ਮਹਾਨ ਦੇਸ਼ ਭਗਤ ਬਾਬਾ ਭਗਤ ਸਿੰਘ ਬਿਲਗਾ

ਪ੍ਰੋ. ਗੋਪਾਲ ਸਿੰਘ ਬੁੱਟਰ

ਗ਼ਦਰ ਲਹਿਰ ਦੇ ਆਖ਼ਰੀ ਜਰਨੈਲ ਅਤੇ ਉੱਘੇ ਚਿੰਤਕ ਬਾਬਾ ਭਗਤ ਸਿੰਘ ਬਿਲਗਾ ਦੁਆਬੇ ਦੇ ਪਿੰਡ ਬਿਲਗਾ, ਜ਼ਿਲ੍ਹਾ ਜਲੰਧਰ ਦੇ ਜੰਮਪਲ ਸਨ। ਉਨ੍ਹਾਂ ਦਾ ਜਨਮ ਇੱਥੇ 2 ਅਪਰੈਲ 1907 ਨੂੰ ਨੰਬਰਦਾਰ ਹੀਰਾ ਸਿੰਘ ਸੰਘੇੜਾ ਪੱਤੀ ਭਲਾਈ ਦੇ ਘਰ ਹੋਇਆ। ਉਹ ਆਪਣੇ ਭੈਣ- ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਉਹ ਅਜੇ ਦੋ ਸਾਲਾਂ ਦੇ ਵੀ ਨਹੀਂ ਸਨ ਹੋਏ ਕਿ ਉਨ੍ਹਾਂ ਦੇ ਪਿਤਾ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਮਾਤਾ ਨੂੰ ਪਰਿਵਾਰ ਚਲਾਉਣ ਲਈ ਸਖ਼ਤ ਮਿਹਨਤ ਕਰਨੀ ਪਈ ਪਰ ਫਿਰ ਵੀ ਪੂਰੀ ਨਾ ਪੈਣ ’ਤੇ ਘਰ ਗਿਰਵੀ ਰੱਖਣਾ ਪਿਆ। ਭਗਤ ਸਿੰਘ ਬਿਲਗਾ ਬਚਪਨ ਵਿੱਚ ਮਾਲਵੇ ਦੇ ਪਿੰਡ ਅਜੀਤ ਵਾਲ ਵਿੱਚ ਆਪਣੀ ਮਾਸੀ ਕੋਲ ਰਹਿ ਕੇ ਨੇੜਲੇ ਪਿੰਡ ਚੂਹੜ ਚੱਕ ਪੜ੍ਹਦੇ ਰਹੇ। ਉੱਥੋੋਂ ਮਿਡਲ ਪਾਸ ਕਰ ਕੇ ਉਨ੍ਹਾਂ ਨੇ ਲੁਧਿਆਣੇ ਦੇ ਮਾਲਵਾ ਖ਼ਾਲਸਾ ਹਾਈ ਸਕੂਲ ਤੋਂ ਮੈਟ੍ਰਿਕ ਕੀਤੀ। ਘਰ ਦੀ ਗ਼ਰੀਬੀ ਦੂਰ ਕਰਨ ਖ਼ਾਤਰ ਉਹ ਕਮਾਈ ਕਰਨ ਲਈ ਪਹਿਲਾਂ ਜਪਾਨ ਤੇ ਫਿਰ ਅਰਜਨਟਾਈਨਾ ਗਏ ਪਰ ੳੱੁਥੇ ਵੱਸਦੇ ਪੰਜਾਬੀ ਦੇਸ਼ ਭਗਤਾਂ ਦੇ ਅਸਰ ਨੇ ਘਰ ਦੀ ਗ਼ਰੀਬੀ ਦੀ ਥਾਂ ਦੇਸ਼ ਦੀ ਗ਼ੁਲਾਮੀ ਦੀਆਂ ਜ਼ੰਜੀਰਾਂ ਕੱਟਣ ਵਾਲੇ ਪਾਸੇ ਤੋਰ ਦਿੱਤਾਾ। ਬਾਬਾ ਬਿਲਗਾ 2 ਅਪਰੈਲ 1907 ਤੋਂ 22 ਮਈ 2009 ਤੱਕ ਦੀ ਲੰਮੀ ਸਰਗਰਮ ਜ਼ਿੰਦਗੀ ਜੀਉਂ ਕੇ ਗੁਜ਼ਰੇ ਹਨ। ਉਨ੍ਹਾਂ ਦੇ ਬਰਤਾਨਵੀ ਸਾਮਰਾਜ ਖ਼ਿਲਾਫ਼ ਵਿਦਰੋਹੀ ਜੀਵਨ ਦਾ ਆਗਾਜ਼ ਵਿਦਿਆਰਥੀ ਜੀਵਨ ਵਿੱਚ ਲੁਧਿਆਣੇ ਪੜ੍ਹਦਿਆਂ ਹੀ ਹੋ ਗਿਆ ਸੀ, ਜਦੋਂ ਉਨ੍ਹਾਂ ਵਾਇਸਰਾਏ ਦੀ ਸਕੂਲ ਫੇਰੀ ’ਤੇ ਵਾਇਸਰਾਏ ਹਾਏ-ਹਾਏ ਕਹਿ ਕੇ ਸਕੂਲ ਹੈੱਡਮਾਸਟਰ ਦੀ ਬੈਂਤਾਂ ਦੀ ਸਜ਼ਾ ਕਬੂਲੀ ਸੀ। ਉਹ 21 ਸਾਲ ਦੀ ਉਮਰ ਵਿੱਚ ਸ. ਅਜੀਤ ਸਿੰਘ (ਸ਼ਹੀਦ ਭਗਤ ਸਿੰਘ ਦੇ ਚਾਚਾ ਜੀ) ਦੀ ਪ੍ਰਧਾਨਗੀ ਵਾਲੀ ਅਰਜਨਟੀਨਾ ਦੀ ਗ਼ਦਰ ਪਾਰਟੀ ਦੇ ਜਨਰਲ ਸਕੱਤਰ ਬਣ ਕੇ ਭਾਰਤੀਆਂ  ਨੂੰ ਦੇਸ਼ ਦੀ ਗ਼ੁਲਾਮੀ ਦਾ ਜੂਲਾ ਲਾਹੁਣ ਲਈ ਜਥੇਬੰਦ ਕਰਨ ਲੱਗ ਪਏ। ਅਰਜਨਟਾਈਨਾ ਤੋਂ ਪਾਰਟੀ ਦੇ ਆਦੇਸ਼ ਮੁਤਾਬਕ ਮਾਰਕਸਵਾਦ ਅਤੇ ਫ਼ੌਜੀ ਵਿੱਦਿਆ ਦੀ ਉਚੇਰੀ ਟਰੇਨਿੰਗ ਲੈਣ ਲਈ ਬਿਲਗਾ ਜੀ ਰੂਸ ਦੀ ਟੋਆਇਲਰ ਯੂਨੀਵਰਸਿਟੀ ਮਾਸਕੋ ਗਏ। ਉਥੋਂ ਉਹ 60 ਕ੍ਰਾਂਤੀਕਾਰੀਆਂ ਦਾ ਗੁਰੱਪ ਤਿਆਰ ਕਰ ਕੇ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਹੋਣ ਲਈ ਭਾਰਤ ਪਰਤੇ। ਉਨ੍ਹਾਂ ਨੇ 1934 ਤੋਂ 1936 ਤੱਕ ਕਲਕੱਤਾ, ਕਾਨਪੁਰ ਅਤੇ ਪੰਜਾਬ ਦੀਆਂ ਕ੍ਰਾਂਤੀਕਾਰੀ ਸੰਸਥਾਵਾਂ ਵਿੱਚ ਤਨਦੇਹੀ ਨਾਲ ਕੰਮ ਕੀਤਾ। ਬਾਬਾ ਬਿਲਗਾ ਨੂੰ 1938 ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲਾਹੌਰ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਚੁਣਿਆ ਗਿਆ। 1939 ਵਿੱਚ ਉਨ੍ਹਾਂ ਨੂੰ ਕੈਂਬਲਪੁਰ ਜੇਲ੍ਹ ਵਿੱਚ ਤਿੰਨ ਸਾਲ ਬਤੌਰ ਜੰਗੀ ਕੈਦੀ ਰੱਖਿਆ ਗਿਆ। 1942 ਵਿੱਚ ਰਿਹਾਅ ਹੋਣ  ਮਗਰੋਂ ਲੁਧਿਆਣਾ ਸਰਕਾਰ ਵਿਰੁੱਧ ਭੜਕਾਊ ਭਾਸ਼ਣ ਦੇਣ ਦੇ ਦੋਸ਼ ਵਿੱਚ ਉਨ੍ਹਾਂ ਨੂੰ ਇੱਕ ਸਾਲ ਲਈ ਮੁੜ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। 1947-48 ਵਿੱਚ ਫ਼ਿਰਕੂ ਵੰਡ ਦਾ ਵਿਰੋਧ ਕਰਨ ’ਤੇ ਆਜ਼ਾਦ ਭਾਰਤ ਦੀ ਸਰਕਾਰ ਨੇ ਉਨ੍ਹਾਂ ਨੂੰ ਇੱਕ ਸਾਲ ਲਈ ਧਰਮਸ਼ਾਲਾ ਦੀ ਯੋਲ ਕੈਂਪ ਜੇਲ੍ਹ ਵਿੱਚ ਡੱਕ ਦਿੱਤਾ। 1959 ਵਿੱਚ ਖ਼ੁਸ਼ ਹੈਸੀਅਤੀ ਟੈਕਸ ਦੇ ਵਿਰੋਧ ਵਿੱਚ ਸੰਘਰਸ਼ ਕਰਨ ’ਤੇ ਪੰਜਾਬ  ਸਰਕਾਰ ਨੇ ਉੁਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਨ੍ਹਾਂ ਦੇ ਆਖ਼ਰੀ ਵਾਰੰਟ ਐਮਰਜੈਂਸੀ ਦਾ ਵਿਰੋਧ ਕਰਨ ’ਤੇ ਨਿਕਲੇ ਅਤੇ 6 ਅਕਤੂਬਰ 2008 ਵਿੱਚ ਜਲ੍ਹਿਆਂ ਵਾਲੇ ਬਾਗ਼ ਦੇ ਅਸਲੀ ਸਰੂਪ ਨੂੰ ਬਚਾਉਣ, ਕਾਮਾਗਾਟਾਮਾਰੂ ਦੇ ਮੁਸਾਫ਼ਰਾਂ ਤੇ ਨਾਮਧਾਰੀ ਦੇਸ਼ ਭਗਤਾਂ ਨੂੰ ਮਾਨਤਾ ਦਿਵਾਉਣ ਸਬੰਧੀ ਕੀਤੇ ਰੋਸ ਮਾਰਚ ਨੂੰ ਉਨ੍ਹਾਂ ਦੇ ਵਿਦਰੋਹੀ ਜੀਵਨ ਦਾ ਆਖ਼ਰੀ ਅੰਦੋਲਨ ਮੰਨਿਆ ਜਾ ਸਕਦਾ ਹੈ, ਜਿਸ ਦੀ ਅਗਵਾਈ ਇਸ 101 ਸਾਲਾ ਬਜ਼ੁਰਗ ਇਨਕਲਾਬੀ ਨੇ ਵ੍ਹੀਲ ਚੇਅਰ ’ਤੇ ਬੈਠ ਕੇ ਕੀਤੀ। ਬਾਬਾ ਜੀ ਨੇ ਦੇਸ਼ ਦੀ ਆਜ਼ਾਦੀ ਖ਼ਾਤਰ ਕੀਤੀਆਂ ਕੁਰਬਾਨੀਆਂ ਅਤੇ ਸਮੁੱਚੇ ਮਾਨਵੀ ਸਮਾਜ ਪ੍ਰਤੀ ਦਿੱਤੀਆਂ ਵਡਮੁੱਲੀਆਂ ਸੇਵਾਵਾਂ ਦੇ ਇਵਜ਼ ਵਿੱਚ ਕੋਈ ਵੀ ਸਰਕਾਰੀ ਪੈਨਸ਼ਨ ਜਾਂ ਹੋਰ ਸਹੂਲਤ ਪ੍ਰਵਾਨ ਨਹੀਂ ਕੀਤੀ ਪਰ ਉੇਨ੍ਹਾਂ ਨੂੰ ਦੁਨੀਆਂ ਭਰ ਵਿੱਚੋਂ ਕਈ ਗ਼ੈਰ ਸਰਕਾਰੀ ਸੰਸਥਾਵਾਂ ਵੱਲੋਂ ਸਨਮਾਨ ਅਤੇ ਖ਼ਿਤਾਬ ਮਿਲਦੇ ਰਹੇ। ਉਨ੍ਹਾਂ ਨੇ ਇੱਕ ਰਾਸ਼ਟਰੀ ਐਵਾਰਡ ‘ਸਦੀ ਦਾ ਹੌਂਸਲਾ ਅਤੇ ਬਹਾਦਰੀ ਦਾ ਸਨਮਾਨ’ ਸਿਰਫ਼ ਆਪਣੇ ਪਿਆਰਿਆਂ ਦੇ ਜ਼ੋਰ ਦੇਣ ’ਤੇ ਪ੍ਰਵਾਨ ਕੀਤਾ। ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਮਰਨ ਪਿੱਛੋਂ ‘ਪੰਜਾਬ ਰਤਨ’ ਦਾ ਖ਼ਿਤਾਬ ਦੇ ਕੇ ਸਨਮਾਨਤ ਕੀਤਾ। ਇਸ ਵਿੱਚ ਵੀ ਕੋਈ ਨਕਦ ਰਾਸ਼ੀ ਸ਼ਾਮਲ ਨਾ  ਹੋਣ ਕਰਕੇ ਉਨ੍ਹਾਂ ਦੇ ਪਰਿਵਾਰ ਨੇ ਇਸ ਨੂੰ ਸਵੀਕਾਰ ਕੀਤਾ। ਬਾਬਾ ਬਿਲਗਾ ਨੇ ਆਜ਼ਾਦੀ ਪਿੱਛੋਂ ਗ਼ਦਰੀ ਯੋਧਿਆਂ ਦੀ ਯਾਦਗਾਰ ‘ਦੇਸ਼ ਭਗਤ ਯਾਦਗਾਰ ਹਾਲ ਜਲੰਧਰ’ ਦੀ ਉਸਾਰੀ ਲਈ ਦਿਨ-ਰਾਤ ਇੱਕ ਕਰ ਦਿੱਤਾ । ਦੇਸ਼ਾਂ-ਵਿਦੇਸ਼ਾਂ ਤੋਂ ਉਗਰਾਹੀਆਂ ਕੀਤੀਆਂ ਤੇ ਆਪਣੀ ਨਿਗਰਾਨੀ ਹੇਠ ਇਸ ਯਾਦਗਾਰ ਦਾ ਨਿਰਮਾਣ ਕਰਵਾਇਆ। ਬਾਬਾ ਜੀ ਨੇ ਜਿੱਥੇ ਸਮੁੱਚੇ ਦੇਸ਼ ਅਤੇ ਅਗਾਂਹਵਧੂ ਲਹਿਰ ਲਈ ਸੁਹਿਰਦਤਾ ਨਾਲ ਕੰਮ ਕੀਤਾ         ਉੱਥੇ ਆਪਣੇ ਆਲੇ-ਦੁਆਲੇ ਦੇ ਸਰਬਪੱਖੀ ਵਿਕਾਸ ਲਈ ਵੀ ਸ਼ਲਾਘਾਯੋੋਗ ਉਪਰਾਲੇ ਕੀਤੇ। ਉਨ੍ਹਾਂ ਨੇ1935-36 ਵਿੱਚ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਬਿਲਗੇ ਵਿੱਚ ਲੜਕੀਆਂ ਦਾ ਤੇ 1953 ਵਿੱਚ ਲੜਕਿਆਂ ਦਾ ਹਾਈ ਸਕੂਲ ਖੁਲ੍ਹਵਾਇਆ। ਉਨ੍ਹਾਂ ਨੇ 1969 ਈ. ਵਿੱਚ ਗੁਰੁੂ ਨਾਨਕ ਦੇਵ ਜੀ ਦੀ ਪੰਜਵੀਂ ਜਨਮ ਸ਼ਤਾਬਦੀ ਮੌਕੇ ਖੁੱਲ੍ਹੇ ‘ਗੁਰੁੂ ਨਾਨਕ ਗਰਲਜ਼ ਕਾਲਜ ਬਾਬਾ ਸੰਗ ਢੇਸੀਆਂ’  ਤੇ ਗੁਰੂ ਗੋਬਿੰਦ ਸਿੰਘ ਕਾਲਜ, ਜੰਡਿਆਲਾ, ਮੰਜਕੀ ਦੇ ਨਿਰਮਾਣ ਤੇ ਸੰਚਾਲਨ ਵਿੱਚ ਯੋਗਦਾਨ ਪਾਇਆ। ਉਨ੍ਹਾਂ ਆਪਣੀ ਉਮਰ ਦੇ ਆਖ਼ਰੀ ਪੜਾਅ ਵਿੱਚ ਕਾਮਰੇਡ ਕਰਤਾਰ ਸਿੰਘ ਦੀ ਬਹੁ ਕੀਮਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾ ਕੇ ਵਿਦੇਸ਼ੀ ਵੀਰਾਂ ਦੀ ਸਹਾਇਤਾ ਨਾਲ ‘ਜਨਰਲ ਹਸਪਤਾਲ ਬਿਲਗਾ’  ਬਣਵਾਉਣ ਵਿੱਚ ਯੋਗਦਾਨ ਪਾਇਆ। ਬਾਬਾ ਬਿਲਗਾ ਨੇ ਜਿੱਥੇ ਆਜ਼ਾਦੀ ਦੀ ਲੜਾਈ ਅਤੇ ਲੋਕ ਹਿਤੈਸ਼ੀ ਲਹਿਰ ਵਿੱਚ ਯੋਗਦਾਨ ਪਾਇਆ, ਉੱਥੇ ਲੋਕ ਹਿਤੈਸ਼ੀ ਲਹਿਰ ਅਤੇ ਉਸ ਦੇ ਨਾਇਕਾਂ ਨਾਲ ਸਬੰਧਤ ਇਤਿਹਾਸਕ ਮਹੱਤਵ ਵਾਲੀਆਂ ਪੁਸਤਕਾਂ ਦੀ ਰਚਨਾ ਵੀ ਕੀਤੀ। ਉਨ੍ਹਾਂ ਦੀਆਂ ਪੁਸਤਕਾਂ ‘ਗ਼ਦਰ ਲਹਿਰ ਦੇ ਅਣਫੋਲੇ ਵਰਕੇ’, ‘ਮੇਰਾ ਵਤਨ, ਮੇਰੀ ਸਮਝ ਮੇਰੀ ਸੋਚ ਅਤੇ ‘ਜੀਵਨੀ ਨਿਰਭੈ-ਯੋਧਾ, ਬਾਬਾ ਗੁਰਮੁਖ ਸਿੰਘ ਲਲਤੋਂ’ ਅਤੇ ਅਖ਼ਬਾਰਾਂ ਰਸਾਲਿਆਂ ਵਿੱਚ ਛਪਣ ਵਾਲੇ ਲੇਖ ਆਜ਼ਾਦੀ ਸੰਗਰਾਮ ਦੇ ਇਤਿਹਾਸ ਨਾਲ ਸਬੰਧਤ ਮਹੱਤਵਪੂਰਨ ਦਸਤਾਵੇਜ਼ ਹਨ।

ਮੋਬਾਈਲ: 99150-05814

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All