ਮਿੱਟੀ ਦੀ ਮਹਿਕ ਵਾਲੀ: ਗੁਰਮੀਤ ਬਾਵਾ

ਕੋਈ ਸ਼ਖ਼ਸੀਅਤ ਜਦੋਂ ਅੰਦਰੋਂ-ਬਾਹਰੋਂ ਮਹਿਕ ਨਾਲ ਭਰੀ ਹੋਵੇ ਤੇ ਫੇਰ ਉਹ ਮਹਿਕ ਸੁਰਾਂ, ਸੰਗੀਤ, ਜਜ਼ਬਿਆਂ ਤੇ ਗੀਤਾਂ ਰਾਹੀਂ ਸਾਡੀਆਂ ਰੂਹਾਂ ਨੂੰ ਨਸ਼ਿਆ ਜਾਏ, ਸਾਨੂੰ ਕੋਈ ਹਲੂਣਾ ਜਿਹਾ ਦੇ ਜਾਏ ਅਤੇ ਆਪਣੇ ਲੋਕ ਗੀਤਾਂ ਰਾਹੀਂ ਸਾਨੂੰ ਕਹੇ,‘‘ਪੰਜਾਬੀਓ, ਸੁੱਤੇ ਕਿਉਂ ਜੇ, ਜਾਗੋ, ਤੁਹਾਡੀ ਮਾਂ ਬੋਲੀ ਤੁਹਾਡੇ ਕੋਲੋਂ ਖੁੱਸਦੀ ਜਾ ਰਹੀ ਏ, ਤੁਹਾਡਾ ਸੱਭਿਆਚਾਰ ਕੋਈ ਲੁੱਟ ਕੇ ਲੈ ਚੱਲਿਆ, ਤੁਹਾਡੇ ਲੋਕ ਗੀਤਾਂ, ਤੁਹਾਡੀ ਅਪਣੱਤ, ਤੁਹਾਡੇ ਰਿਸ਼ਤਿਆਂ ਨੂੰ ਕੋਈ ਸੰਨ੍ਹ ਲਾ ਰਿਹਾ ਏ, ਉੱਠੋ ਕਦਮ ਨਾਲ ਕਦਮ ਮਿਲਾ ਕੇ ਤੁਰੀਏ ਤੇ ਜੋ ਕੁਝ ਵੀ ਆਪਣਾ ਬਚਦਾ ਏ ਬਚਾ ਲਈਏ।’’ ਇਹ ਹੋਕਾ ਦੇਣ ਵਾਲੀ ਸ਼ਖ਼ਸੀਅਤ ਦਾ ਨਾਂ ਹੈ ਗੁਰਮੀਤ ਬਾਵਾ, ਜਿਸ ਦੀ ਲੰਮੀ ਹੇਕ ਵਾਂਗੰੂ ਉਸ ਦੀ ਗਾਇਕੀ ਦਾ ਸਫ਼ਰ ਵੀ ਬੜਾ ਲੰਮਾ ਏ, ਜਿਸ ਨੂੰ ਆਪਣਿਆਂ ਦੀ ਪਛਾਣ ਏ, ਜਿਸ ਨੂੰ ਆਪਣੇ ਸੱਭਿਆਚਾਰ ਤੇ ਆਪਣੀ ਮਿੱਟੀ ਦਾ ਫ਼ਿਕਰ ਏ। ਗੁਰਮੀਤ ਬਾਵਾ ਦੀ ਆਵਾਜ਼, ਉਸ ਦੇ ਸੰਘਰਸ਼, ਉਸ ਦੇ ਗੀਤਾਂ ਦੀਆਂ ਬੁਲੰਦੀਆਂ ਬੇਸ਼ੱਕ ਅਸਮਾਨ ਛੂੰਹਦੀਆਂ ਨੇ ਪਰ ਆਪ ਉਹ ਨਿਮਰਤਾ ਨਾਲ ਲਬਰੇਜ਼, ਆਪਣੀ ਮਿੱਟੀ ਨਾਲ ਜੁੜੀ ਹੋਈ ਸ਼ਖ਼ਸੀਅਤ ਏ। ਉਹ ਹਮੇਸ਼ਾਂ ਕਹਿੰਦੀ ਏ, ‘‘ਮਿੱਟੀ ’ਚ ਬੜੀ ਪਕੜ ਹੁੰਦੀ ਏ, ਬੰਦੇ ਨੂੰ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੀਦਾ ਏ।’’ ਗੁਰਮੀਤ ਬਾਵਾ ਲੋਕ ਗਾਇਕੀ ਦੀ ਇੱਕ ਤੁਰੀ ਫਿਰਦੀ ਸੰਸਥਾ ਹੈ। ਮੈਨੂੰ ਇਹ ਬਿਲਕੁਲ ਹੀ ਚੇਤੇ ਨਹੀਂ ਕਿ ਮੈਂ ਗੁਰਮੀਤ ਬਾਵਾ ਨੂੰ ਕਦੋਂ ਦਾ ਜਾਣਦਾਂ ਤੇ ਕਿੰਨਾ ਕੁ ਜਾਣਦਾਂ। ਜੇ ਚੇਤੇ ਕਰਾਂ ਤਾਂ ਫੇਰ ਇੰਜ ਲੱਗਦਾ ਜਿਵੇਂ ਮੈਂ ਗੁਰਮੀਤ ਬਾਵਾ ਨੂੰ ਉਦੋਂ ਤੋਂ ਜਾਣਦਾਂ, ਜਦੋਂ ਤੋਂ ਮੈਂ ਆਪਣੀ ਮਾਂ ਨੂੰ ਜਾਣਦਾਂ, ਜਦੋਂ ਮੈਂ ਆਪਣੀ ਭੈਣ ਕੋਲੋਂ ਪਹਿਲੀ ਵਾਰੀ ਰੱਖੜੀ ਬੰਨ੍ਹਵਾਈ ਸੀ ਜਾਂ ਜਦੋਂ ਮੈਂ ਕਿਸੇ ਧੀ ਦੇ ਸਿਰ ’ਤੇ ਪਿਆਰ ਦਿੱਤਾ ਸੀ ਜਾਂ ਜਦੋਂ ਮੈਂ ਪਹਿਲੀ ਵਾਰ ਦੋਸਤੀ ਦੇ ਅਹਿਸਾਸ ਨਾਲ ਦੁੱਖਾਂ-ਸੁੱਖਾਂ ਦੀ ਸਾਂਝ ਪਾਈ ਸੀ ਤੇ ਜੇ ਮੈਂ ਰਿਸ਼ਤਿਆਂ ਦੇ ਵਹਿਣ ਤੋਂ ਪਰਾਂ ਹੋ ਕੇ ਵੇਖਾਂ ਤਾਂ ਇੰਜ ਲੱਗਦਾ ਏ ਗੁਰਮੀਤ ਬਾਵਾ ਨੂੰ ਮੈਂ ਉਦੋਂ ਤੋਂ ਜਾਣਦਾਂ ਜਦੋਂ ਕੋਈ ਪਹਿਲਾ ਲੋਕ ਗੀਤ ਕਿਸੇ ਨੇ ਗਾਇਆ ਸੀ। ਗੁਰਮੀਤ ਬਾਵਾ ਲੋਕ-ਗੀਤ ਗਾਉਂਦੀ-ਗਾਉਂਦੀ ਅੱਜ ਆਪ ਇੱਕ ਲੋਕ-ਗੀਤ ਬਣ ਗਈ ਹੈ। ਹੋ ਸਕਦਾ ਹੈ ਕੁਝ ਲੋਕ, ਲੋਕ-ਗੀਤ ਭੁੱਲ ਜਾਣ ਪਰ ਗੁਰਮੀਤ ਬਾਵਾ ਨੂੰ ਕੋਈ ਨਹੀਂ ਭੁੱਲ ਸਕਦਾ। ਪਿਛਲੇ 50 ਸਾਲਾਂ ਤੋਂ ਉਸ ਨੇ ਪੰਜਾਬੀਆਂ ਦੇ ਦਿਲਾਂ ’ਤੇ ਆਪਣੇ ਲੋਕ ਗੀਤਾਂ ਰਾਹੀਂ ਰਾਜ ਕੀਤਾ ਹੈ। ਗੁਰਮੀਤ ਬਾਵਾ ਜਿਸ ਨੇ ਹਮੇਸ਼ਾਂ ਹੀ ਕਿਸੇ ਸਕੂਲ ਦੀ ਅਧਿਆਪਕਾ ਬਣ ਕੇ ਬੱਚਿਆਂ ਨੂੰ ਪੜ੍ਹਾਉਣਾ ਚਾਹਿਆ ਪਰ ਉਹ ਆਪਣੇ ਸੰਗੀਤਕਾਰ ਤੇ ਹੁਨਰਮੰਦ ਪਤੀ ਕਿਰਪਾਲ ਬਾਵਾ ਦੇ ਲੜ ਲੱਗ ਕੇ ਫਿਰ ਸੰਗੀਤ ਦੇ ਲੜ ਲੱਗੀ ਰਹੀ। ਉਹ ਹਾਲੇ ਵੀ ਕਈ ਵਾਰੀ ਕਹਿ ਦਿੰਦੀ ਹੈ ਕਿ ਮੈਂ ਕਦੋਂ ਗਾਇਕਾ ਬਣਨਾ ਚਾਹਿਆ ਸੀ, ਮੈਂ ਤਾਂ ਸਕੂਲ ਦੀ ਅਧਿਆਪਕਾ ਹੀ ਬਣੀ ਰਹਿਣਾ ਚਾਹੁੰਦੀ ਸੀ। ਸੋਚਦਾਂ ਕਿ ਗੁਰਮੀਤ ਬਾਵਾ ਨੂੰ ਸ਼ਾਇਦ ਪਤਾ ਨਹੀਂ ਕਿ ਉਹ ਅੱਜ ਵੀ ਅਧਿਆਪਕਾ ਹੀ ਏ, ਬੇਸ਼ੱਕ ਉਸ ਨੇ ਕੋਈ ਸਕੂਲ ਨਹੀਂ ਖੋਲ੍ਹਿਆ ਪਰ ਉਹ ਤੁਰੀ ਫਿਰਦੀ ਲੋਕ ਸੰਗੀਤ ਦੀ ਯੂਨੀਵਰਸਿਟੀ ਹੈ। ਉਹ ਆਪਣੀ ਆਵਾਜ਼ ਦੇ ਰਾਹੀਂ ਆਪਣੀ ਬੁੱਕਲ ਵਿੱਚ ਪੰਜਾਬ ਦੇ ਲੋਕ ਗੀਤ ਸਾਂਭੀ ਬੈਠੀ ਹੈ। ਇਹ ਵਿਰਾਸਤ ਉਸ ਨੇ ਆਪਣੀਆਂ ਧੀਆਂ ਨੂੰ ਵੀ ਦਿੱਤੀ ਏ, ਲਾਚੀ ਬਾਵਾ, ਗਲੋਰੀ ਬਾਵਾ ਤੇ ਪੋਪੀ ਬਾਵਾ। ਇਹ ਤਿੰਨੇ ਧੀਆਂ ਵੀ ਮਾਂ ਦੇ ਪਾਏ ਪੂਰਨਿਆਂ ’ਤੇ ਤੁਰਦੀਆਂ ਨੇ। ਗੁਰਮੀਤ ਬਾਵਾ ਜਦੋਂ ਸੂਹੀ ਫੁਲਕਾਰੀ ਲੈ ਕੇ ਸਟੇਜ ’ਤੇ ਲੰਮੀ ਹੇਕ ਲਾਉਂਦੀ ਏ ਤਾਂ ਉਸ ਹੇਕ ਵਿੱਚ ਸਾਂਝੇ ਪੰਜਾਬ ਦੇ ਪੰਜ ਦਰਿਆਵਾਂ ਦੀਆਂ ਲਹਿਰਾਂ ਦੀ ਰਵਾਨਗੀ ਦਿਸਦੀ ਏ, ਜਦੋਂ ਸਟੇਜ ’ਤੇ ਮਿਰਜ਼ਾ ਗਾਉਂਦੀ ਏ ਤਾਂ ਇੰਜ ਲੱਗਦਾ ਏ ਕਿ ਜਿਵੇਂ ਮਿਰਜ਼ੇ ਦੀ ਅਸਲੀ ਹੱਕਦਾਰ ਸਾਹਿਬਾਂ ਨਹੀਂ, ਮਿਰਜ਼ੇ ਦੀ ਅਸਲੀ ਹੱਕਦਾਰ ਤਾਂ ਗੁਰਮੀਤ ਬਾਵਾ ਹੋਵੇ। ਸਿੱਠਣੀਆਂ, ਘੋੜੀਆਂ, ਸੁਹਾਗ, ਬੋਲੀਆਂ, ਜੁਗਨੀ, ਕੋਰਾ-ਕੋਰਾ ਕੁੱਜਾ, ਕੁਹਾਰੋ ਡੋਲੀ ਨਾ  ਚਾਇਓ ਵਰਗੇ ਲੋਕ ਗੀਤਾਂ ਨੂੰ ਗਾਉਣ ਵਾਲੀ ਗੁਰਮੀਤ ਬਾਵਾ, ਅੱਜ ਵੀ ਆਪਣੇ ਸਾਫ਼-ਸੁਥਰੇ ਸੱਭਿਆਚਾਰ, ਸੰਗੀਤ ਅਤੇ ਲੋਕ ਵਿਰਾਸਤ ਦੇ ਅਕਸ ਨੂੰ ਸਾਂਭੀ ਬੈਠੀ ਹੈ। ਉਹ ਜਦੋਂ ਚਰਖਾ    ਕੱਤਦੀ ਏ ਤਾਂ ਪੂਣੀਆਂ ਲਾਹ-ਲਾਹ ਢੇਰ ਲਾ ਦਿੰਦੀ ਏ, ਉਹਨੂੰ ਚਰਖਾ ਕੱਤਦਿਆਂ ਦੇਖ ਕੇ ਇੰਜ ਲੱਗਦਾ ਏ ਜਿਵੇਂ ਕਿਸੇ ਕੈਲੰਡਰ ਵਿਚਲੀ ਚਰਖੇ ਵਾਲੀ ਤਸਵੀਰ ਨੇ ਸਾਕਾਰ ਰੂਪ ਲੈ ਲਿਆ ਹੋਵੇ। ਉਸ ਨੇ ਆਪਣੀ ਗਾਇਕੀ ਦੇ ਸਿਰ ’ਤੇ ਦੁਨੀਆਂ ਦੇ        35 ਮੁਲਕਾਂ ਵਿੱਚ ਪੰਜਾਬੀ ਲੋਕ ਗੀਤ ਗਾਏ,     ਛੋਟੇ-ਵੱਡੇ ਇਨਾਮ-ਸਨਮਾਨ ਉਹਦੀ ਝੋਲੀ ਵਿੱਚ ਪਏ। ਉਸ ਨੂੰ ਭਾਰਤੀ ਸੰਗੀਤ ਨਾਟਕ ਅਕਾਦਮੀ ਵੱਲੋਂ ‘ਰਾਸ਼ਟਰਪਤੀ ਪੁਰਸਕਾਰ’ ਦੇ ਕੇ ਨਿਵਾਜਿਆ ਗਿਆ। ਉਸ ਨੂੰ ‘ਸ਼੍ਰੋਮਣੀ ਪੰਜਾਬੀ ਗਾਇਕਾ’, ਪੰਜਾਬ ਕਲਾ ਪ੍ਰੀਸ਼ਦ ਵੱਲੋਂ ‘ਪੰਜਾਬ ਗੌਰਵ’ ਪੁਰਸਕਾਰ, ਹਜ਼ਾਰਾਂ ਹੀ ਸੰਗੀਤ, ਸਾਹਿਤ ਤੇ ਕਲਾ ਸੰਸਥਾਵਾਂ   ਦੇ ਪੁਰਸਕਾਰ, ਸ੍ਰੀ ਅਨੰਦਪੁਰ ਸਾਹਿਬ ਵਿਖੇ ਤ੍ਰੈਸ਼ਤਾਬਦੀ ਸਮਾਗਮਾਂ ਸਮੇਂ ਸਨਮਾਨ, ਜ਼ੀ. ਟੀ. ਵੀ. ਵੱਲੋਂ ‘ਜ਼ੀ ਅਨਹਦ’ ਪੁਰਸਕਾਰ, ਪੀ. ਟੀ. ਸੀ. ਵੱਲੋਂ ‘ਲਾਈਫ਼ ਟਾਈਮ ਅਚੀਵਮੈਂਟ’ ਪੁਰਸਕਾਰ, ਮੱਧ ਪ੍ਰਦੇਸ਼ ਸਰਕਾਰ ਵੱਲੋਂ ‘ਦੇਵੀ ਅਹਿੱਲਿਆ’ ਪੁਰਸਕਾਰ ਅਤੇ ਪੰਜਾਬ ਸਰਕਾਰ ਨੇ ‘ਸਟੇਟ ਐਵਾਰਡ’ ਨਾਲ ਵੀ ਸਨਮਾਨਿਤ ਕੀਤਾ ਹੈ। ਹਾਲਾਂਕਿ ਗੁਰਮੀਤ ਬਾਵਾ ਆਪਣੇ-ਆਪ ਵਿੱਚ ਪੰਜਾਬੀ ਲੋਕ ਗਾਇਕੀ ਦਾ ਇੱਕ ਤੁਰਿਆ ਫਿਰਦਾ ਸਨਮਾਨ ਏ ਪਰ ਫੇਰ ਵੀ ਜਿੰਨੇ ਵੱਡੇ ਸਨਮਾਨਾਂ ਦੀ ਉਹ ਹੱਕਦਾਰ ਏ, ਉਹ ਉਸ ਦੀ ਝੋਲੀ ਪੈਣੇ ਬਾਕੀ ਨੇ। ਲੋਕ ਵਿਰਾਸਤ ਨਾਲ ਜੁੜੇ ਗੁਰਮੀਤ ਬਾਵਾ ਦੇ ਗਾਏ ਲੋਕ ਗੀਤਾਂ ਦੀ ਇੱਕ ਸੀ.ਡੀ. ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ‘ਮਿੱਟੀ ਦੀ ਮਹਿਕ’ ਤਿਆਰ ਕੀਤੀ ਗਈ ਏ ਪਰ ਹਾਲੇ ਵੀ ਬੇਸ਼ੁਮਾਰ ਲੋਕ ਗੀਤਾਂ ਦਾ ਖ਼ਜ਼ਾਨਾ ਗੁਰਮੀਤ ਬਾਵਾ ਦੇ ਕੋਲ ਸਾਂਭਿਆ ਪਿਆ ਏ, ਜੇ ਉਹ ਸੀ.ਡੀਆਂ ਵਿੱਚ ਸਾਂਭਣ ਲੱਗੀਏ ਤਾਂ ਸ਼ਾਇਦ 50 ਸੀ.ਡੀਆਂ ਬਣ ਜਾਣ। ਗੁਰਮੀਤ ਬਾਵਾ ਜੋ ਦੁਨੀਆਂਦਾਰੀ ਦੇ ਵਲ-ਫਰੇਬਾਂ ਤੋਂ ਪਰੇ ਹੈ, ਜਿਸ ਲਈ ਸੰਗੀਤ ਹੀ ਸਭ ਕੁਝ ਹੈ, ਉਹ ਚਾਰ-ਚੁਫੇਰੇ ਆਪਣੇ ਲੋਕ ਗੀਤਾਂ ਰਾਹੀਂ ਆਪਣੀ ‘ਮਿੱਟੀ ਦੀ ਮਹਿਕ’ ਵੰਡਦੀ ਫਿਰਦੀ ਏ। ਸ਼ਾਲਾ! ਉਹ ਕਦੇ ਵੀ ਅੱਕੇ ਨਾ, ਕਦੇ ਥੱਕੇ ਨਾ, ਉਹ ਏਸੇ ਤਰ੍ਹਾਂ ਨਵੀਆਂ ਰਾਹਾਂ ਸਿਰਜਦੀ ਤੁਰੀ ਰਹੇ ਤੇ ਹਨੇਰਿਆਂ ਵਿੱਚ ਲੋਕ ਗੀਤਾਂ ਦੇ ਦੀਵੇ ਬਾਲਦੀ ਰਹੇ।

- ਕੇਵਲ ਧਾਲੀਵਾਲ ਸੰਪਰਕ: 98142-99422

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All