ਮਾਤਾ ਸੁੰਦਰੀ ਜੀ

ਮਾਤਾ ਸੁੰਦਰੀ ਜੀ

ਸਿੱਖ ਬੀਬੀਆਂ ਦਾ ਕੀਰਤਨ ਖੇਤਰ ’ਚ ਯੋਗਦਾਨ-1

ਭਾਈ ਨਿਰਮਲ ਸਿੰਘ ਖਾਲਸਾ

ਸਾਹਿਬੇ ਕਮਾਲ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ (ਧਰਮ ਪਤਨੀ) ਮਾਤਾ ਸੁੰਦਰੀ ਜੀ ਨੂੰ ਸਿੱਖ ਕੌਮ ਦੀ ਪਹਿਲੀ ਇਸਤਰੀ ਕੀਰਤਨੀਆਂ ਹੋਣ ਦਾ ਮਾਣ ਹਾਸਲ ਹੈ। ਜਿਨ੍ਹਾਂ ਨੇ ਗੁਰਮਤਿ ਸੰਗੀਤ ਦੀ ਸਿਖਲਾਈ ਆਪਣੇ ਪਤੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਹੀ ਪ੍ਰਾਪਤ ਕੀਤੀ ਅਤੇ ਬਕਾਇਦਾ ਰਿਆਜ਼ ਅਤੇ ਸੁਰ ਅਭਿਆਸ ਦੀ ਕਮਾਈ ਵੀ ਕੀਤੀ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਖ਼ੁਦ ਤਾਨਪੁਰੇ (ਤੰਬੂਰੇ) ਨਾਲ ਕੀਰਤਨ ਕਰਿਆ ਕਰਦੇ ਸਨ। ਤਾਨਪੁਰਾ ਸਾਜ਼ ਜੋ ਕਿ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਪੱਧਤੀ ਦੀ ਮੁੱਢ-ਕਦੀਮਾਂ ਤੋਂ ਜਿੰਦ-ਜਾਨ ਹੈ। ਉਸਤਾਦ ਲੋਕ ਉਨ੍ਹਾਂ ਦੇ ਸ਼ਾਗਿਰਦ ਅਤੇ ਆਮ ਲੋਕ ਜੋ ਵੀ ਸੰਗੀਤ ਦੀ ਮੱਸ ਰੱਖਦੇ ਸਨ, ਸ਼ੁਰੂ ਤੋਂ ਤਾਨਪੁਰੇ ਦੀ ਹੀ ਵਰਤੋਂ ਕਰਦੇ ਆ ਰਹੇ ਹਨ ਅਤੇ ਪ੍ਰਭੂ ਪ੍ਰਮਾਤਮਾ ਦੀ ਭਗਤੀ ਕਰਨ ਲਈ ਵੀ ਤਾਨਪੁਰੇ ਨੂੰ ਹੀ ਸਰੋਤ ਬਣਾਇਆ ਜਾਂਦਾ ਸੀ ਯਾਨੀ ਕਿ ਮੁੱਢਲੀ ਸੰਗੀਤਕ ਸਿਖਲਾਈ ਤਾਨਪੁਰੇ ਤਹਿਤ ਹੀ ਦਿੱਤੀ ਜਾਂਦੀ ਸੀ, ਸੋ ਜੋ ਵੀ ਸੰਗੀਤਕਾਰ, ਸੰਤ, ਫਕੀਰ, ਸੂਫੀ ਜਾਂ ਔਲੀਏ ਅਵਤਾਰ ਹੋਏ ਨੇ ਬੰਦਗੀ ਕਰਨ ਲਈ ਤਾਨਪੁਰੇ ਦੀ ਵਰਤੋਂ ਬਾ-ਜ਼ਰੂਰੀ ਸਮਝੀ ਜਾਂਦੀ ਸੀ। ਸੋ ਗੁਰੂ ਗੋਬਿੰਦ ਸਿੰਘ ਜੀ ਅਤਿ ਦੇ ਗੁਣੀ, ਸੁਰੀਲੇ, ਰਿਆਜ਼ੀ ਅਤੇ ਰੂਹਾਨੀਅਤ ’ਚ ਲਬਰੇਜ਼ ਗੁਰਮਤਿ ਸੰਗੀਤ ਦੇ ਵੀ ਧਨੰਤਰ, ਗਵੱਈਏ, ਰਾਗੀ, ਤੇ ਕੀਰਤਨੀਏ ਸਨ ਤੇ ਇਹ ਸਾਰਾ ਰੱਬੀ ਗੁਣ ਮਾਤਾ ਸੁੰਦਰੀ ਜੀ ਨੇ ਆਪ ਪਾਸੋਂ ਹੀ ਗ੍ਰਹਿਣ ਕੀਤਾ ਸੀ। ਮਿਸਾਲ ਵਜੋਂ ਜਦੋਂ ਗੁਰਦੁਆਰਾ ਪਰਿਵਾਰ ਵਿਛੋੜਾ (ਰੋਪੜ) ਵਿਖੇ ਗੁਰੂ ਪਰਿਵਾਰ ਇਕੱਠਾ ਹੋਇਆ ਸੀ ਤੇ ਜਦੋਂ ਦੁਸ਼ਮਣ ਫੌਜਾਂ ਨੇ ਸਵੇਰ ਵੇਲੇ ਲੁੱਕਵਾਂ (ਗੁਰੀਲਾ) ਹਮਲਾ ਕਰ ਦਿਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੋ ਮਹਿਲਾ (ਪਤਨੀਆਂ) ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਨੂੰ ਭਾਈ ਮਨੀ ਸਿੰਘ ਦੇ ਸਪੁਰਦ ਕਰਕੇ ਆਪਣੇ ਨਾਲੋਂ ਵੱਖ ਕਰਦਿਆਂ ਕਿਧਰੇ ਦੂਰ ਜਾਣ ਲਈ ਹੁਕਮ ਕਰ ਦਿਤਾ। ਭਾਈ ਮਨੀ ਸਿੰਘ ਹੁਰੀਂ ਗੁਰੂ ਦੇ ਹੁਕਮਾਂ ਦੀ ਤਾਮੀਲ ਕਰਦਿਆਂ ਗੁਰੂ ਮਹਿਲਾਂ ਨੂੰ ਨਾਲ ਲੈ ਕੇ ਲੰਮੇ ਤੇ ਬਿਖੜੇ ਪੈਂਡੀਂ ਟੁਰ ਪਏ। ਸਫ਼ਰ ਡਾਹਢਾ ਜ਼ੋਖਮ ਭਰਿਆ ਤੇ ਔਖਾ ਸੀ, ਪਰ ਜਿਵੇਂ-ਕਿਵੇਂ ਵੀ ਸਿਦਕੀ ਸਿੱਖ ਭਾਈ ਮਨੀ ਸਿੰਘ ਜੀ ਵੱਡੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਦਿੱਲੀ ਪੁੱਜ ਗਏ। ਕੁਝ ਸਮੇਂ ਤੱਕ ਗੁਰੂ ਕੇ ਮਹਿਲ ਦਿੱਲੀ ਵਿਖੇ ਸਿੰਘਾਂ ਦੇ ਘਰੀਂ ਹੀ ਰਹੇ, ਫਿਰ ਗੁਰੂ ਸਾਹਿਬ ਦੇ ਸੱਦੇ ’ਤੇ ਤਲਵੰਡੀ (ਦਮਦਮਾ) ਪੁੱਜ ਗਏ। ਕੁਝ ਸਮੇਂ ਗੁਰੂ ਪਤਨੀਆਂ ਤਲਵੰਡੀ ਸਾਬੋ ਵਿਖੇ ਰਹੀਆਂ, ਪਰ ਸੰਨ 1706 ਵਿਚ ਗੁਰੂ ਸਾਹਿਬਾਂ ਨੇ ਫਿਰ ਦੋਹਾਂ ਹੀ ਪਤਨੀਆਂ ਨੂੰ ਵਾਪਸ ਦਿੱਲੀ ਭੇਜ ਦਿੱਤਾ। ਦਿੱਲੀ ਪੁੱਜ ਕੇ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਨੇ ਸਿੰਘਾਂ ਦੇ ਸਹਿਯੋਗ ਨਾਲ ਜਾਮਾ ਮਸਜਿਦ ਦੇ ਨਜ਼ਦੀਕ ਮਟੀਆ ਮਹਿਲ ਵਿਚ ਕਲਾਲਾਂ ਦੀ ਹਵੇਲੀ ’ਚ ਨਿਵਾਸ ਕਰ ਲਿਆ, ਪ੍ਰੰਤੂ ਸੰਨ 1707 ’ਚ ਗੁਰੂ ਸਾਹਿਬ ਜਦੋਂ ਮੋਤੀ ਬਾਗ ਸਥਿਤ ਆਏ ਤਾਂ ਆਪ ਨੇ ਆਪਣੀਆਂ ਪਤਨੀਆਂ ਨੂੰ ਮਿਲਣ ਲਈ ਬੁਲਾਵਾ ਭੇਜਿਆ। ਇਥੋਂ ਹੀ ਗੁਰੂ ਸਾਹਿਬਾਂ ਨੇ ਤਮਾਮ ਧਰਮ ਕਾਰਜਾਂ ਦਾ ਕੰਮ ਮਾਤਾ ਸੁੰਦਰੀ ਜੀ ਨੂੰ ਸੌਂਪਿਆ ਅਤੇ ਆਪ ਮਾਤਾ ਸਾਹਿਬ ਕੌਰ ਜੀ ਨੂੰ ਨਾਲ ਲੈ ਕੇ ਦੱਖਣ ਵੱਲ ਨੂੰ ਤੁਰ ਪਏ, ਪਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪ ਨੇ ਮਾਤਾ ਸਾਹਿਬ ਕੌਰ ਨੂੰ ਨਿਸ਼ਾਨੀ ਵਜੋਂ ਪੰਜ ਸ਼ਸਤਰ ਦੇ ਕੇ ਮਾਤਾ ਸੁੰਦਰੀ ਜੀ ਪਾਸ ਹੀ ਵਾਪਸ ਦਿੱਲੀ ਭੇਜ ਛੱਡਿਆ, ਔਰ ਗੁਰੂ ਸਾਹਿਬ ਜੀ ਦੇ ਇਹ ਦੋਵੇਂ ਹੀ ਮਹਿਲ ਬਹੁਤ ਹੀ ਪਿਆਰ ਇਤਫ਼ਾਕ ਨਾਲ ਦਿੱਲੀ ਇਕੱਠਿਆਂ ਹੀ ਰਹਿੰਦੇ ਰਹੇ। ਪਰ ਕੁਝ ਸਾਲਾਂ ਬਾਅਦ ਮਾਤਾ ਸਾਹਿਬ ਕੌਰ ਜੀ ਜੋਤੀ ਜੋਤ ਸਮਾ ਗਏ ਅਤੇ ਮਾਤਾ ਸੁੰਦਰੀ ਜੀ ਇਕੱਲੇ ਹੀ ਰਹਿ ਗਏ।

ਮਾਤਾ ਸੁੰਦਰੀ ਜੀ ਨੇ ਦਿੱਲੀ ਵਿਖੇ ਪੱਕੇ ਤੌਰ ’ਤੇ ਹੀ ਰਹਿਣ ਦਾ ਫ਼ੈਸਲਾ ਕਰ ਲਿਆ। ਜਿਸ ਕਰਕੇ ਸਿੱਖ ਸੰਗਤਾਂ ਦਾ ਇਕੱਠ ਵੀ ਹੋਣਾ ਸ਼ੁਰੂ ਹੋ ਗਿਆ ਅਤੇ ਦੇਸ਼ ਭਰ ਤੋਂ ਗੁਰੂ ਦੇ ਸਿਦਕੀ ਸਿੱਖ ਮਾਤਾ ਜੀ ਦੇ ਦਰਸ਼ਨਾਂ ਨੂੰ ਆਉਣੇ ਸ਼ੁਰੂ ਹੋ ਗਏ। ਤਮਾਮ ਹੀ ਸਿੱਖ ਸੰਗਤਾਂ ਨੇ ਮਿਲ ਕਰਕੇ ਦਿੱਲੀ ਦਰਵਾਜ਼ੇ ਦੇ ਬਾਹਰ ਜ਼ਮੀਨ ਖਰੀਦ ਕੇ ਮਾਤਾ ਜੀ ਦੇ ਰਹਿਣ ਲਈ ਇਕ ਵੱਡੀ ਹਵੇਲੀ ਬਣਵਾਈ, ਇਹ ਉਹ ਹੀ ਹਵੇਲੀ ਹੈ ਜਿਥੇ ਅੱਜਕੱਲ੍ਹ ਗੁਰਦੁਆਰਾ ਮਾਤਾ ਸੁੰਦਰੀ ਜੀ ਹੈ। ਇਥੇ ਲਗਪਗ ਮਾਤਾ ਸੁੰਦਰੀ ਜੀ 39 ਵਰ੍ਹੇ ਤੱਕ ਰਹੇ ਅਤੇ ਸਿੱਖ ਧਰਮ ਦੀ ਪ੍ਰਫੁੱਲਤਾ ਲਈ ਰੱਜ ਕੇ ਧਰਮ ਪ੍ਰਚਾਰ ਦੀਆਂ ਲਹਿਰਾਂ ਵੀ ਚਲਾਈਆਂ। ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਤੋਂ ਇਲਾਵਾ ਤਮਾਮ ਹੀ ਸਿਰਮੌਰ ਸਿੱਖ ਹਸਤੀਆਂ ਆਪ ਦੇ ਹੁਕਮਾਂ ਦੀ ਤਾਮੀਲ ਕਰਦੇ ਰਹੇ। ਭਾਵੇਂ ਮਾਤਾ ਸੁੰਦਰੀ ਜੀ ਦਾ ਜੀਵਨ ਦੁੱਖਾਂ ਨਾਲ ਭਰਿਆ ਤੇ ਵਲੂੰਧਰਿਆ ਪਿਆ ਸੀ ਪਰ ਫਿਰ ਭੀ ਆਪ ਇਤਨੇ ਲੰਮੇ ਸਮੇਂ ਤੀਕਰ ਕਦੀ ਵੀ ਗ਼ਮਗੀਨ ਜਾਂ ਬਦਜ਼ਨ ਨਾ ਹੋਏ ਅਤੇ ਹਮੇਸ਼ਾ ਹਸੂੰ-ਹਸੂੰ ਚੇਹਰੇ ਨਾਲ ਦੁੱਖਾਂ ਦਾ ਸਾਹਮਣਾ ਕਰਦੇ ਰਹੇ। ਖ਼ੈਰ! ਗੱਲ ਕੀਰਤਨ ਅਤੇ ਗੁਰਮਤਿ ਸੰਗੀਤ ਦੀ ਚਲ ਰਹੀ ਸੀ, ਸਤਿਕਾਰਤ ਮਾਤਾ ਸੁੰਦਰੀ ਜੀ ਜਿਤਨਾ ਸਮਾਂ ਵੀ ਦਿੱਲੀ ਰਹੇ, ਹਰ ਰੋਜ਼ ਨੇਮ ਨਾਲ ਕੀਰਤਨ ਦੀ ਸੇਵਾ ’ਚ ਜੁੱਟੇ ਰਹੇ। ਰੋਜ਼ਾਨਾ ਦੇ ਕਾਰੋਬਾਰਾਂ ਨਾਲੋਂ ਜਿਸ ਗੱਲ ਨੂੰ ਉਹ ਪਹਿਲ ਦੇਂਦੇ ਸਨ ਉਹ ਸੀ ਆਪ ਖ਼ੁਦ ਗੁਰੂ ਦਰਬਾਰ ਅੰਦਰ ਸਿੱਖ ਸੰਗਤਾਂ ਦਰਮਿਆਨ ਮੁੱਢਲੇ ਸਾਜ਼ ਤਾਨਪੁਰੇ ਨਾਲ ਘੰਟਿਆਂਬੱਧੀ ਕੀਰਤਨ ਗਾਇਣ ਕਰਦਿਆਂ ਮੰਤਰ ਮੁਗਧ ਹੋ ਜਾਂਦੇ ਅਤੇ ਗੁਰੂ ਨਾਨਕ ਦੇਵ ਜੀ ਦੇ ਬਖਸ਼ੇ ਗੁਰਮਤਿ ਸੰਗੀਤ ਦੇ ਅਮੁਕ ਖਜ਼ਾਨੇ ’ਚੋਂ ਸ਼ਬਦ-ਰੂਪੀ ਮੋਤੀਆਂ ਨੂੰ ਚੁਣ-ਚੁਣ ਕੇ ਸੰਗਤਾਂ ਸਾਹਵੇਂ ਪਰੋਸਦੇ ਅਤੇ ਨਾਲ-ਨਾਲ ਉਸ ਵਕਤ ਦੇ ਗੁਣੀ-ਜਨ ਤੰਤੀ ਸਾਜਾਂ ਦੇ ਵਾਜੰਤਰੀ, ਪਖਾਵਜੀ ਅਤੇ ਤਬਲੇ ਦੇ ਧਨੀ ਸਿੱਖ ਸੰਗਤ ਕਰਦਿਆਂ ਖੂਬ ਠੱਠ ਬੰਨ੍ਹਦੇ ਹੋਏ ਸਾਥ ਦੇਂਦੇ। ਇਸੇ ਦੌਰਾਨ ਖਾਸ ਜ਼ਿਕਰਯੋਗ ਗੱਲ ਏ ਕਿ ਆਪ ਜੀ ਦੇ ਸ਼ਿਸ਼ (ਸਿਖਿਆਰਥੀ) ਬਾਲਕ ਸ. ਜੱਸਾ ਸਿੰਘ ਆਹਲੂਵਾਲੀਆ ਆਪ ਦੇ ਮਗਰ ਬੈਠ ਕੇ ਕੀਰਤਨ ਕਰਨ ਸਮੇਂ ਪੂਰਾ-ਪੂਰਾ ਸਾਥ ਦੇਂਦੇ ਅਤੇ ਗੁਰਮਤਿ ਸੰਗੀਤ ਦੀਆਂ ਬਾਰੀਕੀਆਂ ਅਤੇ ਸ਼ਬਦੀ ਗੁੜ੍ਹ ਗਿਆਨ ਤੋਂ ਵੀ ਜਾਣੂੰ ਹੁੰਦੇ ਰਹੇ, ਕਿਉਂ ਕਿ ਸ. ਜੱਸਾ ਸਿੰਘ ਆਹਲੂਵਾਲੀਆ ਬਚਪਨ ਵਿਚ ਮਾਤਾ ਸੁੰਦਰੀ ਜੀ ਪਾਸ ਹੀ ਰਹਿੰਦੇ ਸਨ ਅਤੇ ਗੁਰਮਤਿ ਸੰਗੀਤ ਵਿਦਿਆ ਤੋਂ ਇਲਾਵਾ ਹਰ ਤਰ੍ਹਾਂ ਦੀ ਵਿਦਿਆ ਆਪ ਨੇ ਮਾਤਾ ਸੁੰਦਰੀ ਜੀ ਪਾਸੋਂ ਹੀ ਪ੍ਰਾਪਤ ਕੀਤੀ। ਫਿਰ ਭਰ ਜਵਾਨੀ ਦੀ ਅਵਸਥਾ ’ਚ ਮਾਤਾ ਜੀ ਨੇ ਨਵਾਬ ਕਪੂਰ ਸਿੰਘ ਪਾਸ ਪੰਜਾਬ ਭੇਜਿਆ ਅਤੇ ਸ਼ਾਸਤਰ ਵਿਦਿਆ ਦੀ ਖ਼ੂਬ ਸਿਖਲਾਈ ਦਿਵਾਈ ਤੇ ਇਹ ਸਭ ਮਾਤਾ ਸੁੰਦਰੀ ਜੀ ਦੀ ਦੂਰ-ਦ੍ਰਿਸ਼ਟੀ ਅਤੇ ਸੂਝ-ਬੂਝ ਦਾ ਪ੍ਰਗਟਾਵਾ ਹੀ ਸੀ। ਇਨ੍ਹਾਂ ਹੀ ਤਮਾਮ ਗੁੜ੍ਹਤੀਆਂ ਦੇ ਕਾਰਨ ਜੱਸਾ ਸਿੰਘ ਸੁਲਤਾਨਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਅਖਵਾਏ ਅਤੇ ਆਪਣੀ ਸੂਰਬੀਰਤਾ ਤੇ ਦੂਰ-ਅੰਦੇਸ਼ੀ ਕਾਰਨ ਦਿੱਲੀ ਦੀਆਂ ਦੀਵਾਰਾਂ ਨਾਲ ਆਣ ਲੋਹਾ ਲਿਆ ਤੇ ਜਿੱਤਾਂ ਪ੍ਰਾਪਤ ਕੀਤੀਆਂ। ਉਂਜ ਮਾਤਾ ਸੁੰਦਰੀ ਜੀ ਦਾ ਬਚਪਨ ਵੀ ਬਹੁਤ ਹੀ ਧਾਰਮਿਕ ਅਤੇ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੇ ਘਰ ਹੀ ਬੀਤਿਆ, ਜਿਸ ਕਰਕੇ ਆਪ ਜੀ ਦੇ ਅੰਦਰ ਬਚਪਨ ਤੋਂ ਹੀ ਧਰਮ ਪ੍ਰਤੀ ਜਗਿਆਸਾ ਸੀ। ਮਾਤਾ ਸੁੰਦਰੀ ਜੀ ਦਾ ਜਨਮ 1671 ਈਸਵੀ ਨੂੰ ਲਾਹੌਰ ਦੇ ਇਕ ਰਈਸ ਖੱਤਰੀ ਭਾਈ ਰਾਮ ਸ਼ਰਨ ਜੀ ਦੇ ਘਰ ਹੋਇਆ ਸੀ। ਭਾਈ ਰਾਮ ਸ਼ਰਨ ਜੀ ਵੱਡੇ ਕੁਟੰਬ ਵਾਲੇ, ਇਕ ਧਨਾਢ ਤੇ ਬਿਰਾਦਰੀ ਦੇ ਬਾ-ਰਸੂਖ ਵਿਅਕਤੀ ਸਨ। ਇਸ ਨਵੀਂ ਬਾਲੜੀ ਦੇ ਜਨਮ ਸਮੇਂ ਹੀ ਇਸ ਦੀ ਸੁੰਦਰਤਾ ਤੇ ਤਿੱਖੇ ਨੈਣ-ਨਕਸ਼ਾਂ ਨੂੰ ਨਿਹਾਰਦਿਆਂ ਘਰ ਵਾਲਿਆਂ ਨੇ ਸ਼ੁਰੂ ਤੋਂ ਹੀ ਸੁੰਦਰੀ-ਸੁੰਦਰੀ ਆਖ ਕੇ ਬੁਲਾਉਣਾ ਆਰੰਭ ਦਿਤਾ ਸੀ ਤੇ ਇਹੋ ਹੀ ਨਾਮ ਆਪ ਜੀ ਦਾ ਸਦਾ ਲਈ ਪ੍ਰਚੱਲਤ ਹੋ ਗਿਆ। ਅਕਸਰ ਭਾਈ ਰਾਮ ਸ਼ਰਨ ਦਾ ਸ਼ਰਧਾਲੂ ਸਿੱਖ ਵਜੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਆਉਣਾ ਜਾਣਾ ਬਣਿਆ ਹੀ ਰਹਿੰਦਾ ਸੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ’ਚ ਹਰ ਵਕਤ ਹੁੰਦੇ ਰਹਿੰਦੇ ਕੀਰਤਨ ਸੁਨਣ ਦੀ ਹਾਜ਼ਰੀ ਅਕਸਰ ਭਾਈ ਰਾਮ ਸ਼ਰਨ ਤੇ ਸਾਰਾ ਪਰਿਵਾਰ ਹੀ ਭਰਦਾ ਰਹਿੰਦਾ ਸੀ ਤੇ ਇੰਜ ਕਰਕੇ ਸਮੁੱਚੇ ਹੀ ਪਰਿਵਾਰ ਨੂੰ ਗੁਰਬਾਣੀ ਤੇ ਕੀਰਤਨ ਦੀ ਭਲੀ ਸੋਝੀ ਹੋ ਗਈ ਅਤੇ ਘਰ ਵਿਚ ਕੀਰਤਨ ਪ੍ਰਤੀ ਜਾਗਰੂਕਤਾ ਵੀ ਵਧ ਗਈ। ਇੰਜ ਕਰਕੇ ਬਾਲੜੀ ਸੁੰਦਰੀ ਨੂੰ ਬਚਪਨ ਤੋਂ ਹੀ ਕੀਰਤਨ ਦੀ ਮੱਸ ਲੱਗ ਗਈ ਸੀ ਤੇ ਫਿਰ ਜਦੋਂ ਪਿਤਾ ਵੱਲੋਂ ਸਾਹਿਬੇ-ਕਮਾਲ ਗੁਰੂ ਗੋਬਿੰਦ ਸਿੰਘ ਜੀ ਨਾਲ ਨਾਤਾ ਜੋੜ ਕੇ ਅਨੰਦ ਕਾਰਜ ਕਰਵਾ ਦਿੱਤੇ ਗਏ ਤਾਂ ਮਾਤਾ ਸੁੰਦਰੀ ਜੀ ਦੀ ਕੀਰਤਨ ਪ੍ਰਤੀ ਵਧੇਰੇ ਰੁਚੀ ਹੋ ਗਈ ਤੇ ਆਪ ਬਕਾਇਦਾ ਤੌਰ ’ਤੇ ਪਾਤਸ਼ਾਹ ਪਾਸੋਂ ਗੁਰਮਤਿ ਸੰਗੀਤ ਕੀਰਤਨ ਦੀ ਸਿਖਲਾਈ ਲੈਂਦੇ ਰਹੇ। ਕਮਾਲ ਦੀ ਗੱਲ ਤਾਂ ਇਹ ਵੇ ਕਿ ਵਿਆਹ (ਸ਼ਾਦੀ) ਤੋਂ ਲੈ ਕੇ ਆਖਰੀ ਸਾਹਾਂ 80 ਸਾਲ ਦੀ ਉਮਰ ਤੱਕ ਵੀ ਮਾਤਾ ਸੁੰਦਰੀ ਜੀ ਨਿਤਾਪ੍ਰਤੀ ਕੀਰਤਨ ਕਰਦੇ ਰਹੇ ਅਤੇ ਕੀਰਤਨ ਨੂੰ ਆਪਣੇ ਅੰਤਸ਼ਕਰਣ ਦੀ ਗੁਜ਼ਾ ਸਮਝ ਕੇ ਭੁੰਚਦੇ ਰਹੇ। ਸੋ ਅਸੀਂ ਬੜੇ ਹੀ ਫਖ਼ਰ, ਮਾਣ ਅਤੇ ਸ਼ਰਧਾ-ਸਤਿਕਾਰ ਨਾਲ ਕਬੂਲ ਕੇ ਆਖ ਸਕਦੇ ਹਾਂ ਕਿ ਸਿੱਖ ਕੌਮ ਵਿਚ ਜੇਕਰ ਕੋਈ ਪਹਿਲੀ ਸਿੱਖ ਬੀਬੀ ਕੀਰਤਨਕਾਰ ਹੋਈ ਹੈ ਤਾਂ ਉਹ ਸਿਰਫ਼ ਮਾਤਾ ਸੁੰਦਰੀ ਹੀ ਕਹੇ ਜਾ ਸਕਦੇ ਨੇ ਅਤੇ ਮਾਤਾ ਸੁੰਦਰੀ ਜੀ ਕੋਈ ਆਮ ਜਾਂ ਸਧਾਰਨ ਕਿਸਮ ਦੀ ਕੀਰਤਨਕਾਰ ਬੀਬੀ ਨਹੀਂ ਸੀ ਬਲਕਿ ਆਪ ਜੀ ਨੂੰ ਗੁਰਮਤਿ ਸੰਗੀਤ ਦੀਆਂ ਹਰ ਤਰੀਕੇ ਦੀਆਂ ਬਾਰੀਕੀਆਂ ਦੀ ਖੂਬ ਜਾਣਕਾਰੀ ਸੀ। ਆਪ ਜੀ ਗੁਰੂ ਸਾਹਿਬਾਂ ਵੇਲੇ ਦੇ ਪਰਪੱਕ ਤੇ ਧਨੰਤਰ ਰਬਾਬੀ ਕੀਰਤਨੀਆਂ ਦੀ ਤਰ੍ਹਾਂ ਹੀ ਹਰ ਤਰ੍ਹਾਂ ਦੀ ਗਾਇਕੀ ’ਚ ਮੁਹਾਰਤ ਰੱਖਦੇ ਸਨ ਅਤੇ ਤੰਤੀ ਸਾਜਾਂ ਨਾਲ ਬਕਾਇਦਾ ਤੌਰ ’ਤੇ ਨਿਰਧਾਰਤ ਕੀਰਤਨ ਦੁਆਰਾ ਪੜਤਾਲਾਂ, ਧਰੁਪਦਾਂ, ਸ੍ਰੀ ਆਸਾ ਜੀ ਦੀ ਵਾਰ, ਔਖੇ ਤੇ ਵੱਡੇ ਤਾਲਾਂ ਵਿਚ ਅਲ੍ਹਾਣੀਆਂ, ਘੋੜੀਆਂ, ਸੱਦ ਅਤੇ ਹਰ ਤਰ੍ਹਾਂ ਦੀਆਂ ਬੰਧਸ਼ਾਂ ਨੂੰ ਪੇਸ਼ ਕਰਨ ਦੀ ਸੋਝੀ ਤੇ ਪਕੇਰੀ ਪਕੜ ਰੱਖਦੇ ਸਨ। ਜ਼ਿਕਰਯੋਗ ਹੈ ਕਿ ਉਸ ਵਕਤ ਦੇ ਦਿੱਲੀ ਦੇ ਵੱਡੇ-ਵੱਡੇ ਗਵੱਈਏ ਤੇ ਬਾਈਆਂ ਇਤਿਆਦਿਕ ਮਾਤਾ ਸੁੰਦਰੀ ਤਰਫ਼ੋਂ ਸੰਗੀਤਕ ਪਕੜ ਦੇ ਦੀਵਾਨੇ ਤੇ ਕਦਰਦਾਨ ਸਨ ਅਤੇ ਸਭ ਹੀ ਹਾਜ਼ਿਰ ਹੋ ਕੇ ਅਦਬ ਪਿਆਰ ਦਾ ਪ੍ਰਗਟਾਵਾ ਕਰਦਿਆਂ ਕਦਮ ਬੋਸੀ ਕਰਿਆ ਕਰਦੇ ਸਨ। ਸੋ ਮੇਰੀ ਜਾਚੇ ਸਿੱਖ ਕੌਮ ਨੂੰ ਜਿਥੇ ਮਹਾਨ ਰਬਾਬੀਆਂ ਤੇ ਰਾਗੀ ਕੀਰਤਨੀਆਂ ਦੀ ਭਰਪੂਰ ਦੇਣ ਹੈ, ਉਥੇ ਮਾਤਾ ਸੁੰਦਰੀ ਦੇ ਰੂਪ ਵਿਚ ਇਸਤਰੀ ਕੀਰਤਨੀਆਂ ਵੱਲੋਂ ਵੀ ਦੇਣ ਘੱਟ ਨਹੀਂ ਜੇ, ਤੇ ਨਾ ਹੀ ਇਸ ਗੁਰਮਤਿ ਸੰਗੀਤ ਕੀਰਤਨ ਦੀ ਦੇਣ ਨੂੰ ਕਦੀ ਅਣਦੇਖਿਆ ਹੀ ਕੀਤਾ ਜਾ ਸਕਦਾ ਹੈ। ਸੋ ਇਸ ਕਰਕੇ ਮੇਰੀ ਜਾਚੇ ਸਿੱਖ ਕੌਮ ਵਿਚ ਗੁਰਮਤਿ ਸਿਧਾਂਤਾਂ ਅਨੁਸਾਰ ਸਿੱਖ ਕੀਰਤਨਕਾਰਾਂ ਦੇ ਬਰਾਬਰ ਦਾ ਹੀ ਅਧਿਕਾਰ ਸਿੱਖ ਬੀਬੀਆਂ ਵੀ ਰੱਖਦੀਆਂ ਨੇ। ਕੀਰਤਨ ਤੇ ਕੀਰਤਨ ਹੈ, ਭਾਵੇਂ ਗੁਰਸਿੱਖ ਕੀਰਤਨੀਆ ਕਰੇ ਚਾਹੇ ਗੁਰਸਿੱਖ ਬੀਬੀ ਕਰੇ। ਕੀਰਤਨ ਤੇ ਉਸ ਕਰਤੇ ਦੀ ਕੀਰਤੀ, ਜੱਸ, ਵੱਡਿਆਈ, ਸੋਭਾ ਤੇ ਸਿਫਤਿ ਸਲਾਹ ਹੈ। ਔਰ ਮੈਂ ਸਮਝਦਾ ਹਾਂ ਕਿ ਕੀਰਤਨ ਕਿਸੇ ਬੰਧਨਾਂ ਦਾ ਮੁਹਤਾਜ਼ ਨਹੀਂ ਏ, ਇਸ ਨੂੰ ਕਰਨ ਦਾ ਸਭ ਨੂੰ ਹੱਕ ਏ। ਸੋ ਮਾਤਾ ਸੁੰਦਰੀ ਜੀ ਦੇ ਅਸਲੀ ਜੀਵਨ ਤੇ ਗੁਰਮਤਿ ਸੰਗੀਤ ਕੀਰਤਨ ਤੋਂ ਪ੍ਰੇਰਤ ਹੋ ਕੇ ਵੱਧ ਤੋਂ ਵੱਧ ਸਿੱਖ ਬੀਬੀਆਂ ਨੂੰ ਗੁਰਮਤਿ ਸੰਗੀਤ ਦੀ ਤਾਲੀਮ ਲੈਣੀ ਚਾਹੀਏ।

ਮੋਬਾਈਲ: 98159-92135

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All