ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ

ਹਰਮਿੰਦਰ ਸਿੰਘ ਕੈਂਥ ਸੈਰ ਸਫ਼ਰ

ਰਾਜਸਥਾਨ ਆਪਣੇ ਕਿਲ੍ਹਿਆਂ ਲਈ ਪ੍ਰਸਿੱਧ ਹੈ। ਇਸ ਸੂਬੇ ਵਿਚ ਬਹੁਤ ਸਾਰੇ ਕਿਲ੍ਹੇ ਅੱਜ ਵੀ ਸਾਂਭੇ ਹੋਏ ਹਨ ਜਿਨ੍ਹਾਂ ਨੂੰ ਦੇਖਣ ਲਈ ਸੈਲਾਨੀ ਦੂਰੋਂ ਦੂਰੋਂ ਆਉਂਦੇ ਹਨ। ਇੱਥੋਂ ਦੇ ਕਿਲ੍ਹਿਆਂ ਵਿਚੋਂ ਇਕ ਹੈ ਕੁੰਭਲਗੜ੍ਹ ਦਾ ਕਿਲ੍ਹਾ ਜਿਹੜਾ ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਵਿਚ ਸਥਿਤ ਹੈ। ਇਹ ਉਦੈਪੁਰ ਤੋਂ ਉੱਤਰ ਪੱਛਮ ਵੱਲ 80 ਕਿਲੋਮੀਟਰ ਦੀ ਦੂਰੀ ’ਤੇ ਹੈ। ਇਸ ਕਿਲ੍ਹੇ ਦਾ ਨਿਰਮਾਣ ਰਾਣਾ ਕੁੰਭਾ ਵੱਲੋਂ ਪੰਦਰਵੀਂ ਸਦੀ ਵਿਚ ਕਰਵਾਇਆ ਗਿਆ। ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਕਿਲ੍ਹੇ ਦਾ ਨਿਰਮਾਣ ਸਮਰਾਟ ਅਸ਼ੋਕ ਦੇ ਦੂਜੇ ਪੁੱਤਰ ਸੰਪਤਰੀ ਦੁਆਰਾ ਬਣਾਏ ਗਏ ਕਿਲ੍ਹੇ ਦੇ ਅਵਸ਼ੇਸ਼ਾਂ ’ਤੇ ਕੀਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਇਸ ਕਿਲ੍ਹੇ ਦਾ ਪ੍ਰਾਚੀਨ ਨਾਮ ਮਸ਼ਿੰਦਰਪੁਰ ਸੀ, ਪਰ ਇਤਿਹਾਸਕਾਰ ਸਾਹਿਬ ਹਕੀਮ ਨੇ ਇਸ ਨੂੰ ਮਹੌਰ ਦਾ ਨਾਮ ਦਿੱਤਾ। ਅਲਾਊਦੀਨ ਖਿਲਜੀ ਦੇ ਹਮਲੇ ਤੋਂ ਪਹਿਲਾਂ ਇਸ ਕਿਲ੍ਹੇ ਦੇ ਇਤਿਹਾਸ ਬਾਰੇ ਅਜੇ ਵੀ ਬੜੀ ਘੱਟ ਜਾਣਕਾਰੀ ਉਪਲੱਬਧ ਹੈ। ਮੇਵਾੜ ਰਾਜ ਵਿਚ ਚਿਤੌੜਗੜ੍ਹ ਤੋਂ ਬਾਅਦ ਇਹ ਦੂਜਾ ਮਹੱਤਵਪੂਰਨ ਕਿਲ੍ਹਾ ਹੈ। ਮਹਾਰਾਣਾ ਕੁੰਭਾ ਦਾ ਰਾਜ ਰਣਥੰਭੋਰ ਤੋਂ ਲੈ ਕੇ ਗਵਾਲੀਅਰ ਤੱਕ ਫੈਲਿਆ ਹੋਇਆ ਸੀ ਜਿਸ ਵਿਚ 84 ਕਿਲ੍ਹੇ ਸਨ। ਇਨ੍ਹਾਂ ਵਿਚੋਂ 32 ਕਿਲ੍ਹਿਆਂ ਦਾ ਨਿਰਮਾਣ ਮਹਾਰਾਣਾ ਕੁੰਭਾ ਨੇ ਕਰਵਾਇਆ ਸੀ। ਇਸ ਕਿਲ੍ਹੇ ਨੂੰ ਅਜੈਗੜ੍ਹ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਨੂੰ ਜਿੱਤਣਾ ਬਹੁਤ ਮੁਸ਼ਕਿਲ ਸੀ। ਇਸ ਨੂੰ ਪੂਰੇ ਇਤਿਹਾਸ ਦੌਰਾਨ ਸਿਰਫ਼ ਇਕ ਵਾਰ ਜਿੱਤਿਆ ਜਾ ਸਕਿਆ ਤੇ ਬਾਕੀ ਹਮਲਿਆਂ ਵਿਚ ਹਮਲਾਵਰਾਂ ਨੂੰ ਸਫ਼ਲਤਾ ਨਹੀਂ ਮਿਲੀ। ਇਹ ਕਿਲ੍ਹਾ 1443 ਵਿਚ ਬਣਨਾ ਸ਼ੁਰੂ ਹੋਇਆ ਤੇ ਇਸ ਦਾ ਨਿਰਮਾਣ ਕਾਰਜ 1458 ਤੱਕ 15 ਸਾਲਾਂ ਵਿਚ ਪੂਰਾ ਹੋਇਆ। ਇਕ ਮਿੱਥ ਮੁਤਾਬਿਕ ਇਸ ਕਿਲ੍ਹੇ ਦਾ ਨਿਰਮਾਣ ਸ਼ੁਰੂ ਹੋਣ ਤੋਂ ਬਾਅਦ ਕਈ ਕਿਸਮ ਦੀਆਂ ਅੜਚਣਾਂ ਸਾਹਮਣੇ ਆਉਣ ਲੱਗੀਆਂ। ਇਸ ਕਾਰਨ ਮਹਾਰਾਣਾ ਕੁੰਭਾ ਬਹੁਤ ਪ੍ਰੇਸ਼ਾਨ ਰਹਿਣ ਲੱਗਾ। ਉਸ ਨੇ ਇਕ ਸੰਤ ਨੂੰ ਬੁਲਾ ਕੇ ਸਾਰੀ ਸਮੱਸਿਆ ਦੱਸੀ ਤਾਂ ਉਸ ਸੰਤ ਨੇ ਕਿਹਾ ਕਿ ਕਿਲ੍ਹੇ ਦਾ ਕੰਮ ਤਾਂ ਹੀ ਅੱਗੇ ਵਧੇਗਾ ਜੇਕਰ ਕੋਈ ਪੁਰਸ਼ ਆਪਣੀ ਇੱਛਾ ਨਾਲ ਆਪਣੀ ਬਲੀ ਦੇਵੇ। ਰਾਣਾ ਕੁੰਭਾ ਨੇ ਸੋਚਿਆ ਕਿ ਅਜਿਹਾ ਵਿਅਕਤੀ ਕੌਣ ਹੋ ਸਕਦਾ ਹੈ ਜਿਹੜਾ ਆਪਣੀ ਇੱਛਾ ਨਾਲ ਆਪਣੇ ਪ੍ਰਾਣ ਤਿਆਗੇ। ਇਸ ’ਤੇ ਸੰਤ ਨੇ ਇਸ ਕੰਮ ਲਈ ਆਪਣੇ ਆਪ ਨੂੰ ਰਾਜੇ ਸਾਹਮਣੇ ਪੇਸ਼ ਕੀਤਾ। ਉਸ ਨੇ ਕਿਹਾ ਕਿ ਉਸ ਨੂੰ ਪਹਾੜੀ ’ਤੇ ਚੱਲਣ ਦਿੱਤਾ ਜਾਵੇ ਜਿੱਥੇ ਵੀ ਜਾ ਕੇ ਉਹ ਥੱਕ ਕੇ ਰੁਕ ਜਾਵੇ ਉੱਥੇ ਹੀ ਉਸ ਦੀ ਬਲੀ ਦੇ ਦਿੱਤੀ ਜਾਵੇ ਤੇ ਉੱਥੇ ਹੀ ਦੇਵੀ ਦਾ ਮੰਦਿਰ ਬਣਾਇਆ ਜਾਵੇ ਤਾਂ ਅੰਤ 36 ਕਿਲੋਮੀਟਰ ਜਾ ਕੇ ਸੰਤ ਰੁਕ ਗਿਆ ਤੇ ਉੱਥੇ ਹੀ ਉਸ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਗਿਆ। ਜਿੱਥੇ ਉਸ ਦਾ ਸਿਰ ਡਿੱਗਿਆ ਉੱਥੇ ਮੁੱਖ ਦਰਵਾਜ਼ਾ ਹਨੂੰਮਾਨ ਪੋਲ ਹੈ ਤੇ ਜਿੱਥੇ ਧੜ ਡਿੱਗਿਆ ਉੱਥੇ ਦੂਜਾ ਮੁੱਖ ਦਰਵਾਜ਼ਾ ਹੈ। ਇਹ ਕਿਲ੍ਹਾ ਅਰਾਵਲੀ ਪਰਬਤ ਲੜੀ ਵਿਚ ਸਮੁੰਦਰ ਤਲ ਤੋਂ 1,100 ਮੀਟਰ ਦੀ ਉਚਾਈ ’ਤੇ ਬਣਿਆ ਹੋਇਆ ਹੈ ਤੇ 30 ਕਿਲੋਮੀਟਰ ਖੇਤਰ ਵਿਚ ਫੈਲਿਆ ਹੋਇਆ ਹੈ। ਕਿਲ੍ਹੇ ਦੇ ਚੁਫ਼ੇਰੇ 36 ਕਿਲੋਮੀਟਰ ਲੰਬੀ ਮਜ਼ਬੂਤ ਦੀਵਾਰ ਬਣਾਈ ਗਈ ਹੈ ਜਿਸ ਕਾਰਨ ਇਸ ਨੂੰ ਜਿੱਤਣਾ ਬੜਾ ਮੁਸ਼ਕਿਲ ਕੰਮ ਸੀ। ਇਹ ਦੀਵਾਰ 15 ਮੀਟਰ ਚੌੜੀ ਹੈ ਜਿਸ ਉੱਪਰੋਂ ਅੱਠ ਘੋੜੇ ਇਕੱਠੇ ਲੰਘ ਸਕਦੇ ਹਨ। ਇਹ ਦੀਵਾਰ ਚੀਨ ਦੀ ਮਹਾਨ ਦੀਵਾਰ ਦਾ ਭੁਲੇਖਾ ਪਾਉਂਦੀ ਹੈ। ਇਸ ਕਿਲ੍ਹੇ ਦਾ ਨਿਰਮਾਣ ਕਾਰਜ ਦਿਨ ਰਾਤ ਚੱਲਦਾ ਸੀ ਜਿਸ ਕਰਕੇ ਹਰ ਰਾਤ 50 ਕਿਲੋਗ੍ਰਾਮ ਦੇਸੀ ਘਿਓ ਤੇ 100 ਕਿਲੋਗ੍ਰਾਮ ਰੂੰ ਰਾਤ ਨੂੰ ਰੌਸ਼ਨੀ ਕਰਨ ਲਈ ਵਰਤੀ ਜਾਂਦੀ ਸੀ। ਇਸ ਕਿਲ੍ਹੇ ਦੇ ਸਿਖਰ ਤੋਂ ਥਾਰ ਮਾਰੂਥਲ ਦੇ ਟਿੱਬਿਆਂ ਦਾ ਸੁੰਦਰ ਨਜ਼ਾਰਾ ਦੇਖਿਆ ਜਾ ਸਕਦਾ ਹੈ।

ਹਰਮਿੰਦਰ ਸਿੰਘ ਕੈਂਥ

ਇਹ ਕਿਲ੍ਹਾ ਕਈ ਘਾਟੀਆਂ ਤੇ ਪਹਾੜੀਆਂ ਨੂੰ ਮਿਲਾ ਕੇ ਬਣਾਇਆ ਗਿਆ ਹੈ ਜਿਸ ਕਰਕੇ ਇਹ ਕੁਦਰਤੀ ਤੌਰ ’ਤੇ ਸੈਂਕੜੇ ਸਾਲ ਸੁਰੱਖਿਅਤ ਰਿਹਾ। ਇਸ ਕਿਲ੍ਹੇ ਵਿਚ ਉੱਚੀਆਂ ਥਾਵਾਂ ’ਤੇ ਮਹਿਲ, ਮੰਦਿਰ ਤੇ ਰਿਹਾਇਸ਼ੀ ਇਮਾਰਤਾਂ ਬਣਾਈਆਂ ਗਈਆਂ ਹਨ ਜਦੋਂਕਿ ਪੱਧਰੀ ਜ਼ਮੀਨ ਨੂੰ ਖੇਤੀ ਲਈ ਵਰਤਿਆ ਗਿਆ ਤੇ ਢਲਾਣਾਂ ਵਾਲੇ ਹਿੱਸਿਆਂ ਨੂੰ ਝਰਨਿਆਂ ਲਈ ਵਰਤਿਆ ਗਿਆ। ਇਸ ਕਿਲ੍ਹੇ ਦੇ ਅੰਦਰ ਹੀ ਇਕ ਹੋਰ ਕਿਲ੍ਹਾ ਕਟਾਰਗੜ੍ਹ ਵੀ ਹੈ। ਕੁੰਭਲਗੜ੍ਹ ਕਿਲ੍ਹੇ ਦੇ ਚਾਰੇ ਪਾਸੇ 13 ਪਰਬਤੀ ਚੋਟੀਆਂ ਹਨ। ਇਸ ਦੇ ਸੱਤ ਵਿਸ਼ਾਲ ਦਰਵਾਜ਼ੇ ਹਨ ਜਿਨ੍ਹਾਂ ਨੂੰ ਪੋਲ ਕਿਹਾ ਜਾਂਦਾ ਹੈ। ਇਨ੍ਹਾਂ ਵਿਚੋਂ ਅਰੇਤ ਪੋਲ, ਹੱਲਾ ਪੋਲ, ਰਾਮ ਪੋਲ ਤੇ ਹਨੂੰਮਾਨ ਪੋਲ ਪ੍ਰਮੁੱਖ ਹਨ। ਕਿਲ੍ਹੇ ਦੇ ਅੰਦਰ ਹੀ 360 ਮੰਦਿਰ ਬਣੇ ਹੋਏ ਹਨ ਜਿਨ੍ਹਾਂ ਵਿਚੋਂ 300 ਜੈਨ ਮੰਦਿਰ ਹਨ ਤੇ ਬਾਕੀ ਹਿੰਦੂ ਮੰਦਿਰ। ਇੱਥੋਂ ਦਾ ਗਣੇਸ਼ ਮੰਦਿਰ ਸਭ ਤੋਂ ਪੁਰਾਤਨ ਮੰਨਿਆ ਜਾਂਦਾ ਹੈ ਜੋ 12 ਫੁੱਟ ਉੱਚੇ ਚਬੂਤਰੇ ਉੱਪਰ ਬਣਿਆ ਹੋਇਆ ਹੈ। ਦੂਜਾ ਮਹੱਤਵਪੂਰਨ ਮੰਦਿਰ ਜੈਨ ਮੰਦਿਰ ਹੈ ਜੋ ਹਨੂੰਮਾਨ ਪੋਲ ਕੋਲ ਸਥਿਤ ਹੈ। ਇਹ ਅੱਠਕੋਨਾ ਬਣਿਆ ਹੋਇਆ ਹੈ ਜਿਸ ਵਿਚ 36 ਸਤੰਭ ਹਨ। ਇਨ੍ਹਾਂ ਤੋਂ ਇਲਾਵਾ ਪਾਰਸ਼ਵਨਾਥ ਮੰਦਿਰ, ਨੀਲਕੰਠ ਮੰਦਿਰ, ਬਾਵਨ ਦੇਵੀ ਮੰਦਿਰ, ਗਗਦਿਓ ਮੰਦਿਰ, ਪਿਤਾਲ ਸ਼ਾਹ ਮੰਦਿਰ ਤੇ ਸੂਰਜ ਮੰਦਿਰ ਪ੍ਰਮੁੱਖ ਹਨ। ਇਸ ਤੋਂ ਇਲਾਵਾ ਕੁੰਭਾ ਮਹਿਲ ਰਾਜਪੂਤ ਵਸਤੂ ਨਿਰਮਾਣ ਕਲਾ ਦਾ ਅਦਭੁੱਤ ਨਮੂਨਾ ਹੈ ਜਿਹੜਾ ਦੋ ਮੰਜ਼ਿਲਾ ਹੈ। ਇਸ ਵਿਚ ਇਕ ਨੀਲਾ ਦਿਲ ਖਿੱਚਵਾਂ ਦਰਬਾਰ ਹੈ। ਮਹਾਰਾਣਾ ਫਤਹਿ ਸਿੰਘ ਦੁਆਰਾ ਬਣਵਾਇਆ ਗਿਆ ਬਾਦਲ ਮਹਿਲ ਕਿਲ੍ਹੇ ਦਾ ਸਭ ਤੋਂ ਉੱਚਾ ਬਿੰਦੂ ਹੈ ਜਿਸ ਤੱਕ ਬਹੁਤ ਹੀ ਤੰਗ ਪੌੜੀਆਂ ਰਾਹੀਂ ਚੜ੍ਹ ਕੇ ਜਾਣਾ ਪੈਂਦਾ ਹੈ। ਇਸ ਕਿਲ੍ਹੇ ਦੇ ਅੰਦਰ ਹੀ ਰਾਣਾ ਲਾਖਾ ਨੇ ਵਿਸ਼ਾਲ ਤਲਾਬ ਬਣਵਾਇਆ ਜਿਹੜਾ ਪੰਜ ਕਿਲੋਮੀਟਰ ਲੰਬਾ, 100 ਤੋਂ 200 ਮੀਟਰ ਤੱਕ ਚੌੜਾ ਤੇ 12 ਮੀਟਰ ਡੂੰਘਾ ਹੈ। ਇਹ ਕਿਲ੍ਹਾ ਰਾਜਪੂਤ ਰਾਜਿਆਂ ਦੀ ਸੰਕਟ ਸਮੇਂ ਦੀ ਰਾਜਧਾਨੀ ਵੀ ਰਿਹਾ। ਰਾਣਾ ਕੁੰਭਾ ਤੋਂ ਲੈ ਕੇ ਰਾਣਾ ਰਾਜ ਸਿੰਘ ਤੱਕ ਹੁੰਦੇ ਹਮਲਿਆਂ ਸਮੇਂ ਰਾਜ ਪਰਿਵਾਰ ਇਸ ਕਿਲ੍ਹੇ ਵਿਚ ਹੀ ਰਿਹਾ। ਇੱਥੇ ਹੀ ਪ੍ਰਿਥਵੀ ਰਾਜ ਤੇ ਰਾਣਾ ਸਾਂਗਾ ਦਾ ਬਚਪਨ ਬੀਤਿਆ। ਮਹਾਰਾਣਾ ਪ੍ਰਤਾਪ ਦਾ ਜਨਮ ਵੀ ਇਸੇ ਕਿਲ੍ਹੇ ਵਿਚ ਹੋਇਆ ਤੇ ਪ੍ਰਸਿੱਧ ਹਲਦੀ ਘਾਟੀ ਦੇ ਯੁੱਧ ਤੋਂ ਬਾਅਦ ਮਹਾਰਾਣਾ ਪ੍ਰਤਾਪ ਕਾਫ਼ੀ ਸਮੇਂ ਤੱਕ ਇਸ ਕਿਲ੍ਹੇ ਵਿਚ ਰਹੇ। ਇਸ ਕਿਲ੍ਹੇ ਦੇ ਬਣਨ ਤੋਂ ਬਾਅਦ ਹੀ ਇਸ ਉੱਪਰ ਹਮਲੇ ਸ਼ੁਰੂ ਹੋ ਗਏ, ਪਰ ਆਪਣੀ ਅਨੋਖੀ ਸਥਿਤੀ ਕਰਕੇ ਇਹ ਸਿਰਫ਼ ਇਕ ਵਾਰ ਹੀ ਵੈਰੀ ਦੇ ਕਬਜ਼ੇ ਵਿਚ ਆਇਆ। ਇੱਥੋਂ ਦੇ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਸ ਕਿਲ੍ਹੇ ਦੀ ਰੱਖਿਆ ਬਾਨਮਾਤਾ ਕਰਦੀ ਹੈ ਜਿਸ ਦੇ ਮੰਦਿਰ ਨੂੰ ਅਹਿਮਦ ਸ਼ਾਹ ਨੇ ਤਬਾਹ ਕਰ ਦਿੱਤਾ ਸੀ। ਉਸ ਤੋਂ ਬਾਅਦ ਮੁਹੰਮਦ ਖਿਲਜੀ ਨੇ 1458-59 ਅਤੇ 1467 ਵਿਚ ਇਸ ਕਿਲ੍ਹੇ ਨੂੰ ਹਾਸਿਲ ਕਰਨ ਦਾ ਯਤਨ ਕੀਤਾ, ਪਰ ਨਾਕਾਮ ਰਿਹਾ। 1576 ਵਿਚ ਅਕਬਰ ਦੇ ਸੈਨਾਪਤੀ ਨੇ ਇਸ ’ਤੇ ਅਧਿਕਾਰ ਕਰ ਲਿਆ ਸੀ, ਪਰ 1585 ਵਿਚ ਮਹਾਰਾਣਾ ਪ੍ਰਤਾਪ ਨੇ ਦੁਬਾਰਾ ਇਸ ਕਿਲ੍ਹੇ ਉਪਰ ਕਬਜ਼ਾ ਕਰ ਲਿਆ। 1615 ਵਿਚ ਮੇਵਾੜ ਦੀ ਸੈਨਾ ਨੇ ਜਹਾਂਗੀਰ ਦੁਆਰਾ ਭੇਜੀ ਗਈ ਫ਼ੌਜ ਅੱਗੇ ਆਤਮ ਸਮਰਪਣ ਕਰ ਦਿੱਤਾ। ਜੂਨ 2013 ਵਿਚ ਯੂਨੈਸਕੋ ਦੀ ਵਿਸ਼ਵ ਵਿਰਾਸਤ ਕਮੇਟੀ ਦੀ 37ਵੀਂ ਬੈਠਕ ਕੰਬੋਡੀਆ ਵਿਖੇ ਹੋਈ। ਇਸ ਵਿਚ ਰਾਜਸਥਾਨ ਦੇ ਛੇ ਕਿਲ੍ਹਿਆਂ ਜਿਨ੍ਹਾਂ ਵਿਚ ਕੁੰਭਲਗੜ੍ਹ ਵੀ ਸ਼ਾਮਿਲ ਹੈ, ਨੂੰ ਯੂਨੈਸਕੋ ਦੀਆਂ ਵਿਸ਼ਵ ਵਿਰਾਸਤੀ ਥਾਵਾਂ ਵਿਚ ਸ਼ਾਮਿਲ ਕੀਤਾ ਗਿਆ। ਉਹ ਛੇ ਕਿਲ੍ਹੇ ਅੰਬੇਰ, ਚਿਤੌੜਗੜ੍ਹ, ਗਾਗਰਾਓ, ਜੈਸਲਮੇਰ, ਕੁੰਭਲਗੜ੍ਹ ਤੇ ਰਣਥੰਭੌਰ ਕਿਲ੍ਹਾ ਹਨ। ਰਾਜਸਥਾਨ ਦੇ ਸੈਰ ਸਪਾਟਾ ਵਿਭਾਗ ਵੱਲੋਂ ਹਰ ਸਾਲ ਰਾਣਾ ਕੁੰਭਾ ਦੀ ਯਾਦ ਵਿਚ ਤਿੰਨ ਦਿਨ ਦਾ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਵਿਚ ਰੌਸ਼ਨੀ ਤੇ ਆਵਾਜ਼ ਆਧਾਰਿਤ ਸ਼ੋਅ ਤੋਂ ਇਲਾਵਾ ਰਾਜਸਥਾਨ ਦੇ ਸੱਭਿਆਚਾਰ ਤੇ ਵਿਰਸੇ ਨੂੰ ਦਿਖਾਉਂਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ।

ਸੰਪਰਕ: 78887-61607

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All