ਮਾਹਵਾਰੀ: ਔਰਤ ਦੀ ਸਿਹਤ ਨਾਲ ਜੁੜੇ ਮਸਲੇ

ਤੇਜ ਕੌਰ

26 ਅਪਰੈਲ ਨੂੰ ‘ਸਿਹਤ ਤੇ ਸਿੱਖਿਆ’ ਪੰਨੇ ਉੱਪਰ ਮੇਰਾ ਲੇਖ ‘ਮਾਹਵਾਰੀ ਬਾਰੇ ਗ਼ਲਤ ਧਾਰਨਾਵਾਂ’ ਛਪਿਆ ਸੀ। 29 ਅਪਰੈਲ 2019 ਨੂੰ ਇਸ ਲੇਖ ਬਾਰੇ ਅੰਬਰ ਕੌਰ ਦੀ ਚਿੱਠੀ ਛਪੀ ਜਿਸ ਵਿਚ ਉਨ੍ਹਾਂ ਮਾਹਵਾਰੀ ਦੌਰਾਨ ਸੈਨੇਟਰੀ ਪੈਡ ਅਤੇ ਕੱਪੜੇ ਦੀ ਵਰਤੋਂ ਉੱਪਰ ਸਵਾਲ ਉਠਾਏ ਸਨ। ‘ਮਾਹਵਾਰੀ ਬਾਰੇ ਗ਼ਲਤ ਧਾਰਨਾਵਾਂ’ ਲੇਖ ਮੁੱਖ ਰੂਪ ਵਿਚ ਭਾਰਤੀ ਸਮਾਜ ਵਿਚ ਮਾਹਵਾਰੀ ਨਾਲ ਜੁੜੀ ਸ਼ਰਮ ਅਤੇ ਅਪਵਿੱਤਰਤਾ ਦੀ ਧਾਰਨਾ ਨਾਲ ਵਾਬਸਤਾ ਸੀ। ਲੇਖ ਵਿਚ ਮਾਹਵਾਰੀ ਨਾਲ ਜੁੜੇ ਕਈ ਮਸਲੇ ਵਿਚਾਰਨੇ ਰਹਿ ਗਏ ਸਨ। ਵਿਚਾਰਨਯੋਗ ਮੁੱਖ ਮਸਲਾ ਤਾਂ ਇਹ ਹੈ ਕਿ ਮਾਹਵਾਰੀ ਦੌਰਾਨ ਵਹਿ ਰਹੇ ਖ਼ੂਨ ਨੂੰ ਸੋਖਣ ਲਈ ਕਿਸ ਚੀਜ਼ ਦੀ ਵਰਤੋਂ ਕਰਨੀ ਵਧੇਰੇ ਸੁਰੱਖਿਅਤ ਹੋ ਸਕਦੀ ਹੈ? ਪਿਛਲੇ ਲੇਖ ਵਿਚ ਇਹ ਧਾਰਨਾ ਦਿੱਤੀ ਗਈ ਸੀ ਕਿ ਔਰਤਾਂ ਦੁਆਰਾ ਮਾਹਵਾਰੀ ਦੌਰਾਨ ਕੱਪੜੇ ਦੀ ਵਰਤੋਂ ਕਰਨਾ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ। ਅੰਬਰ ਕੌਰ ਦੇ ਪੱਤਰ ਵਿਚ ਦਿੱਤੇ ਸੁਝਾਅ ਦੇ ਹਵਾਲੇ ਨਾਲ ਮੈਂ ਸਮਝਦੀ ਹਾਂ ਕਿ ਇਸ ਧਾਰਨਾ ਉੱਪਰ ਵੀ ਪੁਨਰ-ਵਿਚਾਰ ਕਰਨ ਦੀ ਲੋੜ ਹੈ। ਮਾਹਵਾਰੀ ਦੌਰਾਨ ਵਹਿ ਰਹੇ ਖ਼ੂਨ ਦੇ ਸੋਖਣ ਲਈ ਅੱਜਕੱਲ੍ਹ ਬਾਜ਼ਾਰ ਵਿਚ ਸੈਨੇਟਰੀ ਪੈਡ, ਕੱਪੜੇ ਦੇ ਬਣੇ ਪੈਡ, ਟੈਮਪੂਨ, ਮਾਹਵਾਰੀ ਕੱਪ ਆਦਿ ਮਿਲਦੇ ਹਨ। ਇੱਥੇ ਸਾਡਾ ਮਕਸਦ ਇਹ ਦੇਖਣਾ ਹੈ ਕਿ ਔਰਤਾਂ ਲਈ ਇਨ੍ਹਾਂ ਵਿਚੋਂ ਕਿਹੜੀ ਚੀਜ਼ ਦੀ ਵਰਤੋਂ ਵਧੇਰੇ ਸੁਰੱਖਿਅਤ ਹੋ ਸਕਦੀ ਹੈ। ਟੈਮਪੂਨ ਅਤੇ ਮਾਹਵਾਰੀ ਕੱਪ ਵਰਤਣ ਦਾ ਤਰੀਕਾ ਕੱਪੜੇ, ਸੈਨੇਟਰੀ ਪੈਡ ਅਤੇ ਕੱਪੜੇ ਦੇ ਬਣੇ ਪੈਡ ਤੋਂ ਵੱਖਰਾ ਹੈ। ਕੱਪੜੇ, ਸੈਨੇਟਰੀ ਪੈਡ ਅਤੇ ਕੱਪੜੇ ਦੇ ਬਣੇ ਪੈਡ ਤੋਂ ਉਲਟ ਟੈਮਪੂਨ ਅਤੇ ਮਾਹਵਾਰੀ ਕੱਪ ਦੀ ਵਰਤੋਂ ਮਾਹਵਾਰੀ ਦੌਰਾਨ ਯੋਨੀ ਦੇ ਅੰਦਰ ਰੱਖ ਕੇ ਕੀਤੀ ਜਾਂਦੀ ਹੈ। ਟੈਮਪੂਨ ਰੂੰ ਅਤੇ ਰੇਸ਼ਮ ਤੋਂ ਬਣਿਆ ਹੁੰਦਾ ਹੈ। ਇਸ ਨੂੰ ਮਾਹਵਾਰੀ ਦੌਰਾਨ ਯੋਨੀ ਵਿਚ ਰੱਖਿਆ ਜਾਂਦਾ ਹੈ। ਇਹ ਮਾਹਵਾਰੀ ਦਾ ਖ਼ੂਨ ਸੋਖ ਲੈਂਦਾ ਹੈ। ਤਕਰੀਬਨ 5-6 ਘੰਟੇ ਬਾਅਦ ਟੈਮਪੂਨ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਇਸ ਦੀ ਥਾਂ ਨਵਾਂ ਟੈਮਪੂਨ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ‘ਮਾਹਵਾਰੀ ਕੱਪ’ ਸਿਲੀਕੋਨ ਤੋਂ ਬਣਿਆ ਹੁੰਦਾ ਹੈ ਜਿਸ ਨੂੰ ਯੋਨੀ ਵਿਚ ਫਿੱਟ ਕੀਤਾ ਜਾਂਦਾ ਹੈ। ਮਾਹਵਾਰੀ ਦਾ ਖ਼ੂਨ ਇਸ ਵਿਚ ਇਕੱਠਾ ਹੁੰਦਾ ਰਹਿੰਦਾ ਹੈ ਅਤੇ 5-6 ਘੰਟਿਆਂ ਬਾਅਦ ਇਸ ਨੂੰ ਬਾਹਰ ਕੱਢ ਕੇ, ਸਾਫ਼ ਪਾਣੀ ਨਾਲ ਧੋ ਕੇ ਦੁਬਾਰਾ ਵਰਤਿਆ ਜਾਂਦਾ ਹੈ। ਟੈਮਪੂਨ ਅਤੇ ਮਾਹਵਾਰੀ ਕੱਪ ਵਿਚ ਇਹ ਫ਼ਰਕ ਹੈ ਕਿ ਟੈਮਪੂਨ ਮਾਹਵਾਰੀ ਦੇ ਖ਼ੂਨ ਨੂੰ ਸੋਖਦਾ ਹੈ ਪਰ ਇਸ ਦੇ ਉਲਟ ਮਾਹਵਾਰੀ ਕੱਪ ਵਿਚ ਖ਼ੂਨ ਇਕੱਠਾ ਹੁੰਦਾ ਹੈ। ਦੂਸਰਾ ਫ਼ਰਕ ਇਹ ਹੈ ਕਿ ਵਰਤੇ ਗਏ ਟੈਮਪੂਨ ਦੀ ਦੁਬਾਰਾ ਵਰਤੋਂ ਨਹੀਂ ਕੀਤੀ ਜਾ ਸਕਦੀ ਪਰ ਮਾਹਵਾਰੀ ਕੱਪ ਚਾਰ-ਪੰਜ ਸਾਲਾਂ ਤੱਕ ਵਰਤਿਆ ਜਾ ਸਕਦਾ ਹੈ। ਟੈਮਪੂਨ ਅਤੇ ਮਾਹਵਾਰੀ ਕੱਪ ਦੀ ਵਰਤੋਂ ਪਿੱਛੇ ਇਹ ਧਾਰਨਾ ਦਿੱਤੀ ਜਾਂਦੀ ਹੈ ਕਿ ਇਨ੍ਹਾਂ ਦੀ ਵਰਤੋਂ ਨਾਲ ਔਰਤਾਂ ਨੂੰ ਮਾਹਵਾਰੀ ਦਾ ਅਹਿਸਾਸ ਨਹੀਂ ਹੁੰਦਾ। ਦੂਸਰੀ ਧਾਰਨਾ ਇਹ ਦਿੱਤੀ ਜਾਂਦੀ ਹੈ ਕਿ ਟੈਮਪੂਨ ਅਤੇ ਮਾਹਵਾਰੀ ਕੱਪ ਦੀ ਵਰਤੋਂ ਕਰਨ ਨਾਲ ਦੂਸਰੇ ਲੋਕਾਂ ਨੂੰ ਮਾਹਵਾਰੀ ਬਾਰੇ ਪਤਾ ਨਹੀਂ ਲੱਗਦਾ ਹੈ। ਗੌਲਣਯੋਗ ਨੁਕਤਾ ਇਹ ਹੈ ਕਿ ਇਹ ਧਾਰਨਾ ਵੀ ਮਾਹਵਾਰੀ ਨਾਲ ਜੁੜੀ ਸ਼ਰਮ ਵਾਲੀ ਧਾਰਨਾ ਦੀ ਪੈਰਵੀ ਕਰਦੀ ਹੈ। ਮਾਹਵਾਰੀ ਕੱਪ ਦਾ ਨਿਰਮਾਣ ਇਸ ਧਾਰਨਾ ਨੂੰ ਹੋਰ ਪੱਕਾ ਕਰਦਾ ਹੈ ਕਿ ਮਾਹਵਾਰੀ ਦਾ ਦਾਗ਼ ਲੱਗ ਜਾਣਾ ਅਤੇ ਦੂਸਰਿਆਂ ਨੂੰ ਮਾਹਵਾਰੀ ਬਾਰੇ ਪਤਾ ਲੱਗ ਜਾਣਾ ਸ਼ਰਮਨਾਕ ਹੈ। ਮਾਹਵਾਰੀ ਕੱਪ ਦੀ ਵਰਤੋਂ ਦੇ ਪੱਖ ਵਿਚ ਦੂਸਰਾ ਮੱਤ ਇਹ ਦਿੱਤਾ ਜਾਂਦਾ ਹੈ ਕਿ ਔਰਤ ਆਪਣੀ ਜ਼ਿੰਦਗੀ ਵਿਚ ਘੱਟੋ-ਘੱਟ 10,000 ਤੱਕ ਸੈਨੇਟਰੀ ਪੈਡ/ਟੈਮਪੂਨ ਦੀ ਵਰਤੋਂ ਕਰਦੀ ਹੈ। ਇਸ ਤੋਂ ਇਹ ਨਤੀਜਾ ਕੱਢਿਆ ਗਿਆ ਕਿ ਪੂਰੇ ਸੰਸਾਰ ਵਿਚ ਔਰਤਾਂ ਦੁਆਰਾ ਵਰਤੇ ਜਾਂਦੇ ਵੱਖੋ-ਵੱਖ ਤਰੀਕੇ ਦੇ ਸੈਨੇਟਰੀ ਪੈਡ/ਟੈਮਪੂਨ ਦੀ ਗਿਣਤੀ ਬਹੁਤ ਜ਼ਿਆਦਾ ਹੈ। ਸੈਨੇਟਰੀ ਪੈਡ ਦਾ ਵਾਤਾਵਰਨ ਅਨੁਕੂਲ ਵਿਘਟਨ (ਬਾਇਓ-ਡੀਗਰੇਡਿੰਗ) ਨਾ ਹੋਣ ਕਾਰਨ ਇਹ ਵਾਤਾਵਰਨ ਲਈ ਨੁਕਸਾਨਦਾਇਕ ਹਨ। ਦੂਸਰੇ ਪਾਸੇ ਔਰਤਾਂ ਮਾਹਵਾਰੀ ਕੱਪ ਦੀ ਵਰਤੋਂ ਕਈ ਸਾਲਾਂ ਤੱਕ ਕਰ ਸਕਦੀਆਂ ਹਨ ਜਿਸ ਕਰਕੇ ਇਹ ਵਾਤਾਵਰਨ ਲਈ ਨੁਕਸਾਨਦਾਇਕ ਨਹੀਂ ਹੁੰਦੇ ਹਨ। ਵਿਚਾਰਨ ਵਾਲਾ ਮਸਲਾ ਇਹ ਹੈ ਕਿ ਵਾਤਾਵਰਨ ਦੀ ਸੁਰੱਖਿਆ ਹਿੱਤ ਬਣਾਏ ਇਸ ਤਰ੍ਹਾਂ ਦੇ ਇਨਫੈਕਸ਼ਨ ਅਤੇ ਰੋਗਾਣੂ ਪੈਦਾ ਕਰਨ ਵਾਲੇ ਸਾਧਨ ਔਰਤਾਂ ਦੀ ਸਿਹਤ ਲਈ ਕਿੱਥੋਂ ਤੱਕ ਸੁਰੱਖਿਅਤ ਸਾਬਿਤ ਹੋ ਸਕਦੇ ਹਨ? ਟੈਮਪੂਨ ਅਤੇ ਮਾਹਵਾਰੀ ਕੱਪ ਤੋਂ ਇਲਾਵਾ ਬਾਜ਼ਾਰ ਵਿਚ ਵੱਖ ਵੱਖ ਆਕਾਰ ਅਤੇ ਗੁਣਵੱਤਾ ਵਾਲੇ ਸੈਨੇਟਰੀ ਪੈਡ/ਨੈਪਕਿਨ ਮੌਜੂਦ ਹਨ। ਅੱਜ ਦੇ ਸਮੇਂ ਵਿਚ ਸੈਨੇਟਰੀ ਪੈਡ ਦੀ ਵਰਤੋਂ ਵੀ ਸਵਾਲਾਂ ਦੇ ਘੇਰੇ ਵਿਚ ਹੈ। ਸੈਨੇਟਰੀ ਪੈਡ ਬਣਾਉਣ ਵਾਲੀਆਂ ਕੰਪਨੀਆਂ ਔਰਤਾਂ ਦੀ ਸਿਹਤ ਸੁਰੱਖਿਆ ਦੀ ਬਜਾਇ ਵੱਧ ਤੋਂ ਵੱਧ ਵਪਾਰਕ ਮੁਨਾਫ਼ਾ ਕਮਾਉਣ ਨੂੰ ਤਰਜੀਹ ਦੇ ਰਹੀਆਂ ਹਨ। ਸੈਨੇਟਰੀ ਪੈਡ ਬਣਾਉਣ ਲਈ ਕੈਮੀਕਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਕੈਮੀਕਲਾਂ ਕਾਰਨ ਔਰਤਾਂ ਨੂੰ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਜਿਵੇਂ ਬੱਚੇਦਾਨੀ ਦੀਆਂ ਬਿਮਾਰੀਆਂ ਅਤੇ ਇਨਫੈਕਸ਼ਨ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਸੈਨੇਟਰੀ ਪੈਡ ਬਣਾਉਣ ਵਾਲੀਆਂ ਕੰਪਨੀਆਂ ਪੈਡ ਦੀ ਖ਼ੂਨ ਸੋਖਣ ਦੀ ਸਮਰੱਥਾ ਨੂੰ ਵਧਾਉਣ ਲਈ ਕੈਮੀਕਲਾਂ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕਰ ਰਹੀਆਂ ਹਨ। ਵੱਧ ਖ਼ੂਨ ਸੋਖਣ ਦੀ ਸਮਰੱਥਾ ਵਾਲੇ ਸੈਨੇਟਰੀ ਪੈਡ ਦੀ ਕੀਮਤ ਜ਼ਿਆਦਾ ਹੁੰਦੀ ਹੈ। ਇਨ੍ਹਾਂ ਕੈਮੀਕਲਾਂ ਦਾ ਔਰਤ ਦੀ ਸਿਹਤ ਉੱਪਰ ਮਾੜਾ ਪ੍ਰਭਾਵ ਪੈ ਰਿਹਾ ਹੈ, ਫਿਰ ਵੀ ਬਹੁਤੀਆਂ ਔਰਤਾਂ ਹਰ ਮਹੀਨੇ ਮਹਿੰਗੇ ਸੈਨੇਟਰੀ ਪੈਡ ਖ਼ਰੀਦਣ ਲਈ ਮਜਬੂਰ ਹਨ। ਮਾਹਵਾਰੀ ਬਾਰੇ ਸਹੀ ਜਾਣਕਾਰੀ ਦੀ ਘਾਟ ਅਤੇ ਮਾਹਵਾਰੀ ਦੌਰਾਨ ਪੇਸ਼ ਆਉਂਦੀਆਂ ਸਮੱਸਿਆਵਾਂ ਕਾਰਨ ਬਹੁਤੀਆਂ ਬੱਚੀਆਂ ਆਪਣੀ ਸਕੂਲ ਦੀ ਪੜ੍ਹਾਈ ਛੱਡ ਦਿੰਦੀਆਂ ਹਨ, ਕਈ ਔਰਤਾਂ ਬਾਂਝ ਹੋ ਜਾਂਦੀਆਂ ਹਨ ਅਤੇ ਕੁੱਝ ਔਰਤਾਂ ਜਾਨ ਗੁਆ ਬੈਠਦੀਆਂ ਹਨ। ਇਹ ਮਸਲਾ ਭਾਰਤ ਦੀ ਤਕਰੀਬਨ ਅੱਧੀ ਆਬਾਦੀ ਨਾਲ ਜੁੜਿਆ ਹੋਇਆ ਹੈ ਅਤੇ ਔਰਤ ਦੀ ਜ਼ਿੰਦਗੀ ਨਾਲ ਜੁੜੇ ਮਸਲਿਆਂ ਵਿਚੋਂ ਇਹ ਬਹੁਤ ਹੀ ਸੰਜੀਦਾ ਮਸਲਾ ਹੈ, ਜਿਸ ਉੱਪਰ ਧਿਆਨ ਦੇਣਾ ਭਾਰਤ ਸਰਕਾਰ ਬਹੁਤਾ ਜ਼ਰੂਰੀ ਨਹੀਂ ਸਮਝ ਰਹੀ। ਔਰਤਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤੀ ਸਰਕਾਰ ਦੇ ਸਿਹਤ ਸੁਰੱਖਿਆ ਵਿਭਾਗ ਦੁਆਰਾ ਸੈਨੇਟਰੀ ਪੈਡ ਬਣਾਉਣ ਵਾਲੀਆਂ ਕੰਪਨੀਆਂ ਦੀ ਸਮੇਂ ਸਮੇਂ ਉੱਪਰ ਜਾਂਚ-ਪੜਤਾਲ ਬਹੁਤ ਜ਼ਰੂਰੀ ਹੈ। ਪੁਰਾਤਨ ਸਮੇਂ ਤੋਂ ਔਰਤਾਂ ਮਾਹਵਾਰੀ ਦੌਰਾਨ ਕੱਪੜੇ ਦੀ ਵਰਤੋਂ ਕਰਦੀਆਂ ਆਈਆਂ ਹਨ। ਅੱਜ ਵੀ ਭਾਰਤੀ ਸਮਾਜ ਵਿਚ ਬਹੁਤੀਆਂ ਔਰਤਾਂ ਕੱਪੜੇ ਦੀ ਵਰਤੋਂ ਕਰ ਰਹੀਆਂ ਹਨ। ਅੱਜਕੱਲ੍ਹ ਕੱਪੜੇ ਦੇ ਬਣੇ ਹੋਏ ਵੱਖ ਵੱਖ ਆਕਾਰ ਅਤੇ ਡਿਜ਼ਾਈਨ ਵਾਲੇ ਪੈਡ ਬਾਜ਼ਾਰ ਵਿਚ ਮਿਲਦੇ ਹਨ। ਕੱਪੜੇ ਦੇ ਬਣੇ ਇਹ ਪੈਡ ਇਕ ਵਾਰ ਵਰਤਣ ਤੋਂ ਬਾਅਦ ਧੋ ਕੇ ਦੁਬਾਰਾ ਵਰਤਣਯੋਗ ਹੋ ਜਾਂਦੇ ਹਨ, ਜਿਸ ਕਾਰਨ ਇਹ ਵਾਤਾਵਰਨ ਲਈ ਹਾਨੀਕਾਰਕ ਨਹੀਂ ਹਨ। ਕੱਪੜੇ ਦੇ ਬਣੇ ਪੈਡ ਨੂੰ ਮੁੜ ਵਰਤਣ ਲਈ ਇਨ੍ਹਾਂ ਨੂੰ ਧੋ ਕੇ ਧੁੱਪ ਵਿਚ ਚੰਗੀ ਤਰ੍ਹਾਂ ਸੁਕਾਇਆ ਜਾਣਾ ਜ਼ਰੂਰੀ ਹੈ। ਕੱਪੜੇ ਦੇ ਬਣੇ ਇਹ ਪੈਡ ਸੈਨੇਟਰੀ ਪੈਡ, ਟੈਮਪੂਨ ਅਤੇ ਮਾਹਵਾਰੀ ਕੱਪ ਦੇ ਮੁਕਾਬਲੇ ਬਹੁਤ ਨਰਮ ਹੁੰਦੇ ਹਨ ਅਤੇ ਇਹ ਰੋਗਾਣੂ-ਰਹਿਤ ਵੀ ਹੁੰਦੇ ਹਨ। ਕੱਪੜੇ ਦੇ ਬਣੇ ਪੈਡ ਸੈਨੇਟਰੀ ਪੈਡ ਨਾਲ ਹੋਣ ਵਾਲੀ ਐਲਰਜੀ ਤੋਂ ਵੀ ਬਚਾਉਂਦੇ ਹਨ। ਇਸ ਪੈਡ ਬਾਰੇ ਇਹ ਧਾਰਨਾ ਬਣੀ ਹੋਈ ਹੈ ਕਿ ਇਨ੍ਹਾਂ ਦੀ ਖ਼ੂਨ ਸੋਖਣ ਦੀ ਸਮਰੱਥਾ ਸੈਨੇਟਰੀ ਪੈਡ ਦੇ ਮੁਕਾਬਲੇ ਘੱਟ ਹੁੰਦੀ ਹੈ। ਇਸ ਸਮੱਸਿਆ ਦਾ ਹੱਲ ਵੱਧ ਪਰਤਾਂ ਵਾਲਾ ਪੈਡ ਬਣਾ ਕੇ ਸੌਖੇ ਰੂਪ ਵਿਚ ਹੋ ਸਕਦਾ ਹੈ। ਇਕ ਮਸਲਾ ਇਹ ਵੀ ਹੈ ਕਿ ਕੱਪੜੇ ਦੇ ਬਣੇ ਪੈਡ ਬਾਜ਼ਾਰ ਵਿਚੋਂ ਮਹਿੰਗੇ ਮਿਲਦੇ ਹਨ ਪਰ ਔਰਤਾਂ ਲਈ ਕੱਪੜੇ ਦੇ ਬਣੇ ਪੈਡ ਟੈਮਪੂਨ, ਸੈਨੇਟਰੀ ਪੈਡ ਅਤੇ ਮਾਹਵਾਰੀ ਕੱਪ ਤੋਂ ਵਧੇਰੇ ਸੁਰੱਖਿਅਤ ਹਨ, ਇਸ ਲਈ ਜ਼ਰੂਰੀ ਹੈ ਕਿ ਕੱਪੜੇ ਦੇ ਬਣੇ ਪੈਡ ਦਾ ਵੱਧ ਤੋਂ ਵੱਧ ਮਾਤਰਾ ਵਿਚ ਉਤਪਾਦਨ ਕਰਕੇ, ਸਰਕਾਰ ਦੁਆਰਾ ਇਨ੍ਹਾਂ ਨੂੰ ਮੁਫ਼ਤ ਰੂਪ ਵਿਚ ਮੁਹੱਈਆ ਕਰਵਾਇਆ ਜਾਵੇ। ਭਾਰਤ ਸਰਕਾਰ ਜੇ ਅਜਿਹਾ ਨਹੀਂ ਕਰ ਸਕਦੀ ਤਾਂ ਸਰਕਾਰ ਇਨ੍ਹਾਂ ਉੱਪਰ ਸਬਸਿਡੀ ਦੇਵੇ, ਜਿਸ ਨਾਲ ਇਨ੍ਹਾਂ ਦੇ ਉਤਪਾਦਨ ਵਿਚ ਵਾਧਾ ਹੋਵੇਗਾ ਅਤੇ ਇਹ ਸਸਤੇ ਰੂਪ ਵਿਚ ਮੁਹਈਆ ਹੋ ਸਕਦੇ ਹਨ। ਅੱਜ ਦੇ ਸਮੇਂ ਵਿਚ ਟੈਮਪੂਨ, ਮਾਹਵਾਰੀ ਕੱਪ ਤੇ ਸੈਨੇਟਰੀ ਪੈਡ ਦਾ ਨਿਰਮਾਣ ਕਰਕੇ ਅਤੇ ਇਨ੍ਹਾਂ ਦੀ ਵਰਤੋਂ ਨੂੰ ਮਿੱਥ ਬਣਾ ਕੇ ਮਾਹਵਾਰੀ ਨੂੰ ਵਪਾਰ ਦਾ ਸਾਧਨ ਬਣਾਇਆ ਜਾ ਰਿਹਾ ਹੈ। ਸਾਡੇ ਕੋਲ ਕੱਪੜੇ ਦੇ ਬਣੇ ਪੈਡ ਵਾਲਾ ਵਧੇਰੇ ਸੁਰੱਖਿਅਤ ਅਤੇ ਸਸਤਾ ਸਾਧਨ ਮੌਜੂਦ ਹੈ। ਔਰਤਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਜ਼ਰੂਰੀ ਹੈ ਕਿ ਮਾਹਵਾਰੀ ਨੂੰ ਆਧਾਰ ਬਣਾ ਕੇ ਕੀਤੇ ਜਾ ਰਹੇ ਵਪਾਰ ਨੂੰ ਰੋਕਿਆ ਜਾਵੇ ਅਤੇ ਔਰਤਾਂ ਨੂੰ ਮਾਹਵਾਰੀ ਬਾਰੇ ਜਾਗਰੂਕ ਕੀਤਾ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All