
ਡਾ. ਸੰਦੀਪ ਕੁਮਾਰ ਐਮ.ਡੀ.
ਲੋਕ ਮਨਾਂ ਵਿੱਚ ਮਾਨਸਿਕ ਰੋਗ ਬਾਰੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਹਨ। ਕੁੱਝ ਲੋਕ ਸੋਚਦੇ ਹਨ ਕਿ ਮਾਨਸਿਕ ਰੋਗੀ ਖ਼ਤਰਨਾਕ ਹੁੰਦੇ ਹਨ, ਅਤੇ ਕੁੱਝ ਲੋਕਾਂ ਦਾ ਖਿਆਲ ਹੈ ਕਿ ਮਾਨਸਿਕ ਰੋਗੀ ਕੀ ਕਰ ਬੈਠੇ, ਇਸ ਬਾਰੇ ਕਿਆਸ ਨਹੀਂ ਕੀਤਾ ਜਾ ਸਕਦਾ। ਕੁੱਝ ਲੋਕ ਇਹ ਗਲਤਫਹਿਮੀ ਵੀ ਰੱਖਦੇ ਹਨ ਕਿ ਮਾਨਸਿਕ ਰੋਗ ਦਾ ਇਲਾਜ ਹੀ ਨਹੀਂ ਹੋ ਸਕਦਾ। ਇਨ੍ਹਾਂ ਸਾਰੀਆਂ ਧਾਰਨਾਵਾਂ ਦਾ ਅਸਰ ਇਹ ਹੋਇਆ ਕਿ ਕੁੱਝ ਲੋਕ ਮਾਨਸਿਕ ਰੋਗਾਂ ਤੋਂ ਡਰਨ ਲੱਗ ਗਏ ਹਨ। ਇਨ੍ਹਾਂ ਰੋਗਾਂ ਤੇ ਰੋਗੀਆਂ ਨੂੰ ਨਫ਼ਰਤ, ਗੁੱਸੇ ਨਾਲ ਜਾਂ ਤਰਸ ਦੀ ਭਾਵਨਾ ਨਾਲ ਦੇਖਦੇ ਹਨ। ਮਾਨਸਿਕ ਰੋਗਾਂ ਪ੍ਰਤੀ ਅਜਿਹੀ ਸੋਚ ਹੋਣ ਕਾਰਨ ਹੀ ਬਹੁਤੇ ਲੋਕ ਆਪਣੀ ਬਿਮਾਰੀ ਦੀ ਹੋਂਦ ਨੂੰ ਅਸਵੀਕਾਰ ਕਰ ਦਿੰਦੇ ਹਨ।
2016 ਦੇ ਇੱਕ ਸਰਵੇ ਅਨੁਸਾਰ ਭਾਰਤ ਵਿੱਚ ਲਗਭਗ 70 ਤੋਂ 75 ਪ੍ਰਤੀਸ਼ਤ ਮਰੀਜ਼ ਮਾਨਸਿਕ ਰੋਗਾਂ ਬਾਰੇ ਚੁੱਪ ਰਹਿ ਜਾਂਦੇ ਹਨ ਅਤੇ ਇਲਾਜ ਲਈ ਸੰਬੰਧਿਤ ਡਾਕਟਰਾਂ ਕੋਲ ਪਹੁੰਚ ਨਹੀਂ ਕਰਦੇ। ਮਾਨਸਿਕ ਰੋਗਾਂ ਪ੍ਰਤੀ ਇਸ ਰੂੜ੍ਹੀਵਾਦੀ ਸੋਚ ਨੇ ਮਾਨਸਿਕ ਰੋਗੀਆਂ ਅਤੇ ਸਮਾਜ ਦਾ ਕਈ ਤਰੀਕਿਆਂ ਨਾਲ ਨੁਕਸਾਨ ਕੀਤਾ ਹੈ। ਅਜਿਹੇ ਮਰੀਜ਼ਾਂ ਨਾਲ ਨੌਕਰੀ ਦੇਣ ਸਮੇਂ ਵਿਤਕਰਾ ਕੀਤਾ ਜਾਂਦਾ ਹੈ। ਕਈ ਮਰੀਜ਼ ਬਿਮਾਰੀ ਦੀ ਇੰਨੀ ਸ਼ਰਮ ਮਹਿਸੂਸ ਕਰਦੇ ਹਨ ਕਿ ਉਹ ਆਪਣੇ ਰਿਸ਼ਤੇਦਾਰਾਂ, ਮਿੱਤਰਾਂ ਨੂੰ ਮਿਲਣਾ ਘਟਾ ਦਿੰਦੇ ਹਨ। ਖੁਸ਼ੀ ਵਾਲੇ ਸਮਾਗਮਾਂ ਵਿੱਚ ਵੀ ਨਹੀਂ ਜਾਂਦੇ। ਮਾਪੇ ਨੌਜਵਾਨ ਬੱਚਿਆਂ ਦੀ ਮਾਨਸਿਕ ਬਿਮਾਰੀ ਦੀ ਹੋਂਦ ਨੂੰ ਨਕਾਰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਬਿਮਾਰੀ ਦੇ ਪਤਾ ਲੱਗਣ ’ਤੇ ਪੀੜਤ ਬੱਚੇ ਦੇ ਵਿਆਹ ਵਿੱਚ ਵੀ ਅੜਚਨ ਆਵੇਗੀ।
ਡਾ. ਸੰਦੀਪ ਕੁਮਾਰ ਐਮ.ਡੀ.
ਮਾਨਸਿਕ ਰੋਗ ਦਾ ਹੋਣਾ ਜਾਂ ਨਾ ਹੋਣਾ ਗੁਨਾਹ ਕਰਨ ਲਈ ਜ਼ਰੂਰੀ ਕਾਰਨ ਨਹੀਂ ਹੈ। ਇਨਸਾਨ ਮਾਨਸਿਕ ਰੋਗ ਹੁੰਦਿਆਂ ਵੀ ਅਪਰਾਧ ਕਰ ਸਕਦਾ ਹੈ ਅਤੇ ਬਿਨਾਂ ਮਾਨਸਿਕ ਰੋਗ ਤੋਂ ਵੀ। ਜ਼ਿਆਦਾਤਰ ਲੋਕਾਂ ਨੂੰ ਸਾਧਾਰਨ ਮਾਨਸਿਕ ਰੋਗ ਹੁੰਦੇ ਹਨ, ਜਿਵੇਂ ਉਦਾਸੀ, ਘਬਰਾਹਟ, ਵਹਿਮ, ਚਿੰਤਾ, ਤਣਾਓ, ਨੀਂਦ ਦਾ ਨਾ ਆਉਣਾ ਆਦਿ। ਇਨ੍ਹਾਂ ਬਿਮਾਰੀਆਂ ਦੇ ਹੁੰਦੇ ਜ਼ਿਆਦਾਤਰ ਲੋਕ ਆਪਣਾ ਰੋਜ਼ਮਰ੍ਹਾ ਦਾ ਕੰਮ ਆਰਾਮ ਨਾਲ ਕਰ ਸਕਦੇ ਹਨ। ਕੁਝ ਲੋਕਾਂ ਨੂੰ ਇਹ ਭਰਮ ਹੁੰਦਾ ਹੈ ਕਿ ਮਾਨਸਿਕ ਰੋਗੀ ਆਪਣਾ ਭਲਾ ਬੁਰਾ ਨਹੀਂ ਸੋਚ ਸਕਦੇ। ਸੱਚਾਈ ਇਹ ਹੈ ਕਿ ਗੰਭੀਰ ਮਾਨਸਿਕ ਰੋਗਾਂ ਵਿੱਚ ਹੀ ਆਪਣਾ ਭਲਾ ਬੁਰਾ ਸੋਚਣ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਗੰਭੀਰ ਮਾਨਸਿਕ ਰੋਗ ਤੋਂ ਪੀੜਤ ਵਿਅਕਤੀ ਵੀ, ਇਲਾਜ ਨਾਲ ਠੀਕ ਹੋਣ ਤੋਂ ਬਾਅਦ ਆਪਣਾ ਭਲਾ ਬੁਰਾ ਸੋਚਣ ਦੇ ਯੋਗ ਹੋ ਜਾਂਦੇ ਹਨ। ਇਹ ਵੀ ਸਰੀਰਕ ਰੋਗਾਂ ਵਾਂਗ ਬਿਮਾਰੀਆਂ ਹੀ ਹੁੰਦੀਆਂ ਹਨ ਜਿਨ੍ਹਾਂ ਵਿੱਚ ਦਿਮਾਗ ਅੰਦਰਲੇ ਰਸਾਇਣਿਕ ਪਦਾਰਥਾਂ ਦਾ ਪੱਧਰ ਘਟ ਜਾਂ ਵਧ ਜਾਂਦਾ ਹੈ। ਇਨ੍ਹਾਂ ਬਿਮਾਰੀਆਂ ਦਾ ਅਧੁਨਿਕ ਦਵਾਈਆਂ ਨਾਲ ਇਲਾਜ ਸੰਭਵ ਹੈ। ਵਿਕਸਿਤ ਦੇਸ਼ਾਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਮਾਨਸਿਕ ਰੋਗ ਕਾਰਨ ਨੌਕਰੀ ਦੇਣ ਵਿੱਚ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕਰਦੀਆਂ। ਗੰਭੀਰ ਸਰੀਰਕ ਅਪੰਗਤਾ ਵਾਲੇ ਵਿਅਕਤੀਆਂ ਲਈ ਸਰਕਾਰੀ ਪੈਨਸ਼ਨ ਦਾ ਪ੍ਰਬੰਧ ਹੈ। ਭਾਵੇਂ ਇਸ ਤਰ੍ਹਾਂ ਦੀ ਪੈਨਸ਼ਨ ਗੰਭੀਰ ਮਾਨਸਿਕ ਰੋਗ ਜਾਂ ਮੰਦਬੁੱਧਿਤਾ ਤੋਂ ਪੀੜਤ ਲੋਕਾਂ ਲਈ ਵੀ ਹੈ ਪਰ ਇਸਦੀ ਜਾਣਕਾਰੀ ਬਹੁਤ ਹੀ ਸੀਮਿਤ ਪੱਧਰ ਤੱਕ ਪਹੁੰਚ ਸਕੀ ਹੈ। ਵਿਸ਼ਵ ਸਿਹਤ ਸੰਸਥਾ ਅਨੁਸਾਰ ਜੇ ਮਨ ਦੀ ਉਦਾਸੀ ਦੀ ਗੱਲ ਆਪਣਿਆਂ ਨਾਲ ਕੀਤੀ ਜਾਵੇ ਅਤੇ ਪਰਿਵਾਰ, ਹੋਰ ਨੇੜੇ ਦੇ ਰਿਸ਼ਤੇਦਾਰ, ਸਨੇਹੀ ਮਿੱਤਰ ਮਰੀਜ਼ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲੈਣ ਤਾਂ ਅਜਿਹੇ ਬਹੁਤ ਸਾਰੇ ਇਨਸਾਨਾਂ ਦੀ ਜਾਨ ਬਚਾਈ ਜਾ ਸਕਦੀ ਹੈ। ਜੇ ਸਧਾਰਨ ਮਾਨਸਿਕ ਰੋਗਾਂ ਅਤੇ ਗੰਭੀਰ ਮਾਨਸਿਕ ਰੋਗਾਂ ਦੇ ਇਸ ਫ਼ਰਕ ਨੂੰ ਸਮਝ ਲਿਆ ਜਾਵੇ ਤਾਂ ਬਹੁਤ ਸਾਰੇ ਘਰ ਟੁੱਟਣੋਂ ਬਚ ਸਕਦੇ ਹਨ।
*ਮਾਨਸਿਕ ਰੋਗਾਂ ਦੇ ਮਾਹਿਰ ਸੰਪਰਕ: 98144- 44267
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ