ਭੜਕਾਊ ਸਮੱਗਰੀ ਪੋਸਟ ਕਰਨ ’ਤੇ 11 ਖ਼ਿਲਾਫ਼ ਕੇਸ ਦਰਜ

ਅਲੀਗੜ੍ਹ, 11 ਜੂਨ ਸੋਸ਼ਲ ਮੀਡੀਆ ’ਤੇ ਭੜਕਾਊ ਸਮੱਗਰੀ ਪੋਸਟ ਕਰਨ ਦੇ ਦੋਸ਼ ਹੇਠ ਇੱਥੇ ਪੁਲੀਸ ਨੇ 11 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਢਾਈ ਸਾਲਾ ਬੱਚੀ ਦੇ ਕਤਲ ਤੋਂ ਬਾਅਦ ਪੈਦਾ ਹੋਏ ਤਣਾਅ ਮਗਰੋਂ ਇਲਾਕੇ ਵਿਚ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਖ਼ੈਰ ਤਹਿਸੀਲ ਵਿਚ ਇੰਟਰਨੈੱਟ ਸੇਵਾ ਅੱਜ ਸ਼ਾਮ ਹੀ ਬਹਾਲ ਕੀਤੀ ਗਈ ਹੈ। ਦਫ਼ਾ 144 ਤਹਿਤ ਘਟਨਾ ਵਾਲੀ ਥਾਂ ਟੱਪਲ ਇਲਾਕੇ ਵਿਚ ਪਾਬੰਦੀ ਦੇ ਹੁਕਮ ਜਾਰੀ ਹਨ। ਜ਼ਿਲ੍ਹਾ ਮੈਜਿਸਟਰੇਟ ਚੰਦਰ ਭੂਸ਼ਨ ਸਿੰਘ ਨੇ ਕਿਹਾ ਕਿ ਟੱਪਲ ਵਿਚ ਸਥਿਤੀ ਸ਼ਾਂਤੀਪੂਰਨ ਹੈ। ਇੰਟਰਨੈੱਟ ’ਤੇ ਸੋਮਵਾਰ ਨੂੰ ਲਾਈ ਪਾਬੰਦੀ ਪਹਿਲਾਂ ਅਗਲੇ ਦਿਨ ਵੀ ਜਾਰੀ ਰੱਖਣ ਲਈ ਕਿਹਾ ਗਿਆ ਸੀ ਪਰ ਬਾਅਦ ਵਿਚ ਇਸ ਨੂੰ ਹਟਾ ਲਿਆ ਗਿਆ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਫ਼ਰਜ਼ੀ ਤੇ ਭੜਕਾਊ ਸਮੱਗਰੀ ਪੋਸਟ ਕਰਨ ਦੇ ਮੱਦੇਨਜ਼ਰ ਇਹ ਪਾਬੰਦੀ ਲਾਈ ਗਈ ਸੀ। ਐੱਸਐੱਸਪੀ ਆਕਾਸ਼ ਕੁਲਹਰੀ ਨੇ ਕਿਹਾ ਕਿ 11 ਖ਼ਿਲਾਫ਼ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੋ ਜੂਨ ਨੂੰ ਇਕ ਕੂੜਾ ਡੰਪ ਵਿਚੋਂ ਢਾਈ ਸਾਲਾ ਬੱਚੀ ਦੀ ਲਾਸ਼ ਮਿਲਣ ਮਗਰੋਂ ਇਲਾਕੇ ਦਾ ਮਾਹੌਲ ਤਣਾਪੂਰਨ ਹੋ ਗਿਆ ਸੀ। ਬੱਚੀ ਤਿੰਨ ਦਿਨ ਤੋਂ ਲਾਪਤਾ ਸੀ। ਲੜਕੀ ਦੇ ਪਿਤਾ ਨੇ ਕਿਹਾ ਸੀ ਕਿ ਬੱਚੀ ਦਾ ਕਤਲ ਤਾਂ ਕੀਤਾ ਗਿਆ ਕਿਉਂਕਿ ਉਹ ਮੁਲਜ਼ਮਾਂ ਤੋਂ ਲਿਆ 10,000 ਰੁਪਏ ਦਾ ਕਰਜ਼ਾ ਅਦਾ ਨਹੀਂ ਕਰ ਸਕਿਆ। ਇਸ ਕੇਸ ਵਿਚ ਹੁਣ ਤੱਕ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਐਤਵਾਰ ਨੂੰ ਸੱਜੇ ਪੱਖੀ ਜਥੇਬੰਦੀਆਂ ਨੂੰ ਇਸ ਘਟਨਾ ਖ਼ਿਲਾਫ਼ ‘ਮਹਾਪੰਚਾਇਤ’ ਕਰਨ ਤੋਂ ਵੀ ਰੋਕਿਆ ਸੀ। ਟੱਪਲ ਦੇ ਸਰਕਲ ਅਧਿਕਾਰੀ ਦਾ ਵੀ ਤਬਾਦਲਾ ਕੀਤਾ ਗਿਆ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All