ਭੁੱਲਾਂ ਦੀ ਸੂਚੀ ਗੁਰੂ ਨੂੰ ਨਹੀਂ ਦੇਣੀ: ਬਾਦਲ

ਭੁੱਲਾਂ ਦੀ ਸੂਚੀ ਗੁਰੂ ਨੂੰ ਨਹੀਂ ਦੇਣੀ: ਬਾਦਲ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (ਸੱਜੇ), ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (ਖੱਬੇ), ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸੋਮਵਾਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਮੌਕੇ ਅਰਦਾਸ ਵਿਚ ਖੜ੍ਹੇ ਹੋਏ। ਫੋਟੋ: ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 10 ਦਸੰਬਰ ਸ਼੍ਰੋਮਣੀ ਅਕਾਲੀ ਦਲ ਨੇ ਇਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ’ਚ ਅਖੰਡ ਪਾਠ ਕਰਵਾ ਕੇ 10 ਸਾਲਾਂ ਦੇ ਰਾਜ ਦੌਰਾਨ ਜਾਣੇ-ਅਣਜਾਣੇ ਵਿਚ ਹੋਈਆਂ ਭੁੱਲਾਂ ਦੀ ਖਿਮਾ ਯਾਚਨਾ ਲਈ ਅਰਦਾਸ ਕੀਤੀ ਪਰ ਕਿਹੜੀਆਂ ਭੁੱਲਾਂ ਹੋਈਆਂ, ਇਹ ਦੱਸਣ ਤੋਂ ਅੱਜ ਵੀ ਪਾਰਟੀ ਆਗੂ ਟਾਲਾ ਵੱਟ ਗਏ। ਸ੍ਰੀ ਅਕਾਲ ਤਖ਼ਤ ਨੇੜੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਿਖੇ ਚੱਲੇ 48 ਘੰਟੇ ਦੇ ਅਖੰਡ ਪਾਠ ਤੋਂ ਬਾਅਦ ਅੱਜ ਜਦੋਂ ਸਮਾਪਤੀ ਦੀ ਅਰਦਾਸ ਕੀਤੀ ਗਈ ਤਾਂ ਅਰਦਾਸੀਏ ਸਿੰਘ ਭਾਈ ਸੁਲਤਾਨ ਸਿੰਘ ਨੇ ਮੁੜ ਆਰੰਭਤਾ ਦੀ ਅਰਦਾਸ ਵਾਲੇ ਸ਼ਬਦ ਦੁਹਰਾਏ। ਸੂਚਨਾ ਕੇਂਦਰ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਕੋਲੋਂ ਹੋਈਆਂ ਭੁੱਲਾਂ-ਚੁੱਕਾਂ ਦਾ ਖ਼ੁਲਾਸਾ ਕਰਨ ਤੋਂ ਟਾਲਾ ਵੱਟਿਆ ਅਤੇ ਖਿਝਦਿਆਂ ਆਖਿਆ ਕਿ ਉਨ੍ਹਾਂ ਨੇ ਗੁਰੂ ਨੂੰ ਕੋਈ ਭੁੱਲਾਂ ਦੀ ਸੂਚੀ ਨਹੀਂ ਦੇਣੀ, ਗੁਰੂ ਜਾਣੀ-ਜਾਣ ਹੈ ਅਤੇ ਬਖ਼ਸ਼ਣਹਾਰ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਉਹ ਖਿਮਾ ਯਾਚਨਾ ਸਮਾਗਮ ਨੂੰ ਕੋਈ ਸਿਆਸੀ ਸਮਾਗਮ ਨਹੀਂ ਬਣਾਉਣਾ ਚਾਹੁੰਦੇ। ‘ਅਜਿਹੇ ਸਵਾਲਾਂ ਦੇ ਜਵਾਬ ਦੇਣ ਲਈ ਹੋਰ ਕਈ ਦਿਨ ਹਨ ਅਤੇ ਉਹ ਇਨ੍ਹਾਂ ਸਾਰਿਆਂ ਦੇ ਜਵਾਬ ਦੇਣਗੇ।’ ਜ਼ਿਕਰਯੋਗ ਹੈ ਕਿ ਅਖੰਡ ਪਾਠ ਦੀ ਆਰੰਭਤਾ ਵੇਲੇ ਸ੍ਰੀ ਬਾਦਲ ਨੇ ਆਖਿਆ ਸੀ ਕਿ ਦੋ ਦਿਨਾਂ ਬਾਅਦ ਉਹ ਸਾਰੇ ਸਵਾਲਾਂ ਦੇ ਜਵਾਬ ਦੇਣਗੇ ਪਰ ਅੱਜ ਜਦੋਂ ਮੀਡੀਆ ਨੇ ਭੁੱਲਾਂ ਸਬੰਧੀ ਸਵਾਲ ਪੁੱਛੇ ਤਾਂ ਉਨ੍ਹਾਂ ਦੇ ਜਵਾਬ ਦੇਣ ਤੋਂ ਉਹ ਟਾਲਾ ਵੱਟ ਗਏ। ਸ੍ਰੀ ਬਾਦਲ ਨੇ ਆਖਿਆ,‘‘ਪਾਰਟੀ ਵੱਲੋਂ ਗੁਰੂ ਅਤੇ ਸੰਗਤ ਤੋਂ ਭੁੱਲਾਂ ਬਖ਼ਸ਼ਾਉਣ ਲਈ ਪਾਠ ਰਖਵਾਇਆ ਗਿਆ ਸੀ। ਤਿੰਨ ਦਿਨ ਨਿਮਰਤਾ ਸਹਿਤ ਗੁਰੂ ਘਰ ਵਿਚ ਸੇਵਾ ਕੀਤੀ ਅਤੇ ਗੁਰੂ ਅੱਗੇ ਮੁਆਫ਼ੀ ਦੀ ਅਪੀਲ ਕੀਤੀ ਹੈ।’’ ਉਨ੍ਹਾਂ ਆਖਿਆ ਕਿ ਗੁਰੂ ਦੇ ਨਾਲ ਨਾਲ ਗੁਰੂ ਰੂਪੀ ਸੰਗਤ ਕੋਲੋਂ ਵੀ ਉਹ ਮੁਆਫ਼ੀ ਮੰਗਦੇ ਹਨ। ਹੱਸਦੇ ਹੋਏ ਉਨ੍ਹਾਂ ਮੀਡੀਆ ਨੂੰ ਆਖਿਆ,‘‘ਅੱਜ ਜਿਸ ਕੋਲੋਂ ਵੀ ਮੁਆਫ਼ੀ ਮੰਗਵਾਉਣਾ ਚਾਹੁੰਦੇ ਹਨ, ਮੁਆਫ਼ੀ ਮੰਗਵਾ ਲਉ।’’ ਅਕਾਲੀ-ਭਾਜਪਾ ਸਰਕਾਰ ਦੇ ਸੱਤਾ ਤੋਂ ਬਾਹਰ ਹੋਣ ਦੇ ਕਰੀਬ ਦੋ ਸਾਲਾਂ ਮਗਰੋਂ ਭੁੱਲਾਂ ਸਬੰਧੀ ਮੁਆਫ਼ੀ ਮੰਗਣ ਦੀ ਯਾਦ ਆਉਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਆਖਿਆ ਕਿ ਉਹ ਜਦੋਂ ਵੀ ਗੁਰੂ ਘਰ ਆਏ ਹਨ ਤਾਂ ਗੁਰੂ ਚਰਨਾਂ ਵਿਚ ਮੁਆਫ਼ੀ ਮੰਗੀ ਹੈ ਪਰ ਅੱਜ ਸਮੁੱਚੀ ਪਾਰਟੀ ਵੱਲੋਂ ਖਿਮਾ ਯਾਚਨਾ ਕੀਤੀ ਗਈ ਹੈ। ਪਾਰਟੀ ਵੱਲੋਂ ਬਰਖ਼ਾਸਤ ਕੀਤੇ ਗਏ ਅਕਾਲੀਆਂ ਨੂੰ ਪਾਰਟੀ ਵਿਚ ਵਾਪਸ ਲੈਣ ਸਬੰਧੀ ਸਵਾਲ ਦੇ ਜਵਾਬ ਵਿਚ ਸ੍ਰੀ ਬਾਦਲ ਨੇ ਆਖਿਆ ਕਿ ਇਹ ਉਨ੍ਹਾਂ ਦੀ ਨਿੱਜੀ ਪਾਰਟੀ ਨਹੀਂ ਹੈ ਸਗੋਂ ਸਮੁੱਚੇ ਪੰਜਾਬੀਆਂ ਦੀ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਨੇ ਕਿਹਾ,‘‘ਮੇਰੀ ਉਨ੍ਹਾਂ ਅੱਗੇ ਹੱਥ ਬੰਨ੍ਹ ਕੇ ਅਪੀਲ ਹੈ ਕਿ ਪਾਰਟੀ ਮਾਂ ਹੁੰਦੀ ਹੈ ਅਤੇ ਉਹ ਮਾਂ ਕੋਲ ਪਰਤ ਆਉਣ।’’ ਪਾਰਟੀ ਦੀ ਲੀਡਰਸ਼ਿਪ ’ਚ ਤਬਦੀਲੀ ਸਬੰਧੀ ਮੰਗ ਬਾਰੇ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆਦਿ ਨੇ ਵੀ ਇਸ ਸਬੰਧੀ ਮੀਡੀਆ ਨਾਲ ਗੱਲ ਕਰਨ ਤੋਂ ਸੰਕੋਚ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All