ਮਿਸ਼ਨ ਤਰੀਕ

ਫ਼ਿਲਮ ਜਗਤ ਵਿਚ ਅੱਜਕੱਲ੍ਹ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਹੁਣ ਫ਼ਿਲਮਾਂ ਬਣਦੀਆਂ ਬਾਅਦ ਵਿਚ ਹਨ, ਪਰ ਉਨ੍ਹਾਂ ਦੀ ਰਿਲੀਜ਼ ਦੀ ਤਰੀਕ ਪਹਿਲਾਂ ਹੀ ਤੈਅ ਹੋ ਜਾਂਦੀ ਹੈ। ਫ਼ਿਲਮ ਦੀ ਪਟਕਥਾ ਅਤੇ ਸ਼ੂਟਿੰਗ ਵਰਗੀਆਂ ਮੁੱਢਲੀਆਂ ਚੀਜ਼ਾਂ ਤੈਅ ਨਹੀਂ ਹੁੰਦੀਆਂ, ਪਰ ਤਿਓਹਾਰਾਂ ਨੂੰ ਧਿਆਨ ਵਿਚ ਰੱਖ ਕੇ ਮਿਤੀ ਤੈਅ ਕਰ ਦਿੱਤੀ ਜਾਂਦੀ ਹੈ।

ਅਸੀਮ ਚਕਰਵਰਤੀ

ਅੱਜਕੱਲ੍ਹ ਬੌਲੀਵੁੱਡ ਵਿਚ ਵੱਡੇ ਸਿਤਾਰਿਆਂ ਆਮਿਰ ਖ਼ਾਨ, ਅਜੈ ਦੇਵਗਨ, ਅਕਸ਼ੈ ਕੁਮਾਰ ਸਮੇਤ ਕਈ ਦਿੱਗਜਾਂ ਦੀਆਂ ਫ਼ਿਲਮਾਂ ਦੀ ਸ਼ੂਟਿੰਗ ਚੱਲ ਰਹੀ ਹੈ। ਇਨ੍ਹਾਂ ਫ਼ਿਲਮਾਂ ਦੀ ਰਿਲੀਜ਼ ਮਿਤੀ ਦਾ ਐਲਾਨ ਕਾਫ਼ੀ ਪਹਿਲਾਂ ਹੀ ਹੋ ਚੁੱਕਿਆ ਹੈ। ਉਦੋਂ ਇਨ੍ਹਾਂ ਦਾ ਪ੍ਰੀ-ਪ੍ਰੋਡਕਸ਼ਨ ਵੀ ਸ਼ੁਰੂ ਨਹੀਂ ਹੋਇਆ ਸੀ। ਫ਼ਿਲਮ ਸਨਅੱਤ ਵਿਚ ਇਹ ਨਵੀਂ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਫ਼ਿਲਮਸਾਜ਼ ਆਪਣੀਆਂ ਫ਼ਿਲਮਾਂ ਨੂੰ ਫਲੋਰ ’ਤੇ ਲੈ ਕੇ ਜਾਣ ਤੋਂ ਪਹਿਲਾਂ ਹੀ ਅਗਲੇ ਦੋ ਸਾਲ ਦੀ ਰਿਲੀਜ਼ ਮਿਤੀ ਬੁੱਕ ਕਰਾ ਲੈਂਦੇ ਹਨ। ਇਸਦੇ ਬਾਅਦ ਹੀ ਆਪਣੀਆਂ ਫ਼ਿਲਮਾਂ ਦੇ ਐਲਾਨ ਦੇ ਨਾਲ ਹੀ ਦੱਸਦੇ ਹਨ ਕਿ ਫ਼ਿਲਮ ਕਿਸ ਦਿਨ ਰਿਲੀਜ਼ ਹੋਵੇਗੀ। ਨਿਰਮਾਤਾਵਾਂ ਵਿਚ ਦੀਵਾਲੀ, ਈਦ, ਹੋਲੀ ਆਦਿ ਨੂੰ ਬੁੱਕ ਕਰਾਉਣ ਦੀ ਹੋੜ ਜਿਹੀ ਮਚ ਜਾਂਦੀ ਹੈ ਜਦੋਂਕਿ ਫ਼ਿਲਮ ਦੀ ਪਟਕਥਾ ਅਤੇ ਸ਼ੂਟਿੰਗ ਵਰਗੀਆਂ ਮੁੱਢਲੀਆਂ ਚੀਜ਼ਾਂ ਅਜੇ ਤੈਅ ਵੀ ਨਹੀਂ ਕੀਤੀਆਂ ਹੁੰਦੀਆਂ। ਇਹੀ ਵੱਡਾ ਕਾਰਨ ਹੈ ਕਿ ਫ਼ਿਲਮਾਂ ਦੀ ਰਿਲੀਜ਼ ਮਿਤੀ ਸਬੰਧੀ ਟਕਰਾਅ ਦੇਖਣ ਨੂੰ ਮਿਲਦਾ ਹੈ। ਸਾਲ 2017 ਦੀ ਪਹਿਲੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ‘ਗੋਲਮਾਲ ਅਗੇਨ’ ਦੇ ਬਾਅਦ ਅਜੇ ਦੇਵਗਨ ਕਾਫ਼ੀ ਸਮਝਦਾਰ ਹੋ ਗਿਆ ਹੈ। ਸਟਾਰਡਮ ਦੀ ਦੌੜ ਵਿਚ ਤਿੰਨ ਖ਼ਾਨ ਅਤੇ ਅਕਸ਼ੈ ਕੁਮਾਰ ਤੋਂ ਥੋੜ੍ਹਾ ਪਿੱਛੇ ਚੱਲਣ ਵਾਲਾ ਅਜੇ ਦੇਵਗਨ ਆਪਣੀ ਹਰ ਫ਼ਿਲਮ ਨੂੰ ਲੈ ਕੇ ਸੁਚੇਤ ਰਹਿੰਦਾ ਹੈ। ਉਹ ਚਾਹੇ ‘ਬਾਦਸ਼ਾਹੋ’ ਹੋਵੇ, ‘ਗੋਲਮਾਲ ਅਗੇਨ’ ਜਾਂ ਫਿਰ ‘ਰੇਡ’। ਉਸ ਦੀਆਂ ਫ਼ਿਲਮਾਂ ਦੀ ਰਿਲੀਜ਼ ਮਿਤੀ ਤੋਂ ਲੈ ਕੇ ਸਾਰੀ ਤਿਆਰੀ ਬਹੁਤ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਹੁਣ ਉਸ ਦੀਆਂ ਅਗਲੀਆਂ ਦੋ ਫ਼ਿਲਮਾਂ ਦੀ ਰਿਲੀਜ਼ ਮਿਤੀ ਅਗਲੇ ਸਾਲ ਰੱਖੀ ਗਈ ਹੈ। ਪਹਿਲਾਂ ‘ਤਾਨਾਜੀ-ਦਿ ਅਨਸੰਗ ਵਾਰਿਅਰ’ 10 ਜਨਵਰੀ, 2020 ਨੂੰ ਅਤੇ ਇਸਦੇ ਬਾਅਦ ‘ਭੁੱਜ-ਦਿ ਪ੍ਰਾਈਡ ਆਫ ਇੰਡੀਆ’ ਅਗਸਤ 2020 ਵਿਚ ਰਿਲੀਜ਼ ਹੋਵੇਗੀ। ਇਸਤੋਂ ਪਹਿਲਾਂ ‘ਗੋਲਮਾਲ ਅਗੇਨ’ ਦੇ ਮਾਮਲੇ ਵਿਚ ਵੀ ਉਹ ਇਸ ਤਰ੍ਹਾਂ ਹੀ ਕਰ ਚੁੱਕਿਆ ਹੈ, ਪਰ ਇਸੀ ਸਮੇਂ ਸੰਜੇ ਲੀਲਾ ਭੰਸਾਲੀ ਵੀ ਆਪਣੀ ਫ਼ਿਲਮ ‘ਪਦਮਾਵਤ’ ਨੂੰ ਰਿਲੀਜ਼ ਕਰਨ ਆ ਗਏ। ਕਿਸੇ ਕਾਰਨ ‘ਪਦਮਾਵਤ’ ਦੀ ਰਿਲੀਜ਼ ਮਿਤੀ ਅੱਗੇ ਵਧ ਗਈ ਅਤੇ ‘ਗੋਲਮਾਲ ਅਗੇਨ’ ਨੂੰ ਆਮਿਰ ਦੇ ਪ੍ਰੋਡਕਸ਼ਨ ਦੀ ਫ਼ਿਲਮ ‘ਸੀਕਰੇਟ ਸੁਪਰਸਟਾਰ’ ਨਾਲ ਟਕਰਾਉਣਾ ਪਿਆ। ਕੁਲ ਮਿਲਾ ਕੇ ਦੀਵਾਲੀ ਦੀਆਂ ਛੁੱਟੀਆਂ ਦਾ ਸਭ ਤੋਂ ਜ਼ਿਆਦਾ ਫਾਇਦਾ ਅਜੇ ਦੀ ਫ਼ਿਲਮ ਲੈ ਗਈ। ਇਸ ਫ਼ਿਲਮ ਦੀ ਕੁੱਲ ਕਮਾਈ 400 ਕਰੋੜ ਰੁਪਏ ਤੋਂ ਜ਼ਿਆਦਾ ਸੀ। ਇਸਤੋਂ ਬਾਅਦ ਫ਼ਿਲਮ ‘ਰੇਡ’ ਦੀ ਰਿਲੀਜ਼ ਮਿਤੀ ਵੀ ਬਹੁਤ ਸੋਚ ਸਮਝ ਕੇ 16 ਮਾਰਚ, 2018 ਬੁੱਕ ਕਰਾਈ ਗਈ। ਉਂਜ ਆਮਿਰ ਖ਼ਾਨ ਇਸ ਮਾਮਲੇ ਵਿਚ ਅਲੱਗ ਹੈ। ਆਪਣੀਆਂ ਹੋਰ ਫ਼ਿਲਮਾਂ ਦੀ ਤਰ੍ਹਾਂ ਆਪਣੀ ਹੋਮ ਪ੍ਰੋਡਕਸ਼ਨ ਫ਼ਿਲਮ ‘ਸੀਕਰੇਟ ਸੁਪਰਸਟਾਰ’ ਦੀ ਰਿਲੀਜ਼ ਮਿਤੀ ਵੀ ਉਸਨੇ ਬਹੁਤ ਸੋਚ ਸਮਝ ਕੇ ਰੱਖੀ ਸੀ। ਫ਼ਿਲਮ ਨਾਲ ਜੁੜੀਆਂ ਸਾਰੀਆਂ ਯੋਜਨਾਵਾਂ ਉਸਨੇ ਬਣਾਈਆਂ। ਇਸ ਵਿਚ ਉਸਨੂੰ ਸਫਲਤਾ ਵੀ ਮਿਲੀ, ਪਰ ਉਸਦੀ ਮੁੱਖ ਭੂਮਿਕਾ ਨਾਲ ਸਜੀ ਫ਼ਿਲਮ ‘ਠੱਗਜ਼ ਆਫ ਹਿੰਦੁਸਤਾਨ’ ਦੇ ਮਾਮਲੇ ਵਿਚ ਉਹ ਅਸਫਲ ਸਾਬਤ ਹੋਇਆ। ਸਾਲ 2018 ਵਿਚ ਦੀਵਾਲੀ ਦੇ ਮੌਕੇ ’ਤੇ ਰਿਲੀਜ਼ ਹੋਈ ਇਸ ਫ਼ਿਲਮ ਦਾ ਜੋ ਹਸ਼ਰ ਹੋਇਆ, ਉਸ ਬਾਰੇ ਜ਼ਿਆਦਾ ਦੱਸਣ ਦੀ ਲੋੜ ਨਹੀਂ। ਫ਼ਿਲਮ ‘ਲਗਾਨ’ ਦੇ ਬਾਅਦ ਉਹ ਆਪਣੀਆਂ ਫ਼ਿਲਮਾਂ ਦੀ ਰਿਲੀਜ਼ ਮਿਤੀ ਨੂੰ ਲੈ ਕੇ ਬਹੁਤ ਸੰਜੀਦਾ ਹੋਇਆ ਹੈ। ਸਾਲ 2020 ਦੀ ਕ੍ਰਿਸਮਸ ’ਤੇ ਰਿਲੀਜ਼ ਹੋਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਲੈ ਕੇ ਉਹ ਬਹੁਤ ਗੰਭੀਰ ਹੈ। ਅਕਸ਼ੈ ਕੁਮਾਰ ਦੀਆਂ ਫ਼ਿਲਮਾਂ ਵੀ ਆਮਿਰ ਦੀ ਤਰ੍ਹਾਂ ਸਹੀ ਯੋਜਨਾਬੰਦੀ ਨਾਲ ਸਹੀ ਸਮੇਂ ’ਤੇ ਰਿਲੀਜ਼ ਹੁੰਦੀਆਂ ਹਨ। 2019-20 ਵਿਚ ਰਿਲੀਜ਼ ਹੋਣ ਵਾਲੀਆਂ ਉਸ ਦੀਆਂ ਫ਼ਿਲਮਾਂ ਦੀ ਰਿਲੀਜ਼ ਮਿਤੀ ਪਹਿਲਾਂ ਤੋਂ ਹੀ ਤੈਅ ਹੋ ਚੁੱਕੀ ਹੈ। ਇਸਦੀ ਸ਼ੁਰੂਆਤ ‘ਕੇਸਰੀ’ ਤੋਂ ਹੋਈ। ਹੁਣ ਬਾਰੀ ਹੈ ‘ਮਿਸ਼ਨ ਮੰਗਲ’, ‘ਗੁੱਡ ਨਿਊਜ਼’ ਅਤੇ ‘ਹਾਊਸਫੁੱਲ’ ਵਰਗੀਆਂ ਫ਼ਿਲਮਾਂ ਦੀ। ਇਨ੍ਹਾਂ ਤਿੰਨਾਂ ਦੀ ਰਿਲੀਜ਼ ਮਿਤੀ ਬਹੁਤ ਪਹਿਲਾਂ ਹੀ ਤੈਅ ਹੋ ਚੁੱਕੀ ਸੀ। 15 ਅਗਸਤ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ਮਿਸ਼ਨ ਮੰਗਲ’ ਬਾਰੇ ਅਕਸ਼ੈ ਦਾ ਕਹਿਣਾ ਹੈ, ‘ਇਸ ਫ਼ਿਲਮ ਦਾ ਵਿਸ਼ਾ ਹੀ ਕੁਝ ਅਜਿਹਾ ਹੈ ਕਿ ਇਸ ਲਈ ਸਹੀ ਰਿਲੀਜ਼ ਮਿਤੀ ਇਹ ਹੀ ਹੋ ਸਕਦੀ ਹੈ।’ ਕਦੇ ਸ਼ਾਹਰੁਖ਼ ਖ਼ਾਨ ਬਾਰੇ ਕਿਹਾ ਜਾਂਦਾ ਸੀ ਕਿ ਉਸਨੂੰ ਵੀ ਕੁਝ ਖ਼ਾਸ ਮੌਕਿਆਂ ’ਤੇ ਫ਼ਿਲਮਾਂ ਰਿਲੀਜ਼ ਕਰਨਾ ਪਸੰਦ ਹੈ, ਪਰ ਜਦੋਂ ਤੋਂ ਉਸ ਦੀਆਂ ਕੁਝ ਫ਼ਿਲਮਾਂ ਟਿਕਟ ਖਿੜਕੀ ’ਤੇ ਫਿਸਲ ਗਈਆਂ ਤਾਂ ਉਹ ਇਸ ਮਾਮਲੇ ਵਿਚ ਢਿੱਲਾ ਪੈ ਗਿਆ। ਹੁਣ ਉਸਦਾ ਬੈਨਰ ਹੀ ਇਹ ਸਭ ਤੈਅ ਕਰਕੇ ਉਸਨੂੰ ਪੂਰੀ ਯੋਜਨਾਬੰਦੀ ਦੱਸ ਦਿੰਦਾ ਹੈ। ਉਂਜ ਸ਼ਾਹਰੁਖ਼ ਨੂੰ ਲੱਗਦਾ ਹੈ ਕਿ ਉਸਦਾ ਸਟਾਰਡਮ ਸਭ ਤੋਂ ਉੱਪਰ ਹੈ। ਸੰਜੇ ਲੀਲਾ ਭੰਸਾਲੀ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਉਹ ਆਪਣੀਆਂ ਫ਼ਿਲਮਾਂ ਦੀ ਰਿਲੀਜ਼ ਮਿਤੀ ਨੂੰ ਲੈ ਕੇ ਜ਼ਿਆਦਾ ਗੰਭੀਰ ਨਹੀਂ ਹੈ, ਇਸ ਲਈ ਉਹ ਇਕ ਮਹੀਨਾ ਪਹਿਲਾਂ ਹੀ ਇਸਦਾ ਐਲਾਨ ਕਰਦਾ ਹੈ, ਪਰ ‘ਪਦਮਾਵਤ’ ਦੇ ਨਿਰਮਾਣ ਸਮੇਂ ਉਹ ਰਿਲੀਜ਼ ਮਿਤੀ ਨੂੰ ਲੈ ਕੇ ਕਾਫ਼ੀ ਗੰਭੀਰ ਦਿਖਿਆ। ਇਸ ਕਾਰਨ ਉਸਦੀ ਫ਼ਿਲਮ ‘ਸੂਰਿਆਵੰਸ਼ੀ’ ਨਾਲ ਉਸਦਾ ਟਕਰਾਅ ਸ਼ੁਰੂ ਹੋ ਚੁੱਕਿਆ ਹੈ। ਹਾਲ ਹੀ ਵਿਚ ਟੀ ਸੀਰੀਜ਼ ਵਾਲਿਆਂ ਨੇ 2020 ਵਿਚ ਪ੍ਰਦਰਸ਼ਿਤ ਹੋਣ ਵਾਲੀਆਂ ਆਪਣੀਆਂ ਦਸ ਫ਼ਿਲਮਾਂ ਦੀ ਸੂਚੀ ਜਾਰੀ ਕੀਤੀ ਹੈ। ਸੰਗੀਤ ਜਗਤ ਤੋਂ ਇਲਾਵਾ ਟੀ ਸੀਰੀਜ਼ ਅੱਜਕੱਲ੍ਹ ਫ਼ਿਲਮ ਨਿਰਮਾਣ ਵਿਚ ਵੀ ਵੱਡਾ ਨਾਂ ਬਣ ਚੁੱਕੀ ਹੈ। ਇਕ ਹੀ ਸਮੇਂ ਵਿਚ ਉਨ੍ਹਾਂ ਦੀਆਂ ਇਕ ਦਰਜਨ ਤੋਂ ਜ਼ਿਆਦਾ ਫ਼ਿਲਮਾਂ ਦਾ ਨਿਰਮਾਣ ਕਾਰਜ ਵਿਭਿੰਨ ਪੜਾਵਾਂ ਵਿਚ ਜਾਰੀ ਰਹਿੰਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਆਪਣੀਆਂ ਇਨ੍ਹਾਂ ਫ਼ਿਲਮਾਂ ਦੀ ਰਿਲੀਜ਼ ਮਿਤੀ ਤੈਅ ਕਰਨਾ ਉਨ੍ਹਾਂ ਲਈ ਬਹੁਤ ਆਸਾਨ ਹੋ ਗਿਆ ਹੈ। ਇਸ ਪੂਰੀ ਚਰਚਾ ਵਿਚ ਬਿਹਤਰ ਫ਼ਿਲਮ ਦਾ ਪ੍ਰਸੰਗ ਬਹੁਤ ਪਿੱਛੇ ਰਹਿ ਜਾਂਦਾ ਹੈ। ਟਰੇਡ ਵਿਸ਼ਲੇਸ਼ਕ ਕੋਮਲ ਨਾਹਟਾ ਮੁਤਾਬਿਕ ਕਿਸੇ ਵੀ ਫ਼ਿਲਮ ਦੇ ਨਿਰਮਾਣ ਦੇ ਹਰ ਖੇਤਰ ਵਿਚ ਬਿਹਤਰ ਯੋਜਨਾ ਬਹੁਤ ਅਹਿਮੀਅਤ ਰੱਖਦੀ ਹੈ, ਪਰ ਇਕੱਲਾ ਰਿਲੀਜ਼ ਮਿਤੀ ’ਤੇ ਜ਼ੋਰ ਦੇਣਾ ਸਹੀ ਨਹੀਂ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All