ਮਿੱਤਰਾਂ ਦੀ ਲੂਣ ਦੀ ਡਲੀ ਵਾਲਾ ਕਰਮਜੀਤ ਧੂਰੀ

ਸੁਰਿੰਦਰ ਸਿੰਘ

ਅੱਜ ਹਰ ਸਰੋਤਾ ਇਸ ਗੱਲ ਨੂੰ ਮਾਨਤਾ ਦੇ ਚੁੱਕਾ ਹੈ ਕਿ ਗਾਇਕੀ ਸੁਣਨ ਦੇ ਨਾਲ ਨਾਲ ਦੇਖਣ ਵਾਲੀ ਚੀਜ਼ ਵੀ ਬਣ ਗਈ ਹੈ ਪਰ ਕੋਈ ਸਾਢੇ ਤਿੰਨ ਦਹਾਕੇ ਪਹਿਲਾਂ ਪੰਜਾਬ ਦੀਆਂ ਸਟੇਜਾਂ ਉਪਰ ਇਕ ਅਜਿਹਾ ਗਾਇਕ/ਕਲਾਕਾਰ ਵੀ ਧਮਾਲਾ ਪਾ ਚੁੱਕਾ ਹੈ ਜਿਸ ਨੂੰ ਲੋਕ ਸੁਣਨ ਘੱਟ ਅਤੇ ਦੇਖਣ ਜ਼ਿਆਦਾ ਜਾਂਦੇ ਸਨ। ਉਸ ਗਾਇਕ ਕਲਾਕਾਰ ਦਾ ਨਾਂ ਹੈ ਕਰਮਜੀਤ ਧੂਰੀ। ਛੋਟੇ ਨਾਂ ‘ਕਾਕਾ’ ਨਾਲ ਮਸ਼ਹੂਰ ਕਰਮਜੀਤ ਧੂਰੀ ਪੰਜਾਬ ਦੇ ਸੁਹਣੇ ਸੁਨੱਖੇ ਤੇ ਸੁਡੌਲ ਗੱਭਰੂ ਦਾ ਜਿਊਂਦਾ ਜਾਗਦਾ ਮਾਡਲ ਰਿਹਾ ਹੈ। ਛੇ ਫੁੱਟ ਕੱਦ, ਭੂਰੀਆਂ ਕੱਕੀਆਂ ਦਾੜ੍ਹੀ ਮੁੱਛਾਂ, ਗੋਰਾ ਨਿਛੋਹ ਰੰਗ, ਭਰਵਾਂ ਜੁੱਸਾ, ਲੱਕ ਵਿਚ ਪਿਸਤੌਲ, ਹਰੇ ਕਚਨਾਰ ਚਾਦਰੇ ਕੁਰਤੇ ਵਿਚ ਜਦੋਂ ਕਾਕਾ ਕਰਮਜੀਤ ਧੂਰੀ ਸਟੇਜ ’ਤੇ ਚੜ੍ਹਦਾ ਤਾਂ ਮੁਟਿਆਰਾਂ ਦੇ ਮੂੰਹੋਂ ਆਪਣੇ ਆਪ ਨਿਕਲ ਜਾਂਦਾ ਸੀ, ‘‘ਫੜੀਂ ਬੇਬੇ ਟੁੱਕ, ਮੁੰਡਾ ਦੇਖ ਲੈਣ ਦੇ।’’ ਦੇਖ ਦੇਖ ਭੁੱਖ ਲਹਿੰਦੀ ਸੀ। ਜਿਸ ਕਿਸੇ ਵੀ ਪਿੰਡ ਵਿਚ ਕਾਕਾ ਕਰਮਜੀਤ ਧੂਰੀ ਦਾ ਅਖਾੜਾ ਹੁੰਦਾ ਸੀ, ਸ਼ਾਇਦ ਹੀ ਉਸ ਦਿਨ ਉਸ ਪਿੰਡ ਦੀ ਕੋਈ ਬੁੜੀ ਕੁੜੀ ਘਰੇ ਰਹਿੰਦੀ ਹੋਵੇ, ਜੋ ਲੁੱਕ ਛਿਪ ਕੇ ਉਸ ਦਾ ਅਖਾੜਾ ਨਾ ਦੇਖਦੀ/ਸੁਣਦੀ  ਹੋਵੇ। ਗਾਇਕੀ ਵਿਚ ਕਰਮਜੀਤ ਧੂਰੀ ਇਕ ਵੱਡਾ ਨਾਂ ਰਿਹੈ ਅਤੇ ਅੱਜ ਤਕ ਕਾਇਮ ਹੈ। ਉਹ ਜਦੋਂ ਗਾਉਂਦਾ ਤਾਂ ਇੰਜ ਲੱਗਦਾ ਜਿਵੇਂ ਪਹਾੜਾਂ ਦੇ ਝਰਨਿਆਂ ’ਚੋਂ ਸੰਗੀਤ ਪੈਦਾ ਹੁੰਦਾ ਹੋਵੇ, ਉਡਦੇ ਪੰਛੀ ਰੁਕ ਜਾਂਦੇ, ਤਪਦੇ ਹਿਰਦੇ ਠਰ ਜਾਂਦੇ। ਪੰਜਾਬੀ ਗਾਇਕੀ ਦੇ ਅਮੀਰ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਪਿਐ ਉਸ ਦਾ ਨਾਂ। ਸੰਗਰੂਰ ਜ਼ਿਲ੍ਹੇ ਦੇ ਛੋਟੇ ਜਿਹੇ ਸ਼ਹਿਰ ਧੂਰੀ ਨੂੰ ਉਸ ਨੇ ਦੁਨੀਆਂ ਭਰ ਵਿਚ ਮਸ਼ਹੂਰ ਕਰ ਦਿੱਤੈ। ਉਨ੍ਹਾਂ ਦਿਨਾਂ ਵਿਚ ਉਸ ਦੀ ਹਰ ਪਾਸੇ ਧਾਂਕ ਹੁੰਦੀ ਸੀ। ਕਰਮਜੀਤ ਧੂਰੀ ਦਾ ਜਨਮ ਕਪੂਰਥਲਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਬੁਤਾਲਾ ਵਿਖੇ ਮਾਤਾ ਹਰਨਾਮ ਕੌਰ ਅਤੇ ਪਿਤਾ ਸ. ਸਾਧੂ ਸਿੰਘ ਦੇ ਘਰ ਹੋਇਆ। ਘਰ ਵਿਚ ਗਾਇਕੀ ਦਾ ਕੋਈ ਮਾਹੌਲ ਨਹੀਂ ਸੀ। ਪਰਿਵਾਰ ਪੜ੍ਹਿਆ ਲਿਖਿਆ ਸੀ। ਉਸ ਵੇਲੇ ਵਿਹੜੇ ਵਿਚ ਖੇਡਦੇ ਇਸ ਬਾਲ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਸੀ ਕਿ ਇਹ ਇਕ ਦਿਨ ਐਡਾ ਵੱਡਾ ਸਟਾਰ ਬਣ ਜਾਵੇਗਾ। ਕੁਦਰਤ ਵੱਲੋਂ ਮਿਲੀ ਦਾਤ ਸਦਕਾ ਕਰਮਜੀਤ ਸਕੂਲ ਦੀਆਂ ਸਟੇਜਾਂ ਦਾ ਸ਼ਿੰਗਾਰ ਬਣ ਗਿਆ। ਉਸ ਵੇਲੇ ਸ਼ਾਇਦ ਉਹ ਤੀਸਰੀ ਜਮਾਤ ਵਿਚ ਪੜ੍ਹਦਾ ਹੋਵੇਗਾ ਜਦੋਂ ਪਹਿਲੀ ਵਾਰ ਉਸ ਨੇ ਸੁਲਤਾਨਪੁਰ ਲੋਧੀ ਦੀ ਸਟੇਜ ’ਤੇ ਗਾਇਆ। ਸਕੂਲ ਵਿਚ ਸ਼ਨੀਵਾਰ ਨੂੰ ਬਾਲ ਸਭਾ ਲੱਗਦੀ, ਉਹ ਉਸ ਵਿਚ ਗਾਉਂਦਾ ਰਹਿੰਦਾ। ਅਧਿਆਪਕਾਂ ਵੱਲੋਂ ਮਿਲੀ ਹੱਲਾਸ਼ੇਰੀ ਨਾਲ ਉਹ ਸਾਬਤ ਕਦਮੀਂ ਅੱਗੇ ਵਧਦਾ ਗਿਆ। ਉਸ ਦੇ ਬਜ਼ੁਰਗ ਗਾਉਣ ਵਜਾਉਣ ਨੂੰ ਕੰਜਰਾਂ ਵਾਲਾ ਕੰਮ ਸਮਝਦੇ ਸਨ। ਇਸ ਲਈ ਸ਼ੁਰੂ ਸ਼ੁਰੂ ’ਚ ਘਰ ਦਿਆਂ ਦੀ ਕਾਫੀ ਨਾਰਾਜ਼ਗੀ ਵੀ ਝੱਲਣੀ ਪਈ। 1957-58 ਵਿਚ ਉਸ ਦੇ ਪਿਤਾ ਜੀ ਜਦੋਂ ਨੌਕਰੀ ਦੇ ਸਿਲਸਿਲੇ ਵਿਚ ਧੂਰੀ ਆ ਗਏ ਤਾਂ ਉਸ ਨੂੰ ਵੀ ਆਪਣੇ ਘਰਦਿਆਂ ਨਾਲ ਧੂਰੀ ਆਉਣਾ ਪਿਆ। ਇਸ ਸ਼ਹਿਰ ਵਿਚ ਹੀ ਬਚਪਨ ਬੀਤਿਆ, ਪੜ੍ਹਿਆ ਲਿਖਿਆ ਤੇ ਜਵਾਨ ਹੋਇਆ। ਫੇਰ ਇਸ ਸ਼ਹਿਰ ਦੇ ਨਾਂ ਨੂੰ ਆਪਣੇ ਨਾਂ ਦੇ ਪਿੱਛੇ ਲਾ ਲਿਆ ਤੇ ਅੱਜ ਤਕ ਉਹ ਇਸੇ ਸ਼ਹਿਰ ਵਿਚ ਬੈਠਾ ਹੈ। ਪਿੰਡ ਕਦੇ ਕਦਾਈਂ ਕਿਸੇ ਦੇ ਵਿਆਹ ਸ਼ਾਦੀ ਵੇਲੇ ਸਾਲ ਛਿਮਾਹੀ ਗੇੜਾ ਮਾਰ ਆਉਂਦੈ। ਉਨ੍ਹਾਂ ਦਿਨਾਂ ਵਿਚ ਉਹ ਦਸਵੀਂ ਜਮਾਤ ਦੇ ਪੇਪਰ ਦੇ ਰਿਹਾ ਸੀ ਜਦੋਂ ਉਸ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਭੋਡੀਪੁਰਾ ਵਿਚ ਇਕ ਸਰਕਾਰੀ ਪ੍ਰੋਗਰਾਮ ਕੀਤਾ। ਜਦੋਂ ਉਹ ਮਾਲਵਾ ਖਾਲਸਾ ਸਕੂਲ ਧੂਰੀ ਵਿਖੇ ਦਸਵੀਂ ਜਮਾਤ ਵਿਚ ਪੜ੍ਹਦਾ ਸੀ ਉਸ ਵਕਤ ਦੋ ਨਗਰ ਕੀਰਤਨ ਨਿਕਲਦੇ ਸਨ ਤੇ ਇਹ ਉਨ੍ਹਾਂ ਵਿਚ ਧਾਰਮਿਕ ਗੀਤ ਗਾਉਂਦਾ। ਇੱਥੇ ਹੀ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੀ ਨਜ਼ਰ ਉਸ ’ਤੇ ਪੈ ਗਈ ਤੇ ਉਹ ਉਸ ਨੂੰ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਲੈ ਗਏ ਜਿੱਥੇ ਉਸ ਨੇ ਮਿਊਜ਼ਿਕ ਦਾ ਵਿਸ਼ਾ ਲੈ ਲਿਆ ਅਤੇ ਸੰਗੀਤ ਦੀ ਐਮ.ਏ. ਕੀਤੀ। ਫੇਰ ਯੂਥ ਫੈਸਟੀਵਲਾਂ ’ਚ ਹਿੱਸਾ ਲੈਣ ਲੱਗਿਆ, ਅਨੇਕਾਂ ਮਾਣ ਸਨਮਾਨ ਪ੍ਰਾਪਤ ਕੀਤੇ। ਇੱਥੋਂ ਪ੍ਰਿੰਸੀਪਲ ਮੋਹਨ ਸਿੰਘ ਨੇ ਵੀ ਉਸ ਨੂੰ ਪੱਟ ਕੇ ਆਪਣੇ ਕਾਲਜ ਲਿਜਾਣਾ ਚਾਹਿਆ ਪਰ ਉਸ ਨੇ ਜਵਾਬ ਦੇ ਦਿੱਤਾ। ਇੱਥੇ ਹੀ ਸ਼ਿਵ ਕੁਮਾਰ ਬਟਾਲਵੀ ਨਾਲ ਵੀ ਉਸ ਦਾ ਮੇਲ ਹੋਇਆ। ਦੋ ਗੱਲਾਂ ਜਿਹੜੀਆਂ ’ਤੇ ਸਾਰੇ ਗਾਇਕ ਜ਼ੋਰ ਦਿੰਦੇ ਹਨ, ਉਹ ਕਰਮਜੀਤ ਨੇ ਨਹੀਂ ਕੀਤੀਆਂ। ਉਸ ਨੇ ਨਾ ਤਾਂ ਕੋਈ ਬਾਕਾਇਦਾ ਉਸਤਾਦ ਧਾਰਿਆ ਅਤੇ ਨਾ ਹੀ ਕਲਾਕਾਰਾਂ ਦੀ ਮੰਡੀ ਲੁਧਿਆਣੇ ਦਫਤਰ ਬਣਾ ਕੇ ਆਪਣੇ ਨਾਂ ਦਾ ਫੱਟਾ ਲਮਕਾਇਆ ਪਰ ਕੁਦਰਤ ਉਸ ਉਪਰ ਐਨੀ ਮਿਹਰਬਾਨ ਰਹੀ ਕਿ ਉਸ ਨੂੰ ਧੂਰੀ ਬੈਠੇ ਨੂੰ ਹੀ ਕਦੇ ਪ੍ਰੋਗਰਾਮਾਂ ਦੀ ਘਾਟ ਨਹੀਂ ਆਈ। ਦਿਨ ਵਿਚ ਦੋ-ਦੋ ਪ੍ਰੋਗਰਾਮ ਵੀ ਭੁਗਤਾਉਂਦਾ ਰਿਹੈ। ਕਰਮਜੀਤ ਦਾ ਸਭ ਤੋਂ ਪਹਿਲਾ ਗੀਤ ‘ਚੁੰਨੀ ਲੈ ਕੇ ਸੂਹੇ ਰੰਗ ਦੀ ਗੋਹਾ ਕੂੜਾ ਨਾ ਕਹੀਂ ਮੁਟਿਆਰੇ’’ ਐਚ.ਐਮ.ਵੀ. ਕੰਪਨੀ ਦੇ 78 ਨੰਬਰ ਦੇ ਲਾਖ ਦੇ ਤਵੇ ’ਤੇ ਰਿਕਾਰਡ ਹੋਇਆ। ਇਸ ਗੀਤ ਦਾ ਰਚਣਹਾਰਾ ਹਰਨੇਕ ਸਿੰਘ ਸੀ ਤੇ ਇਸ ਵਿਚ ਚਾਰ ਗੀਤ ਹੋਰ ਸਨ। ਉਸ ਦਾ ਗੀਤ ‘ਮਿੱਤਰਾਂ ਦੀ ਲੂਣ ਦੀ ਡਲੀ ਨੀ ਤੂੰ ਮਿਸ਼ਰੀ ਬਰੋਬਰ ਜਾਣੀ ਸੱਜਣਾਂ ਦੀ ਗੜਵੀ ਦਾ ਮਿੱਠਾ ਸ਼ਰਬਤ ਵਰਗਾ ਪਾਣੀ ਨੀ ਕਾਸਨੂੰ ਗੁਮਾਨ ਕਰਦੀ, ਗੋਰੇ ਰੰਗ ਨੇ ਸਦਾ ਨੀ ਰਹਿਣਾ ਜ਼ਿੰਦਗਾਨੀ ਚਾਰ ਰੋਜ਼ ਦੀ ਬਿੱਲੋ ਮੰਨ ਫਕਰਾਂ ਦਾ ਕਹਿਣਾ ਨੀ ਜੇ ਤੂੰ ਮੇਰੀ ਹੀਰ ਬਣਜੇਂ, ਲਿਖੂ ਮਾਨ ਸਾਡੀ ਪ੍ਰੇਮ ਕਹਾਣੀ ਮਿੱਤਰਾਂ ਦੀ ਲੂਣ ਦੀ ਡਲੀ ਨੀ ਤੂੰ ਮਿਸ਼ਰੀ ਬਰੋਬਰ ਜਾਣੀ’ ਸਭ ਤੋਂ ਵੱਧ ਮਸ਼ਹੂਰ ਹੋਇਆ। ਇਹ ਗੀਤ ਸਵਰਗੀ ਗੁਰਦੇਵ ਸਿੰਘ ਮਾਨ ਦਾ ਲਿਖਿਆ ਹੋਇਆ ਹੈ। ਗੀਤਕਾਰ ਬਾਬੂ ਸਿੰਘ ਮਾਨ ਮਰਾੜਾਂ ਵਾਲਾ ਆਪਣੀ ਕਿਤਾਬ ਦੇ ਮੁੱਖ ਬੰਦ ਵਿਚ ਖੁਦ ਲਿਖਦਾ ਹੈ ਕਿ ਅਜਿਹੇ ਗੀਤਾਂ ਕਰਕੇ ਹੀ ਉਸ ਨੂੰ ਆਪਣੇ ਨਾਂ ਨਾਲ ਮਾਨ ਮਰਾੜਾਂ ਵਾਲਾ ਲਿਖਣਾ ਪਿਆ ਕਿਉਂਕਿ ਉਸ ਦੇ ਲਿਖੇ ਗੀਤ ਵੀ ਲੋਕਾਂ ਵੱਲੋਂ ਗੁਰਦੇਵ ਸਿੰਘ ਮਾਨ ਦੇ ਹੀ ਲਿਖੇ ਸਮਝੇ ਜਾਂਦੇ ਹਨ। ਹਰਨੇਕ ਸੋਹੀ ਦਾ ਲਿਖਿਆ ਗੀਤ: ‘ਟਪੂਸੀਆਂ ਨਾ ਮਾਰ ਵੈਰਨੇ, ਡੁੱਲ੍ਹ ਜਾਣਗੇ ਇਹ ਰੂਪ ਦੇ ਕਟੋਰੇ ਨਾਭੇ ਦੀਏ ਬੰਦ  ਬੋਤਲੇ  ਖੱਟ ਲਈਂ ਨਾ ਉਮਰ ਦੇ ਝੋਰੇ ਸੋਹੀ ਜੀਹਦੇ ਭਾਗ ਜਾਗ ਪਏ ਉਹ ਜੱਗ ਮੱਗ ਕਰਨਾ ਏ ਵੇਹੜਾ ਸੋਨੇ ਦੇ ਤਬੀਤਾਂ ਵਾਲੀਏ ਤੇਰਾ ਹਰ ਮਸਿਆ ’ਤੇ ਗੇੜਾ’ ਅੱਜ ਵੀ ਲੋਕਾਂ ਦੇ ਜ਼ਿਹਨ ਵਿਚ ਉਕਰਿਆ ਪਿਆ ਹੈ। ‘ਲੂਣ ਦੀ ਡਲੀ’ ਅਤੇ ‘ਸੋਨੇ ਦੇ ਤਬੀਤਾਂ ਵਾਲੀਏ’, ਗੀਤਾਂ ਨੂੰ ਗਾਉਂਦਿਆਂ ਕਰਮਜੀਤ ਨੇ ਗੀਤਾਂ ਦੇ ਮੂਹਰੇ ਅਤੇ ਵਿਚ ਜੋ ਹੇਕਾਂ ਲਾਈਆਂ ਹਨ, ਅਜਿਹੀਆਂ ਮਿੱਠੀਆਂ ਹੇਕਾਂ ਅੱਜ ਤਕ ਕੋਈ ਦੂਜਾ ਕਲਾਕਾਰ ਨਹੀਂ ਲਗਾ ਸਕਿਆ। ‘ਗੱਡੀ ਵਿਚ ਬਹਿ ਗਈ ਬੰਤੋ ਚਿੱਟੀ ਕੁੜਤੀ ਗਰਾਰਾ ਕਾਲਾ, ਕਾਲਜੇ ਨੂੰ ਮੋਹ ਕੇ ਲੈ ਗਿਆ ਮੁੰਡਾ ਸੋਨੇ ਦੇ ਤਬੀਤਾਂ ਵਾਲਾ’ ਜਾਂ ਹੁਕਮ ਤਸੀਲੋਂ ਆ ਗਿਆ ਘੁੰਡ ਕੱਢ ਕੇ ਫਿਰੇ ਨਾ ਕੋਈ ਛੜਿਆਂ ਦੀ ਅਰਜ਼ ਸੁਣੀ ਚੰਡੀਗੜ੍ਹ, ਹੋਈ ਅਰਜ਼ੋਈ ਇਹ ਗੀਤ ਆਪਣੇ ਆਪ ’ਚ ਐਨੀ ਪ੍ਰਸਿੱਧੀ ਖੱਟ ਗਏ ਕਿ ਹਜ਼ਾਰਾਂ ਲੋਕਾਂ ਦੇ ਮੂੰਹੋਂ ਪੂਰੇ ਦੇ ਪੂਰੇ ਸੁਣੇ ਜਾ ਸਕਦੇ ਹਨ ਅੱਜ ਵੀ। ਵਿਚਕਾਰ ਜਿਹੇ ਕਰਮਜੀਤ ਦੋਗਾਣਾ ਗਾਇਕੀ ਵੱਲ ਵੀ ਹੋ ਤੁਰਿਆ। ਨਰਿੰਦਰ ਬੀਬਾ, ਸਵਰਨ ਲਤਾ, ਮੋਹਣੀ ਨਰੂਲਾ, ਸਨੇਹ ਲਤਾ, ਕੁਮਾਰੀ ਲਾਜ ਵਰਗੀਆਂ ਉੱਚ ਕੋਟੀ ਦੀਆ ਗਾਇਕਾਵਾਂ ਨਾਲ ਦਰਜਨਾਂ ਦੋਗਾਣੇ ਗਾਣੇ ਜੋ ਪੰਜਾਬ ਦੀ ਫਿਜ਼ਾ ਵਿਚ ਉਸ ਵੇਲੇ ਗੰੂਜੇ ਤੇ ਅੱਜ ਵੀ ਗੂੰਜਦੇ ਹਨ। ਕਰਮਜੀਤ ਦੀ ਪ੍ਰਸਿੱਧੀ ਦੀ ਇਸ ਤੋਂ ਵੱਡੀ ਉਦਾਹਰਣ ਹੋਰ ਕੀ ਹੋ ਸਕਦੀ ਹੈ ਕਿ ਉਨ੍ਹਾਂ  ਦੇ ਸਮਕਾਲੀ ਗਾਇਕਾਂ ਦੇ ਗਾਏ ਦੋਗਾਣੇ ਵੀ ਕਾਕਾ ਕਰਮਜੀਤ ਧੂਰੀ ਦੇ ਖਾਤੇ ਵਿਚ ਪੈਂਦੇ ਰਹੇ। ਦੂਜੇ ਸ਼ਬਦਾਂ ਵਿਚ ਕਰਮਜੀਤ ਨੇ ਹੋਰ ਗਾਇਕਾਂ ਦੀ ਹੋਂਦ ਉਪਰ ਹੀ ਸਵਾਲੀਆ ਚਿੰਨ੍ਹ ਲਾ ਦਿੱਤਾ। ਇਕ ਦੋਗਾਣਾ: ਮੁੰਡਾ: ‘ਛੜਿਆਂ ਦੇ ਘਰ ਭੇਡ ਲਵੇਰੀ ਵੰਡ ਵੜੇਵੇਂ ਚਾਰੇ ਨੀ ਅੱਧਾ ਦੁੱਧ ਲੈਜੀਂ ਵੰਡਕੇ ਏਹਦੀ ਧਾਰ ਕੱਢ ਜਾ ਮੁਟਿਆਰੇ ਕੁੜੀ: ਛੜਿਆਂ ਦੇ ਘਰ ਮੌਤ ਵੀ ਕੱਲੀ ਵੜਦੀ ਨਹੀਂ ਵੜਾਈ ਜਦੋਂ ਸੀ ਤੇਰੀ ਮਾਂ ਮਰਗੀ ਕੋਈ ਡਰਦੀ ਪਿੱਟਣ ਨਾ ਆਈ’ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਇਹ ਗੀਤ ਬਹੁਤ ਮਸ਼ਹੂਰ ਹੋਇਆ ਪਰ ਲੋਕ ਆਖਰ ਤਕ ਇਸ ਨੂੰ ਕਰਮਜੀਤ ਧੂਰੀ ਦਾ ਹੀ ਸਮਝਦੇ ਰਹੇ। ਕਰਮਜੀਤ ਧੂਰੀ ਦੇ ਦੋਗਾਣਿਆਂ ਵਿਚ:- ਕਰਮਜੀਤ: ਉੱਚੀਆਂ ਕੂਈਆਂ ’ਤੇ ਡੋਲ੍ਹ ਖੜਕਦੇ ਪਾਣੀ ਦਿਆਂ ਘੜਿਆਂ ਨੂੰ ਕੌਣ ਢੋਊਗਾ ਭਾਬੀ ਸਾਗ ਨੂੰ, ਸਾਗ ਨੂੰ ਨਾ ਜਾਈਂ, ਤੇਰਾ ਮੁੰਡਾ ਰੋਊਗਾ’ ਸਵਰਨ ਲਤਾ: ਉੱਚੀਆਂ ਕੂਈਆਂ ’ਤੇ ਡੋਲ੍ਹ ਖੜ੍ਹਕਦੇ ਪਾਣੀ ਦਿਆਂ ਘੜਿਆਂ ਨੂੰ ਦਿਓਰ ਢੋਊਗਾ ਵੇ ਮੇਰੇ ਮੁੰਡੇ ਨੂੰ, ਮੁੰਡੇ ਨੂੰ ਖਡਾਈਂ ਤੇਰਾ ਪੁੰਨ ਹੋਊਗਾ:

ਕੁਮਾਰੀ ਲਾਜ: ‘ਘਰ ਜਾ ਕੇ ਦਸੰੂ ਵੀਰ ਨੂੰ, ਗੱਡੀ ਵਿਚ ਜੇ ਛੇੜਿਆ ਈ ਚੰਨ ਵੇ ਕਰਮਜੀਤ: ਵੀਰ ਤੇਰਾ ਕੀ ਕਰਲੂ ਜਾਣੀ ਕੱਢਲੂ ਹੋਰ ਦੋ ਗਾਲ੍ਹਾਂ ਅਜਿਹੇ ਉੱਚ ਕੋਟੀ ਦੇ ਗੀਤ ਗਾਉਂਦਿਆਂ ਗਾਉਂਦਿਆਂ ਵਿਚਾਲ ਦੀ ਇਕ ਵਾਰ ਕਰਮਜੀਤ ਥਿੜਕ ਗਿਆ। ਉਸ ਨੇ ਇਕ ਅਜਿਹਾ ਗੀਤ ਗਾ ਦਿੱਤਾ ਬਸ ਤੋਏ ਤੋਏ ਕਰਵਾ ਲਈ। ਗੀਤ ਦੇ ਬੋਲ ਸਨ:- ਮੁੰਡਾ:- ਨੀ ਥਮਲੇ ਦੇ ਕੋਲ ਕੋਲ ਦੀ ਸਿੱਧੀ ਜੱਟੀਏ ਸਵਾਤ ਵਿਚ ਆਜਾ ਕੁੜੀ:- ਸੌਂਜਾਂ ਤੂੰ ਰਜਾਈ ਦੱਬਕੇ ਅਜੇ ਜਾਗਦਾ ਟੱਬਰ ਚੰਨ ਸਾਰਾ ਕੁਝ ਅਜਿਹੇ ਗੀਤ ਗਾ ਕੇ ਉਸ ਨੇ ਆਪਣੇ ਨਾਂ ਨਾਲ ਲੱਚਰ ਗਾਇਕ ਹੋਣ ਦਾ ਮੇਹਣਾ ਘੱਟ ਲਿਆ। ਪਤਾ ਨੀਂ ਕਿਹੜੀ ਮਜਬੂਰੀ ਵਿਚ ਉੱਘੇ ਗੀਤਕਾਰ ਦੇਵ ਥਰੀਕੇ ਵਾਲੇ ਨੇ ਉਸ ਨੂੰ ਇਹ ਗੀਤ ਲਿਖ ਕੇ ਦੇ ਦਿੱਤਾ ਤੇ ਉਸ ਨੇ ਬਗੈਰ ਕੁਝ ਸੋਚੇ ਸਮਝੇ ਗਾ ਦਿੱਤਾ। ਉਸ ਨੇ ਸਭ ਤੋਂ ਪਹਿਲਾਂ ਗੰਦੇ ਗੀਤ ਗਾਉਣ ਦਾ ਸਿਹਰਾ ਆਪਣੇ ਸਿਰ ਬੰਨ ਲਿਆ। ਲਗਦੈ ਉਸ ਵੇਲੇ ਦੇਵ ਵੀ ਤੇ ਕਰਮਜੀਤ ਵੀ ਜਵਾਨੀ ਦੇ ਜ਼ੋਰ ਅਤੇ ਪ੍ਰਸਿੱਧੀ ਦੇ ਦੌਰ ਵਿਚੋਂ ਗੁਜ਼ਰਦੇ ਇਹ ਭੁੱਲ ਕਰ ਗਏ। ਇਹ ਗੀਤ ਬੇਸ਼ੱਕ ਬਹੁਤ ਚਲਿਆ ਪਰ ਕਰਮਜੀਤ ਦੇ ਸਿਆਣੇ ਸਰੋਤਿਆਂ ਦੇ ਦਿਲਾਂ ’ਤੇ ਉਸ ਵੇਲੇ ਜ਼ਰੂਰ ਸੱਟ ਵੱਜੀ। ਇਸ ਤੋਂ ਬਾਅਦ ਕਾਕਾ ਕਰਮਜੀਤ ਦੀ ਜ਼ਿੰਦਗੀ ਵਿਚ ਮੋੜ ਆਇਆ। ਉਹ ਆਪਣੀਆਂ ਸਟੇਜਾਂ ’ਤੇ ਅਜਿਹੀ ਸ਼ੇਅਰੋ ਸ਼ਾਇਰੀ ਕਰਨ ਲੱਗ ਪਿਆ ਕਿ ਕਿੰਨਾ ਕਿੰਨਾ ਚਿਰ ਉਸ ਦੇ ਸਾਜਿੰਦੇ ਵਿਹਲੇ ਬੈਠੇ ਰਹਿੰਦੇ। ਮਸ਼ਹੂਰ ਤੇ ਸਿਆਣੇ ਗਾਇਕ ਲਾਲ ਚੰਦ ਯਮਲਾ ਜੱਟ ਤੋਂ ਬਾਅਦ ਐਚ.ਐਮ.ਵੀ. ਕੰਪਨੀ ਨੂੰ ਧਾਰਮਿਕ ਗੀਤ ਕੱਢਣ ਲਈ ਕਰਮਜੀਤ ਧੂਰੀ ਨੇ ਮਜਬੂਰ ਕਰ ਦਿੱਤਾ ਤੇ ਉਸ ਦੇ ਗੀਤ ਆਏ:- ‘ਹੁੰਦੀਆਂ ਸ਼ਹੀਦ ਜੋੜੀਆਂ ਦਾਦੀ ਦੇਖਦੀ ਬੁਰਜ ’ਤੇ ਚੜ੍ਹਕੇ ਘੋੜੀ ਗਾਵੇ ਪੋਤਿਆਂ ਦੀ ਬੈਠੀ ਕਾਲਜਾਂ ਹੱਥਾਂ ਦੇ ਵਿਚ ਫੜਕੇ’ ਜਾਂ ਰੱਬ ਨਾਲ ਠੱਗੀਆਂ ਕਿਉਂ ਮਾਰੇਂ ਬੰਦਿਆ ਦਿਨ ਰਾਤ ਪਾਪਾਂ ’ਚ ਗੁਜ਼ਾਰੇ ਬੰਦਿਆ ਇਨ੍ਹਾਂ ਗੀਤਾਂ ਦੀ ਰਿਕਾਰਡ ਤੋੜ ਸਫਲਤਾ ਤੋਂ ਬਾਅਦ ਕਰਮਜੀਤ ਧੂਰੀ ਧਾਰਮਿਕ ਵਿਚਾਰਾਂ ਵਾਲੇ ਬੰਦਿਆਂ ਦਾ ਵੀ ਚਹੇਤਾ ਹੋ ਨਿਬੜਿਆ। ਉਸ ਤੋਂ ਬਾਅਦ ਉਸ ਨੇ ਇਕ ਤੋਂ ਬਾਅਦ ਇਕ ਧਾਰਮਿਕ ਗੀਤ ਕੱਢਿਆ ਜੋ ਉਸ ਦੀ ਕਾਮਯਾਬੀ ਦੇ ਝੰਡੇ ਗੱਡਦਾ ਗਿਆ। ਧਾਰਮਿਕ ਗੀਤਾਂ ਵਿਚ ‘ਗੁਰੂ ਤੇਗ ਬਹਾਦਰ ਸਿਮਰੀਐ’, ‘ਸਤਿਨਾਮ ਬੋਲ ਪਿਆਰੇ’, ‘ਸਤਿਗੁਰੂ ਮੈਂ ਹਰਦਮ ਗਾਵਾਂ’ (ਇਹ ਗੀਤ ਅੱਜ ਵੀ ਪਾਕਿਸਤਾਨ ਟੀ.ਵੀ. ’ਤੇ ਖਬਰਾਂ ਤੋਂ ਬਾਅਦ ਵੱਜਦਾ ਹੈ), ‘ਦੱਸਿਆ ਨਾ ਜਾਵੇ ਪਾਤਸ਼ਾਹ ਜਿਹੜਾ ਦਿੱਲੀ ਵਿਚ ਜ਼ੁਲਮ ਕਮਾਇਆ’, ‘ਅੱਧ ਵਿਚ ਲਾਵਾਂ ਛੱਡ ਕੇ ਜੋਗਾ ਸਿੰਘ ਸੀ ਗੁਰਾਂ ਵਲ ਚਲਿਆ’, ‘ਨਾਨਕ ਦੁਖੀਆ ਸਭ ਸੰਸਾਰ’, ‘ਨੀਹਾਂ ’ਚੋਂ ਆਵਾਜ਼ਾਂ ਆਉਂਦੀਆਂ’ ਆਦਿ ਅਨੇਕਾਂ ਗੀਤ ਲੋਕਾਂ ਦੀ ਝੋਲੀ ਪਾਏ। ਉਸ ਦੇ ਗਾਏ ਦੂਜੇ ਗੀਤਾਂ ਵਿਚ ‘ਰੁੱਤ ਬਹਾਰਾਂ ਦੀ’, ‘ਹੀਰ ਸਾਡੇ ਨਾਲ ਰੁੱਸੀ ਫਿਰੇ’, ‘ਤੀਵੀਆਂ ਦਾ ਰਾਜ ਹੋ ਗਿਆ’, ‘ਜੇ ਮੈਂ ਨਾ ਜੰਮਦੀ ਨਗਿੰਦਰਾ’, ਸਾਧ ਕੋਲੋਂ ਪੁੱਤ ਮੰਗਦੀ’, ‘ਪਹਿਲੀ ਵਾਰ ਚੋਬਰਾ ਚਲਿਆਂ ਸਹੁਰਿਆਂ ਦੇ ਪਿੰਡ’, ‘ਗੱਡੀ ਮੇਮਾਂ ਦੀ ਵਲੈਤੋਂ ਆਈ ਛੜਿਆਂ ਨੂੰ ਖਬਰ ਕਰੋ’, ‘ਤੀਵੀਆਂ ਨੇ ਹੋ ਕੇ ਕੱਠੀਆਂ ਕੱਲ੍ਹ ਢਾਹ ਲਿਆ ਛੜਾ ਕਰਤਾਰਾ’, ‘ਛੜਿਆਂ ਨੂੰ ਮੌਜ ਬੜੀ ਧੰਦ ਪਿੱਟਦੇ ਤੀਵੀਆਂ ਵਾਲੇ’, ‘ਉੱਠ ਕੇ ਨੱਚ ਪਤਲੋ ਮੈਂ ਜੀਜਾ ਤੂੰ ਸਾਲੀ’, ‘ਤੇਰੀ ਖਾਤਰ ਜੱਟੀਏ ਵੇਖ ਰਹਿ ਗਿਆ ਜੱਟ ਕੁਆਰਾ’, ‘ਡੰਡੀਆਂ ਘੜਾਦੇ ਮਿੱਤਰਾ ਜਿਨ੍ਹਾਂ ਵਿਚ ਦੀ ਮਨੁੱਖ ਲੰਘ ਜਾਵੇ’, ‘ਸਹੁਰੇ ਕੋਲੋਂ ਸੰਗੇ ਨਾ ਪਤਿਓਰੇ ਕੋਲੋਂ ਸੰਗੇ’ ਆਦਿ ਅਨੇਕਾਂ ਹਿੱਟ ਗੀਤ ਲੋਕਾਂ ਨੂੰ ਦਿੱਤੇ। ਕਰਮਜੀਤ ਧੂਰੀ ਅਜਿਹਾ ਸਫਲ ਗਾਇਕ ਕਲਾਕਾਰ ਹੈ ਉਸ ਨੇ ਜਿੱਧਰ ਵੀ ਮੂੰਹ ਕੀਤਾ ਕਾਮਯਾਬੀ ਉਸਅ ਦੇ ਪੈਰ ਚੁੰਮਦੀ ਗਈ। ਉਸ ਦੇ ਗਾਏ ਗੀਤ ਅੱਜ ਵੀ ਬੀ.ਬੀ.ਸੀ. ਲੰਡਨ ਅਤੇ ਦੁਨੀਆ ਦੇ ਹੋਰ ਮੋਹਰੀ ਰੇਡੀਓ ਸਟੇਸ਼ਨਾਂ ਤੋਂ ਸੁਣੇ ਜਾ ਸਕਦੇ ਹਨ। ਇਕ ਵਾਕਿਆਤ ਕਰਮਜੀਤ ਨੇ ਜੋ ਖੁਦ ਸੁਣਾਇਆ। ਇਹ ਉਨ੍ਹਾਂ ਸਮਿਆਂ ਦੀ ਗੱਲ ਹੈ ਜਦੋਂ ਵਿਆਹ ਵਾਲੀ ਲੜਕੀ ਦੀ ਸਵਾ ਮਹੀਨਾ ਪਹਿਲਾਂ ਸਾਹੇ ਲੱਤ ਬੰਨ ਦਿੱਤੀ ਜਾਂਦੀ ਸੀ, ਜਾਣੀ ਵਿਆਹ ਤੋਂ ਸਵਾ ਮਹੀਨਾ ਪਹਿਲਾਂ ਕੁੜੀ ਦਾ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਜਾਂਦਾ ਸੀ। ਲੜਕੀ ਦੀ ਬਰਾਤ ਵਿਚ ਮੁੰਡੇ ਵਾਲਿਆਂ ਨੇ ਕਰਮਜੀਤ ਧੂਰੀ ਦਾ ਅਖਾੜਾ ਲਵਾਇਆ ਹੋਇਆ ਸੀ। ਸਰੋਤਿਆਂ/ਦਰਸ਼ਕਾਂ ਨਾਲ ਕੰਧਾਂ, ਕੋਠੇ, ਦਰੱਖਤ, ਬਨੇਰੇ ਭਰੇ ਪਏ ਸਨ। ਇਕ ਛੱਤ ਉਪਰ ਵਿਆਹ ਵਾਲੀ ਲੜਕੀ ਵੀ ਲੁੱਕ ਕੇ ਕਰਮਜੀਤ ਧੂਰੀ ਦਾ ਅਖਾੜਾ ਸੁਣ ਰਹੀ ਸੀ। ਰੱਬ ਦਾ ਅਜਿਹਾ ਭਾਣਾ ਵਰਤਿਆ ਕਿ ਉਹ ਛੱਤ ਲੋਕਾਂ ਦਾ ਭਾਰ ਨਾ ਸਹਿੰਦੀ ਹੋਈ ਥੱਲੇ ਨੂੰ ਗਰਕ ਗਈ ਤੇ ਵਿਆਹ ਵਾਲੀ ਲੜਕੀ ਵੀ ਉਸ ਲਪੇਟ ਵਿਚ ਆ ਗਈ ਤੇ ਉਸ ਦੇ ਬਹੁਤ ਸੱਟਾਂ ਵੱਜੀਆਂ। ਜਦੋਂ ਘਰਦਿਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਕਰਮਜੀਤ ਦਾ ਅਖਾੜਾ ਬੰਦ ਕਰਵਾ ਕੇ ਉਸੇ ਦੀ ਗੱਡੀ ਵਿਚ ਹੀ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ। ਇਹ ਉਸ ਦੀ ਪ੍ਰਸਿੱਧੀ ਅਤੇ ਸ਼ਖਸੀਅਤ ਦੇ ਨਮੂਨੇ ਦੀ ਇਕ ਉਦਾਹਰਣ ਹੈ। ਕਰਮਜੀਤ ਧੂਰੀ ਨੇ ਜਿੰਨਾ ਚਿਰ ਵੀ ਗਾਇਆ ਹਿੱਕ ਕੱਢ ਕੇ ਗਾਇਆ। ਉਸ ਨੇ ਆਪਣੀ ਮਨਮਰਜ਼ੀ ਹਮੇਸ਼ਾ ਕੀਤੀ ਹੈ, ਧੌਣ ਅਕੜਾ ਕੇ ਗਾਇਆ ਹੈ। ਦਾਰੂ ਪੀਣੀ, ਲੜਾਈ ਕਰਨੀ ਤੇ ਦੂਜੇ ਜੱਟਵਾਦੀ ਗੁਣ ਔਗੁਣ ਉਸ ਦੇ ਨਾਲ ਨਾਲ ਚਲੇ ਹਨ। ਹੁਣ ਤਕ ਕਰਮਜੀਤ ਦੇ 200 ਤੋਂ ਵੱਧ ਗੀਤ ਰਿਕਾਰਡ ਹੋ ਚੁੱਕੇ ਹਨ ਤੇ ਉਸ ਦੇ ਗੀਤਾਂ ਨੂੰ ਤੋੜ-ਮਰੋੜ ਕੇ ਅੱਜ ਦੇ ਗਾਇਕ ਆਪਣਾ ਤੋਰੀ ਫੁਲਕਾ ਚਲਾਉਣ ਲੱਗੇ ਹੋਏ ਹਨ। 1965 ਵਿਚ ਕਰਮਜੀਤ ਦੀ ਸ਼ਾਦੀ ਧੂਰੀ ਨੇੜਲੇ ਪਿੰਡ ਕੌਲਸੇੜੀ ਦੀ ਸ੍ਰੀਮਤੀ ਬਲਵਿੰਦਰ ਕੌਰ ਨਾਲ ਹੋਈ। ਉਸ ਦੇ ਦੋ ਬੇਟੀਆਂ ਹਨ ਅਤੇ ਇਕ ਬੇਟਾ ਹਰਪ੍ਰਭਸਿਮਰਨ ਜੀਤ ਜਾਣੀ ਮਿੰਟੂ ਧੂਰੀ ਜੋ ਅੱਜ ਉਸ ਦੀ ਫੁਲਵਾੜੀ ਨੂੰ ਆਪਣੀ ਗਾਇਕੀ ਨਾਲ ਸਿੰਜ ਰਿਹਾ ਹੈ। ਆਪਣੇ ਵਿਆਹ ਵਾਲੇ ਸਾਲ ਹੀ 1965 ਦੀ ਜੰਗ ਵਿਚ ਸ਼ਹੀਦ ਹੋਏ ਆਪਣੇ ਭਰਾ, ਜਿਸ ਦੀ ਦੇਹ ਅੱਜ ਤੱਕ ਨਹੀਂ ਮਿਲੀ, ਨੂੰ ਯਾਦ ਕਰ ਅਤੇ ਆਪਣੇ ਪਿਆਰੇ ਸੰਗੀਆਂ ਸਾਥੀਆਂ, ਜਿਹੜੇ ਇਸ ਦੁਨੀਆ ਵਿਚ ਨਹੀਂ ਰਹੇ, ਨੂੰ ਯਾਦ ਕਰ ਭਾਵੁਕ ਹੋ ਜਾਂਦਾ ਹੈ। ਸੁਭਾਅ ਪੱਖੋਂ ਵੀ ਉਹ ਕਾਫੀ ਭਾਵੁਕ ਹੈ। ਅੱਜ ਦੇ ਕਲਾਕਾਰਾਂ/ਗਾਇਕਾਂ ਬਾਰੇ ਕਰਮਜੀਤ ਕਹਿੰਦਾ ਹੈ ਕਿ ਇਹ ਚੈਨਲਾਂ ਦੇ ਗਾਇਕ ਹਨ, ਅਸੀਂ ਲੋਕ ਗਾਇਕ ਹਾਂ। ਇਹ ਜਿੰਨੀ ਦੇਰ ਘਰ ਫੂਕ ਕੇ ਚੈਨਲ ’ਤੇ ਰਹਿੰਦੇ ਹਨ, ਚਰਚਿਤ ਰਹਿੰਦੇ ਹਨ, ਜਦੋਂ ਚੈਨਲਾਂ ਵਾਲਿਆਂ ਨੂੰ ਪੈਸੇ ਪਹੁੰਚਣੇ ਬੰਦ ਹੋ ਜਾਂਦੇ ਹਨ ਇਹ ਵਾਪਸ ਆਪੋ ਆਪਣੇ ਕੰਮਾਂ ’ਤੇ ਆ ਜਾਂਦੇ ਹਨ। ਕਰਮਜੀਤ ਕਹਿੰਦਾ ਹੈ ਕਿ ਸਾਡੇ ਵੇਲੇ ਗਾਇਕ ਬਹੁਤ ਮਿਹਨਤ ਕਰਦੇ ਸਨ, ਸਾਜ ਘੱਟ ਹੁੰਦੇ ਸਨ ਤੇ ਗਾਇਕ ਦੀ ਗਾਇਕੀ ਦਾ ਪਤਾ ਲੱਗਦਾ ਸੀ। ਅੱਜ ਕੱਲ੍ਹ ਸਾਜ਼ਾਂ ਦੇ ਰੌਲੇ-ਰੱਪੇ ਵਿਚ ਨਾ ਗਾਇਕ ਦਾ ਜ਼ੋਰ ਲਗਦੈ ਨਾ ਹੀ ਉਸ ਦੀ ਗਾਇਕੀ ਦਾ ਪਤਾ ਲਗਦੈ। ਸਾਡੇ  ਵੇਲੇ ਲੋਕ ਗਾਇਕਾਂ ਦੀ ਬਹੁਤ ਇੱਜ਼ਤ ਕਰਦੇ ਸਨ, ਮੱਥੇ ਟੇਕਦੇ ਸਨ ਪਰ ਅੱਜ ਦੇ ਗਾਇਕਾਂ ਨੂੰ ਜਿਹੜੇ ਨਾਲ ਅੱਧ ਨੰਗੀਆਂ ਕੁੜੀਆਂ ਨਚਾਉਂਦੇ ਹਨ, ਦੀ ਇੱਜ਼ਤ ਕੌਣ ਕਰੇਗਾ। ਇਹ ਗਾਇਕੀ ਨੂੰ ਖਰੀਦਣ ਦੀ ਕੋਸ਼ਿਸ਼ ਕਰਦੇ ਹਨ ਜੋ ਆਤਮ ਧੋਖੇ ਤੋਂ ਸਿਵਾ ਕੁਝ ਨਹੀਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All