ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ

ਦਰਸ਼ਨ ਜੋਗਾ

ਦੇਸ਼ ਭਗਤ ਉੱਘੇ ਸੁੰਤਤਰਤਾ ਸੰਗਰਾਮੀਏ ਕਾਮਰੇਡ ਜਗੀਰ ਸਿੰਘ ਜੋਗਾ ਨੇ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ਾਂ ਨਾਲ ਲੜਦਿਆਂ ਆਪਣੀ ਜਵਾਨੀ ਗੋਰਿਆਂ ਦੀਆਂ ਜੇਲ੍ਹਾਂ ਅੰਦਰ ਅਥਾਹ ਤਸੀਹੇ ਝੱਲਦਿਆਂ ਬਿਤਾਈ। ਪਰਜਾ ਮੰਡਲ ਦੇ ਮੋਢੀ ਆਗੂ ਵਜੋਂ ਸੰਘਰਸ਼ ਕਰਦਿਆਂ ਰਿਆਸਤੀ ਲੋਕਾਂ ਨੂੰ ਅੰਗਰੇਜ਼ਾਂ ਅਤੇ ਰਜਵਾੜਿਆਂ ਦੀ ਤੀਹਰੀ ਗ਼ੁਲਾਮੀ ਦੇ ਜੁੂਲੇ ਹੇਠੋਂ ਬਾਹਰ ਕੱਢਿਆ। ਪੈਪਸੂ ਦੀ ਮੁਜ਼ਾਰਾ ਲਹਿਰ ਦੇ ਆਗੂ ਹੁੰਦੇ ਹੋਏ ਮੁਜ਼ਾਰਿਆਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਹੱਕ ਦਿਵਾਏ। ਉਨ੍ਹਾਂ ਦੇ ਜੀਵਨ ਸੰਘਰਸ਼ਾਂ, ਸਾਦੀ ਰਹਿਣੀ-ਬਹਿਣੀ ਅਤੇ ਸਪੱਸ਼ਟਤਾ ਦੀਆਂ ਯਾਦਾਂ ਲੋਕ ਚੇਤਿਆਂ ਵਿਚ ਅੱਜ ਵੀ ਵਸੀਆਂ ਹੋਈਆ ਹਨ। ਇਸ ਸੰਘਰਸ਼ੀ ਯੋਧੇ ਦਾ ਜਨਮ ਸਾਲ 1908 ਵਿਚ ਮਾਤਾ ਨਿਹਾਲ ਕੌਰ ਤੇ ਪਿਤਾ ਉੱਤਮ ਸਿੰਘ ਦੇ ਘਰ ਮਲਾਇਆ ਦੇ ਸ਼ਹਿਰ ਸ਼ਰਾਮਣ ਵਿਚ ਹੋਇਆ। ਰਾਜਿੰਦਰਾ ਸਕੂਲ ਬਠਿੰਡਾ ਵਿਚ ਦਸਵੀਂ ਦੀ ਪ੍ਰੀਖਿਆ ਦਿੰਦਿਆਂ ਹੀ ਚੌਦਾਂ ਸਾਲ ਦੀ ਉਮਰ ’ਚ ਲਾਹੌਰ ਵਿਚ ਸਾਲ 1922 ਵਿਚ ਪਿਕਟਿੰਗ ਵਿਚ ਹਿੱਸਾ ਲੈ ਕੇ ਆਪਣੇ ਸਿਆਸੀ ਜੀਵਨ ਦੀ ਸ਼ੁਰੁੂਆਤ ਕੀਤੀ ਅਤੇ ਇੱਕ ਸਾਲ ਜੇਲ੍ਹ ਕੱਟੀ। ਬਾਹਰ ਆਉਂਦਿਆਂ ਹੀ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਦੇ ਮੋਰਚੇ ਵਿਚ ਸ਼ਾਮਲ ਹੋ ਗਏ। ਮੋਰਚੇ ਦੌਰਾਨ ਮੁਲਤਾਨ ਅਤੇ ਲਾਇਲਪੁਰ ਦੀਆਂ ਜੇਲ੍ਹਾਂ ਵਿਚ ਰਹੇ। 1928 ਵਿਚ ਰਿਆਸਤੀ ਪਰਜਾ ਮੰਡਲ ਲਹਿਰ ਸ਼ੁਰੂ ਹੋਈ। ਇਸ ਲਹਿਰ ਦੀ ਅਗਵਾਈ ਕਰਦਿਆਂ ਮਹਾਰਾਜਾ ਪਟਿਆਲਾ ਵਿਰੁੱਧ ਠੀਕਰੀਵਾਲਾ (ਹੁਣ ਜ਼ਿਲ੍ਹਾ ਬਰਨਾਲਾ) ਵਿਚ ਤਕਰੀਰ ਕਰਦਿਆਂ ਗ੍ਰਿਫ਼ਤਾਰ ਹੋਏ। ਸੰਘਰਸ਼ਾਂ ਤੇ ਸਜ਼ਾਵਾਂ ਦਾ ਸਿਲਸਿਲਾਂ ਚੱਲਦਾ ਰਿਹਾ। ਉਸ ਤੋਂ ਬਾਅਦ 1931 ‘ਚ ਫਿਰ ਢਾਈ ਸਾਲ ਦੀ ਜੇਲ੍ਹ ਹੋਈ ਤੇ ਬਰਨਾਲਾ ਜੇਲ੍ਹ ‘ਚ ਰਹੇ। ਬਾਹਰ ਆਉਂਦਿਆਂ ਹੀ 1933 ‘ਚ ਦਫ਼ਾ 144 ਤੋੜਣ ’ਤੇ ਲਾਹੌਰ, ਕੈਂਮਲਪੁਰ ਅਤੇ ਮੁਲਤਾਨ ਜੇਲ੍ਹ ਭੇਜ ਦਿੱਤਾ। ਇੱਥੇ ਛੇ ਮਹੀਨੇ ਬੰਦ ਰਹੇ। 1935 ਵਿਚ ਕਾਂਗਰਸ ਦੀ ਮਦਦ ਕਰਨ ਦੇ ਜ਼ੁਰਮ ਵਿਚ ਇੱਕ ਸਾਲ ਜਲਾਵਤਨ ਕਰ ਦਿੱਤਾ ਗਿਆ। 1930-40 ‘ਚ ਮਾਲੀਆ ਨਾ ਦੇਣ ਦੀ ਲਹਿਰ ਚਲਾਈ, ਫੱਤਾ ਮਾਲੋਕਾ ਹੁਣ ਜ਼ਿਲ੍ਹਾ ਮਾਨਸਾ ਤੋਂ ਗ੍ਰਿਫ਼ਤਾਰ ਕਰ ਕੇ ਪਟਿਆਲਾ ਜੇਲ੍ਹ ਭੇਜ ਦਿੱਤੇ ਗਏ। ਸਵਾ ਸਾਲ ਨਰਕ ਵਰਗੀ ਰਾਜੇ ਦੀ ਜੇਲ੍ਹ ‘ਚ ਰਹੇ। ਰਿਹਾਅ ਹੁੰਦੇ ਹੀ ਮਹਾਤਮਾ ਗਾਂਧੀ ਦੀ ਭਾਰਤ ਛੱਡੋ ਲਹਿਰ ਵਿਚ ਹਿੱਸਾ ਲਿਆ। ਇਸ ਦੋਸ਼ ਵਿਚ ਪੌਣੇ ਦੋ ਸਾਲ ਫੇਰ ਪਟਿਆਲਾ ਜੇਲ੍ਹ ‘ਚ ਬੰਦੀ ਰਹੇ। ਆਜ਼ਾਦੀ ਦੀ ਜੰਗ ਦੌਰਾਨ ਆਪ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਵੱਲਭ ਭਾਈ ਪਟੇਲ ਵਰਗੇ ਨੇਤਾਵਾਂ ਨਾਲ ਵੀ ਮਿਲਦੇ ਰਹੇ। ਤੇਜਾ ਸਿੰਘ ਸੁਤੰਤਰ ਦੀ ਅਗਵਾਈ ’ਚ ਪੈਪਸੂ ਮੁਜ਼ਾਰਾ ਲਹਿਰ ਚੱਲੀ। ਕਿਸਾਨ ਮੁਜ਼ਾਰਿਆਂ ਦੀ ਇਸ ਸਿੱਧੀ ਲੜਾਈ ‘ਚ ਖ਼ੂਨੀ ਟੱਕਰਾਂ ਹੋਈਆਂ ਸਰਕਾਰ ਨੇ ਬੰਬਾਂ, ਟੈਂਕਾਂ ਨਾਲ ਕਿਸਾਨਾਂ ਤੇ ਹਮਲਾ ਕੀਤਾ ਅਖ਼ੀਰ ਲੋਕਾਂ ਦੀ ਜਿੱਤ ਹੋਈ। 300 ਸੌ ਪਿੰਡਾਂ ਦੇ ਮੁਜ਼ਾਰਿਆਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਹੱਕ ਮਿਲੇ। ਕ੍ਰਿਸ਼ਨਗੜ੍ਹ ਦਾ ਮੋਰਚਾ ਇਸ ਲਹਿਰ ਦਾ ਅਹਿਮ ਦਸਤਾਵੇਜ਼ ਹੈ। ਜੋਗਾ ਜੀ ਇਸ ਲਹਿਰ ਵਿਚ ਮੁੱਢਲੀ ਕਤਾਰ ਦੇ ਜਨਤਕ ਆਗੂ ਵਜੋਂ ਲੋਕਾਂ ਨੂੰ ਲਾਮਬੰਦ ਕਰਦੇ ਰਹੇ। ਗੁਰੀਲਾ ਵਿੰਗ ਵੱਖਰਾ ਸੀ। ਇਸ ਦੌਰਾਨ 1949 ਵਿਚ ਉਹ ਪੱਕੇ ਤੌਰ ’ਤੇ ਕਮਿਊਨਿਸਟ ਪਾਰਟੀ ਨਾਲ ਜੁੜ ਗਏ। ਇਸ ਵਿਚਾਰਧਾਰਾ ਨਾਲ ਲੋਕ ਸੰਘਰਸ਼ਾਂ ਦੀ ਲਹਿਰ ਨੂੰ ਆਪਣੀ ਜੁਝਾਰੂ ਅਗਵਾਈ ਦਿੰਦੇ ਰਹੇ। 1953 ਵਿਚ ਉਹ ਨਾਭਾ ਜੇਲ੍ਹ ਵਿਚ ਬੰਦ ਸਨ। ਉਸ ਸਮੇਂ ਹੋਈਆਂ ਅਸੈਂਬਲੀ ਚੋਣਾਂ ਵਿਚ ਕਾਮਰੇਡ ਜੋਗਾ ਨੂੰ ਜੇਲ੍ਹ ਵਿਚ ਨਜ਼ਰਬੰਦ ਹੁੰਦਿਆਂ ਵੀ ਲੋਕਾਂ ਨੇ ਵੋਟਾਂ ਪਾ ਕੇ ਐਮ.ਐਲ.ਏ. ਜਿਤਾਇਆ। ਇਸ ਘਟਨਾ ਨਾਲ ਲੋਕ ਸੰਘਰਸ਼ਾਂ ਵਿਚ ਜੂਝਦੇ ਜੋਗਾ ਜੀ ਲਈ ਲੋਕਾਂ ਦਾ ਅਟੁੱਟ ਵਿਸ਼ਵਾਸ ਸਪੱਸ਼ਟ ਸਾਹਮਣੇ ਆਉਂਦਾ ਹੈ। ਉਹ 1962, 1969 ਅਤੇ 1972 ਵਿਚ ਲੋਕ ਸਮਰਥਨ ਨਾਲ ਐਮ.ਐਲ.ਏ. ਬਣ ਕੇ ਵਿਧਾਨ ਸਭਾ ‘ਚ ਲੋਕ ਆਵਾਜ਼ ਨੂੰ ਬੁਲੰਦ ਕਰਦੇ ਰਹੇ। ਅਸੈਂਬਲੀ ਵਿੱਚ ਕਮਿਊਨਿਸਟਾਂ ਦਾ ਇਹ ਗਰੁੱਪ ਸਮੇਂ ਦੀ ਸਰਕਾਰ ਨੂੰ ਪੱਬਾਂ ਭਾਰ ਕਰੀ ਰੱਖਦਾ। ਉਸ ਮਹਾਨ ਯੋਧੇ ਦੇ ਦੇਸ਼ ਅਤੇ ਜਨਤਾ ਲਈ ਅਥਾਹ ਵੱਡੇ ਕਾਰਜ ਹਨ। ਉਨ੍ਹਾਂ ਦੀ ਸਾਦ-ਮੁਰਾਦੀ ਰਹਿਣੀ ਬਹਿਣੀ ਨਿੱਡਰਤਾ, ਇਮਾਨਦਾਰੀ ਅਤੇ ਸੁੱਚਤਾ ਹਰ ਇੱਕ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਜੋ ਲੋਕਾਂ ਅੱਗੇ ਕਿਹਾ ਉਸ ਨੂੰ ਕਰ ਕੇ ਦਿਖਾਇਆ। ਜੀਵਨ ਬਿਲਕੁਲ ਸਾਦਾ, ਕੋਈ ਲੁੱਕ-ਲਪੇਟ ਨਹੀਂ। ਇਸ ਤੋਂ ਹਰ ਕੋਈ ਇਨਸਾਨ ਪ੍ਰਭਾਵਿਤ ਹੁੰਦਾ ਸੀ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇਹ ਮਿਸਾਲ ਹੈ। ਸੱਚੀ ਗੱਲ ਹਮੇਸ਼ਾ ਵੱਡੇ ਤੋਂ ਵੱਡੇ ਨੂੰ ਮੂੰਹ ’ਤੇ ਕਹਿ ਦੇਣੀ ਜੋਗਾ ਜੀ ਦਾ ਸੁਭਾਅ ਸੀ। ਨਰਮਾਈ ਅਤੇ ਪਿਆਰ ਨਾਲ ਸਮਝਾਉਣ ’ਤੇ ਵੀ ਠੀਕ ਨਾ ਆਉਣ ਵਾਲੇ ਰਾਜਨੀਤਕਾਂ ਅਤੇ ਅਫ਼ਸਰਾਂ ਨੂੰ ਸੁਭਾਅ ਦੇ ਦੂਜੇ ਪੱਖ ਨਾਲ ਅੱਗੇ ਲਾਉਂਦਿਆ ਠੀਕ ਲਾਈਨ ’ਤੇ ਲਿਆਉਣ ਦੀਆਂ ਗੱਲਾਂ ਵੀ ਜੋਗਾ ਜੀ ਬਾਰੇ ਇਲਾਕੇ ਦੇ ਆਮ ਲੋਕਾਂ ਵਿਚ ਪ੍ਰਚੱਲਿਤ ਸਨ। ਜ਼ਿੰਦਗੀ ਵਿਚ ਹਮੇਸ਼ਾ ਨਿਰਮਲ ਜਲ ਦੀ ਤਰ੍ਹਾਂ ਬਹਿੰਦੇ ਸਨ। ਉਨ੍ਹਾਂ ਦੀ ਸਾਦੀ ਰਹਿਣੀ-ਬਹਿਣੀ ਦੀ ਇੱਕ ਘਟਨਾ ਯਾਦ ਆ ਰਹੀ ਹੈ। ਇੱਕ ਵਾਰ ਮੈਂ ਜੋਗਾ ਜੀ ਨਾਲ ਮੇਰੇ ਨਿੱਜੀ ਕੰਮ ਬਠਿੰਡਾ ਗਿਆ। ਬਠਿੰਡਾ ਬੱਸ ਸਟੈਂਡ ਉੱਪਰ ਜਦੋਂ ਅਸੀਂ ਪਹੁੰਚੇ ਤਾਂ ਮੈਂ ਜੋਗਾ ਜੀ ਨੂੰ ਕਿਹਾ ਜਿਸ ਜਗ੍ਹਾ ਅਸੀਂ ਜਾਣਾ ਹੈ ਇੱਥੋਂ ਦੋ ਕਿਲੋਮੀਟਰ ਦੇ ਕਰੀਬ ਪੈਂਡਾ ਹੈ। ਰਿਕਸ਼ਾ ਲੈ ਲਈਏ ਤਾਂ ਜੋਗਾ ਜੀ ਨੇ ਅੱਗੋਂ ਕਿਹਾ ਕਿ ਜੋਗਾ ਤੋਂ ਬਠਿੰਡਾ ਤੱਕ ਬੱਸ ਵਿਚ ਬੈਠ ਕੇ ਹੀ ਸਫ਼ਰ ਕੀਤਾ ਹੈ, ਇਹ ਸੁਣ ਕੇ ਮੈਂ ਚੁੱਪ ਕਰ ਗਿਆ। ਅਸੀਂ ਪੈਦਲ ਹੀ ਗਏ ਤੇ ਪੈਦਲ ਹੀ ਵਾਪਸ ਆਏ।

ਦਰਸ਼ਨ ਜੋਗਾ

ਜ਼ਿੰਦਗੀ ਵਿਚ ਸਾਦਗੀ ਦੇ ਨਾਲ-ਨਾਲ ਮਨ ‘ਚ ਕਿਸੇ ਪ੍ਰਤੀ ਕੋਈ ਦਵੈਤ-ਭਾਵ ਨਹੀਂ ਸੀ। 1974-75 ਦੀ ਗੱਲ ਹੈ ਨਕਸਲਵਾੜੀ ਲਹਿਰ ਚੱਲ ਰਹੀ ਸੀ। ਜੋਗਾ ਜੀ ਦੀ ਪਾਰਟੀ ਅਤੇ ਨਕਸਲਵਾੜੀ ਲਹਿਰ ਦੇ ਆਪਸ ਵਿਚ ਰਾਜਨੀਤਕ ਤੌਰ ’ਤੇ ਕਾਫੀ ਮੱਤਭੇਦ ਸਨ। ਇਸ ਲਹਿਰ ਦੇ ਦੌਰਾਨ ਕਿਸੇ ਘਟਨਾ ਕਰ ਕੇ ਨਕਸਲਵਾੜੀ ਲਹਿਰ ਦੇ ਵਰਕਰਾਂ ਦੀ ਫੜੋ-ਫੜੀ ਹੋ ਰਹੀ ਸੀ। ਇੱਕ ਵਰਕਰ ਦੀ ਲੜਕੀ ਦਾ ਵਿਆਹ ਸੀ। ਪੁਲੀਸ ਉਸ ਦੇ ਵਾਰੰਟ ਲੈ ਕੇ ਹਰ ਰੋਜ਼ ਉਸ ਦੇ ਘਰ ਛਾਪੇ ਮਾਰ ਰਹੀ ਸੀ। ਇਸ ਗੱਲ ਦਾ ਜੋਗਾ ਜੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲੀਸ ਵਾਲਿਆਂ ਨੂੰ ਡਟ ਕੇ ਕਿਹਾ ਕਿ ਇਸ ਵਰਕਰ ਦੀ ਲੜਕੀ ਦੀ ਸ਼ਾਦੀ ਹੈ। ਇਸ ਦੇ ਘਰੇ ਪੁਲੀਸ ਛਾਪੇ ਨਾ ਮਾਰੇ। ਜੇ ਪੁਲੀਸ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਤਾਂ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਪਿੰਡ ਦੀਆਂ ਧੀਆਂ ਭੈਣਾਂ ਸਭ ਦੀਆਂ ਸਾਝੀਆਂ ਹੁੰਦੀਆਂ ਹਨ। ਇਸ ਤਰ੍ਹਾਂ ਲੜਕੀ ਦੀ ਸ਼ਾਦੀ ਬੜੀ ਖ਼ੁਸ਼ੀ ਨਾਲ ਨੇਪਰੇ ਚੜ੍ਹੀ ਗਈ। ਪੂਰੇ ਇਲਾਕੇ ਦੇ ਵਿਕਾਸ ਦੇ ਨਾਲ-ਨਾਲ ਕਾਮਰੇਡ ਜੋਗਾ ਨੇ ਪਿੰਡ ਦੀ ਤਰੱਕੀ ਲਈ ਵੀ ਪੂਰਾ ਧਿਆਨ ਦਿੱਤਾ। ਇਸੇ ਸੋਚ ਨਾਲ ਕੂਕਾ ਲਹਿਰ ਦੇ ਸ਼ਹੀਦਾਂ ਦੀ ਯਾਦ ਵਿਚ ਉਸ ਸਮੇਂ ਦੇ ਮੁੱੱਖ ਮੰਤਰੀ ਗਿਆਨੀ ਜੈਲ ਸਿੰਘ ਤੋਂ 1973 ‘ਚ ਵੱਡਾ ਹਸਪਤਾਲ ਅਤੇ ਲੋਕਾਂ ਦੇ ਬੌਧਿਕ ਵਿਕਾਸ ਲਈ ਚੰਗਾ ਸਹਿਤ ਪੜ੍ਹਨ ਵਾਸਤੇ ਲਾਇਬ੍ਰੇਰੀ ਮਨਜ਼ੂਰ ਕਰਵਾਈ। ਹਸਪਤਾਲ ਦੀ ਇਮਾਰਤ ਦੀ ਛੱਤ ਪੈ ਰਹੀ ਸੀ। ਜੋਗਾ ਜੀ ਖ਼ੁਦ ਪੈੜ ਉੱਪਰ ਖੜ੍ਹੇ ਛੱਤ ਪਾਉਣ ਵਾਲਿਆਂ ਨਾਲ ਕੰਮ ‘ਚ ਲੱਗੇ ਹੋਏ ਸਨ। ਘਰੋਂ ਕਿਸੇ ਨੇ ਆ ਕੇ ਸੁਨੇਹਾ ਦਿੱਤਾ ਕਿ ਜੋਗਾ ਜੀ ਦਾ ਬੇਟਾ ਨਿਆਈਂ ਵਾਲੇ ਖੇਤ ਗਿਆ ਸੀ, ਉੱਥੇ ਹਲਕੇ ਕੁੱਤੇ ਨੇ ਵੱਢ ਲਿਆ। ਪਰ ਉਹ ਛੱਤ ਪਵਾ ਕੇ ਆਥਣੇ ਘਰੇ ਆਏ। ਲਾਇਬ੍ਰੇਰੀ ਦੀ ਇਮਾਰਤ ਤਿਆਰ ਹੋਣ ਉਪਰੰਤ ਚੰਗੀਆਂ ਸਹਿਤਕ ਪੁਸਤਕਾਂ ਖ਼ਰੀਦਣ ਲਈ ਪੰਚਾਇਤ ਅਤੇ ਪਿੰਡ ਦੇ ਤਿੰਨ-ਚਾਰ ਮੋਹਤਬਰਾਂ ਨੂੰ ਪਟਿਆਲੇ ਲੈ ਕੇ ਚਲੇ ਗਏ। ਉੱਥੇ ਭਾਸ਼ਾ ਵਿਭਾਗ ਅਤੇ ਹੋਰ ਪਬਲਿਸ਼ਰਜ਼ ਦੀਆਂ ਕਿਤਾਬਾਂ ਦੀ ਖ਼ਰੀਦ ਕਰ ਕੇ ਗਠੜੀਆਂ ਬੰਨ੍ਹ ਲਈਆਂ। ਤਾਂ ਵਿਚੋਂ ਇੱਕ ਦੋ ਜਣੇ ਕਹਿਣ ਲੱਗੇ ਕਿ ਕੋਈ ਰਿਕਸ਼ਾ, ਰੇਹੜੀ ਦੇਖਲੋ, ਤਾਂ ਜੋਗਾ ਜੀ ਕਿਹਾ ਕਿ ਤੁਸੀਂ ਕਾਹਦੇ ਲਈ ਆਏ ਹੋ? ਪੰਚਾਇਤ ਕੋਲੇ ਐਨੇ ਵਾਧੂ ਪੈਸੇ ਨਹੀਂ। ਅਗਲੇ ਪਲ ਹੀ ਸਾਰੇ ਜਣੇ ਸਿਰਾਂ ‘ਤੇ ਗਠੜੀਆਂ ਰੱਖ ਕੇ ਬੱਸ ਅੱਡੇ ਵੱਲ ਜਾ ਰਹੇ ਸਨ। ਪਰਿਵਾਰਕ ਛੋਟੇ ਵੱਡੇ ਮਸਲਿਆਂ ਵਿੱਚ ਵੀ ਜੋਗਾ ਜੀ ਦਾ ਨਜ਼ਰੀਆ ਹਮੇਸ਼ਾ ਸਾਫ਼ ਤੇ ਸਪੱਸ਼ਟ ਰਿਹਾ। ਜੋਗਾ ਜੀ ਦੀ ਬੇਟੀ ਦੀ ਸ਼ਾਦੀ ਸੀ। ਘਰ ਮੂਹਰੋਂ ਲੰਘਦੇ ਰਸਤੇ ‘ਚ ਟੈਂਟ ਲਗਾ ਕੇ ਬਰਾਤ ਦੀ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਸੀ। ਦੁਪਹਿਰ ਬਾਅਦ ਤੋਰ-ਤਰਾਈ ਬਾਰੇ ਜੋਗਾ ਜੀ ਪੁੱਛ ਰਹੇ ਸੀ। ਕਿਸੇ ਪਰੀਹੇ ਨੇ ਦੱਸਿਆ ਪੰਜ ਸੱਤ ਜਾਨੀ ਸਾਹਮਣੇ ਕਨਾਤਾਂ ‘ਚ ਮੇਜ਼ਾਂ ‘ਤੇ ਬੈਠੇ ਰੋਟੀ ਨਹੀਂ ਨਬੇੜ ਰਹੇ। ਜੇ ਉਹ ਉੱਠਣ ਤਾਂ ਪਿਛਲਿਆਂ ਨੂੰ ਖਵਾ ਕੇ ਬਰਾਤ ਦੀ ਤੋਰ ਤਰਾਈ ਕਰੀਏ। ਇਹ ਸੁਣ ਕੇ ਉਹ ਸਿੱਧਾ ਉਨ੍ਹਾਂ ਕੋਲ ਜਾ ਕਹਿਣ ਲੱਗੇ ਕਿ ਕੀ ਗੱਲ ਹੋਰ ਨੀ ਕਿਸੇ ਨੇ ਖਾਣੀ ਰੋਟੀ, ਤਿੰਨ ਘੰਟੇ ਹੋ ਗਏ ਬੈਠਿਆਂ ਨੂੰ। ਬਰਾਤ ਤੋਂ ਬਿਨਾਂ ਵਿਆਹ ‘ਚ ਹੋਰ ਵੀ ਬੰਦੇ ਆਏ ਨੇ। ਰਿਸ਼ਤਾ ਜਾਂ ਰਿਸ਼ਤੇਦਾਰ ਕਿੱਡਾ ਵੀ ਹੋਵੇ ਉਸ ਦੀ ਗੁਸਤਾਖ਼ੀ-ਗਲਤੀ ਮੁਆਫ਼ ਨਹੀਂ ਹੋ ਸਕਦੀ ਸੀ। ਗੱਲ 1927-28 ਦੀ ਹੈ, ਪਿੰਡ ਵਿਚ ਪਹਿਲੇ ਆਨੰਦ ਕਾਰਜ ਰਾਮਦਾਸੀਆਂ ਦੀ ਕਿਸੇ ਲੜਕੀ ਦੇ ਹੋਏ ਸਨ। ਉਸ ਤੋਂ ਪਹਿਲਾਂ ਫੇਰੇ ਹੀ ਹੁੰਦੇ ਸਨ। ਆਨੰਦ ਕਾਰਜ ਵਕਤ ਜੋਗਾ ਜੀ ਹਾਜ਼ਰ ਸ਼ਾਮਲ ਸਨ। ਅਸਲ ਵਿਚ ਆਨੰਦ ਕਾਰਜ ਉਪਰੰਤ ਅਰਦਾਸ ਹੀ ਜੋਗਾ ਜੀ ਨੇ ਕਰਵਾਈ ਸੀ। ਦੇਗ ਲੈ ਕੇ ਘਰ ਪਹੁੰਚੇ ਤਾਂ ਜੱਟ ਭਾਈਚਾਰੇ ਦੇ ਘਰਾਂ ‘ਚ ‘ਕੋਹਰਾਮ’ ਮੱਚ ਗਿਆ ਕਿ ਮੁੰਡਾ ਭਿੱਟਿਆ ਗਿਆ। ਸਾਰੇ ਲਾਣੇ ਨੇ ਭਾਂਡਾ ਛੇਕ ਕੇ ਵਰਤ-ਵਰਤਾਵਾ ਬੰਦ ਕਰਨ ਦਾ ਫ਼ੈਸਲਾ ਕਰ ਲਿਆ। ਜੋਗਾ ਜੀ ਦੀ ਮਾਤਾ ਨਿਹਾਲ ਕੌਰ ਬੜੇ ਜਬ੍ਹੇ ਵਾਲੀ ਦਲੇਰ ਔਰਤ ਸਨ। ਬਾਬਲ ਕੀ ਪੱਤੀ ‘ਚ ਖੂਹ ਜੋਗਾ ਜੀ ਦੇ ਪੁਰਖਿਆਂ ਨੇ ਲਗਵਾਇਆ ਸੀ। ਸਾਰਾ ਅਗਵਾੜ ਉੱਥੋਂ ਪਾਣੀ ਭਰਦਾ। ਮਾਤਾ ਵੱਡੇ ਤੜਕੇ ਡਾਂਗ ਲੈ ਕੇ ਖੂਹ ‘ਤੇ ਬੈਠ ਗਈ। ਸਾਰੇ ਲੋਕ ਪਾਣੀ ਤੋਂ ਤਿਹਾਏ ਬੈਠੇ ਸਨ। ਮਾਤਾ ਕਹੇ ਕਿ ਜੇ ਮੇਰਾ ਮੁੰਡਾ ਭਿੱਟਿਆ ਗਿਆ ਤਾਂ ਸਾਡੇ ਖੂਹ ਦਾ ਪਾਣੀ ਸੁੱਚਾ ਕਿਵੇਂ ਹੋਇਆ। ਅਖੀਰ ਲੋਕਾਂ ਨੇ ਆਪਣੀ ਗ਼ਲਤੀ ਦਾ ਅਹਿਸਾਸ ਕੀਤਾ ਤੇ ਮਾਤਾ ਨਾਲ ਸਹਿਮਤ ਹੋ ਗਏ। ਪੂਰੀ ਜ਼ਿੰਦਗੀ ਜੋਗਾ ਜੀ ਵੀ ਨਾ ਡਰੇ ਨਾ ਝੁਕੇ। ਜ਼ਾਲਮ ਅੰਗਰੇਜ਼ਾਂ ਅਤੇ ਰਾਜਿਆਂ ਨੇ ਆਪਣੀ ਪੂਰੀ ਤਾਕਤ ਲਾ ਕੇ ਜੇਲ੍ਹਾਂ ‘ਚ ਸੁੱਟ-ਸੁੱਟ ਕੇ ਘਰ ਜ਼ਮੀਨ ਦੀਆਂ ਕੁਰਕੀਆਂ ਕਰ-ਕਰਕੇ ਜ਼ੋਰ ਲਾ ਲਿਆ ਸੀ। ਮਾਤਾ ਦਾ ਹੁਕਮ ਉਨ੍ਹਾਂ ਸਾਰੀ ਉਮਰ ਨਹੀਂ ਮੋੜਿਆ। ਪੂਰੀ ਜ਼ਿੰਦਗੀ ਕਾਮਰੇਡ ਜੋਗਾ ਨੇ ਕਿਰਤੀ ਲੋਕਾਂ ‘ਚ ਬਹਿ ਕੇ ਰੋਟੀ-ਪਾਣੀ ਛਕਿਆ। ਉਨ੍ਹਾਂ ਦੇ ਹੱਕਾਂ ਲਈ ਲੜਦੇ ਰਹੇ। ਸੰਪਰਕ: 98720-01856

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਦੋਵਾਂ ਮੁਲਕਾਂ ਦਰਮਿਆਨ ਸੰਤੁਲਨ ਜਾਂ ਆਪਸੀ ਸੂਝ-ਬੂਝ ਕਾਇਮ ਕਰਨ ’ਤੇ ਜ਼ੋ...

ਕੋਜ਼ੀਕੋੜ ’ਚ ਹਾਦਸਾਗ੍ਰਸਤ ਜਹਾਜ਼ ਦਾ ਬਲੈਕ ਬਾਕਸ ਮਿਲਿਆ

ਕੋਜ਼ੀਕੋੜ ’ਚ ਹਾਦਸਾਗ੍ਰਸਤ ਜਹਾਜ਼ ਦਾ ਬਲੈਕ ਬਾਕਸ ਮਿਲਿਆ

* ਇੱਕ ਹੋਰ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ 18 ਹੋਈ; * ਕੇਂਦਰ ਤੇ ...

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਸ਼੍ਰੋਮਣੀ ਕਮੇਟੀ ’ਤੇ ਬਾਦਲਾਂ ਨੂੰ ਕੁਝ ਨਾ ਕਹਿਣ ਦਾ ਦੋਸ਼

ਸ਼ਹਿਰ

View All