ਭੱਟ ਕਵੀ ਅਤੇ ਸਿੱਖ ਜਗਤ

ਹਰਮਿੰਦਰ ਕਾਲੜਾ

ਪਹਿਲੀ ਵਾਰ ‘ਵਾਹਿਗੁਰੂ’ ਸ਼ਬਦ ਵਰਤਣ ਵਾਲੇ ਭੱਟ ਗਯੰਦ ਜੀ
ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰ: 1389 ਤੋਂ ਪੰਨਾ ਨੰ: 1409 ਤੱਕ ਗਿਆਰਾਂ ਭੱਟਾਂ ਦੀ ਬਾਣੀ ਦਰਜ ਹੈ। ਇਨ੍ਹਾਂ ਭੱਟ ਕਵੀਆਂ ਨੇ ਆਪਣੀ ਬਾਣੀ ਵਿਚ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਉਸਤਤ ਕੀਤੀ ਹੈ, ਜਿਸ ਨੂੰ ਸਵੱਈਏ ਕਿਹਾ ਜਾਂਦਾ ਹੈ ਪਰ ਪੂਰੇ ਗੁਰੂ ਗ੍ਰੰਥ ਸਾਹਿਬ ਵਿਚ ‘ਵਾਹਿਗੁਰੂ’ ਸ਼ਬਦ ਸਿਰਫ਼ ਇੱਕੋ ਇੱਕ ਭੱਟ ਕਵੀ ਗਯੰਦ ਨੇ ਹੀ ਵਰਤਿਆ ਹੈ, ਉਹ ਵੀ ਗੁਰੂ ਰਾਮਦਾਸ ਜੀ ਦੀ ਉਸਤਤ ਵਿਚ।

ਪੂਰਾ ਸਿੱਖ ਜਗਤ ਅੱਜ ਵਾਹਿਗੁਰੂ ਦਾ ਨਾਂ ਲੈ ਕੇ ਆਪਣੀਆਂ ਅਰਦਾਸਾਂ ਕਰਦਾ ਹੈ ਪਰ ਉਹ ਨਾ ਸਿਰਫ਼ ਉਸ ਨੌਜਵਾਨ ਭੱਟ ਕਵੀ ਗਯੰਦ ਨੂੰ ਹੀ ਵਿਸਾਰੀ ਬੈਠਾ ਹੈ, ਜਿਸ ਨੇ ਵਾਹਿਗੁਰੂ ਸ਼ਬਦ ਸਿੱਖ ਜਗਤ ਦੀ ਝੋਲੀ ਪਾਇਆ, ਸਗੋਂ ਦਸ ਹੋਰ ਭੱਟਾਂ ਨੂੰ ਵੀ, ਜਿਨ੍ਹਾਂ ਦੀ ਬਾਣੀ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ 1604 ਈਸਵੀ ਵਿਚ ਗੁਰੂ ਗ੍ਰੰਥ ਵਿੱਚ ਸ਼ਾਮਿਲ ਕੀਤੀ ਸੀ। ਬਿਨਾਂ ਸ਼ੱਕ ‘ਵਾਹਿਗੁਰੂ’ ਸ਼ਬਦ ਨੂੰ ਮਸ਼ਹੂਰ ਕਰਨ ਦਾ ਸਿਹਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂਦਾ ਹੈ, ਜਿਸ ਨੇ 1925 ਵਿਚ ‘ਵਾਹਿਗੁਰੂ’ ਸ਼ਬਦ ਪਹਿਲੀ ਵਾਰ ਅਰਦਾਸ ਵਿਚ ਸ਼ਾਮਲ ਕੀਤਾ ਸੀ। ਦੁਨੀਆਂ ਭਰ ਦੀ ਸਿੱਖ ਸੰਗਤ ਅੱਜ ਆਪਣੀ ਹਰ ਅਰਦਾਸ ਵਿਚ ‘ਵਾਹਿਗੁਰੂ’ ਸ਼ਬਦ ਉਚਾਰਦੀ ਹੈ। ਇਸ ਦਾ ਹਰ ਵੇਲੇ ਸਿਮਰਨ ਕਰਨ, ਇਸ ਨੂੰ ਧਿਆਉਣ, ਮਨ ਵਿਚ ਵਸਾਉਣ ’ਤੇ ਜ਼ੋਰ ਦਿੱਤਾ ਜਾਂਦਾ ਹੈ। ਵਾਹਿਗੁਰੂ ਸ਼ਬਦ ਅੱਜ ਠੀਕ ਉਹ ਹੀ ਰੁਤਬਾ ਹਾਸਲ ਕਰ ਗਿਆ ਹੈ, ਜੋ ਰੱਬ, ਭਗਵਾਨ, ਅੱਲਾ, ਖ਼ੁਦਾ, ਪ੍ਰਮਾਤਮਾ ਆਦਿ ਨੂੰ ਹਾਸਲ ਹੈ। ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰ: 1389 ਤੋਂ ਪੰਨਾ ਨੰ: 1409 ਤੱਕ ਗਿਆਰਾਂ ਭੱਟਾਂ ਦੀ ਬਾਣੀ ਦਰਜ ਹੈ। ਇਨ੍ਹਾਂ ਭੱਟ ਕਵੀਆਂ ਨੇ ਆਪਣੀ ਬਾਣੀ ਵਿਚ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਉਸਤਤ ਕੀਤੀ ਹੈ, ਜਿਸ ਨੂੰ ਸਵੱਈਏ ਕਿਹਾ ਜਾਂਦਾ ਹੈ ਪਰ ਪੂਰੇ ਗੁਰੂ ਗ੍ਰੰਥ ਸਾਹਿਬ ਵਿਚ ‘ਵਾਹਿਗੁਰੂ’ ਸ਼ਬਦ ਸਿਰਫ਼ ਇੱਕੋ ਇੱਕ ਭੱਟ ਕਵੀ ਗਯੰਦ ਨੇ ਹੀ ਵਰਤਿਆ ਹੈ, ਉਹ ਵੀ ਗੁਰੂ ਰਾਮਦਾਸ ਜੀ ਦੀ ਉਸਤਤ ਵਿਚ। ਅੱਜ ਅਸੀਂ ਆਪਣੇ ਧਾਰਮਿਕ ਅਸਥਾਨਾਂ ’ਤੇ ਵੱਖ-ਵੱਖ ਗੁਰੂ ਸਾਹਿਬਾਨ ਅਤੇ ਭਗਤਾਂ ਦੇ ਪੁਰਬ ਬੜੇ ਉਤਸ਼ਾਹ ਨਾਲ ਮਨਾਉਂਦੇ ਹਾਂ। ਵੱਖ-ਵੱਖ ਗੁਰੂ ਸਾਹਿਬਾਨ ਅਤੇ ਭਗਤ ਕਵੀਆਂ ਬਾਰੇ ਬਹੁਤ ਸਾਰਾ ਖੋਜ ਕਾਰਜ ਹੋ ਚੁੱਕਾ ਹੋਣ ਕਾਰਨ ਅੱਜ ਸਾਨੂੰ ਗੁਰੂ ਸਾਹਿਬਾਨ ਬਾਰੇ, ਉਨ੍ਹਾਂ ਦੇ ਮਾਤਾ-ਪਿਤਾ, ਉਨ੍ਹਾਂ ਦੀ ਪਤਨੀ, ਪਰਿਵਾਰ, ਉਨ੍ਹਾਂ ਦੇ ਜਨਮ ਸਥਾਨ, ਜਨਮ ਮਿਤੀ, ਗੁਰਿਆਈ ਦੇ ਸਮੇਂ, ਜੋਤੀ ਜੋਤ ਸਮਾਉਣ ਦੇ ਸਮੇਂ ਅਤੇ ਉਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੇ ਵੇਰਵੇ ਪਤਾ ਹਨ। ਜ਼ਿੰਦਗੀ ਵਿਚ ਉਹ ਕਿੱਥੇ-ਕਿੱਥੇ ਗਏ/ਵਿਚਰੇ, ਇਸ ਬਾਰੇ ਵੀ ਜਾਣਕਾਰੀ ਮਿਲਦੀ ਹੈ ਪਰ ਇਹ ਬੜੇ ਦੁੱਖ ਦੀ ਗੱਲ ਹੈ ਕਿ ਨਾ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਗੋਂ ਪ੍ਰਮੁੱਖ ਸਿੱਖ ਸੰਸਥਾਵਾਂ ’ਚੋਂ ਕਿਸੇ ਇੱਕ ਨੂੰ ਵੀ ਅੱਜ ਤੱਕ ਇਸ ਗੱਲ ਦਾ ਪਤਾ ਨਹੀਂ ਕਿ ਜਦੋਂ ਗੁਰੂ ਅਰਜਨ ਦੇਵ ਜੀ ਨੇ ਭੱਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੀ, ਉਸ ਸਮੇਂ ਉਹ ਕਿੱਥੇ ਰਹਿ ਰਹੇ ਸਨ। 11 ਭੱਟਾਂ ਵਿੱਚੋਂ ਕਿਸੇ ਇੱਕ ਦੇ ਵੀ ਮਾਂ-ਬਾਪ, ਜਨਮ-ਮਿਤੀ, ਜਨਮ ਸਥਾਨ, ਉਨ੍ਹਾਂ ਦੇ ਪਰਿਵਾਰ ਜਾਂ ਜੋਤੀ-ਜੋਤ ਸਮਾਉਣ ਬਾਰੇ ਕੁਝ ਪਤਾ ਨਹੀਂ ਹੈ। ਉਂਝ ਗੁਰੂ ਗ੍ਰੰਥ ਸਾਹਿਬ ਵਿਚ ਭੱਟ ਕਵੀਆਂ ਵਿੱਚੋਂ ਸਭ ਤੋਂ ਵਧ ਬਾਣੀ ਭੱਟ ਗਯੰਦ ਦੇ ਵੱਡੇ ਭਰਾ ਕਲ੍ਹਸਹਾਰ ਦੀ ਦਰਜ ਹੈ। ਇਹ ਦੇਖ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਭੱਟ ਕਵੀਆਂ ਨੂੰ ਇੱਕ ਤਰ੍ਹਾਂ ਨਾਲ ਅਣਡਿੱਠ ਕਰ ਦਿੱਤਾ ਗਿਆ।

ਹਰਮਿੰਦਰ ਕਾਲੜਾ

ਕੁਝ ਸਮਾਂ ਪਹਿਲਾਂ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਭੱਟ ਗਯੰਦ ਉਹ ਪਹਿਲਾ ਵਿਅਕਤੀ ਹੈ, ਜਿਸ ਨੇ ਸਭ ਤੋਂ ਪਹਿਲੀ ਵਾਰ ‘ਵਾਹਿਗੁਰੂ’ ਸ਼ਬਦ ਗੁਰੂ ਰਾਮਦਾਸ ਦੀ ਉਸਤਤ ਵਿਚ ਕਿਹਾ ਹੈ, ਤਾਂ ਮੈਂ ਭੱਟਾਂ ਬਾਰੇ ਜਾਨਣ ਦੀ ਕੋਸ਼ਿਸ਼ ਕਰਨ ਲੱਗਾ। ਇਸੇ ਸਿਲਸਿਲੇ ਵਿਚ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਹੋਰਾਂ ਨੂੰ ਫੋਨ ’ਤੇ ਪੁੱਛਿਆ, ਤਾਂ ਉਨ੍ਹਾਂ ਦਾ ਸਾਫ਼ ਕਹਿਣਾ ਸੀ ਕਿ ਭੱਟਾਂ ’ਤੇ ਖੋਜ ਦਾ ਕੰਮ ਨਹੀਂ ਹੋਇਆ। ਕਈ ਹੋਰ ਸਿੱਖ ਵਿਦਵਾਨਾਂ ਨੂੰ ਵੀ ਮੈਂ ਪੁੱਛਿਆ, ਪਰ ਕਿਸੇ ਕੋਲੋਂ ਵੀ ਤਸੱਲੀਬਖ਼ਸ਼ ਜਵਾਬ ਨਾ ਮਿਲਿਆ। ਇਸੇ ਸਵਾਲ ਦੇ ਜਵਾਬ ਦੀ ਭਾਲ ਕਰਦਿਆਂ ਮੈਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਡਾ. ਸੁਖਦੇਵ ਸਿੰਘ ਸਿਰਸਾ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਮੈਨੂੰ ਇੱਕ ਕਿਤਾਬ ਦਿੱਤੀ ਤੇ ਕਿਹਾ, ‘ਇਸ ਨੂੰ ਦੇਖ ਲੈ ਜੇ ਤੇਰੇ ਕੋਈ ਕੰਮ ਦੀ ਗੱਲ ਇਸ ਵਿੱਚ ਹੈ ਤਾਂ।’ ਕਿਤਾਬ ਦਾ ਨਾਂ ਸੀ ‘ਗਿਆਨੀ ਗਰਜਾ ਸਿੰਘ ਦੀ ਇਤਿਹਾਸਕ ਖੋਜ।’ ਇਹ ਕਿਤਾਬ ਪੜ੍ਹਦਿਆਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਂ ਦੇਖਿਆ ਕਿ ‘ਵਾਹਿਗੁਰੂ’ ਸ਼ਬਦ ਰਚਣ ਵਾਲੇ ਭੱਟ ਗਯੰਦ ਦੇ ਪਿਤਾ ਭੱਟ ਚੋਖਾ ਦੀਆਂ 1634-35 ਈਸਵੀ (ਸੰਮਤ 1691-92) ਦੀਆਂ ਕੁਝ ਲਿਖਤਾਂ ਇਸ ਕਿਤਾਬ ਵਿਚ ਦਰਜ ਹਨ। ਇਸ ਕਿਤਾਬ ਦੇ ਹਵਾਲਿਆਂ ਵਿੱਚ ਗਿਆਨੀ ਗਰਜਾ ਸਿੰਘ ਨੇ ਦੱਸਿਆ ਸੀ ਕਿ ਇਹ ਲਿਖਤਾਂ ਉਸ ਨੂੰ ਜ਼ਿਲ੍ਹਾ ਜੀਂਦ ਦੇ ਦੋ ਪਿੰਡਾਂ ਕਰਸਿੰਧੂ (ਤਹਿਸੀਲ ਸਫ਼ੀਦੋਂ) ਅਤੇ ਤਲੌਢਾ (ਤਹਿਸੀਲ ਜੀਂਦ) ਦੀਆਂ ਭੱਟ ਵਹੀਆਂ ਵਿੱਚੋਂ ਮਿਲੀਆਂ ਹਨ। ਗਿਆਨੀ ਗਰਜਾ ਸਿੰਘ ਬਾਰੇ ਇੱਕ ਦੋ ਗੱਲਾਂ ਇੱਥੇ ਮੈਂ ਦੱਸਣੀਆਂ ਬੇਹੱਦ ਜ਼ਰੂਰੀ ਸਮਝਦਾ ਹਾਂ। ਗਿਆਨੀ ਗਰਜਾ ਸਿੰਘ ਦਾ ਜਨਮ ਪਿੰਡ ਮਹਿਲ, ਤਹਿਸੀਲ ਬਰਨਾਲਾ, ਜ਼ਿਲ੍ਹਾ ਸੰਗਰੂਰ ਵਿਚ ਅਗਸਤ, 1904 ਵਿਚ ਹੋਇਆ ਸੀ। ਗਰਜਾ ਸਿੰਘ ਦਾ ਪਿਤਾ ਸੁਰਜਣ ਸਿੰਘ ਦੇਸ਼ ਭਗਤ ਸੀ, ਜਿਸ ਨੂੰ 13 ਅਪਰੈਲ 1919 ਦੇ ਇਤਿਹਾਸਕ ਜੱਲ੍ਹਿਆਂਵਾਲਾ ਬਾਗ ਗੋਲੀ ਕਾਂਡ ਸਮੇਂ ਗੋਲੀਆਂ ਲੱਗੀਆਂ ਸਨ। ਉਸ ਨੂੰ ਉਸ ਦੇ ਦੋ ਸਾਥੀ ਰੇਲ ਗੱਡੀ ਵਿਚ ਕਿਸੇ ਤਰ੍ਹਾਂ ਬਰਨਾਲੇ ਲੈ ਆਏ। ਦਵਾ ਦਾਰੂ ਕੀਤਾ ਪਰ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਉਹ 15 ਅਪਰੈਲ ਨੂੰ ਚਲਾਣਾ ਕਰ ਗਏ। ਗਿਆਨੀ ਗਰਜਾ ਸਿੰਘ ਨੇ ਖ਼ੁਦ ਇੱਕ ਜਾਗਰੂਕ ਦੇਸ਼ ਭਗਤ ਹੋਣ ਨਾਤੇ ਅਨੇਕਾਂ ਅਕਾਲੀ ਮੋਰਚਿਆਂ ਵਿਚ ਹਿੱਸਾ ਲਿਆ। ਦੇਸ਼ ਆਜ਼ਾਦੀ ਤੋਂ ਬਾਅਦ ਗਿਆਨੀ ਗਰਜਾ ਸਿੰਘ ਨੂੰ ਪਤਾ ਲੱਗਾ ਕਿ ਵੱਖ-ਵੱਖ ਥਾਵਾਂ ’ਤੇ ਭੱਟਾਂ ਕੋਲ ਭੱਟਾਛਰੀ ਲਿਪੀ ਵਿੱਚ ਲਿਖੀਆਂ ਮਹੱਤਵਪੂਰਨ ਲਿਖਤਾਂ ਪਈਆਂ ਹਨ। ਇਨ੍ਹਾਂ ਲਿਖਤਾਂ ਦੀ ਅਹਿਮੀਅਤ ਨੂੰ ਸਮਝਦਿਆਂ ਉਸ ਨੇ ਨਾ ਸਿਰਫ਼ ਭੱਟਾਛਰੀ ਲਿਪੀ ਹੀ ਸਿੱਖੀ, ਸਗੋਂ ਆਪਣੀ ਜ਼ਿੰਦਗੀ ਦੇ ਅਨੇਕਾਂ ਵਰ੍ਹੇ ਇਸ ਕੰਮ ਨੂੰ ਸਮਰਪਿਤ ਕਰ ਦਿੱਤੇ। ਭੱਟ ਵਹੀਆਂ ਵਿਚ ਦਰਜ ਜਾਣਕਾਰੀ ਨੂੰ ਉਸ ਨੇ ਵੱਖ-ਵੱਖ ਰਸਾਲਿਆਂ ਵਿਚ ਪ੍ਰਕਾਸ਼ਿਤ ਕਰਵਾਇਆ। ਇਹ ਜਾਣਕਾਰੀ ਉਸ ਨੇ 1960 ਤੋਂ ਆਪਣੀ ਮੌਤ 1977 ਤੱਕ ਇਕੱਠੀ ਕੀਤੀ। ਕਈ ਕਈ ਮਹੀਨੇ ਉਨ੍ਹਾਂ ਕੋਲ ਰਹਿ ਕੇ ਭੱਟ ਵਹੀਆਂ ਤੋਂ ਉਤਾਰੇ ਕਰਦੇ ਤੇ ਫੇਰ ਪ੍ਰਕਾਸ਼ਿਤ ਕਰਵਾਉਂਦੇ ਸਨ। ਗਿਆਨੀ ਗਰਜਾ ਸਿੰਘ ਦੇ ਚਲਾਣੇ ਮਗਰੋਂ ਭਾਸ਼ਾ ਵਿਭਾਗ ਪੰਜਾਬ ਦੇ ਡਾ. ਗੁਰਮੁੱਖ ਸਿੰਘ ਨੇ ਉਸ ਦੀਆਂ ਲਿਖਤਾਂ ਦਾ ਸੰਪਾਦਨ ਕਰਕੇ ਇੱਕ ਕਿਤਾਬ 2010 ਵਿਚ ਛਪਵਾਈ, ਜਿਸ ਦਾ ਨਾਂ ਹੈ ‘ਗਿਆਨੀ ਗਰਜਾ ਸਿੰਘ ਦੀ ਇਤਿਹਾਸਕ ਖੋਜ।’ ਇਸੇ ਕਿਤਾਬ ਵਿੱਚ ਭੱਟ ਗਯੰਦ ਦੇ ਪਿਤਾ ਭੱਟ ਚੋਖਾ ਦੀਆਂ ਲਿਖਤਾਂ ਵੀ ਮੌਜੂਦ ਹਨ। 20 ਮਈ, 2019 ਨੂੰ ਮੈਂ ਜੀਂਦ ਜ਼ਿਲ੍ਹੇ ਦੇ ਉਨ੍ਹਾਂ ਦੋ ਪਿੰਡਾਂ ਵਿਚ ਗਿਆ, ਜਿੱਥੋਂ ਗਿਆਨੀ ਗਰਜਾ ਸਿੰਘ ਨੂੰ ਭੱਟ ਵਹੀਆਂ ਵਿੱਚੋਂ ਉਪਰੋਕਤ ਜਾਣਕਾਰੀ ਮਿਲੀ ਸੀ। ਸਬੱਬ ਨਾਲ ਕਰਸਿੰਧੂ ਪਿੰਡ ਵਿੱਚ ਮੈਂ ਉਸ ਘਰ ਦਾ ਪਤਾ ਲਗਾ ਲਿਆ, ਜਿੱਥੇ ਗਿਆਨੀ ਗਰਜਾ ਸਿੰਘ ਕਈ ਵਰ੍ਹੇ ਪਹਿਲਾਂ ਆਉਂਦਾ ਰਿਹਾ ਸੀ। ਇਹ ਘਰ ਰਿਟਾਇਰਡ ਡੀਐੱਸਪੀ ਗੁਰਦਿਆਲ ਸਿੰਘ ਦਾ ਹੈ। ਉਹ ਇਸ ਸਮੇਂ 71 ਸਾਲ ਦਾ ਹੈ। ਉਸ ਨੇ ਮੈਨੂੰ ਦੱਸਿਆ ਕਿ ਉਦੋਂ ਉਹ ਪੰਜਵੀਂ ਛੇਵੀਂ ਜਮਾਤ ਵਿਚ ਪੜ੍ਹਦਾ ਹੁੰਦਾ ਸੀ, ਜਦੋਂ ਗਿਆਨੀ ਗਰਜਾ ਸਿੰਘ ਉਨ੍ਹਾਂ ਦੇ ਪਿਤਾ ਜੀ ਕੋਲ ਉਨ੍ਹਾਂ ਦੇ ਘਰ ਆਇਆ ਕਰਦਾ ਸੀ। ਗੁਰਦਿਆਲ ਸਿੰਘ ਖ਼ੁਦ ਵੀ ਭੱਟਾਂ ’ਚੋਂ ਹੈ ਤੇ ਗੋਤ੍ਰ ਗੌੜ ਬ੍ਰਾਹਮਣ ਹੈ। ਇਹ ਵੀ ਪਤਾ ਲੱਗਿਆ ਕਿ ਤਲੌਢਾ ਵਿੱਚ ਰਹਿਣ ਵਾਲੇ ਭੱਟ ਪਰਿਵਾਰ ਵੀ ਕਰਸਿੰਧੂ ਵਿੱਚ ਹੀ ਆ ਕੇ ਵਸ ਗਏ ਸਨ। ਕੋਈ ਚਾਰ-ਪੰਜ ਸੌ ਸਾਲ ਪੁਰਾਣੀਆਂ ਭੱਟ ਵਹੀਆਂ ਅੱਜ ਵੀ ਉੱਥੇ ਮੌਜੂਦ ਹਨ ਪਰ ਅੱਜ ਭੱਟਾਂ ਵਿੱਚੋਂ ਬਹੁਤੇ ਲੋਕ ਆਪਣਾ ਜੱਦੀ ਪੁਸ਼ਤੀ ਧੰਦਾ ਪ੍ਰੋਹਿਤਗੀਰੀ ਛੱਡ ਚੁੱਕੇ ਹਨ। ਕੋਈ ਤਿੰਨ ਚਾਰ ਜਣੇ ਹੀ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣ ਲਈ ਆਪਣਾ ਇਹ ਪਿਤਾ-ਪੁਰਖੀ ਪ੍ਰੋਹਿਤਗੀਰੀ ਦਾ ਕੰਮ ਕਰ ਰਹੇ ਹਨ। ਇਹ ਭੱਟਾਛਰੀ ਲਿਪੀ ਜਾਣਦੇ ਹਨ। ਇਸ ਸਥਿਤੀ ਵਿੱਚ ਜਦੋਂ ਭੱਟ ਵਹੀਆਂ ਅਤੇ ਭੱਟਾਂ ਦੇ ਇੱਕ ਟਿਕਾਣੇ ਦਾ ਪਤਾ ਲੱਗ ਗਿਆ ਹੈ, ਤਾਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਚਾਹੇ ਪੱਛੜ ਕੇ ਹੀ ਸਹੀ, ਉਪਰੋਕਤ ਭੱਟਾਂ ਅਤੇ ਹੋਰ ਵੀ ਜਿੱਥੇ ਕਿਤੇ ਉਹ ਹੋਣ, ਉਨ੍ਹਾਂ ਨਾਲ ਸੰਪਰਕ ਬਣਾਵੇ ਅਤੇ ਬਿਨਾਂ ਕਿਸੇ ਢਿੱਲ ਦੇ ਭੱਟਾਂ ਸਬੰਧੀ ਖੋਜ ਕਾਰਜ ਸ਼ੁਰੂ ਕਰਵਾਏ। ਸੰਪਰਕ: 98728-73066

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All