ਮਾਲਵੇ ਦਾ ਮਾਣ: ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ

ਮੇਰਾ ਕਾਲਜ

ਬਠਿੰਡਾ ਜ਼ਿਲ੍ਹੇ ਦੀ ਜਿਹੜੀ ਰੇਤਲੀ ਧਰਤੀ ਕਦੇ ਟਿੱਬਿਆਂ ਨੇ ਮੱਲੀ ਹੋਈ ਸੀ, ਹੁਣ ਉਸ ਨੇ ਇਕ ਖਿੜੀ ਹੋਈ ਰੌਚਿਕ ਫੁਲਵਾੜੀ ਦਾ ਰੂਪ ਲੈ ਲਿਆ ਹੈ ਅਤੇ ਵਿਦਿਆਰਥੀ ਫੁੱਲ ਆਪਣੀਆਂ ਸੁਗੰਧੀਆਂ ਬਿਖੇਰ ਰਹੇ ਹਨ। ਸਰਕਾਰੀ ਰਾਜਿੰਦਰਾ ਕਾਲਜ ਵੀ ਇੱਕ ਅਜਿਹੀ ਹੀ ਵਿੱਦਿਅਕ ਸੰਸਥਾ ਹੈ। ਇਥੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸਿੱਖਿਆ ਗ੍ਰਹਿਣ ਕਰਦੇ ਹਨ। ਇਸ ਕਾਲਜ ਵਿੱਚ ਦਾਖ਼ਲਾ ਮਿਲਣ 'ਤੇ ਵਿਦਿਆਰਥੀ ਆਪਣੇ ਲਈ ਮਾਣ ਵਾਲੀ ਗੱਲ ਸਮਝਦੇ ਹਨ। ਬਠਿੰਡਾ ਦੇ ਬੱਸ ਅੱਡੇ ਨਜ਼ਦੀਕ ਗੁਰੂ ਕਾਸ਼ੀ ਮਾਰਗ 'ਤੇ ਸਥਿਤ ਸਰਕਾਰੀ ਰਾਜਿੰਦਰਾ ਕਾਲਜ ਦੀ ਨੀਂਹ 1904 ਵਿੱਚ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਨੇ ਆਪਣੇ ਪਿਤਾ ਮਹਾਰਾਜਾ ਰਾਜਿੰਦਰ ਸਿੰਘ ਜੋ  1900 ਈ. ਵਿੱਚ ਸਵਰਗਵਾਸ ਹੋ ਗਏ ਸਨ, ਦੀ ਯਾਦ ਵਿੱਚ ਬਠਿੰਡਾ ਕਿਲ੍ਹਾ ਮੁਬਾਰਕ ਦੇ ਅੰਦਰ ਇਕ ਪ੍ਰਾਇਮਰੀ ਸਕੂਲ ਵਜੋਂ ਰੱਖੀ। ਉਸ ਦਾ ਨਾਂ ਰਾਜਿੰਦਰਾ ਪ੍ਰਾਇਮਰੀ ਸਕੂਲ ਰੱਖਿਆ ਗਿਆ। ਬਾਅਦ ਵਿੱਚ ਇਹ ਰਾਜਿੰਦਰਾ ਪ੍ਰਾਇਮਰੀ ਸਕੂਲ ਹਾਈ ਸਕੂਲ ਬਣ ਗਿਆ। ਮਾਲ ਰੋਡ 'ਤੇ ਬਣਿਆ ਇਹ ਰਾਜਿੰਦਰਾ ਹਾਈ ਸਕੂਲ 1940 ਈ. ਵਿੱਚ ਰਾਜਿੰਦਰਾ ਇੰਟਰਮੀਡੀਏਟ ਕਾਲਜ ਬਣ ਗਿਆ। ਜਿਸ ਦੇ ਪਹਿਲੇ ਪ੍ਰਿੰਸੀਪਲ ਡਾ. ਹੁਕਮ ਸਿੰਘ ਸੋਢੀ ਸਨ। ਫਿਰ 1950 ਵਿੱਚ  ਬੀ.ਏ. ਦੀਆਂ ਜਮਾਤਾਂ ਸ਼ੁਰੂ ਹੋ ਗਈਆਂ ਪ੍ਰੰਤੂ ਥਾਂ ਦੀ ਘਾਟ ਕਰਕੇ 1958 ਈ. ਵਿੱਚ ਇਹ ਕਾਲਜ ਗੁਰੂ ਕਾਸ਼ੀ ਮਾਰਗ 'ਤੇ 28 ਏਕੜ ਜ਼ਮੀਨ ਵਿੱਚ ਬਣੀ ਵਿਸ਼ਾਲ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਗਿਆ। ਸੰਨ 1968 ਤੋਂ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਕਾਮਰਸ ਦੀ ਪੜ੍ਹਾਈ ਵੀ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਮੈਡੀਕਲ, ਨਾਨ- ਮੈਡੀਕਲ, ਕੰਪਿਊਟਰ ਸਾਇਸ ਦੀ ਪੜ੍ਹਾਈ ਤੇ ਐਮ.ਏ. (ਰਾਜਨੀਤੀ ਸ਼ਾਸਤਰ) ਦੀ ਪੜ੍ਹਾਈ ਵੀ ਕਰਵਾਈ ਜਾ ਰਹੀ ਹੈ।

ਮੇਰੇ ਕਾਲਜ ਦੀ ਈ. ਟਾਈਪ ਇਮਾਰਤ ਅਤੇ ਖੇਡਾਂ ਦੇ ਮੈਦਾਨ ਵੀ ਵੱਖਰਾ ਹੀ ਮਹੱਤਵ ਰੱਖਦੇ ਹਨ। ਕਾਲਜ ਦੇ ਪ੍ਰਿੰਸੀਪਲ ਸੁਖਚੈਨ ਰਾਏ ਗਰਗ ਦੀ ਸੁਚੱਜੀ ਅਗਵਾਈ ਹੇਠ ਇਹ ਕਾਲਜ ਦਿਨੋ-ਦਿਨ ਅਗਾਂਹ ਪੁਲਾਂਘਾਂ ਪੁੱਟ ਰਿਹਾ ਹੈ। ਮੇਰੇ ਕਾਲਜ ਵਿੱਚ ਐਨ.ਸੀ.ਸੀ. ਤੇ ਐਨ. ਐਸ.ਐਸ. ਦੇ ਯੂਨਿਟ ਵੀ ਸਫਲਤਾ-ਪੂਰਵਕ ਚਲਾਏ ਜਾ ਰਹੇ ਹਨ। ਇਨ੍ਹਾਂ ਯੂਨਿਟਾਂ ਵੱਲੋਂ ਸਮੇਂ-ਸਮੇਂ ਲੋਕ ਭਲਾਈ ਦੇ ਕੈਂਪ ਲਗਾਏ ਜਾਂਦੇ ਹਨ।  ਇਸ ਕਾਲਜ ਦਾ ਉਲੇਖ 'ਐਨਸਾਈਕਲੋਪੀਡੀਆਂ' ਬ੍ਰਿਟੇਨਿਕਾ ਦੀ ਜਿਲਦ ਤਿੰਨ ਪੰਨਾ 564 'ਤੇ ਕੀਤਾ ਗਿਆ ਹੈ। ਕਾਲਜ ਦੀ ਲਾਇਬਰੇਰੀ ਦੀ ਵੀ ਆਪਣੀ ਵੱਖਰੀ ਹੀ ਪਹਿਚਾਣ ਹੈ।  ਕੰਟੀਨ ਤੇ ਹੋਸਟਲ ਦਾ ਵੀ ਪ੍ਰਬੰਧ ਹੈ। ਕਾਲਜ ਵੱਲੋਂ 'ਦੀ ਰਾਜਿੰਦਰਾ' ਸਾਲਾਨਾ 'ਮੈਗਜ਼ੀਨ' ਛਪਦਾ ਹੈ ਜਿਸ ਵਿੱਚ ਵਿਦਿਆਰਥੀ ਆਪਣੀਆਂ ਬੌਧਿਕ ਪੱਧਰ ਦੀਆਂ ਰਚਨਾਵਾਂ ਦਿੰਦੇ ਹਨ। ਗਰੀਬ ਤੇ ਪਛੜੇ ਵਰਗ ਦੇ ਵਿਦਿਆਰਥੀਆਂ ਦੀ ਕਾਲਜ ਪ੍ਰਬੰਧਕ ਹਮੇਸ਼ਾ ਸਹਾਇਤਾ ਕਰਦੇ ਰਹਿੰਦੇ ਹਨ। ਡਾ. ਰਮੇਸ਼ ਚੰਦਰ ਪਸਰੀਜਾ ਵਾਈਸ ਪ੍ਰਿੰਸੀਪਲ, ਡਾ. ਮਲਕੀਤ ਸਿੰਘ ਗਿੱਲ, ਪ੍ਰੋ. ਸੁਖਦੀਪ ਸਿੰਘ, ਪ੍ਰੋ. ਸੁਰੇਸ਼ ਕੁਮਾਰ, ਪ੍ਰੋ. ਗੁਰਸ਼ਰਨ ਮਾਨ, ਪ੍ਰੋ. ਜਗਜੀਵਨ ਕੌਰ, ਡਾ. ਗੁਰਜੀਤ ਮਾਨ, ਪੋ੍ਰ. ਸਤਵੀਰ ਸਿੰਘ, ਲੈਕਚਰਾਰ ਬਲਵਿੰਦਰ ਸਿੰਘ ਸਿਵੀਆ, ਪ੍ਰੋ. ਕਮਲੇਸ਼ ਰਾਣੀ, ਪੋ੍ਰ. ਸੁਖਦੇਵ ਸਿੰਘ ਪ੍ਰੋ. ਅਰੁਣ ਬਾਲਾ, ਲੈ. ਬਲਵਿੰਦਰ ਸਿੰਘ ਸਿਵੀਆਂ ਅਤੇ ਲੈਕਚਰਾਰ ਸਰਜੀਵਨ ਮੈਡਮ, ਵਿਜੈ ਕੁਮਾਰ, ਸੀਮਾ ਅਰੋੜਾ, ਸੁਭਾਸ਼ ਜੱਗਾ ਤੋਂ ਇਲਾਵਾ ਕਾਲਜ ਦਾ ਸਮੁੱਚਾ ਸਟਾਫ਼ ਹੀ ਵਧੀਆ ਕਾਰਗੁਜ਼ਾਰੀ ਵਿਖਾ ਰਿਹਾ ਹੈ। ਕਾਲਜ ਦੇ ਸਾਬਕਾ ਪੰਜਾਬੀ ਅਧਿਆਪਕ ਪੋ੍ਰ. ਨਿਰਮਲਪ੍ਰੀਤ ਸਿੰਘ ਨੇ ਵਿਦਿਆਰਥੀ ਵਰਗ ਨੂੰ ਸਾਹਿਤ ਨਾਲ ਜੋੜਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ। ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਜਾਂਦੇ ਯੂਥ ਫੈਸਟੀਵਲਾਂ ਵਿੱਚ ਗਿੱਧੇ, ਭੰਗੜੇ , ਕਾਵਿ-ਉਚਾਰਨ ਆਦਿ ਵਿੱਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਕਾਲਜ ਦੀ ਲੜਕੀ ਗਗਨਦੀਪ ਕੌਰ ਇਕ ਵਧੀਆ ਕਵਿੱਤਰੀ ਅਤੇ ਟੀ.ਵੀ. ਤੇ ਕਾਵਿ-ਮਹਿਫਲ ਵਿੱਚ ਆਪਣੀਆਂ ਕਵਿਤਾਵਾਂ ਪੇਸ਼ ਕਰ ਚੁੱਕੀ ਹੈ। ਸੰਦੀਪ ਸਿੰਘ ਨੇ ਵੀ ਕਾਵਿ-ਉਚਾਰਨ ਮੁਕਾਬਲੇ 'ਚ ਯੂਥ ਫੈਸਟੀਵਲ ਵਿੱਚ ਪਹਿਲਾ ਅਤੇ ਯੂਨੀਵਰਸਿਟੀ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਕਾਲਜ ਦੇ ਖਿਡਾਰੀ ਜਗਦੀਪ ਸਿੰਘ ਨੇ ਅੰਤਰਰਾਸ਼ਟਰੀ ਖੇਡਾਂ ਵਿਚੋਂ ਕਾਂਸੇ ਦਾ ਮੈਡਲ ਜਿੱਤਿਆ ਹੈ। ਪਿੰਕੀ ਗੋਲਡ ਮੈਡਲਿਸਟ, ਸ਼ਮਿੰਦਰ ਕੌਰ, ਮਨਪ੍ਰੀਤ ਕੌਰ, ਨਿਰਮਲ ਸਿੰਘ, ਅੰਗਰੇਜ਼ ਕੌਰ ਆਦਿ ਨੈਸ਼ਨਲ ਪੱਧਰ ਦੇ ਵਧੀਆ ਖਿਡਾਰੀ ਹਨ। ਇਸ ਤੋਂ ਇਲਾਵਾ ਅਨੁਭਾ ਜਿੰਦਲ, ਈਸ਼ਾ, ਅਨੁਜ ਧਵਨ, ਕਨਿਕਾ ਪਸਰੀਜਾ ਆਦਿ ਯੂਨੀਵਰਸਿਟੀ ਫਸਟ ਪੁਜ਼ੀਸ਼ਨਾਂ ਵਾਲੇ ਵਿਦਿਆਰਥੀ ਹਨ। ਜਸਵੰਤ ਕੌਰ ਮਣੀ ਰਾਹੀਂ: ਮਾਲਵਿੰਦਰ ਤਿਊਣਾ ਪੁਜਾਰੀਆਂ (98785-31625)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All