ਮਹਾਨ ਕੋਸ਼ ਦਾ ਅਨੁਵਾਦ ਅਤੇ ਪੁਨਰ-ਪ੍ਰਕਾਸ਼ਨ

ਮਹਾਨ ਕੋਸ਼ ਦਾ ਅਨੁਵਾਦ ਅਤੇ ਪੁਨਰ-ਪ੍ਰਕਾਸ਼ਨ

ਡਾ. ਧਨਵੰਤ ਕੌਰ

ਅਜੋਕੇ ਸੰਸਾਰ ਵਿੱਚ ਮਨੁੱਖੀ ਸੱਭਿਅਤਾ ਦੇ ਹਵਾਲੇ ਨਾਲ ਉਜਾਗਰ ਹੋਈਆਂ ਉਸਾਰੂ ਸੰਭਾਵਨਾਵਾਂ ਵਿੱਚੋਂ ਗਿਆਨ ਦਾ ਆਦਾਨ-ਪ੍ਰਦਾਨ ਸਭ ਤੋਂ ਅਹਿਮ ਮੰਨਿਆ ਜਾ ਸਕਦਾ ਹੈ। ਇਸ ਯੱੁਗ ਨੇ ਭੂਗੋਲਿਕ, ਰਾਜਨੀਤਕ ਹੱਦਬੰਦੀਆਂ, ਕੌਮੀ ਰਾਸ਼ਟਰੀ ਸ਼ਨਾਖਤਾਂ, ਭਾਸ਼ਾਈ ਤੇ ਸੱਭਿਆਚਾਰਕ ਵਖਰੇਵਿਆਂ ਨੂੰ ਲਾਂਭੇ ਰੱਖ ਕੇ ਸਮੁੱਚੀ ਮਨੁੱਖਤਾ ਨੂੰ ਗਿਆਨ ਦਾ ਸਾਂਝੀਵਾਲ ਬਣਾਉਣ ਲਈ ਵੱਡੀ ਗੁੰਜਾਇਸ਼ ਬਣਾਈ ਹੈ। ਇਸ ਯੁੱਗ ਵਿੱਚ ਉਪਲੱਬਧ ਮੌਕਿਆਂ, ਸਾਧਨਾਂ, ਸਰੋਤਾਂ ਨਾਲ ਖੇਤਰੀ ਭਾਈਚਾਰੇ ਆਪੋ ਆਪਣੀਆਂ ਭਾਸ਼ਾਵਾਂ ਤੇ ਸੱਭਿਆਚਾਰਾਂ ਨੂੰ ਦੁਨੀਆਂ ਭਰ ਦੇ ਗਿਆਨ ਅਤੇ ਜਾਣਕਾਰੀ ਨਾਲ ਸਮਰੱਥ ਤੇ ਸੰਪੰਨ ਬਣਾ ਸਕਦੇ ਹਨ। ਇਸ ਦੇ ਨਾਲ ਹੀ ਆਪਣੀਆਂ ਗਿਆਨ ਪਰੰਪਰਾਵਾਂ ਨੂੰ ਮਨੁੱਖਤਾ ਦੀ ਸਾਂਝੀ ਵਿਰਾਸਤ ਬਣਾ ਸਕਦੇ ਹਨ। ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਵਡਮੁੱਲੀ, ਵਿਸ਼ਾਲ ਅਤੇ ਬੌਧਿਕ ਵਿਰਾਸਤ ਨੂੰ ਦੁਨੀਆਂ ਸਾਹਮਣੇ ਲਿਆਉਣ ਲਈ ਦ੍ਰਿੜ੍ਹ ਅਤੇ ਪ੍ਰਤੀਬੱਧ ਹੈ। ਭਾਈ ਕਾਨ੍ਹ ਸਿੰਘ ਨਾਭਾ ਰਚਿਤ ਗੁਰੁਸ਼ਬਦ ਰਤਨਾਕਰ ਮਹਾਨ ਕੋਸ਼ ਵਿਚਲੇ ਗਿਆਨ ਸਰਮਾਏ ਨੂੰ ਪੂਰੀ ਦੁਨੀਆਂ ਦੇ ਵਿਦਵਾਨਾਂ ਲਈ ਉਪਲੱਬਧ ਕਰਵਾਉਣ ਦਾ ਅਕਾਦਮਿਕ ਪ੍ਰੋਗਰਾਮ ਇਸੇ ਨੀਤੀ ਤਹਿਤ ਯੂਨੀਵਰਸਿਟੀ ਦੀ ਫੌਰੀ ਤਰਜੀਹ ਬਣਿਆ ਹੈ। ਪੰਜਾਬੀ ਭਾਸ਼ਾ ਨੂੰ ਆਧੁਨਿਕ ਯੁੱਗ ਦੀਆਂ ਲੋੜਾਂ ਦੇ ਅਨੁਕੂਲ ਬਣਾਉਣ ਵਾਲੇ ਵਿਦਵਾਨਾਂ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਦਾ ਨਾਂ ਸਿਰਕੱਢਵਾਂ ਹੈ। ਉਨ੍ਹਾਂ ਦਾ ਸ਼ਾਸਤਰੀ ਗਿਆਨ ਅਤੇ ਵਿਗਿਆਨਕ ਸੂਝ, ਮੱਧਕਾਲ ਅਤੇ ਆਧੁਨਿਕ ਯੁੱਗ ਵਿੱਚ ਇੱਕ ਮਜ਼ਬੂਤ ਕੜੀ ਬਣੀ। ਪੰਜਾਬੀ ਭਾਸ਼ਾ ਨੂੰ ਇਨਸਾਈਕਲੋਪੀਡੀਆ ਬ੍ਰਿਟੈਨਿਕਾ ਵਰਗਾ ਵਿਸ਼ਵਕੋਸ਼ ਦੇਣ ਦਾ ਸੁਪਨਾ ਉਨ੍ਹਾਂ ਨੇ ਉਦੋਂ ਲਿਆ ਜਦੋਂ ਬਹੁਤੀਆਂ ਭਾਸ਼ਾਵਾਂ ਵਿਸ਼ਵਕੋਸ਼ ਦੇ ਨਾਂ ਤੋਂ ਹੀ ਵਾਕਫ਼ ਨਹੀਂ ਸਨ। ਭਾਈ ਸਾਹਿਬ ਦੀ ਦੋ ਦਹਾਕਿਆਂ ਦੀ ਅਣਥੱਕ ਮਿਹਨਤ ਨਾਲ 1926 ਵਿੱਚ ਤਿਆਰ ਅਤੇ 1930 ਵਿੱਚ ਪ੍ਰਕਾਸ਼ਿਤ ਹੋਏ ਮਹਾਨ ਕੋਸ਼ ਦਾ ਦੁਨੀਆਂ ਦੀ ਵਿਸ਼ਵਕੋਸ਼ ਪਰੰਪਰਾ ਵਿੱਚ ਇਤਿਹਾਸਕ ਕ੍ਰਮ 12ਵਾਂ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਉਨ੍ਹਾਂ ਵੇਲਿਆਂ ਵਿੱਚ ਮਹਾਨ ਕੋਸ਼ ਵਰਗਾ ਵੱਡਆਕਾਰੀ ਅਤੇ ਮਿਆਰੀ ਕੋਸ਼ ਤਿਆਰ ਕਰਕੇ ਪੰਜਾਬੀ ਭਾਸ਼ਾ ਨੂੰ ਉÎੱਤਮਤਾ ਅਤੇ ਪ੍ਰਮਾਣਿਕਤਾ ਦੀ ਕਸੌਟੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੁਨੀਆਂ ਸਾਹਮਣੇ ਪੰਜਾਬੀ ਭਾਸ਼ਾ ਦੇ ਵਿਕਾਸ ਦਾ ਪ੍ਰਮਾਣ ਵੀ ਦਿੱਤਾ।

ਪੰਜਾਬੀ ਯੂਨੀਵਰਸਿਟੀ ਨੇ ਪੰਜਾਬ ਦੀ ਇਸ ਲਾਸਾਨੀ ਪ੍ਰਤਿਭਾ ਦੇ ਮਿਸਾਲੀ ਯੋਗਦਾਨ ਪ੍ਰਤੀ ਸਤਿਕਾਰ ਦਿਖਾਉਂਦਿਆਂ ਕਈ ਅਹਿਮ ਫ਼ੈਸਲੇ ਲਏ ਹਨ। ਪੰਜਾਬੀ ਯੂਨੀਵਰਸਿਟੀ ਨੇ ਆਪਣੀ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੀਤੀ ਲਾਇਬਰੇਰੀ ਭਾਈ ਕਾਨ੍ਹ ਸਿੰਘ ਨਾਭਾ ਦੇ ਨਾਂ ਸਮਰਪਿਤ ਕਰ ਦਿੱਤੀ ਹੈ। ਨੌਜਵਾਨ ਪੀੜ੍ਹੀ ਦੇ ਚੇਤਿਆਂ ਵਿੱਚ ਆਪਣੇ ਇਸ ਅਦੁੱਤੀ ਵਿਦਵਾਨ ਦੀ ਯਾਦ ਦ੍ਰਿੜ੍ਹਾਉਣ ਲਈ ਭਾਈ ਕਾਨ੍ਹ ਸਿੰਘ ਨਾਭਾ ਦੇ ਜਨਮ-ਦਿਵਸ ਨੂੰ ਹਰ ਸਾਲ ਕਿਤਾਬ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਲਿਆ। ਪੰਜਾਬੀ ਯੂਨੀਵਰਸਿਟੀ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ਦੇ ਹਵਾਲੇ ਨਾਲ ਬਣਾਈਆਂ ਵਿਉਂਤਾਂ ਮਹਾਨ ਕੋਸ਼ ਦੇ ਸਬੰਧ ਵਿੱਚ ਹੀ ਨਹੀਂ ਸਗੋਂ ਯੂਨੀਵਰਸਿਟੀ ਦੀ ਪੰਜਾਬੀ ਵਿਕਾਸ ਮੁਹਿੰਮ ਵਿੱਚ ਵੀ ਮੀਲ ਪੱਥਰ ਸਾਬਤ ਹੋਣਗੀਆਂ। ਪੰਜਾਬੀ ਯੂਨੀਵਰਸਿਟੀ ਦੇ ਸਿੱਖ ਧਰਮ ਅਤੇ ਪੰਜਾਬੀ ਭਾਸ਼ਾ ਸਬੰਧੀ ਖੋਜ ਅਤੇ ਅਧਿਐਨ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਉਤਸ਼ਾਹ ਦੇਣ ਦੇ ਬੁਨਿਆਦੀ ਮੰਤਵ ਵਿੱਚ ਇਹੀ ਪਹਿਲਕਦਮੀਆਂ ਇਤਿਹਾਸਕ ਰੋਲ ਅਦਾ ਕਰਨਗੀਆਂ। ਪੰਜਾਬ ਦੇ ਇਤਿਹਾਸ, ਧਰਮ, ਸਾਹਿਤ, ਦਰਸ਼ਨ, ਭਾਸ਼ਾ ਅਤੇ ਕਲਾਵਾਂ ਨਾਲ ਸਬੰਧਿਤ ਗਿਆਨ ਦੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਵਿਦਵਾਨ ਅਤੇ ਖੋਜੀ ਇਸ ਬਾਰੇ ਇੱਕਮਤ ਹਨ ਕਿ ਗੁਰੁਸ਼ਬਦ ਰਤਨਾਕਰ ਮਹਾਨ ਕੋਸ਼ ਪੰਜਾਬੀ ਦਾ ਸਰਬੋਤਮ ਹਵਾਲਾ ਗ੍ਰੰਥ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਕੋਸ਼ ਵਿੱਚ ਸਿੱਖ ਸਾਹਿਤ ਨੂੰ ਏਨੀ ਉੱਤਮ, ਨਿੱਗਰ ਅਤੇ ਵਿਆਪਕ ਦ੍ਰਿਸ਼ਟੀ ਨਾਲ ਉਜਾਗਰ ਕੀਤਾ ਹੈ ਕਿ ਇਹ ਗ੍ਰੰਥ ਵਿਸ਼ਵਕੋਸ਼ ਦਾ ਦਰਜਾ ਹਾਸਲ ਕਰ ਗਿਆ ਹੈ। ਸੱਤਰ ਹਜ਼ਾਰ ਤੋਂ ਵੱਧ ਇੰਦਰਾਜਾਂ ਵਾਲਾ ਇਹ ਗ੍ਰੰਥ ਸਿੱਖ ਸਰੋਤਾਂ, ਵੇਦਾਂ, ਸ਼ਾਸਤਰਾਂ, ਬਾਈਬਲ, ਕੁਰਾਨ ਵਿੱਚ ਪ੍ਰਾਪਤ ਸ਼ਬਦਾਂ ਅਤੇ ਸੰਕਲਪਾਂ ਨੂੰ ਉਨ੍ਹਾਂ ਦੀ ਨਿਰੁਕਤੀ, ਵਿਆਕਰਣ, ਅਰਥ ਭੇਦਾਂ ਅਤੇ ਵਰਤੋਂ ਵਿਹਾਰ ਸਮੇਤ ਕੋਸ਼ਕਾਰੀ ਨਿਪੁੰਨਤਾ ਨਾਲ ਸਮੋਂਦਾ ਹੈ। ਹਵਾਲਾ ਸਮੱਗਰੀ ਦੇ ਖੇਤਰ ਵਿੱਚ ਇਸ ਕੋਸ਼ ਨੂੰ ਉੱਤਮ ਦਰਜੇ ਦੀ ਵਿਦਵਤਾ ਵਾਲਾ ਕਾਰਜ ਮੰਨਿਆ ਜਾ ਚੁੱਕਿਆ ਹੈ। ਭਾਈ ਕਾਨ੍ਹ ਸਿੰਘ ਨਾਭਾ ਦਾ ਵਿਸ਼ਾਲ ਗਿਆਨ, ਸੂਖ਼ਮ ਸੂਝ, ਤਾਰਕਿਕ ਦ੍ਰਿਸ਼ਟੀ, ਸਖ਼ਤ ਮਿਹਨਤ ਅਤੇ ਸਿਖਰਲਾ ਸਮਰਪਣ ਮਹਾਨ ਕੋਸ਼ ਦੇ ਰੂਪ ਵਿੱਚ ਉਨ੍ਹਾਂ ਦੀ ਲਾਸਾਨੀ ਪ੍ਰਤਿਭਾ ਦਾ ਪ੍ਰਤੱਖ ਪ੍ਰਮਾਣ ਹੈ। ਇਹ ਗ੍ਰੰਥ ਸਿੱਖ ਧਰਮ ਬਾਰੇ ਹੀ ਨਹੀਂ ਪੰਜਾਬੀ ਭਾਸ਼ਾ ਬਾਰੇ ਵੀ ਅਦੁੱਤੀ ਸ੍ਰੋਤ ਬਣ ਚੁੱਕਿਆ ਹੈ ਕਿਉਂਕਿ ਇਸ ਵਿੱਚ ਦਰਜ ਜਾਣਕਾਰੀ ਪ੍ਰਮਾਣਿਕ ਹੈ, ਗਿਆਨ ਉੱਤਮ ਦਰਜੇ ਦਾ ਹੈ, ਦ੍ਰਿਸ਼ਟੀ ਅਤਿਅੰਤ ਤਾਰਕਿਕ ਅਤੇ ਵਿਗਿਆਨਿਕ ਹੈ। ਪੰਜਾਬੀ ਵਿੱਚ ਇਹ ਪਹਿਲਾ ਅਜਿਹਾ ਗ੍ਰੰਥ ਹੈ ਜਿਸ ਵਿੱਚ ਸਿੱਖ ਸਾਹਿਤ, ਫ਼ਲਸਫ਼ਾ, ਇਤਿਹਾਸ, ਸੱਭਿਆਚਾਰ, ਪ੍ਰਾਚੀਨ ਭਾਸ਼ਾਵਾਂ ਸਮੇਤ ਪੰਜਾਬੀ ਭਾਸ਼ਾ ਸਬੰਧੀ ਗਿਆਨ ਏਨਾ ਸਿਲਸਿਲੇਵਾਰ ਅਤੇ ਸੁਨਿਸ਼ਚਿਤ ਢੰਗ ਨਾਲ ਇਕੱਤਰ ਕੀਤਾ ਗਿਆ ਹੈ। ਹਰ ਇੰਦਰਾਜ ਵਿੱਚ ਦਰਜ ਕੀਤੀ ਜਾਣਕਾਰੀ ਆਪਣੀ ਪ੍ਰਮਾਣਿਕਤਾ ਅਤੇ ਉੱਤਮਤਾ ਬਾਰੇ ਮੂੰਹੋਂ ਬੋਲਦੀ ਹੈ। ਸੱਚ ਤਾਂ ਇਹ ਹੈ ਕਿ ਸਮੇਂ ਦੇ ਬੀਤਣ ਨਾਲ ਇਸ ਦੀ ਮਹਾਨਤਾ ਹੋਰ ਵਧ ਰਹੀ ਹੈ। ਅੱਜ ਪੰਜਾਬੀ ਭਾਸ਼ਾ ਅਤੇ ਸਿੱਖ ਧਰਮ ਅੰਤਰ-ਰਾਸ਼ਟਰੀ, ਅੰਤਰ-ਅਨੁਸ਼ਾਸਨੀ, ਅੰਤਰ-ਭਾਸ਼ਾਈ ਅਤੇ ਅੰਤਰ-ਧਰਮੀ ਅਧਿਐਨ ਦਾ ਮਹੱਤਵਪੂਰਨ ਹਿੱਸਾ ਬਣ ਚੁੱਕੇ ਹਨ। ਮਹਾਨ ਕੋਸ਼ ਵਰਗੇ ਪ੍ਰਮਾਣਿਕ ਹਵਾਲਾ ਗ੍ਰੰਥ ਨੂੰ ਇਨ੍ਹਾਂ ਖੇਤਰਾਂ ਵਿੱਚ ਦਿਲਚਸਪੀ ਰੱਖਣ ਵਾਲੇ ਵਿਦਵਾਨਾਂ ਤੇ ਖੋਜੀਆਂ ਦੀ ਵਰਤੋਂ ਲਈ ਮੁਹੱਈਆ ਕਰਵਾਉਣਾ ਪੰਜਾਬੀ ਕੌਮ ਦੀ ਮੁੱਢਲੀ ਜ਼ਿੰਮੇਵਾਰੀ ਹੈ। ਪੰਜਾਬੀ ਯੂਨੀਵਰਸਿਟੀ ਨੇ ਬਿਲਕੁਲ ਸਮੇਂ ਸਿਰ ਇਹ ਜ਼ਿੰਮੇਵਾਰੀ ਲਈ ਹੈ। ਅੰਗਰੇਜ਼ੀ ਭਾਸ਼ੀ ਸਕਾਲਰਸ਼ਿਪ ਲਈ ਮਹਾਨ ਕੋਸ਼ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਵਾਇਆ ਜਾ ਰਿਹਾ ਹੈ ਅਤੇ ਭਾਰਤੀ ਭਾਸ਼ਾਵਾਂ ਦੇ ਵਿਦਵਾਨਾਂ ਲਈ ਇਸ ਦੇ ਹਿੰਦੀ ਅਨੁਵਾਦ ਦਾ ਪ੍ਰੋਜੈਕਟ ਆਰੰਭਿਆ ਗਿਆ ਹੈ। ਪੰਜਾਬ ਦੇ ਇਤਿਹਾਸ, ਧਰਮ, ਦਰਸ਼ਨ, ਭਾਸ਼ਾ ਸਾਹਿਤ ਅਤੇ ਸੱਭਿਆਚਾਰ ਵਿੱਚ ਦਿਲਚਸਪੀ ਰੱਖਣ ਵਾਲੇ ਹਰ ਖੋਜੀ ਦੇ ਖੋਜ ਸੰਦਾਂ ਵਿੱਚ ਮਹਾਨ ਕੋਸ਼ ਬਾਕਾਇਦਾ ਤੌਰ ’ਤੇ ਸ਼ਾਮਿਲ ਹੋਵੇ। ਇਸ ਮੰਤਵ ਲਈ ਪੰਜਾਬੀ ਯੂਨੀਵਰਸਿਟੀ ਵਿੱਚ ਇਸ ਸਮੇਂ ਤਿੰਨ ਮੁੱਖ ਪ੍ਰੋਜੈਕਟ ਚੱਲ ਰਹੇ ਹਨ।

ਮਹਾਨ ਕੋਸ਼ ਦਾ ਅੰਗਰੇਜ਼ੀ ਅਨੁਵਾਦ:

ਅਜੋਕੇ ਯੁੱਗ ਵਿੱਚ ਜੇ ਸਾਨੂੰ ਸਾਰੇ ਸੰਸਾਰ ਦਾ ਗਿਆਨ ਪੰਜਾਬੀ ਭਾਸ਼ਾ ਵਿੱਚ ਮੁਹੱਈਆ ਕਰਾਉਣ ਦੀ ਲੋੜ ਹੈ ਤਾਂ ਪੰਜਾਬ ਦੀ ਗਿਆਨ ਵਿਰਾਸਤ ਨੂੰ ਸੰਸਾਰ ਸਨਮੁਖ ਪੇਸ਼ ਕਰਨ ਲਈ ਵੱਡੇ ਉੱਦਮ ਕਰਨੇ ਬਣਦੇ ਹਨ। ਖੇਤਰੀ ਭਾਸ਼ਾਵਾਂ ਅਤੇ ਸੱਭਿਆਚਾਰਾਂ ਦੀ ਖੋਜ ਤੇ ਅਧਿਐਨ ਵੇਲੇ ਵਿਸ਼ਵ ਭਰ ਦੇ ਖੋਜੀਆਂ ਕੋਲ ਜੇ ਸਹੀ ਅਤੇ ਪ੍ਰਮਾਣਿਕ ਜਾਣਕਾਰੀ ਅਤੇ ਗਿਆਨ ਉਪਲੱਬਧ ਹੋਵੇਗਾ ਤਾਂ ਹੀ ਇਨ੍ਹਾਂ ਦੀ ਗਿਆਨ ਪਰੰਪਰਾ ਸਬੰਧੀ ਅਧਿਐਨ ਸਹੀ ਦਿਸ਼ਾ ਵਿੱਚ ਵਧ ਸਕਣਗੇ। ਇਸੇ ਕਾਰਨ ਪੰਜਾਬੀ ਯੂਨੀਵਰਸਿਟੀ ਨੇ ਮਹਾਨ ਕੋਸ਼ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਦਾ ਪ੍ਰੋਜੈਕਟ ਆਰੰਭਿਆ। ਇਸ ਤੋਂ ਵੀ ਮਾਣ ਵਾਲੀ ਗੱਲ ਇਹ ਹੈ ਕਿ ਇਹ ਅਤਿਅੰਤ ਔਖਾ ਪ੍ਰੋਜੈਕਟ ਹੱਥ ਵਿੱਚ ਹੀ ਨਹੀਂ ਲਿਆ ਸਗੋਂ ਇਸ ਨੂੰ ਰਿਕਾਰਡ ਸਮੇਂ ਵਿੱਚ ਪੂਰਾ ਕਰਕੇ ਆਪਣੇ ਅਕਾਦਮਿਕ ਪ੍ਰਤਿਬੱਧਤਾ ਤੇ ਕੁਸ਼ਲਤਾ ਦਾ ਪ੍ਰਮਾਣ ਵੀ ਦਿੱਤਾ ਹੈ। ਮਹਾਨ ਕੋਸ਼ ਦਾ ਅਨੁਵਾਦ ਕੋਈ ਸੌਖਾ ਕਾਰਜ ਨਹੀਂ ਸੀ। ਪੰਜਾਬ ਦੇ ਇਤਿਹਾਸ, ਦਰਸ਼ਨ, ਸਾਹਿਤ, ਸੰਗੀਤ, ਬਨਸਪਤੀ, ਚਕਿਤਸਾ ਆਦਿ ਨੂੰ ਤਤਸਾਰ ਰੂਪ ਵਿੱਚ ਬੰਨ੍ਹਣ ਵਾਲੇ ਇਸ ਕੋਸ਼ ਨੂੰ ਅਨੁਵਾਦ ਕਰਨ ਦੇ ਕਾਰਜ ਨੂੰ ਬਹੁਤੇ ਭਾਸ਼ਾਈ ਮਾਹਰ ਅਸੰਭਵ ਹੀ ਮੰਨਦੇ ਸਨ। ਇੱਕ-ਇੱਕ ਸ਼ਬਦ ਦੇ 50 ਤੋਂ 65 ਅਰਥ ਭੇਦਾਂ ਨੂੰ ਸਹੀ ਰੂਪ ਵਿੱਚ ਅਨੁਵਾਦ ਕਰ ਸਕਣਾ ਨਿਰਸੰਦੇਹ ਔਖਾ ਸੀ ਅਤੇ ਕਿਸੇ ਇਕੱਲੇ ਦੇ ਵੱਸ ਵਿੱਚ ਵੀ ਨਹੀਂ ਸੀ। ਖੁਸ਼ਕਿਸਮਤੀ ਨਾਲ ਲਿਆਕਤ, ਲਗਨ ਅਤੇ ਪ੍ਰਤੀਬੱਧਤਾ ਵਾਲੇ ਵਿਦਵਾਨਾਂ ਦੀ ਇੱਕ ਟੀਮ ਇਸ ਕਾਰਜ ਲਈ ਜੁਟ ਸਕੀ। ਇਹ ਵਿਦਵਾਨਾਂ ਸਿਰ ਨਾਲ ਸਿਰ ਜੋੜ ਕੇ, ਵਿਉਂਤ ਬਣਾ ਕੇ, ਪੂਰੀ ਮਿਹਨਤ ਅਤੇ ਲਗਨ ਨਾਲ ਇਸ ਪ੍ਰੋਜੈਕਟ ਨਾਲ ਅੱਜ ਵੀ ਜੁੜੇ ਹੋਏ ਹਨ। ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਇੱਕੋ ਜਿੰਨੀ ਮੁਹਾਰਤ ਰੱਖਣ ਵਾਲੇ ਡਾ. ਤੇਜਵੰਤ ਸਿੰਘ ਗਿੱਲ ਅਤੇ ਡਾ. ਗੁਰਕਿਰਪਾਲ ਸਿੰਘ ਸੇਖੋਂ ਸੰਪਾਦਕੀ ਮੰਡਲ ਵਿੱਚ ਸੋਧਕਾਂ ਵਜੋਂ ਕੰਮ ਕਰ ਰਹੇ ਹਨ। ਮਰਹੂਮ ਮੇਜਰ ਸਿੰਘ, ਗੁਰਮੁਖ ਸਿੰਘ, ਮਰਹੂਮ ਮਹਿੰਦਰ ਸਿੰਘ ਬਜਾਜ, ਸ੍ਰੀ ਅਮਰਜੀਤ ਧਵਨ, ਡਾ. ਮਦਨ ਲਾਲ ਹਸੀਜਾ, ਡਾ. ਹਿਨਾ ਨੰਦਰਾਯੋਗ, ਸ. ਓਅੰਕਾਰ ਸਿੰਘ, ਪ੍ਰੋ. ਨਵਰਤਨ ਕਪੂਰ, ਡਾ. ਵੇਦ ਅਗਨੀਹੋਤਰੀ ਸਮੇਤ 25 ਤੋਂ ਵੱਧ ਵਿਦਵਾਨਾਂ ਦੀ ਟੀਮ ਨੇ ਅਨੁਵਾਦ ਕਾਰਜ ਵਿੱਚ ਹਿੱਸਾ ਪਾਇਆ ਹੈ। ਇਸ ਵੱਡ-ਆਕਾਰੀ ਪ੍ਰਾਜੈਕਟ ਦੇ ਤਿੰਨ ਭਾਗ ਪ੍ਰਕਾਸ਼ਿਤ ਹੋ ਚੁੱਕੇ ਹਨ। ਚੌਥੇ ਭਾਗ ਦੇ ਅਨੁਵਾਦ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਸੁਧਾਈ ਦਾ ਕਾਰਜ ਚੱਲ ਰਿਹਾ ਹੈ। ਪੰਜਾਬ ਦੇ ਇਤਿਹਾਸ, ਦਰਸ਼ਨ, ਸਾਹਿਤ ਵਿੱਚ ਦਿਲਚਸਪੀ ਰੱਖਣ ਵਾਲੇ ਪਰ ਭਾਸ਼ਾਈ ਸੀਮਾਵਾਂ ਕਰਕੇ ਇਸ ਗ੍ਰੰਥ ਨੂੰ ਨਾ ਵਰਤ ਸਕਣ ਵਾਲੇ ਪੂਰੀ ਦੁਨੀਆਂ ਦੇ ਸਾਰੇ ਗਿਆਨ ਜਗਿਆਸੂਆਂ ਨੇ ਪੰਜਾਬੀ ਯੂਨੀਵਰਸਿਟੀ ਦੀ ਮਿਹਨਤ ਦੀ ਸ਼ਲਾਘਾ ਕੀਤੀ ਹੈ। ਮਹਾਨ ਕੋਸ਼ ਦੇ ਅੰਗਰੇਜ਼ੀ ਅਨੁਵਾਦ ਨੇ ਇਸ ਗਿਆਨ ਭੰਡਾਰ ਦੀ ਪ੍ਰਸੰਗਕਤਾ ਅਤੇ ਮਹੱਤਤਾ ਨੂੰ ਨਿਸ਼ਚੈ ਹੀ ਨਵੇਂ ਦਿਸ਼ਾਮਾਨ ਦਿੱਤੇ ਹਨ। ਆਪਣੇ ਮੌਜੂਦਾ ਰੂਪ ਵਿੱਚ ਇਹ ਕੋਸ਼ ਦੁਨੀਆਂ ਭਰ ਦੇ ਵਿਦਵਾਨਾਂ ਦੀ ਵਰਤੋਂ ਦੇ ਯੋਗ ਹੋ ਸਕਿਆ ਹੈ। ਪੰਜਾਬੀ ਭਾਸ਼ਾ ਦੀ ਵਧੇਰੇ ਮੁਹਾਰਤ ਨਾ ਰੱਖਣ ਵਾਲੇ ਪੰਜਾਬੀ ਡਾਇਸਪੋਰੇ ਅਤੇ ਅੰਗਰੇਜ਼ੀ ਵਿੱਚ ਕੰਮ ਕਰਨ ਵਾਲੇ ਵਿਦਵਾਨਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਹੈ।

ਮਹਾਨ ਕੋਸ਼ ਦਾ ਸੋਧਾਂ ਅਤੇ ਵਾਧਿਆਂ ਸਮੇਤ ਪੁਨਰ-ਪ੍ਰਕਾਸ਼ਨ:

ਪੰਜਾਬੀ ਭਾਸ਼ਾ ਦੇ ਇਸ ਮਹਾਨ ਗ੍ਰੰਥ ਨੂੰ ਨਵੇਂ ਸਿਰਿਓਂ ਪ੍ਰਕਾਸ਼ਿਤ ਕਰਨ ਦਾ ਪ੍ਰੋਜੈਕਟ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਕਈ ਪੱਖਾਂ ਤੋਂ ਸਮੇਂ ਦੀ ਲੋੜ ਜਾਪਿਆ ਹੈ। 3338 ਪੰਨਿਆਂ ਦੇ ਇਸ ਕੋਸ਼ ਦੀਆਂ 500 ਕਾਪੀਆਂ 1930 ਵਿੱਚ ਸੁਦਰਸ਼ਨ ਪ੍ਰੈਸ, ਅੰਮ੍ਰਿਤਸਰ ਨੇ ਪਹਿਲੀ ਵਾਰ ਚਾਰ ਭਾਗਾਂ ਵਿੱਚ ਪ੍ਰਕਾਸ਼ਿਤ ਕੀਤੀਆਂ ਸਨ। ਮਹਾਨ ਕੋਸ਼ ਦੀ ਗਿਆਨ ਸਮੱਗਰੀ ਆਪਣੀ ਜਾਣਕਾਰੀ ਪੱਖੋਂ ਹੀ ਪ੍ਰਮਾਣਿਕ ਅਤੇ ਪਰਿਪੱਕ ਨਹੀਂ ਸਗੋਂ ਉਚਾਰਨ ਅਤੇ ਪ੍ਰਕਾਸ਼ਨ ਪੱਖੋਂ ਵੀ ਭਾਈ ਕਾਨ੍ਹ ਸਿੰਘ ਨਾਭਾ ਦੀ ਬੌਧਿਕ ਸਮਰੱਥਾ ਅਤੇ ਯੋਗਤਾ ਦਾ ਪ੍ਰਮਾਣ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਭਾਸ਼ਾਈ ਉਚਾਰਨ ਤੱਕ ਦੀ ਪ੍ਰਮਾਣਿਕਤਾ ਲਈ ਜਿਹੜੇ ਨਵੇਂ ਚਿੰਨ੍ਹ ਸਿਰਜੇ, ਉਹ ਇਸ ਦੀ ਪ੍ਰਕਾਸ਼ਨਾ ਸਮੇਂ ਵੱਡੀ ਚੁਣੌਤੀ ਬਣੇ। ਇਸ ਕੋਸ਼ ਦੀ ਪਹਿਲੀ ਪ੍ਰਕਾਸ਼ਨਾ ਸਮੇਂ ਧਨੀ ਰਾਮ ਚਾਤ੍ਰਿਕ ਦੀ ਸੁਦਰਸ਼ਨ ਪ੍ਰੈਸ ਨੇ ਭਾਈ ਸਾਹਿਬ ਦੀ ਦੇਖ ਰੇਖ ਹੇਠ ਨਵੇਂ ਫੌਂਟ ਘੜੇ ਅਤੇ ਪ੍ਰਕਾਸ਼ਨ ਹਿਤ ਬੜੀ ਨਿਪੁੰਨਤਾ ਨਾਲ ਵਰਤੇ। ਪਹਿਲਾ ਐਡੀਸ਼ਨ ਖ਼ਤਮ ਹੋਣ ਉਪਰੰਤ ਭਾਸ਼ਾ ਵਿਭਾਗ, ਪੰਜਾਬ ਨੇ 1955 ਵਿੱਚ ਇਸ ਕੋਸ਼ ਦੀਆਂ ਚਾਰ ਜਿਲਦਾਂ ਨੂੰ ਇੱਕ ਜਿਲਦ ਵਿੱਚ ਸੰਮਿਲਿਤ ਕਰ ਦਿੱਤਾ। ਅਜਿਹਾ ਕਰਦਿਆਂ ਉਨ੍ਹਾਂ ਨੇ ਪਹਿਲੇ ਪ੍ਰਕਾਸ਼ਨ ਦੇ ਫ਼ੋਟੋ ਉਤਾਰੇ ਵਰਤਣ ਦੇ ਨਾਲ-ਨਾਲ ਦੋ ਕਾਲਮਾਂ ਦੀ ਥਾਂ ਤਿੰਨ ਕਾਲਮਾਂ ਵਿੱਚ ਛਪਾਈ ਕੀਤੀ। ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਗੁਰਮੁਖੀ ਲਿਪੀ ਦੇ ਮੂਲ ਚਿੰਨ੍ਹਾਂ ਵਿੱਚ ਤਬਦੀਲੀ ਕਰ ਕੇ ਘੜੇ ਗਏ ਨਵੇਂ ਫੌਂਟ ਪੰਜਾਬੀ ਪ੍ਰਕਾਸ਼ਨਾ ਨੂੰ ਚੁਣੌਤੀ ਜਾਪਦੇ ਰਹੇ ਹਨ। ਏਨੇ ਵਿਸ਼ਾਲ ਪਾਠ ਨੂੰ ਏਨੀ ਪ੍ਰਮਾਣਿਕਤਾ ਨਾਲ ਨਵੇਂ ਸਿਰਿਓਂ ਕੰਪੋਜ਼ ਕਰਨ ਦਾ ਉੱਦਮ ਕੋਈ ਪ੍ਰਕਾਸ਼ਕ ਦੁਬਾਰਾ ਨਹੀਂ ਕਰ ਸਕਿਆ। ਭਾਸ਼ਾ ਵਿਭਾਗ ਵੱਲੋਂ ਹੀ ਨਹੀਂ ਪ੍ਰਾਈਵੇਟ ਪਬਲਿਸ਼ਰਜ਼ ਵੱਲੋਂ ਵੀ ਮਹਾਨ ਕੋਸ਼ ਦਾ ਪਰਤ ਦਰ ਪਰਤ ਉਤਾਰਾ ਕਰ ਕੇ ਛਾਪੇ ਜਾ ਰਹੇ ਨਵੇਂ ਸੰਸਕਰਨ ਪੜ੍ਹਨ ਪੱਖੋਂ ਧੁੰਦਲੇ ਪੈਂਦੇ ਜਾ ਰਹੇ ਹਨ। ਪੰਜਾਬੀ ਖੋਜ ਵਿੱਚ ਨਿਰੰਤਰ ਵਰਤੇ ਜਾਣ ਵਾਲੇ ਇਸ ਹਵਾਲਾ ਗ੍ਰੰਥ ਦਾ ਪਾਠਕਾਂ ਲਈ ਪੜ੍ਹਨ ਤੇ ਵਰਤਣ ਪੱਖੋਂ ਸੁਖੈਨ ਤੇ ਸੁਹਜਮਈ ਹੋਣਾ ਅਤਿ ਜ਼ਰੂਰੀ ਹੈ। ਇਹੀ ਨਹੀਂ, ਮਹਾਨ ਕੋਸ਼ ਦੀ ਪਹਿਲੀ ਪ੍ਰਕਾਸ਼ਨਾ ਉਪਰੰਤ ਭਾਈ ਕਾਨ੍ਹ ਸਿੰਘ ਨਾਭਾ ਨੇ 1930 ਤੋਂ 1938 ਦੌਰਾਨ ਪ੍ਰਕਾਸ਼ਿਤ ਕੋਸ਼ ਨੂੰ ਦੁਬਾਰਾ ਪੜ੍ਹਿਆ ਅਤੇ ਇਸ ਵਿੱਚ ਕਈ ਸੋਧਾਂ ਅਤੇ ਵਾਧੇ ਸ਼ਾਮਲ ਕੀਤੇ। ਇਨ੍ਹਾਂ ਵਾਧਿਆਂ ਨੂੰ ਭਾਵੇਂ ਅੰਤਿਕਾ ਦੇ ਰੂਪ ਵਿੱਚ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਪਰ ਜਿਹੜੇ ਸੰਕੇਤ ਇਸ ਨੂੰ ਮੂਲ ਪਾਠ ਵਿੱਚ ਸ਼ਾਮਲ ਕਰਨ ਲਈ ਦਰਸਾਏ ਗਏ ਉਨ੍ਹਾਂ ਦੀ ਯੋਗ ਵਰਤੋਂ ਪਾਠਕਾਂ ਲਈ ਸੰਭਵ ਨਹੀਂ ਹੋ ਸਕੀ। ਆਮ ਪਾਠਕ ਲਗਪਗ ਇਸ ਸਮੱਗਰੀ ਦੀ ਯੋਗ ਵਰਤੋਂ ਤੋਂ ਅਸਮਰੱਥ ਹੀ ਰਿਹਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪਾਠਕਾਂ ਦੀ ਵਰਤੋਂ ਪੱਖੋਂ ਸੁਖੈਨਤਾ ਲਈ ਇਸ ਕੋਸ਼ ਨੂੰ ਪਹਿਲੀ ਵਿਉਂਤ ਅਨੁਸਾਰ ਹੀ ਨਵੇਂ ਸਿਰਿਓਂ ਚਾਰ ਭਾਗਾਂ ਵਿੱਚ ਹੀ ਪ੍ਰਕਾਸ਼ਿਤ ਕਰਨ ਦਾ ਪ੍ਰਾਜੈਕਟ ਹੱਥ ਵਿੱਚ ਲਿਆ ਹੈ। ਇਸੇ ਦੌਰਾਨ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਸ਼ਾਮਲ ਕੀਤੀ ਗਈ ਨਵੀਂ ਸਮੱਗਰੀ ਨੂੰ ਯੋਗ ਥਾਂ ’ਤੇ ਸ਼ਾਮਲ ਕਰ ਕੇ ਮੂਲ ਪਾਠ ਦਾ ਹਿੱਸਾ ਬਣਾ ਦਿੱਤਾ ਹੈ। ਇਨ੍ਹਾਂ ਸੋਧਾਂ ਅਤੇ ਵਾਧਿਆਂ ਲਈ ਮਹਾਨ ਕੋਸ਼ ਦੀਆਂ ਉਨ੍ਹਾਂ ਪ੍ਰਤੀਆਂ ਨੂੰ ਆਧਾਰ ਬਣਾਇਆ ਹੈ ਜਿਹੜੀਆਂ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਸੌਂਪੀ ਨਿੱਜੀ ਲਾਇਬ੍ਰੇਰੀ ਵਿੱਚ (ਰੇਅਰ ਸੈਕਸ਼ਨ 65632, 65633) ਸੁਰੱਖਿਅਤ ਹਨ। ਇਸ ਵੇਲੇ ਇਸ ਦੇ ਦੋ ਭਾਗ ਪ੍ਰਕਾਸ਼ਿਤ ਹੋ ਕੇ ਮਾਰਕੀਟ ਵਿੱਚ ਆ ਚੁੱਕੇ ਹਨ। ਹਰ ਸੰਭਵ ਕੋਸ਼ਿਸ਼ ਕੀਤੀ ਹੈ ਕਿ ਮਹਾਨ ਕੋਸ਼ ਦੀ ਪ੍ਰਮਾਣਿਕਤਾ ਨੂੰ ਕੋਈ ਆਂਚ ਨਾ ਆਵੇ।

ਮਹਾਨ ਕੋਸ਼ ਦਾ ਹਿੰਦੀ ਅਨੁਵਾਦ:

ਭਾਰਤੀ ਭਾਸ਼ਾਵਾਂ ਦੇ ਵਿਦਵਾਨਾਂ ਦੀ ਪੁਰਜ਼ੋਰ ਸਿਫ਼ਾਰਿਸ਼ ਅਤੇ ਸਲਾਹ ’ਤੇ ਮਹਾਨ ਕੋਸ਼ ਦੇ ਹਿੰਦੀ ਅਨੁਵਾਦ ਦਾ ਪ੍ਰੋਜੈਕਟ ਇਸੇ ਸਾਲ ਆਰੰਭਿਆ ਗਿਆ ਹੈ। ਯੂਨੀਵਰਸਿਟੀ ਦੇ ਸੀਮਿਤ ਵਿੱਤੀ ਸਾਧਨਾਂ ਦੇ ਬਾਵਜੂਦ ਉਪ-ਕੁਲਪਤੀ ਡਾ. ਜਸਪਾਲ ਸਿੰਘ ਦੀ ਪੰਜਾਬੀ ਵਿਕਾਸ ਕਾਰਜਾਂ ਲਈ ਸੁਹਿਰਦਤਾ ਅਤੇ ਦ੍ਰਿੜ੍ਹਤਾ ਨੇ ਇਸ ਪ੍ਰੋਜੈਕਟ ਨੂੰ ਉਸਾਰੂ ਸੇਧ ਅਤੇ ਵੱਡੀ ਸਰਪ੍ਰਸਤੀ ਦਿੱਤੀ ਹੈ। ਹਿੰਦੀ ਅਨੁਵਾਦ ਦੇ ਇਸ ਪ੍ਰੋਜੈਕਟ ਲਈ ਬਣਾਏ ਸੰਪਾਦਕੀ ਮੰਡਲ ਵਿੱਚ ਪੰਜਾਬ ਦੀ ਬੌਧਿਕ ਵਿਰਾਸਤ ਨੂੰ ਹਿੰਦੀ ਭਾਸ਼ਾਈ ਸੰਸਾਰ ਵਿੱਚ ਪ੍ਰਚਾਰਨ ਤੇ ਪ੍ਰਸਾਰਨ ਵਾਲੇ ਵਿਦਵਾਨ ਡਾ. ਮਨਮੋਹਨ ਸਹਿਗਲ, ਡਾ. ਭੁਪਿੰਦਰ ਸਿੰਘ ਅਤੇ ਡਾ. ਹਰਮਹਿੰਦਰ ਸਿੰਘ ਬੇਦੀ ਸ਼ਾਮਿਲ ਹਨ। ਅਨੁਵਾਦ ਦੇ ਕਾਰਜ ਵਿੱਚ ਡਾ. ਗੁਰਚਰਨ ਸਿੰਘ (ਦਿੱਲੀ), ਡਾ. ਮਹੇਸ਼ ਗੌਤਮ, ਡਾ. ਆਈ.ਡੀ. ਜੌਹਰ, ਫੂਲ ਚੰਦ ਮਾਨਵ, ਡਾ. ਹਰਸਿਮਰਨ ਕੌਰ, ਯੋਗੇਸ਼ਵਰ ਕੌਰ, ਡਾ. ਕੀਰਤੀ ਕੇਸਰ, ਸ੍ਰੀ ਅਮਰਜੀਤ ਧਵਨ, ਡਾ. ਰਿਤੂ, ਡਾ. ਨਯਨਾ ਸ਼ਰਮਾ, ਡਾ. ਮੰਜੂ ਵਾਲੀਆ, ਡਾ. ਵੀ.ਕੇ. ਵਾਲੀਆ ਸਮੇਤ 24 ਅਨੁਵਾਦਕਾਂ ਦੀ ਟੀਮ ਆਪਣਾ ਅਕਾਦਮਿਕ ਸਹਿਯੋਗ ਦੇ ਰਹੀ ਹੈ। ਇਹ ਪ੍ਰੋਜੈਕਟ ਵੀ ਚਾਰ ਭਾਗਾਂ ਵਿੱਚ ਮੁਕੰਮਲ ਹੋਵੇਗਾ। ਪਹਿਲੇ ਭਾਗ ਦੇ ਅਨੁਵਾਦ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਸੁਧਾਈ ਦਾ ਕੰਮ ਚੱਲ ਰਿਹਾ ਹੈ। ਅਪਰੈਲ 2012 ਵਿੱਚ ਹੋਣ ਵਾਲੀ ਸਰਬ ਭਾਰਤੀ ਕਾਨਫ਼ਰੰਸ ’ਤੇ ਇਸ ਦਾ ਪਹਿਲਾ ਭਾਗ ਰਿਲੀਜ਼ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਮਹਾਨ ਕੋਸ਼ ਨੂੰ ਦੁਨੀਆਂ ਭਰ ਦੇ ਖੋਜੀਆਂ ਕੋਲ ਪਹੁੰਚਾਉਣ ਲਈ ਏਡੇ ਵਿਆਪਕ ਪੱਧਰ ’ਤੇ ਕੀਤੀ ਵਿਉਂਤਬੰਦੀ ਨਿਸ਼ਚੈ ਹੀ ਪੰਜਾਬੀ ਭਾਸ਼ਾ ਅਤੇ ਸਿੱਖ ਧਰਮ ਸਬੰਧੀ ਖੋਜ ਨੂੰ ਨਵੇਂ ਦਿਸਹੱਦੇ ਵਿਖਾਵੇਗੀ। ਪੰਜਾਬੀ ਗਿਆਨ ਦਾ ਅਖੁੱਟ ਭੰਡਾਰ ਭਾਸ਼ਾਈ ਸਥਾਨਿਕਤਾ ਦੀ ਸੌੜੀਆਂ ਸੀਮਾਵਾਂ ਤੋਂ ਬਾਹਰ ਸਮੁੱਚੀ ਦੁਨੀਆਂ ਵਿੱਚ ਫੈਲੇਗਾ ਅਤੇ ਤੁਲਨਾਤਮਕ ਅਧਿਐਨ ਦੇ ਖੇਤਰ ਵਿੱਚ ਕੰਮ ਕਰ ਰਹੀ ਨਵੀਂ ਅਕਾਦਮਿਕਤਾ ਪੰਜਾਬ ਅਤੇ ਪੰਜਾਬੀਅਤ ਦੇ ਅਧਿਐਨ ਵੱਲ ਆਕਰਸ਼ਿਤ ਹੋਵੇਗੀ ਅਤੇ ਮਹਾਨ ਕੋਸ਼ ਤੋਂ ਭਰਪੂਰ ਲਾਭ ਉਠਾ ਸਕੇਗੀ।

ਮੋਬਾਈਲ: 94172-43245

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਮੁੱਖ ਖ਼ਬਰਾਂ

ਪੰਜਾਬ ਵਿੱਚ ਹੁਣ ਫ਼ਰਦਾਂ ਦੀ ਹੋਵੇਗੀ ਹੋਮ ਡਲਿਵਰੀ

ਪੰਜਾਬ ਵਿੱਚ ਹੁਣ ਫ਼ਰਦਾਂ ਦੀ ਹੋਵੇਗੀ ਹੋਮ ਡਲਿਵਰੀ

ਮੁੱਖ ਮੰਤਰੀ ਵੱਲੋਂ ਮਾਲ ਵਿਭਾਗ ’ਚ ਨਵੇਂ ਸੁਧਾਰਾਂ ਨੂੰ ਫੌਰੀ ਲਾਗੂ ਕਰਨ...

ਓਮ ਪ੍ਰਕਾਸ਼ ਚੌਟਾਲਾ ਨੂੰ ਚਾਰ ਸਾਲ ਦੀ ਕੈਦ ਤੇ 50 ਲੱਖ ਜੁਰਮਾਨਾ

ਓਮ ਪ੍ਰਕਾਸ਼ ਚੌਟਾਲਾ ਨੂੰ ਚਾਰ ਸਾਲ ਦੀ ਕੈਦ ਤੇ 50 ਲੱਖ ਜੁਰਮਾਨਾ

ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ

ਸ਼ਹਿਰ

View All