ਮਾਣਹਾਨੀ ਕੇਸ: ਰਾਹੁਲ ਗਾਂਧੀ ਨੇ ਦੋਸ਼ ਨਕਾਰੇ

ਸੂਰਤ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ’ਚ ਪੇਸ਼ੀ ਲਈ ਜਾਂਦੇ ਹੋਏ ਕਾਂਗਰਸ ਆਗੂ ਰਾਹੁਲ ਗਾਂਧੀ। -ਫੋਟੋ: ਪੀਟੀਆਈ

ਸੂਰਤ, 10 ਅਕਤੂਬਰ ਕੁਝ ਦਿਨ ਪਹਿਲਾਂ ਵਿਦੇਸ਼ ਗਏ ਕਾਂਗਰਸ ਆਗੂ ਰਾਹੁਲ ਗਾਂਧੀ ਵੀਰਵਾਰ ਨੂੰ ਮੈਜਿਸਟਰੇਟ ਦੀ ਅਦਾਲਤ ਅੱਗੇ ਪੇਸ਼ ਹੋਏ। ਮਾਣਹਾਨੀ ਦੇ ਕੇਸ ’ਚ ਉਨ੍ਹਾਂ ਆਪਣੇ ਖ਼ਿਲਾਫ਼ ਲਾਏ ਗਏ ਦੋਸ਼ਾਂ ਨੂੰ ਨਕਾਰਿਆ। ਉਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਬਿਆਨ ਦਿੱਤਾ ਸੀ ਕਿ ‘ਸਾਰੇ ਮੋਦੀ ਉਪ ਨਾਮ ਵਾਲੇ ਚੋਰ ਕਿਉਂ ਹਨ?’ ਭਾਜਪਾ ਦੇ ਸੂਰਤ (ਪੱਛਮੀ) ਤੋਂ ਵਿਧਾਇਕ ਪੁਰਨੇਸ਼ ਮੋਦੀ ਨੇ ਉਨ੍ਹਾਂ ਖ਼ਿਲਾਫ਼ ਇਹ ਕੇਸ ਕੀਤਾ ਹੈ। ਕਾਂਗਰਸ ਆਗੂ ਦੇ ਬਿਆਨ ਦਰਜ ਕਰਨ ਮਗਰੋਂ ਉਨ੍ਹਾਂ ਦੇ ਵਕੀਲਾਂ ਨੇ ਨਿੱਜੀ ਪੇਸ਼ੀ ਤੋਂ ਪੱਕੀ ਛੋਟ ਲਈ ਅਰਜ਼ੀ ਦਾਖ਼ਲ ਕੀਤੀ। ਜਦੋਂ ਮੋਦੀ ਦੇ ਵਕੀਲਾਂ ਨੇ ਇਸ ’ਤੇ ਇਤਰਾਜ਼ ਜਤਾਇਆ ਤਾਂ ਅਦਾਲਤ ਨੇ ਕਿਹਾ ਕਿ ਉਹ ਅਰਜ਼ੀ ਬਾਰੇ 10 ਦਸੰਬਰ ਨੂੰ ਫ਼ੈਸਲਾ ਕਰਨਗੇ। ਅਦਾਲਤ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਅਗਲੀ ਤਰੀਕ ’ਤੇ ਪੇਸ਼ ਹੋਣ ਦੀ ਲੋੜ ਨਹੀਂ ਹੈ। ਕਾਂਗਰਸ ਆਗੂ ਨੇ ਅਜਿਹੇ ਇਕ ਹੋਰ ਮਾਮਲੇ ’ਚ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੀ ਅਦਾਲਤ ’ਚ ਪੇਸ਼ ਹੋਣਾ ਹੈ। ਇਹ ਕੇਸ ਆਰਐੱਸਐੱਸ-ਭਾਜਪਾ ਵਰਕਰਾਂ ਵੱਲੋਂ ਉਨ੍ਹਾਂ ਖ਼ਿਲਾਫ਼ ਦਾਖ਼ਲ ਕੀਤਾ ਗਿਆ ਹੈ। ਹਰਿਆਣਾ ਅਤੇ ਮਹਾਰਾਸ਼ਟਰ ਦੀਆਂ 21 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਰਾਹੁਲ ਗਾਂਧੀ ਦੇ ਵਿਦੇਸ਼ ਚਲੇ ਜਾਣ ’ਤੇ ਭਾਜਪਾ ਨੇ ਉਨ੍ਹਾਂ ਨੂੰ ਨਿਸ਼ਾਨੇ ’ਤੇ ਲਿਆ ਸੀ। ਉਂਜ ਰਾਹੁਲ ਗਾਂਧੀ ਵੱਲੋਂ ਦੋਵੇਂ ਸੂਬਿਆਂ ’ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਪੱਖ ’ਚ ਪ੍ਰਚਾਰ ਕੀਤਾ ਜਾਵੇਗਾ। ਉਹ 13 ਅਤੇ 15 ਅਕਤੂਬਰ ਨੂੰ ਮਹਾਰਾਸ਼ਟਰ ਅਤੇ 14 ਅਕਤੂਬਰ ਨੂੰ ਹਰਿਆਣਾ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। -ਪੀਟੀਆਈ

ਵਿਰੋਧੀ ਮੈਨੂੰ ਚੁੱਪ ਕਰਾਉਣਾ ਚਾਹੁੰਦੇ ਨੇ: ਰਾਹੁਲ

ਸੂਰਤ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਖ਼ਿਲਾਫ਼ ਦਾਖ਼ਲ ਮਾਣਹਾਨੀ ਕੇਸਾਂ ਰਾਹੀਂ ਸਿਆਸੀ ਵਿਰੋਧੀ ਉਨ੍ਹਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਜਿਸਟਰੇਟੀ ਅਦਾਲਤ ਮੂਹਰੇ ਪੇਸ਼ੀ ਮਗਰੋਂ ਟਵੀਟ ਕਰਕੇ ਉਨ੍ਹਾਂ ਇਹ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਵਰਕਰਾਂ ਦੇ ਪਿਆਰ ਅਤੇ ਹਮਾਇਤ ਲਈ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਇਥੇ ਇਕੱਤਰ ਹੋ ਕੇ ਉਨ੍ਹਾਂ ਨਾਲ ਇਕਜੁੱਟਤਾ ਦਿਖਾਈ। -ਪੀਟੀਆਈ

ਰਾਹੁਲ ਧਾਰਾਵੀ ’ਚ ਕਰਨਗੇ ਚੋਣ ਪ੍ਰਚਾਰ

ਮੁੰਬਈ: ਕਾਂਗਰਸ ਆਗੂ ਰਾਹੁਲ ਗਾਂਧੀ ਐਤਵਾਰ ਨੂੰ ਮੁੰਬਈ ਵਿੱਚ ਮਹਾਰਾਸ਼ਟਰ ਅਸੈਂਬਲੀ ਚੋਣਾਂ ਲਈ ਪ੍ਰਚਾਰ ਕਰਨਗੇ। 21 ਅਕਤੂਬਰ ਨੂੰ ਚੋਣਾਂ ਤੋਂ ਪਹਿਲਾਂ ਇਹ ਉਨ੍ਹਾਂ ਦੀ ਪਲੇਠੀ ਚੋਣ ਮੁਹਿੰਮ ਹੋਵੇਗੀ। ਮੁੰਬਈ ਕਾਂਗਰਸ ਦੇ ਪ੍ਰਧਾਨ ਏਕਨਾਥ ਗਾਇਕਵਾੜ ਨੇ ਕਿਹਾ ਕਿ ਰਾਹੁਲ ਐਤਵਾਰ ਸ਼ਾਮ ਨੂੰ ਧਾਰਾਵੀ ’ਚ ਰੈਲੀ ਨੂੰ ਸੰਬੋਧਨ ਕਰਨਗੇ। ਕਾਂਗਰਸ ਨੇ ਮੁੰਬਈ ਦੀਆਂ 31 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ ਜਦੋਂ ਕਿ ਪੰਜ ਸੀਟਾਂ ਭਾਈਵਾਲ ਪਾਰਟੀ ਐੱਨਸੀਪੀ ਲਈ ਛੱਡੀਆਂ ਹਨ। ਪਾਰਟੀ ਸੂਤਰਾਂ ਮੁਤਾਬਕ ਰਾਹੁਲ, ਲਾਤੂਰ ਵਿੱਚ ਵੀ ਰੈਲੀਆਂ ਕਰਨਗੇ, ਜਿੱਥੋਂ ਸਾਬਕਾ ਮੁੱਖ ਮੰਤਰੀ ਮਰਹੂਮ ਵਿਲਾਸ ਰਾਓ ਦੇਸ਼ਮੁਖ ਦੇ ਪੁੱਤਰ ਅਮਿਤ ਤੇ ਧੀਰਜ ਚੋਣ ਮੈਦਾਨ ਵਿਚ ਹਨ। ਰਾਹੁਲ 15 ਅਕਤੂਬਰ ਨੂੰ ਮੁੜ ਮਹਾਰਾਸ਼ਟਰ ਆਉਣਗੇ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All