ਮਾਓਵਾਦੀਆਂ ਦਾ ਲਿਹਾਜ਼ ਨਹੀਂ ਕਰਾਂਗੇ: ਮਨਮੋਹਨ ਸਿੰਘ

ਆਰਥਿਕ ਪਛੜੇਵੇਂ ਨੂੰ ਨਕਸਲਵਾਦ ਦੀ ਜੜ੍ਹ ਦੱਸਿਆ

ਨਵੀਂ ਦਿੱਲੀ, 21 ਅਪਰੈਲ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਮੰਨਿਆ ਹੈ ਕਿ ਵਿਕਾਸ ਤੋਂ ਵਾਂਝੇ ਇਲਾਕਿਆਂ ਵਿਚ ਨਕਸਲਵਾਦ ‘ਅਮਰਵੇਲ ਵਾਂਗ’ ਵਧ ਰਿਹਾ ਹੈ, ਪਰ ਇਸੇ ਨਾਲ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਨੂੰ ਚੁਣੌਤੀ ਦੇਣ ਵਾਲਿਆਂ ਖ਼ਿਲਾਫ਼ ਠੋਸ ਕਾਰਵਾਈ ਕੀਤੀ ਜਾਵੇਗੀ ਤੇ ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਰਿਆਇਤ ਨਹੀਂ ਵਰਤੀ ਜਾਵੇਗੀ। ਅੱਜ ਇੱਥੇ ਪੰਜਵੇਂ ਪ੍ਰਸ਼ਾਸਨਿਕ ਸੇਵਾਵਾਂ ਦਿਵਸ ਮੌਕੇ ਸਮਾਗਮ ਵਿਚ ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੂਰੀ ਜਾਨ ਮਾਰ ਕੇ ਇਹ ਯਕੀਨੀ ਬਣਾਉਣ ਕਿ ਸਰਕਾਰ ਦੇ ਵਿਕਾਸ ਪ੍ਰੋਗਰਾਮ ਤੋਂ ਦੇਸ਼ ਦਾ ਇਕ ਵੀ ਨਾਗਰਿਕ ਮਹਿਰੂਮ ਨਾ ਰਹੇ। ਨਕਸਲਵਾਦ ਨੂੰ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ, ‘‘ਹਾਲ ਹੀ ਦੀਆਂ ਘਟਨਾਵਾਂ ਸਾਨੂੰ ਦੱਸ ਰਹੀਆਂ ਹਨ ਕਿ ਅਸੀਂ ਸਮੱਸਿਆ ਦੀ ਜੜ੍ਹ ਤਕ ਪੁੱਜੀਏ ਤੇ ਇਸ ’ਚ ਦੇਰੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨਾਲ ਹੀ ਇਹ ਵੀ ਸਪੱਸ਼ਟ ਕਰਦਿਆਂ ਕਿਹਾ ਕਿ ਕਿਸੇ ਨੂੰ ਕਾਨੂੰਨ ਹੱਥਾਂ ਵਿਚ ਲੈ ਕੇ ਸਾਡੇ ਜਮਹੂਰੀ ਤਾਣੇ-ਬਾਣੇ ਨੂੰ ਤੋੜਨ ਜਾਂ ਤਹਿਸ-ਨਹਿਸ ਨਹੀਂ ਕਰਨ ਦਿੱਤਾ ਜਾਵੇਗਾ। ਜੇਕਰ ਕੋਈ ਭਾਰਤ ਸਰਕਾਰ ਨੂੰ ਚੁਣੌਤੀ ਦਿੰਦਾ ਹੈ ਤਾਂ ਉਸ ਨਾਲ ਕੋਈ ਰਿਆਇਤ ਨਹੀਂ ਵਰਤੀ ਜਾਵੇਗੀ।’’ ਵਰਨਣਯੋਗ ਹੈ ਕਿ 6 ਅਪਰੈਲ ਨੂੰ ਛਤੀਸਗੜ੍ਹ ਵਿਚ ਨਕਸਲੀਆਂ ਨੇ ਹਮਲਾ ਕਰਕੇ ਸੀ.ਆਰ.ਪੀ.ਐਫ. ਦੇ 75 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਇਸ ਤੋਂ ਇਲਾਵਾ ਬੀਤੀ ਰਾਤ ਹੀ ਇਸ ਸੂਬੇ ਵਿਚ ਨਕਸਲੀਆਂ ਨੇ ਸੀ.ਆਰ.ਪੀ.ਐਫ. ਦੇ ਪੰਜ ਵੱਖ-ਵੱਖ ਕੈਂਪਾਂ ਉਪਰ ਗੋਲੀਬਾਰੀ ਕੀਤੀ। ਸ੍ਰੀ ਮਨਮੋਹਨ ਸਿੰਘ ਨੇ ਕਿਹਾ ਕਿ ਨਕਸਲਵਾਦ ਉਨ੍ਹਾਂ ਇਲਾਕਿਆਂ ਵਿਚ ਹੀ ਵਧ ਰਿਹਾ ਹੈ, ਜਿਹੜੇ ਵਿਕਾਸ ਪੱਖੋਂ ਕਾਫੀ ਪਛੜੇ ਹੋਏ ਹਨ। ਇਸ ਲਈ ਪ੍ਰਸ਼ਾਸਨਿਕ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਸਰਕਾਰੀ ਵਿਕਾਸ ਪ੍ਰੋਗਰਾਮ ਹਰ ਇਲਾਕੇ ਤੇ ਵਿਅਕਤੀ ਤਕ ਪੁੱਜੇ। ਇਸ ਤੋਂ ਇਲਾਵਾ ਹਰ ਅਧਿਕਾਰੀ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਵੇ ਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਠੋਸ ਕਾਰਵਾਈ ਕਰੇ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਨਮਾਨਤ ਕੀਤਾ। ਪ੍ਰਧਾਨ ਮੰਤਰੀ ਪਾਸੋਂ ਜਿਨ੍ਹਾਂ ਅਧਿਕਾਰੀਆਂ ਨੇ ਸਨਮਾਨ ਹਾਸਲ ਕੀਤਾ ਉਨ੍ਹਾਂ ਵਿਚ ਮੱਧ ਪ੍ਰਦੇਸ਼ ਦੇ ਗੁਲਸ਼ਨ ਬੰਮਰਾ, ਅਸ਼ੋਕ ਕੁਮਾਰ, ਓ.ਪੀ. ਰਾਵਤ, ਜੈਦੀਪ ਗੋਵਿੰਦ, ਅਨਿਲ ਓਬਰਾਏ, ਰਸ਼ਮੀ ਅਰੁਨ ਤੇ ਸੰਜੇ ਦੂਬੇ, ਰਾਜਸਥਾਨ ਦੇ ਸਮਿਤ ਸ਼ਰਮਾ, ਮਹਾਰਾਸ਼ਟਰ ਦੇ ਵਿਜੈ ਸਿੰਘਲ, ਤਾਮਿਲਨਾਡੂ ਦੇ ਰਾਜੇਸ਼ ਲਖਾਨੀ, ਛਤੀਸਗੜ੍ਹ ਦੇ ਅਲੋਕ ਸ਼ੁਕਲਾ, ਗੌਰਵ ਦਿਵੇਦੀ ਤੋਂ ਇਲਾਵਾ ਰੈਵੇਨਿਊ ਸੇਵਾਵਾਂ ਦੇ ਐਸ.ਐਸ. ਖਾਨ, ਮਿਲਾਪ ਜੈਨ ਤੇ ਜੀ.ਟੀ. ਵੈਂਕੇਟੇਸ਼ਵਰ ਰਾਓ ਸ਼ਾਮਲ ਹਨ। ਡਾਕ ਵਿਭਾਗ ਨੂੰ ‘ਪ੍ਰਾਜੈਕਟ ਐਰੋ’ ਲਈ ਸਨਮਾਨਤ ਕੀਤਾ ਗਿਆ।                -ਪੀ.ਟੀ.ਆਈ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All