ਵਪਾਰਕ ਵਰਤੋਂ ਸੰਨ 1990 ਵਿੱਚ ਹੋਣ ਲੱਗੀ। ਇਸ ਲਈ ਬਾਕਾਇਦਾ ਨਿਯਮਾਂਵਲੀ ਬਣਾਈ ਗਈ, ਜਿਸ ਨੂੰ ਇੰਟਰਨੈੱਟ ਪ੍ਰੋਟੋਕੋਲ ਸੂਟ (ਟੀ.ਪੀ.ਸੀ./ਆਈ.ਪੀ.) ਕਿਹਾ ਜਾਂਦਾ ਹੈ। ਇਸ ਤਰ੍ਹਾਂ ਆਮ ਆਦਮੀ ਲਈ ਇਸ ਦਾ ਰਾਹ ਖੁੱਲ੍ਹ ਗਿਆ। ਅੱਜ ਕੋਈ ਵੀ ਖੇਤਰ ਅਜਿਹਾ ਨਹੀਂ, ਜਿੱਥੇ ਇਸ ਦੀ ਵਰਤੋਂ ਨਹੀਂ ਹੋ ਰਹੀ। ਇੱਕ ਅੰਦਾਜ਼ੇ ਅਨੁਸਾਰ ਸੰਨ 2009 ਵਿੱਚ ਇੱਕ ਚੌਥਾਈ ਦੁਨੀਆਂ ਇਸ ਦੀ ਵਰਤੋਂ ਕਰ ਰਹੀ ਸੀ। ਇਸ ਦੇ ਹਰਮਨ ਪਿਆਰਾ ਹੋਣ ਦਾ ਕਾਰਨ ਇਹ ਹੈ ਕਿ ਇਸ 'ਤੇ ਕਿਸੇ ਵਿਸ਼ੇਸ਼ ਵਿਅਕਤੀ, ਦੇਸ਼ ਜਾਂ ਸੰਸਥਾ ਦਾ ਕਬਜ਼ਾ ਨਹੀਂ ਹੈ। ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਦਾ ਆਪਣਾ ਪਲੇਟਫਾਰਮ ਹੈ। ਆਪਣੀ ਵੈੱਬਸਾਈਟ ਬਣਾਉਣ ਲਈ, ਇੱਕ ਤਾਂ ਡੋਮੇਨ ਦਾ ਨਾਂ ਰਜਿਸਟਰ ਕਰਵਾਉਣਾ ਪੈਂਦਾ ਹੈ ਅਤੇ ਦੂਜਾ ਜਗ੍ਹਾ ਲੈਣੀ ਪੈਂਦੀ ਹੈ। ਇੰਟਰਨੈੱਟ ਕਾਰਪੋਰੇਸ਼ਨ ਫਾਰ ਅਸਾਇੰਡ ਨੇਮਜ਼ ਐਂਡ ਨੰਬਰ (ਆਈ.ਸੀ.ਏ.ਐਨ.ਐਨ.), ਡੋਮੇਨ ਰਜਿਸਟਰ ਕਰਦੀ ਹੈ।

ਇੰਟਰਨੈੱਟ ਨੇ ਖ਼ਬਰ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ। ਉਹ ਵੀ ਸਮਾਂ ਸੀ ਜਦੋਂ ਲੋਕ ਇਹ ਜਾਣਨ ਕਿ ਦੇਸ਼ ਅਤੇ ਹੋਰਨਾਂ ਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਵਿੱਚ ਕੀ ਵਾਪਰ ਚੁੱਕਿਆ ਹੈ, ਲਈ ਸਵੇਰੇ-ਸਵੇਰੇ ਕੁਝ ਘੰਟੇ ਪਹਿਲਾਂ ਛਪੇ ਅਖ਼ਬਾਰਾਂ ਦੇ ਪੰਨੇ ਖੋਲ੍ਹਦੇ ਸਨ ਅਤੇ ਉਸ ਬੀਤੀ ਹੋਈ ਘਟਨਾ ਨੂੰ ਖ਼ਬਰ ਕਿਹਾ ਜਾਂਦਾ ਸੀ। ਜਦੋਂ ਟੈਲੀਵਿਜ਼ਨ ਦੀ ਆਮਦ ਹੋਈ ਤਾਂ ਖ਼ਬਰ ਦਾ ਅਰਥ ਹੀ ਬਦਲ ਗਿਆ ਕਿਉਂਕਿ ਟੈਲੀਵਿਜ਼ਨ ਵਿੱਚ ਲਾਈਵ ਟੀ.ਵੀ. ਰਾਹੀਂ ਦਰਸ਼ਕਾਂ ਨੂੰ ਵਾਪਰ ਰਹੀ ਘਟਨਾ ਦੇ ਦਰਸ਼ਨ ਕਰਾਏ ਜਾਣ ਲੱਗੇ ਤੇ ਖ਼ਬਰ ਦਾ ਇਹ ਮਤਲਬ ਨਾ ਰਿਹਾ ਕਿ ਕੀ ਕੁਝ ਵਾਪਰ ਚੁੱਕਿਆ ਹੈ ਸਗੋਂ ਇਹ ਮਤਬਲ ਬਣ ਗਿਆ ਕਿ ਕੀ ਕੁਝ ਹੋ ਰਿਹਾ ਹੈ। ਇਹੋ ਕਾਰਨ ਹੈ ਕਿ ਟੀ.ਵੀ. ਵੇਖਣ ਉਪਰੰਤ ਅਖ਼ਬਾਰ ਵਿੱਚ ਆਈਆਂ ਸੁਰਖੀਆਂ, ਓਨਾ ਪ੍ਰਭਾਵ ਨਹੀਂ ਦਿੰਦੀਆਂ। ਸਮਾਂ ਪਾ ਕੇ ਟੀ.ਵੀ. ਤੋਂ ਵੀ ਤੇਜ਼ ਅਤੇ ਕਲਪਨਾ ਤੋਂ ਵੀ ਸ਼ਕਤੀਸ਼ਾਲੀ ਮਾਧਿਅਮ ਇੰਟਰਨੈੱਟ ਪ੍ਰਸਾਰ ਸਾਧਨ ਸੰਸਾਰ ਵਿੱਚ ਸਭ ਤੋਂ ਸਸਤੀ ਅਤੇ ਸੌਖੀ ਸ਼ਕਲ ਵਿੱਚ ਪੇਸ਼ ਹੈ। ਜਿੱਥੋਂ ਤੱਕ ਇੰਟਰਨੈੱਟ ਅਤੇ ਪ੍ਰੰਪਰਾਗਤ ਮੀਡੀਆ ਦੇ ਆਪਸੀ ਪ੍ਰਭਾਵ ਦਾ ਸਬੰਧ ਹੈ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਇੰਟਰਨੈੱਟ ਨੂੰ ਅਖ਼ਬਾਰਾਂ ਅਤੇ ਰਸਾਲੇ ਕਿਵੇਂ ਵਰਤਦੇ ਹਨ। ਅਖ਼ਬਾਰ ਵਿੱਚ ਛਪੀਆਂ ਖ਼ਬਰਾਂ ਜਨ-ਸਾਧਾਰਨ ਤੱਕ ਪਹੁੰਚਦੀਆਂ ਹਨ। ਕੁਝ ਖ਼ਬਰਾਂ ਸਚਾਈ, ਕੁਝ ਅੰਕੜੇ ਤੇ ਕੁਝ ਘਟਨਾ´ਮ ਪੇਸ਼ ਕਰ ਰਹੀਆਂ ਹੁੰਦੀਆਂ ਹਨ ਪਰ ਕੁਝ ਖ਼ਬਰਾਂ ਅੱਧ-ਪਚੱਧੀਆਂ ਸੱਚੀਆਂ ਹੁੰਦੀਆਂ ਹਨ ਅਤੇ ਕੁਝ ਘਟਨਾਵਾਂ ਉਘੜ-ਦੁਘੜ ਤੇ ਉਨ੍ਹਾਂ ਦੀ ਪੇਸ਼ਕਾਰੀ ਅਸੰਗਤ ਹੁੰਦੀ ਹੈ। ਪਰ ਇੰਟਰਨੈੱਟ ਉੱਪਰ ਦਰਸ਼ਕ ਆਪਣੀ ਰਾਏ ਪੇਸ਼ ਕਰ ਸਕਦੇ ਹਨ। ਉਹ ਆਪਸੀ ਸੰਵਾਦ ਰਚਾ ਸਕਦੇ ਹਨ। ਇਸ ਲਈ ਇਸ ਪੱਖੋਂ ਇੰਟਰਨੈੱਟ ਇੱਕ ਸ਼ਕਤੀਸ਼ਾਲੀ ਪ੍ਰਸਾਰ ਮਾਧਿਅਮ ਹੈ। ਇਹੋ ਕਾਰਨ ਹੈ ਕਿ ਹੁਣ ਅਖ਼ਬਾਰਾਂ, ਰਸਾਲਿਆਂ ਵਾਲਿਆਂ, ਪ੍ਰਕਾਸ਼ਕਾਂ ਤੇ ਹੋਰਨਾਂ ਨੇ ਆਪੋ-ਆਪਣੀਆਂ ਵੈੱਬਸਾਈਟਾਂ ਬਣਾ ਕੇ ਉਨ੍ਹਾਂ ਨੂੰ ਇੰਟਰਨੈੱਟ ਉੱਪਰ ਪਾਇਆ ਹੋਇਆ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਅੱਜ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਵਿਅਕਤੀ ਇਨ੍ਹਾਂ ਨੂੰ ਪੜ੍ਹ ਸਕਦਾ ਹੈ। ਪ੍ਰਕਾਸ਼ਤ ਖ਼ਬਰਾਂ ਵੀ ਪ੍ਰਕਾਸ਼ਤ ਹੋਣ ਮਗਰੋਂ ਇੰਟਰਨੈੱਟ ਉੱਪਰ ਉਪਲੱਬਧ ਹੁੰਦਿਆਂ ਸਾਰ, ਉਸੇ ਵੇਲੇ ਦਰਸ਼ਕਾਂ ਦੇ ਸਨਮੁੱਖ ਹੋ ਜਾਂਦੀਆਂ ਹਨ। ਇੰਟਰਨੈੱਟ ਉੱਪਰ ਪਰਚੇ ਉਪਲਬੱਧ ਹੋਣ ਨਾਲ, ਜਿੱਥੇ ਦੁਨੀਆਂ ਭਰ ਦੇ ਲੋਕ ਪੜ੍ਹ ਸਕਦੇ ਹਨ, ਉੱਥੇ ਮਣਾਂਮੂੰਹੀਂ ਕਾਗ਼ਜ਼ ਤੇ ਸਿਆਹੀ ਦੀ ਬੱਚਤ ਹੋ ਰਹੀ ਹੈ। ਇੰਟਰਨੈੱਟ ਪੇਪਰ, ਵਾਤਾਵਰਨ ਸ਼ੁੱਧ ਰੱਖਣ ਵਿੱਚ ਸਹਾਈ ਹੋ ਰਿਹਾ ਹੈ। ਇਸ ਦਾ ਇਹ ਵੀ ਲਾਭ ਹੋਇਆ ਹੈ ਕਿ ਦਰਸ਼ਕ ਮਾਊਸ ਦੇ ਇੱਕ ਕਲਿਕ ਨਾਲ ਪਿਛਲੀ ਕੋਈ ਵੀ ਅਖ਼ਬਾਰ ਪੜ੍ਹ ਸਕਦਾ ਹੈ, ਪਿਛਲੇ ਨਾਟਕ ਵੇਖ ਸਕਦੇ ਹੈ। ਗੁਗਲ ਸਰਚ ਨਾਲ ਇੱਕ ਵਿਸ਼ੇ 'ਤੇ ਵੱਖ-ਵੱਖ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਪ੍ਰਕਾਸ਼ਤ ਖ਼ਬਰਾਂ ਤੇ ਲੇਖ ਪੜ੍ਹ ਸਕਦਾ ਹੈ। ਉਸ ਨੂੰ ਔਖੇ ਸ਼ਬਦਾਂ ਲਈ ਸ਼ਬਦਕੋਸ਼ ਦੀ ਲੋੜ ਨਹੀਂ, ਉਹ ਇੰਟਰਨੈੱਟ ਉੱਪਰ ਹੀ ਉਪਲੱਬਧ ਡਿਕਸ਼ਨਰੀਆਂ ਤੋਂ ਸੌਖਿਆਂ ਹੀ ਇਸ ਦੇ ਅਰਥ ਵੇਖ ਸਕਦਾ ਹੈ। ਇਸ ਨਾਲ ਉਸ ਦੇ ਸਮੇਂ ਦੀ ਬੱਚਤ ਹੁੰਦੀ ਹੈ ਤੇ ਵੱਖ-ਵੱਖ ਡਿਕਸ਼ਨਰੀਆਂ ਵਿੱਚ ਮਿਲਦੇ ਅਰਥਾਂ ਦਾ ਵੀ ਪਤਾ ਲੱਗ ਜਾਂਦਾ ਹੈ। ਇਹ ਇੰਟਰਨੈੱਟ ਕਾਰਨ ਹੀ ਸੰਭਵ ਹੋ ਸਕਿਆ ਹੈ ਕਿ 115 ਦੇਸ਼ਾਂ ਵਿੱਚ ਵੱਸਦੇ ਪੰਜਾਬੀ ਘਰ ਬੈਠੇ ਹੀ ਪੰਜਾਬੀ ਸਿੱਖ ਰਹੇ ਹਨ। ਇੰਟਰਨੈੱਟ ਨੇ ਅਨੁਵਾਦ ਦੀ ਸਮੱਸਿਆ ਵੀ ਹੱਲ ਕਰ ਦਿੱਤੀ ਹੈ। ਮਾਊਸ ਦੇ ਇੱਕ ਕਲਿਕ ਨਾਲ ਪੰਜਾਬੀ ਸਮੇਤ ਹਰੇਕ ਭਾਸ਼ਾ ਦਾ ਦੂਜੀ ਭਾਸ਼ਾ ਵਿੱਚ ਅਨੁਵਾਦ ਹੋ ਜਾਂਦਾ ਹੈ। ਇਸੇ ਤਰ੍ਹਾਂ ਬੋਲਣ 'ਤੇ ਆਪਣੇ-ਆਪ ਸ਼ਬਦ ਟਾਈਪ ਹੋਈ ਜਾਂਦੇ ਹਨ। ਵਿਆਕਰਨ ਦੀਆਂ ਗ਼ਲਤੀਆਂ ਦਾ ਨਾਲੋਂ-ਨਾਲ ਪਤਾ ਲੱਗ ਜਾਂਦਾ ਹੈ। ਦੁਨੀਆਂ ਭਰ ਦੇ ਟੀ.ਵੀ. ਚੈਨਲ ਇੰਟਰਨੈੱਟ ਦੀ ਮਦਦ ਨਾਲ ਵੇਖੇ ਜਾ ਸਕਦੇ ਹਨ। ਇਸ ਤਰ੍ਹਾਂ ਇੰਟਰਨੈੱਟ ਸਮੁੰਦਰ ਦੀ ਤਰ੍ਹਾਂ ਹੈ, ਜਿਸ ਵਿੱਚ ਜਦ ਵੀ ਤੁਸੀਂ ਟੁੱਭੀ ਮਾਰੋਗੇ, ਹਰ ਵਾਰ ਨਵੇਂ ਮੋਤੀ ਹੱਥ ਲੱਗਣਗੇ। ਮੁਕਾਬਲੇ ਦੀ ਇਸ ਦੁਨੀਆਂ ਵਿੱਚ ਪੰਜਾਬੀਆਂ ਨੇ ਅਥਾਹ ਲਗਨ ਤੇ ਮਿਹਨਤ ਨਾਲ ਅੱਜ ਇੰਟਰਨੈੱਟ ਉੱਪਰ ਪੰਜਾਬੀ ਨੂੰ ਸਮੇਂ ਦਾ ਹਾਣੀ ਬਣਾ ਦਿੱਤਾ ਹੈ। ਸਭ ਦੀ ਸਹੂਲਤ ਲਈ ਵੱਖ-ਵੱਖ ਤਰ੍ਹਾਂ ਦੇ ਫੌਂਟ ਤੇ ਸਾਫ਼ਟਵੇਅਰ ਤਿਆਰ ਕੀਤੇ ਗਏ ਪਰ  ਇਸ ਦਾ ਸਿੱਟਾ ਨਿਕਲਿਆ ਕਿ ਹਰੇਕ ਫੌਂਟ ਦਾ ਆਪਣਾ ਹੀ ਕੀ ਬੋਰਡ ਹੈ। ਇਸ ਨਾਲ ਕਈ ਮੁਸ਼ਕਲਾਂ ਪੈਦਾ ਹੋ ਗਈਆਂ। ਇਸ ਨੂੰ ਹੱਲ ਕਰਨ ਲਈ ਹੁਣ ਯੂਨੀਕੋਡ ਤਿਆਰ ਕੀਤਾ ਗਿਆ ਹੈ, ਜਿੱਥੇ ਫੌਂਟ ਦੀ ਕੋਈ ਸਮੱਸਿਆ ਨਹੀਂ ਹੈ। ਫੌਂਟ ਤਬਦੀਲ ਕਰਨ ਲਈ ਅੱਖਰ ਤੇ ਹੋਰ ਫੌਂਟ ਕਨਵਰਟਰ ਆ ਗਏ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਗੁਰਪ੍ਰੀਤ ਲਹਿਲ, ਡਾ. ਵਿਸ਼ਾਲ ਗੋਇਲ ਤੇ ਹੋਰਨਾਂ ਤੋਂ ਇਲਾਵਾ ਜਨਮੇਜਾ ਸਿੰਘ ਜੌਹਲ, ਡਾ. ਕੁਲਬੀਰ ਸਿੰਘ ਥਿੰਦ (ਜਿਸ ਨੂੰ ਪੰਜਾਬੀ ਫੌਂਟ ਦਾ ਜਨਮਦਾਤਾ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ 1984 ਵਿੱਚ ਸਭ ਤੋਂ ਪਹਿਲਾਂ ਪੰਜਾਬੀ ਫੌਂਟ ਤਿਆਰ ਕੀਤੇ),  ਹਰਦੀਪ ਸਿੰਘ ਪੰਨੂ, ਕਿਰਪਾਲ ਸਿੰਘ ਪੰਨੂ, ਸੁਖਜਿੰਦਰ ਸਿੰਘ ਸਿੱਧੂ, ਮਨਦੀਪ ਸਿੰਘ, ਡਾ. ਵਰਿੰਦਰ ਸਿੰਘ ਕਾਲੜਾ, ਤੇਜਿੰਦਰ ਸਿੰਘ ਸੈਣੀ ਆਦਿ ਦਾ ਇਸ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਹੈ। ਸੰਨ 1990 ਵਿੱਚ ਸੈਂਟਰਲ ਇੰਸਟੀਚਿਊਟ ਆਫ਼ ਇੰਡੀਅਨ ਲੈਂਗੂਏਜਜ਼ (ਸੀ.ਆਈ.ਐਲ.) ਮੈਸੂਰ ਨੇ ਪੰਜਾਬੀ ਵਿੱਚ ਪਹਿਲਾ ਪੰਜਾਬੀ ਕਾਰਪਸ ਤਿਆਰ ਕੀਤਾ। ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 'ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ (Advanced Centre for Technical Development of Punjabi Language, Literature& Culture)’ ਫਰਵਰੀ 2004 ਤੋਂ ਕੰਮ ਕਰ ਰਿਹਾ ਹੈ, ਜਿਸ ਦੀ ਵੈੱਬਸਾਈਟ www.advancedcentre punjabi. org ਹੈ। ਗੁਰਮੁਖੀ, ਸ਼ਾਹਮੁਖੀ, ਦੇਵਨਾਗਰੀ, ਰੋਮਨ ਆਦਿ ਲਿਪੀਆਂ ਦਾ ਆਪਸੀ  ਲਿਪੀਅੰਤਰਨ ਕਰਨ, ਵਿਆਕਰਨ ਨੂੰ ਸੁਖਾਲਾ ਤੇ ਸੁਲੱਭ ਬਣਾਉਣ ਵਾਲੇ ਔਜ਼ਾਰਾਂ ਦਾ ਨਿਰਮਾਣ ਕਰਨ, ਹਿੰਦੀ, ਪੰਜਾਬੀ ਤੇ ਉਰਦੂ ਦਰਮਿਆਨ ਅਨੁਵਾਦ ਕਰਨ,ਮੌਖਿਕ ਬੋਲੀ ਨੂੰ ਸਵੈਚਾਲਿਤ ਢੰਗ ਨਾਲ ਲਿਖਤ ਸਮੱਗਰੀ ਵਿੱਚ ਤਬਦੀਲ ਕਰਨ ਅਤੇ ਇਸ ਤੋਂ ਉਲਟ ਪਾਠ-ਸਮੱਗਰੀ ਨੂੰ ਉਚਾਰਨ ਵਿੱਚ ਤਬਦੀਲ ਕਰਨ ਲਈ ਇਹ ਅਦਾਰਾ ਤਕਨੀਕਾਂ ਅਤੇ ਔਜ਼ਾਰਾਂ ਦੀ ਖੋਜ ਕਰਨ ਵਿੱਚ ਜੁਟਿਆ ਹੋਇਆ ਹੈ। ਇਸ ਅਦਾਰੇ ਵਿਖੇ ਹੋਰਨਾਂ ਤੋਂ ਇਲਾਵਾ ਹੇਠ ਲਿਖੇ ਸਾਫਟਵੇਅਰਜ਼/ਤਕਨੀਕ ਟੂਲਜ਼ ਦਾ ਵਿਕਾਸ ਹੋ ਚੁੱਕਾ ਹੈ:- ਆਨਲਾਈਨ ਪੰਜਾਬੀ ਅਧਿਆਪਨ http://www.advancecent repunjabi.org/keyboard.html: ਇਸ ਸਾਫਟਵੇਅਰ ਦੀ ਸਹਾਇਤਾ ਨਾਲ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਅੰਗਰੇਜ਼ੀ ਮਾਧਿਅਮ ਵਾਲਾ ਵਿਅਕਤੀ ਪੰਜਾਬੀ ਸਿੱਖ ਸਕਦਾ ਹੈ। ਗੁਰਮੁਖੀ ਯੂਨੀਕੋਡ ਟਾਈਪਿੰਗ ਪੈਡ (Gurmukhi "Unicode "Typing Pad): ਇਸ ਨਾਲ ਵਿਅਕਤੀ ਸੌਖਿਆਂ ਹੀ ਯੂਨੀਕੋਡ ਟਾਈਪ ਕਰ ਸਕਦਾ ਹੈ। ਗੁਰਮੁਖੀ ਤੋਂ ਸ਼ਾਹਮੁਖੀ ਲਿਪੀਅੰਤਰਨ (Gurmukhi to Shahmukhi("urdu) "Transliteration "utility): ਇਸ ਸਾਫਟਵੇਅਰ ਨਾਲ ਇੱਕ ਮਾਊਸ ਕਲਿੱਕ ਰਾਹੀਂ ਗੁਰਮੁਖੀ ਲਿਪੀ ਵਿੱਚ ਲਿਖੀ ਪਾਠ-ਸਮੱਗਰੀ ਨੂੰ ਸ਼ਾਹਮੁਖੀ ਵਿੱਚ ਬਦਲਿਆ ਜਾ ਸਕਦਾ ਹੈ। ਸ਼ਾਹਮੁਖੀ ਤੋਂ ਗੁਰਮੁਖੀ ਲਿਪੀਅੰਤਰਨ (Shahmukhi to Gurmukhi"Transliteration "utility): ਇਹ ਸਾਫਟਵੇਅਰ ਸ਼ਾਹਮੁਖੀ ਵਿੱਚ ਲਿਖੀ ਪਾਠ-ਸਮੱਗਰੀ/ਵੈੱਬਸਾਈਟ ਨੂੰ ਗੁਰਮੁਖੀ ਵਿੱਚ ਬਦਲਣ ਦੇ ਸਮਰੱਥ ਹੈ। ਹਿੰਦੀ ਤੋਂ ਪੰਜਾਬੀ ਮਸ਼ੀਨ ਅਨੁਵਾਦ ਪ੍ਰਣਾਲੀ (8indi-Punjabi Machine " Transliteration System):http//h੨p. learnpunjabi.org. ਵੈਬਸਾਈਟ ਦੀ ਮਦਦ ਨਾਲ ਹਿੰਦੀ ਪਾਠ ਸਮੱਗਰੀ ਨੂੰ ਪੰਜਾਬੀ (ਗੁਰਮੁੱਖੀ) ਵਿੱਚ ਅਨੁਵਾਦ ਕੀਤਾ ਜਾ ਸਕਦਾ ਹੈ। ਨਾਲ ਈਮੇਲ ਸੰਦੇਸ਼ ਵੀ ਭੇਜਿਆ ਜਾ ਸਕਦਾ ਹੈ। ਇਸ ਨਾਲ ਹਿੰਦੀ ਦੀ ਵੈੱਬਸਾਈਟ ਨੂੰ ਪੰਜਾਬੀ ਵਿੱਚ ਵੀ ਪੜ੍ਹਿਆ ਜਾ ਸਕਦਾ ਹੈ। ਅੰਗਰੇਜ਼ੀ ਤੋਂ ਪੰਜਾਬੀ ਮਸ਼ੀਨ ਅਨੁਵਾਦ ਪ੍ਰਣਾਲੀ (English-Punjabi Machine " Transliteration System): http://h੨p.learnpunjabi. org/eng੨pun.aspx ਨਾਲ ਅੰਗਰੇਜ਼ੀ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਜਾ ਸਕਦਾ ਹੈ। ਪੰਜਾਬੀ ਤੋਂ ਹਿੰਦੀ ਮਸ਼ੀਨ ਅਨੁਵਾਦ ਪ੍ਰਣਾਲੀ (Punjabi - Hindi Machine "Transliteration System): ਪੰਜਾਬੀ ਤੋਂ ਹਿੰਦੀ ਅਨੁਵਾਦ ਦੀ ਸਹੂਲਤ ਅਦਾਰੇ ਦੀ ਵੈੱਬਸਾਈਟ ਦੇ ਮੁੱਖ ਪੰਨੇ ਉਤੇ ਦਰਸਾਏ ਲਿੰਕ ਵਾਲੀ ਵੈੱਬਸਾਈਟ 'ਤੇ ਉਪਲਬਧ ਹੈ। ਇਸ ਨਾਲ ਹੋਰਨਾਂ ਕੰਮਾਂ ਤੋਂ ਇਲਾਵਾ ਪੰਜਾਬੀ ਪਾਠ ਸਮੱਗਰੀ ਨੂੰ ਮਾਊਸ ਦੇ ਕਲਿੱਕ ਰਾਹੀਂ ਹਿੰਦੀ ਵਿੱਚ ਬਦਲਿਆ ਜਾ ਸਕਦਾ ਹੈ ਤੇ ਉਸ ਨੂੰ ਈਮੇਲ ਸੁਨੇਹੇ ਦੇ ਰੂਪ ਵਿੱਚ ਭੇਜਿਆ ਜਾ ਸਕਦਾ ਹੈ। ਮਲਟੀਮੀਡੀਆ ਆਧਾਰਿਤ ਪੰਜਾਬੀ-ਅੰਗਰੇਜ਼ੀ ਸ਼ਬਦ ਕੋਸ਼ (Multimedia enabled Punjabi - English Dictionary): ਇਹ ਸਾਫਟਵੇਅਰ ਗੁਰਮੁਖੀ ਅਤੇ ਸ਼ਾਹਮੁਖੀ ਲਿਪੀ ਵਿੱਚ ਪੰਜਾਬੀ ਭਾਸ਼ਾ ਦੇ ਸ਼ਬਦਾਂ ਦੀ ਸ਼ਬਦ ਸ਼੍ਰੇਣੀ ਅਤੇ ਉਨ੍ਹਾਂ ਦੇ ਅੰਗਰੇਜ਼ੀ ਵਿੱਚ ਅਰਥ ਦਰਸਾਉਂਦਾ ਹੈ। ਵੱਡੀ ਖੂਬੀ ਇਹ ਹੈ ਕਿ ਗੁਰਮੁਖੀ ਸ਼ਬਦਾਂ ਦਾ ਉਚਾਰਨ ਵੀ ਮੁਹੱਈਆ ਕਰਵਾਉਂਦਾ ਹੈ। ਇਸ ਵੈੱਬਸਾਈਟ ਵਿੱਚ 35,144 ਪੰਜਾਬੀ ਸ਼ਬਦ ਦਰਜ ਹਨ। ਗੁਰਮੁਖੀ ਓ.ਸੀ.ਆਰ. (Gurmukhi OCR): ਇਹ ਸਾਫਟਵੇਅਰ ਛਾਪੇ ਹੋਏ ਦਸਤਾਵੇਜ਼ ਅਜਿਹੇ ਰੂਪ ਵਿੱਚ ਪਰਿਵਰਤਿਤ ਕਰਨ ਦੀ ਸਮਰੱਥਾ ਰੱਖਦਾ ਹੈ ਜਿਸ ਨੂੰ ਬਾਅਦ ਵਿੱਚ ਸੰਪਾਦਿਤ ਕਰਨਾ ਸੌਖਾ ਹੋਵੇ। ਪੰਜਾਬੀ ਵਿਆਕਰਨ ਨਿਰੀਖਕ (punjabi Grammar Checker): ਇਹ ਵਿਆਕਰਨਕ ਪੱਖੋਂ ਤਰੁੱਟੀ ਵਾਲੇ ਸਾਧਾਰਨ ਵਾਕ ਦਾ ਨਿਰੀਖਣ ਕਰ ਕੇ ਉਸ ਨੂੰ ਸ਼ੁੱਧ ਕਰਨ ਦੀ ਸਮਰੱਥਾ ਰੱਖਦਾ ਹੈ। ਪੰਜਾਬੀ ਖੋਜ-ਇੰਜਣ (Punjabi Search Engine)-http://www.punjabikhoj.com ਗੁਗਲ ਆਧਾਰਿਤ ਪੰਜਾਬੀ ਖੋਜ ਇੰਜਣ ਹੈ। ਇਹ ਖੋਜ ਬਕਸੇ ਵਿੱਚ ਟਾਈਪ ਕੀਤੇ ਸ਼ਬਦ ਜਾਂ ਵਾਕਾਂਸ਼ ਦੇ ਆਧਾਰ 'ਤੇ ਵੈੱਬਸਾਈਟਾਂ/ਵੈੱਬ ਪੰਨਿਆਂ ਦੀ ਸੂਚੀ ਪ੍ਰਕਾਸ਼ਿਤ ਕਰਦਾ ਹੈ। ਪੰਜਾਬੀ ਦੇ ਨਾਲ-ਨਾਲ ਇਹ ਸ਼ਾਹਮੁਖੀ ਤੇ ਦੇਵਨਗਰੀ ਲਿਪੀ ਦੇ ਸ਼ਬਦਾਂ ਦੇ ਖੋਜਣ ਦੀ ਸਮਰੱਥਾ ਰੱਖਦਾ ਹੈ। ਲੱਭੇ ਜਾਣ ਵਾਲੇ ਸਮਾਨ-ਅਰਥ ਸ਼ਬਦਾਂ ਜਾਂ ਰਲਦੇ-ਮਿਲਦੇ ਸ਼ਬਦ-ਜੋੜਾਂ ਰਾਹੀਂ ਲੱਭਣ ਦੀ ਸਹੂਲਤ ਵੀ ਹੈ। ਖੋਜ-ਸੁਵਿਧਾ ਵਾਲੀ ਆਨ-ਲਾਈਨ ਬਹੁਭਾਸ਼ਾਈ ਪੁਰਾਤਨ ਜਨਮ ਸਾਖੀ (Online Searchable Multilingual Puratan Janam Sakhi): ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਪੁਰਾਤਨ ਜਨਮ ਸਾਖੀ ਨੂੰ ਗੁਰਮੁਖੀ, ਦੇਵਨਗਰੀ, ਸ਼ਾਹਮੁਖੀ ਤੇ ਰੋਮਨ ਲਿਪੀ ਵਿੱਚ ਕੇਂਦਰ ਦੀ ਵੈੱਬਸਾਈਟ ਉਪਰ ਪੜ੍ਹਿਆ ਜਾ ਸਕਦਾ ਹੈ। ਰੂਪ ਵਿਗਿਆਨਕ ਵਿਸ਼ਲੇਸ਼ਕ (Morphological Analyser): ਰੂਪ ਵਿਗਿਆਨਕ ਵਿਸ਼ਲੇਸ਼ਕ ਜਾਂ ਮੋਰਫੋਲੌਜੀਕਲ ਐਨਾਲਾਈਜ਼ਰ ਇੱਕ ਅਜਿਹਾ ਪ੍ਰੋਗਰਾਮ ਹੈ ਜੋ ਦਿੱਤੇ ਗਏ ਸ਼ਬਦ ਦੀਆਂ ਸਾਰੀਆਂ ਸੰਭਵ ਸ਼ਬਦ- ਸ਼੍ਰੇਣੀਆਂ, ਉਸ ਦਾ ਮੂਲ ਸ਼ਬਦ ਅਤੇ ਵਿਆਕਰਨਕ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ। ਇਸੇ ਤਰ੍ਹਾਂ ਦੇ ਹੋਰ ਕਈ ਪ੍ਰਾਜੈਕਟ ਕੇਂਦਰ ਵੱਲੋਂ ਚਲਾਏ ਜਾ ਰਹੇ ਹਨ। ਵਧੇਰੇ ਜਾਣਕਾਰੀ  www.advanced centrepunjabi.org, www.learnpunjabi.org, www.punjabikhoj.com ਤੋਂ ਲਈ ਜਾ ਸਕਦੀ ਹੈ। ਹੋਰ ਵੀ ਕਈ ਸੰਸਥਾਵਾਂ ਇਸ ਦਿਸ਼ਾ ਵਿੱਚ ਕੰਮ ਕਰ ਰਹੀਆਂ ਹਨ। ਇੱਕ ਸਮਾਜ ਸੇਵੀ ਸੰਸਥਾ ਅਕੈਡਮੀ ਆਫ ਪੰਜਾਬ ਇਨ ਨਾਰਥ ਅਮਰੀਕਾ ਵੱਲੋਂ ਚਲਾਈ ਜਾ ਰਹੀ ਵੈੱਬਸਾਈਟ http://www.apnaorg.com 'ਤੇ ਗੁਰਮੁਖੀ, ਸ਼ਾਹਮੁਖੀ, ਅੰਗਰੇਜ਼ੀ, ਉਰਦੂ ਆਦਿ ਵਿੱਚ ਆਨਲਾਈਨ ਪੁਸਤਕਾਂ ਹਨ। ਇਨ੍ਹਾਂ ਵਿੱਚੋਂ ਕਈ ਬਹੁਤ ਹੀ ਪੁਰਾਣੀਆਂ ਤੇ ਦੁਰਲੱਭ ਹਨ। ਕੋਈ ਵੀ ਵਿਅਕਤੀ ਇਸ ਵੈੱਬਸਾਈਟ 'ਤੇ ਬਿਨਾਂ ਕੋਈ ਕੀਮਤ ਅਦਾ ਕੀਤੇ ਆਪਣੀ ਪੁਸਤਕ ਪੁਆ ਸਕਦਾ ਹੈ। ਦੁਨੀਆਂ ਭਰ ਦੇ ਹਜ਼ਾਰਾਂ ਵਿਅਕਤੀ ਇਸ ਵੈੱਬਸਾਈਟ 'ਤੇ ਇਨ੍ਹਾਂ ਪੁਸਤਕਾਂ ਨੂੰ ਪੜ੍ਹਦੇ ਹਨ। ਇਸੇ ਤਰ੍ਹਾਂ ਮਹਾਨ ਕੋਸ਼, ਪੰਜਾਬੀ- ਅੰਗਰੇਜ਼ੀ ਡਿਕਸ਼ਨਰੀ, ਅੰਗਰੇਜ਼ੀ- ਪੰਜਾਬੀ ਡਿਕਸ਼ਨਰੀ ਤੇ ਅਣਗਿਣਤ ਸਮੱਗਰੀ ਇੰਟਰਨੈੱਟ ਉਪਰ ਹੈ। ਮਾਊਸ ਦੇ ਇੱਕ ਕਲਿਕ ਨਾਲ ਇਹ ਤੁਹਾਡੇ ਸਨਮੁਖ ਹੋ ਜਾਂਦੀ ਹੈ। http://www.ik13com/online_library.html ਤੋਂ ਭਾਈ ਕਾਹਨ ਸਿੰਘ ਰਚਿਤ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਫਰੀਦਕੋਟ ਵਾਲਾ ਟੀਕਾ, ਤਵਾਰੀਖ਼ ਗਰੂ ਖਾਲਸਾ, ਸ੍ਰੀ ਗੁਰੂ ਗ੍ਰੰਥ ਪ੍ਰਕਾਸ਼ ਅਤੇ ਕਈ ਹੋਰ ਗੰ੍ਰਥ ਕੋਈ ਵੀ ਪਾਠਕ ਆਪਣੇ ਕੰਪਿਊਟਰ 'ਤੇ ਪੀ.ਡੀ.ਐਫ. ਵਿੱਚ ਡਾਊਨਲੋਡ ਕਰ ਸਕਦਾ ਹੈ। ਇਸ ਕਾਰਜ ਲਈ ਭਾਈ ਬਲਜਿੰਦਰ ਸਿੰਘ ਰਾੜੇਵਾਲੇ ਪ੍ਰਸ਼ੰਸਾ ਦੇ ਪਾਤਰ ਹਨ। ਗੁਰਬਾਣੀ ਦੇ ਆਨਲਾਈਨ ਅਤੇ ਆਫਲਾਈਨ ਖੋਜ ਇੰਜਣ ਤਿਆਰ ਕੀਤੇ ਗਏ ਹਨ, ਜੋ ਵਿਦਿਆਰਥੀਆਂ, ਖੋਜਾਰਥੀਆਂ ਅਤੇ ਆਮ ਆਦਮੀ ਲਈ ਬਹੁਤ ਲਾਭਦਾਇਕ ਹਨ। ਡਾ. ਕੁਲਬੀਰ ਸਿੰਘ ਥਿੰਦ ਦੀ ਟੀਮ ਵੱਲੋਂ ਤਿਆਰ http://www.srigranth.org ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਸਮ ਗ੍ਰੰਥ ਬਾਰੇ ਵੱਡਮੁੱਲੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਨ੍ਹਾਂ ਦਾ ਵੱਖ-ਵੱਖ ਭਾਸ਼ਾਵਾਂ ਵਿੱਚ ਮੂਲ ਪਾਠ ਦੇ ਨਾਲ ਅਨੁਵਾਦ ਵੀ ਕੀਤਾ ਗਿਆ ਹੈ। http://www.sikhitothemax.com ਆਨਲਾਈਨ ਤੇ ਆਫਲਾਈਨ ਖੋਜ ਇੰਜਣ ਹੈ। ਇਸ ਵਿੱਚ ਹਰ ਸ਼ਬਦ ਨੂੰ ਗੁਰਮੁਖੀ ਤੇ ਅੰਗਰੇਜ਼ੀ ਵਿੱਚ ਅਰਥਾਂ ਸਮੇਤ ਦਰਸਾਇਆ ਗਿਆ। ਇਸ ਦੀ ਦੁਨੀਆਂ ਭਰ ਵਿੱਚ ਵਰਤੋਂ ਹੋ ਰਹੀ ਹੈ। ਕੀਰਤਨ ਜਾਂ ਪਾਠ ਕਰਦੇ ਸਮੇਂ ਸਕਰੀਨ ਉਪਰ ਸਬੰਧਿਤ ਸ਼ਬਦ ਨੂੰ ਸੌਖਿਆਂ ਹੀ ਲੱਭ ਕੇ ਗੁਰਮੁਖੀ ਤੇ ਅੰਗਰੇਜ਼ੀ ਵਿੱਚ ਦਰਸਾਇਆ ਜਾ ਸਕਦਾ ਹੈ। ਇਸ ਸਬੰਧੀ, ਲੈਂਗੂਏਜ਼ ਇਨ ਇੰਡੀਆ (www.language inindia.com) ਦੇ ਅੰਕ ਨੰਬਰ 9 ਵਿੱਚ ਡਾ. ਗੁਰਪ੍ਰੀਤ ਸਿੰਘ ਲਹਿਲ ਦੇ ਪ੍ਰਕਾਸ਼ਿਤ ਲੇਖ A Survey of the State of the Art in Punjabi Language Processing, http://www.wikipedia.org, http://www.janmejajohl.com ਆਦਿ ਤੋਂ ਵਧੇਰੇ ਜਾਣਕਾਰੀ ਲਈ ਜਾ ਸਕਦੀ ਹੈ। ਅੱਜ ਪੰਜਾਬੀ ਦੁਨੀਆਂ ਦੇ ਕੋਨੇ-ਕੋਨੇ ਵਿੱਚ ਫੈਲੇ ਹੋਏ ਹਨ। ਉਨ੍ਹਾਂ ਨੇ ਇਨ੍ਹਾਂ ਮੁਲਕਾਂ ਵਿੱਚ ਵੀ ਇੰਟਰਨੈੱਟ ਪੰਜਾਬੀ ਪੇਪਰ ਸ਼ੁਰੂ ਕਰਕੇ ਮਾਂ-ਬੋਲੀ ਪੰਜਾਬੀ ਦਾ ਝੰਡਾ ਬੁਲੰਦ ਕਰ ਰੱਖਿਆ ਹੋਇਆ ਹੈ। ਕਈ ਪਰਚੇ ਬਾਕਾਇਦਾ ਪ੍ਰਕਾਸ਼ਿਤ ਵੀ ਹੋ ਰਹੇ ਹਨ। ਇਹ ਪਰਚੇ ਵੰਡੇ ਵੀ ਮੁਫ਼ਤ ਜਾਂਦੇ ਹਨ। ਇਹ ਸਾਰੇ ਪਰਚੇ ਇੰਟਰਨੈੱਟ 'ਤੇ ਹੋਣ ਕਰਕੇ ਦੁਨੀਆਂ ਭਰ ਦੇ ਲੋਕ ਇਨ੍ਹਾਂ ਨੂੰ ਘਰ ਬੈਠੇ ਹੀ ਪੜ੍ਹ ਰਹੇ ਹਨ। ਅੰਗਰੇਜ਼ੀ ਦੇ ਮੁਕਾਬਲੇ 'ਤੇ ਪੰਜਾਬੀ ਨੂੰ ਇੰਟਰਨੈੱਟ ਉਪਰ ਸਮੇਂ ਦਾ ਹਾਣੀ ਬਣਾਉਣ ਲਈ ਬਹੁਤ ਕੁਝ ਹੋ ਚੁੱਕਿਆ ਹੈ ਤੇ ਬਹੁਤ ਕੁਝ ਹੋ ਰਿਹਾ ਹੈ। ਉਹ ਸਮਾਂ ਦੂਰ ਨਹੀਂ ਜਦੋਂ ਅੰਗਰੇਜ਼ੀ ਵਾਂਗ ਅਸੀਂ ਪੰਜਾਬੀ ਦਾ ਵੀ ਗੁਗਲ ਜਿਹਾ ਮਿਆਰੀ ਖੋਜ ਇੰਜਣ ਵਰਤ ਸਕਾਂਗੇ ਅਤੇ ਪੰਜਾਬੀ ਦਾ ਅਨੁਵਾਦ ਵੀ ਹੋਰਨਾਂ ਭਾਸ਼ਾਵਾਂ ਵਿੱਚ ਕਰ ਸਕਾਂਗੇ। ਇੰਟਰਨੈੱਟ, ਵਿਕਾਸ ਦੀਆਂ ਨਵੀਆਂ ਸਿਖ਼ਰਾਂ ਨੂੰ ਛੂਹ ਰਿਹਾ ਹੈ। ਇਸ ਦੇ ਵਿਕਾਸ ਨਾਲ ਆਉਣ ਵਾਲੇ ਸਮੇਂ ਵਿੱਚ ਇਸ ਦੀ ਮਹੱਤਤਾ ਹੋਰ ਵੀ ਵਧੇਗੀ ਤੇ ਇਹ ਪ੍ਰਸਾਰ ਸਾਧਨ ਵਜੋਂ ਹੋਰ ਵੀ ਸ਼ਕਤੀਸ਼ਾਲੀ ਹੋ ਕੇ ਉਭਰੇਗਾ। ਸੰਪਰਕ: 001-937-573-4843

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All