ਭੁੱਖ ਦਾ ਇਲਾਜ ਲੱਭਦਾ ਨਾਟਕ

ਰਾਸ ਰੰਗ

ਡਾ. ਸਾਹਿਬ ਸਿੰਘ

ਰੰਗਮੰਚ ਦੇ ਰੰਗ ਵੱਖਰੇ! ਮੰਚ ਉਹੀ ਪਰ ਇਕ ਦਿਨ ਉਸਦਾ ਰੰਗ ਮੁਹੱਬਤਾਂ ਦੀ ਬਾਤ ਪਾਉਣ ਵਾਲਾ ਹੁੰਦਾ ਹੈ, ਦੂਜੇ ਦਿਨ ਨਫ਼ਰਤਾਂ ਦਾ ਭੇੜ, ਕਦੀ ਮਨੁੱਖੀ ਰਿਸ਼ਤਿਆਂ ਦੀ ਚੀਰ ਫਾੜ ਕਰਦਾ ਹੈ, ਕਦੀ ਮਿਲਾਪ ਤੇ ਵਿਛੋੜੇ ਦਾ ਦਰਦ, ਕਦੀ ਇਤਿਹਾਸ ਦੀ ਬਾਤ, ਕਦੀ ਮਿਥਿਹਾਸ ਦੀ ਪੁਨਰ ਵਿਆਖਿਆ, ਕਦੀ ਲਾਵੇ ਵਾਂਗ ਖੌਲਦਾ ਨਾਟਕ ਤੇ ਕਦੀ ਨੀਵੇਂ ਸੁਰ ਵਿਚ ਸੂਖ਼ਮ ਬਾਤ ਸਿਰਜਦਾ ਨਾਟਕ! ਰੰਗਮੰਚ ਏਸੇ ਲਈ ਨਿਆਰਾ ਹੈ। ਰੰਗਮੰਚ ਨੇ ਸਿਨਮਾ, ਟੀ.ਵੀ, ਮਲਟੀਮੀਡੀਆ, ਸੋਸ਼ਲ ਮੀਡੀਆ ਦੀ ਹਨੇਰੀ ਦੇ ਬਾਵਜੂਦ ਏਸੇ ਲਈ ਆਪਣੀ ਹੋਂਦ ਬਰਕਰਾਰ ਰੱਖੀ ਹੈ। ਅੱਜ ਵੀ ਦਰਸ਼ਕ ਨਾਟਕ ਦੇਖਣ ਜਾਂਦਾ ਹੈ ਤਾਂ ਕੋਈ ਨਵੀਂ ਗੱਲ, ਕੋਈ ਨਵਾਂ ਫ਼ਿਕਰ, ਕੋਈ ਨਿਵੇਕਲਾ ਰੰਗ ਦੇਖਣ ਜਾਂਦਾ ਹੈ। ਅਜਿਹਾ ਹੀ ਇਕ ਰੰਗ ਪਿਛਲੇ ਦਿਨੀਂ ਚੰਡੀਗੜ੍ਹ ਦੇ ਰੰਧਾਵਾ ਆਡੀਟੋਰੀਅਮ ਦੇ ਮੰਚ ਤੋਂ ਪੇਸ਼ ਹੋਇਆ। ਅਲੰਕਾਰ ਥੀਏਟਰ ਦੀ ਟੀਮ ਵੱਲੋਂ ਚਕਰੇਸ਼ ਕੁਮਾਰ ਦੀ ਨਿਰਦੇਸ਼ਨਾ ਹੇਠ ਹਿੰਦੀ ਨਾਟਕ ‘ਭੂਖ ਕਾ ਇਲਾਜ’ ਪੇਸ਼ ਕੀਤਾ ਗਿਆ ਜੋ ਕਿਸਾਨੀ ਦੇ ਸੰਕਟ ਤੇ ਸੰਘਰਸ਼ ਦੀ ਗਾਥਾ ਪੇਸ਼ ਕਰਦਾ ਹੈ। ਚਕਰੇਸ਼ ਪਿਛਲੇ ਕੁਝ ਸਮੇਂ ਤੋਂ ਇਸ ਖਿੱਤੇ ਦੇ ਰੰਗਮੰਚ ਅੰਦਰ ਆਪਣੀ ਵਿਲੱਖਣ ਪਛਾਣ ਕਾਇਮ ਕਰਨ ਦੇ ਆਹਰ ’ਚ ਹੈ। ਪਹਿਲਾਂ ‘ਅਧਿਆਪਕ’ ਤੇ ‘ਪੋਸਟਰ’ ਆਦਿ ਦੀ ਪੇਸ਼ਕਾਰੀ ਨੇ ਉਸਨੂੰ ਬਾਮਕਸਦ ਰੰਗਮੰਚ ਦੇ ਝੰਡਾ ਬਰਦਾਰ ਦੇ ਰੂਪ ਵਿਚ ਸ਼ੁਰੂਆਤੀ ਹੁਲਾਰਾ ਦਿੱਤਾ ਹੈ। ‘ਭੂਖ ਕਾ ਇਲਾਜ’ ਉਸੇ ਲੜੀ ਦਾ ਇਕ ਹਿੱਸਾ ਬਣਕੇ ਪੇਸ਼ ਹੋਇਆ ਹੈ। ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਉਹ ਅੰਨ ਦੇ ਭੰਡਾਰ ਭਰਦਾ ਹੈ, ਸਿਆੜਾਂ ’ਚ ਆਪਣਾ ਪਸੀਨਾ ਕੇਰਦਾ ਹੈ, ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਹੈ, ਪਰ ਉਸਦੇ ਆਪਣੇ ਹਿੱਸੇ ਤੰਗੀਆਂ ਤੁਰਸ਼ੀਆਂ ਹੀ ਕਿਉਂ ਆਉਂਦੀਆਂ ਹਨ, ਇਹ ਨਾਟਕ ਇਨ੍ਹਾਂ ਸਵਾਲਾਂ ਦੇ ਰੂਬਰੂ ਹੋਣ ਦੀ ਕੋਸ਼ਿਸ਼ ਕਰਦਾ ਹੈ। ਕਲਾਕਾਰਾਂ ਦੀ ਇਕ ਵੱਡੀ ਟੀਮ ਉੱਤਰੀ ਭਾਰਤ ਦੇ ਇਕ ਗ਼ਰੀਬ ਪਿੰਡ ਦਾ ਦ੍ਰਿਸ਼ ਚਿਤਰਣ ਲਈ ਕੁਝ ਸੰਵਾਦ, ਕੁਝ ਰੰਗਮੰਚੀ ਕਿਰਿਆਵਾਂ, ਕੁਝ ਗੀਤ, ਕੁਝ ਕਵਿਤਾਵਾਂ ਦੇ ਟੁਕੜੇ ਸਿਰਜ ਰਹੇ ਹਨ। ਕਲਾਕਾਰ ਮੰਚ ਉੱਤੇ ਉਵੇਂ ਹੀ ਉਬਲ ਰਹੇ ਹਨ, ਲੋਹੇਲਾਖੇ ਹੋ ਰਹੇ ਹਨ, ਰਿਝਦੇ ਤੇ ਖਿਝਦੇ ਹਨ, ਸੁਰ ਉੱਚੀ ਕਰਦੇ ਹਨ, ਲੜਨ ਮਰਨ ਤਕ ਜਾਂਦੇ ਹਨ ਜਿਵੇਂ ਕਿਸਾਨ ਸੰਕਟ ਦਰ ਸੰਕਟ ਘਿਰੀ ਜ਼ਿੰਦਗੀ ਨੂੰ ਸਾਂਵੀ ਕਰਨ ਲਈ ਤਰਲੋਮੱਛੀ ਹੁੰਦੇ ਹਨ। ਮਿਹਨਤ ਕਰਕੇ ਵੀ ਕਈ ਵਾਰ ਖੇਤਾਂ ਵਿਚ ਪੈਦਾ ਕੀਤੀ ਫ਼ਸਲ ਉਸ ਭਾਅ ਨਹੀਂ ਵਿਕਦੀ, ਜਿਸ ਨਾਲ ਉਸਦੇ ਖ਼ਰਚੇ ਪੂਰੇ ਹੋ ਜਾਣ, ਪਰਿਵਾਰ ਲਈ ਬੱਚਤ ਹੋ ਸਕੇ, ਉਸ ਦੀਆਂ ਲੋੜਾਂ ਦੀ ਪੂਰਤੀ ਹੋ ਸਕੇ। ਕਲਾਕਾਰ ਰੋਣ ਹਾਕੇ ਹੋ ਰਹੇ ਹਨ, ਕਿਸਾਨ ਕਦੇ ਖੇਤ ਵਿਚ ਖੜੀ ਫ਼ਸਲ ਨੂੰ ਵਾਹ ਸੁੱਟਦਾ ਹੈ, ਕਦੇ ਸੜਕਾਂ ’ਤੇ ਸੁੱਟਣ ਲਈ ਮਜਬੂਰ ਹੁੰਦਾ ਹੈ। ਕਲਾਕਾਰ ਤੇਜ਼ੀ ਨਾਲ ਇਕ ਦ੍ਰਿਸ਼ ’ਚੋਂ ਦੂਜੇ ਦ੍ਰਿਸ਼ ਵਿਚ ਪ੍ਰਵੇਸ਼ ਕਰ ਰਹੇ ਹਨ। ਉਨ੍ਹਾਂ ਦੀ ਕਾਹਲ, ਉਨ੍ਹਾਂ ਦੇ ਕੰਬਦੇ ਹੱਥ, ਮੱਥਿਆਂ ਦੇ ਵੱਟ, ਅੱਖਾਂ ਦੀ ਘੂਰ ਦਰਸ਼ਕ ਨੂੰ ਸੋਚਣ ਲਈ ਮਜਬੂਰ ਕਰਦੇ ਹਨ ਕਿ ਇਹ ਜੋ ਮਾਸੂਮ, ਭੋਲੇ ਭਾਲੇ ਪੇਂਡੂ ਕਰਕੇ ਜਾਣੇ ਜਾਂਦੇ ਹਨ, ਇਨ੍ਹਾਂ ਦੀ ਰੂਹ ਪ੍ਰਸੰਨ ਕਿਉਂ ਨਹੀਂ! ਇਹ ਜੋ ਫ਼ਿਕਰਾਂ ਦੀ ਪੰਡ ਚੁੱਕੀ ਮੰਚ ਤੋਂ ਦਹਾੜ ਰਹੇ ਹਨ, ਇਹ ਸਮਾਜ ਦੀ ਉਸ ਧਿਰ ਦੀ ਬਾਤ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸਨੇ ਦਿੱਤਾ ਬਹੁਤ ਕੁਝ ਹੈ, ਪਰ ਉਸਨੂੰ ਮਿਲਿਆ ਨਾਂਮਾਤਰ ਹੈ।

ਡਾ. ਸਾਹਿਬ ਸਿੰਘ

ਕਿਰਦਾਰਾਂ ਦੇ ਨਾਮ ਭਾਵਪੂਰਤ ਰੱਖੇ ਗਏ ਹਨ। ਪਰਸ਼ੋਤਮ, ਪ੍ਰਤਿਗਿਆ, ਪਰੰਪਰਾ, ਕਵਿਤਾ! ਪਰਸ਼ੋਤਮ ਚਾਰੇ ਪਾਸਿਓਂ ਘਿਰ ਗਿਆ ਹੈ। ਘਰ ਤੇ ਖੇਤਾਂ ਦਾ ਬਟਵਾਰਾ, ਘਰੇਲੂ ਕਲੇਸ਼, ਸਿਰ ’ਤੇ ਚੜ੍ਹਦਾ ਕਰਜ਼ਾ ਆਦਿ ਅਨੇਕਾਂ ਅਲਾਮਤਾਂ ਉਸਨੂੰ ਚਿੰਬੜੀਆਂ ਹਨ, ਪਰ ਉਹ ਜਿਉਣਾ ਲੋਚਦਾ ਹੈ। ਖ਼ੁਸ਼ਹਾਲੀ ਦੀ ਭਾਲ ਵਿਚ ਮਸ਼ੀਨਰੀ ਦੇ ਲੜ ਲੱਗਣਾ ਮਜਬੂਰੀ ਹੈ। ਘਰ ’ਚ ਟਰੈਕਟਰ ਆ ਗਿਆ ਹੈ, ਪਰ ਬੈਂਕ ਤੋਂ ਚੁੱਕੇ ਕਰਜ਼ ਦੀ ਵਾਪਸੀ ਕਿਵੇਂ ਹੋਵੇ, ਕਿਸ਼ਤਾਂ ਕਿਵੇਂ ਮੁੜਨ! ਉਸਨੂੰ ਨਾ ਵਰਤਮਾਨ ਸੁਨਹਿਰੀ ਦਿਖਾਈ ਦੇ ਰਿਹਾ ਹੈ ਤੇ ਨਾ ਹੀ ਭਵਿੱਖ, ਉਹ ਫਿਰ ਵੀ ਲੜ ਰਿਹਾ ਹੈ। ਪਰੰਪਰਾ ਕਵਿਤਾ ਦੇ ਘਰ ਦਸਤਕ ਦੇਣਾ ਲੋਚਦੀ ਹੈ, ਪ੍ਰਤਿਗਿਆ ਝੂਠੀ ਪੈਂਦੀ ਲੱਗ ਰਹੀ ਹੈ। ਸਰਕਾਰੀ ਅੰਕੜੇ ਅਸਲ ਅੰਕੜਿਆਂ ਤੋਂ ਉਲਟ ਭੁਗਤ ਰਹੇ ਹਨ। ਨਾਟਕ ਸਵਾਲ ਕਰਦਾ ਹੈ ਕਿ ਪੈਸਟੀਸਾਈਡ ਬਣਾਉਣ ਵਾਲੀਆਂ ਕੰਪਨੀਆਂ ਦਾ ਮੁਨਾਫ਼ਾ ਕੁਝ ਹੋਰ ਤਸਵੀਰ ਦਿਖਾ ਰਿਹਾ ਹੈ, ਪਰ ਇਨ੍ਹਾਂ ਹੀ ਪੈਸਟੀਸਾਈਡ ਦੀ ਵਰਤੋਂ ਕਰਕੇ ਆਪਣੀ ਫ਼ਸਲ ਨੂੰ ਕੀੜਿਆਂ ਤੋਂ ਬਚਾਉਣ ਵਾਲਾ ਕਿਸਾਨ ਜਦੋਂ ਆਪਣੀ ਤਸਵੀਰ ਦੇਖਦਾ ਹੈ ਤਾਂ ਉਹ ਧੂੜ ਨਾਲ ਲਥਪਥ ਹੈ। ਅੰਕੜੇ ਕਿਸਾਨ ਦੀ ਆਤਮਹੱਤਿਆ ਦਾ ਕਾਰਨ ਉਸਦੀ ਫਿਜ਼ੂਲ ਖ਼ਰਚੀ, ਖਾਣ ਪੀਣ ਦੱਸ ਰਹੇ ਹਨ, ਪਰ ਸੱਚੀਮੁਚੀਂ ਦੀ ਜ਼ਿੰਦਗੀ ਲਈ ਤਾਂਘਦਾ ਕਿਸਾਨ ਇਹ ਕਿਵੇਂ ਹਜ਼ਮ ਕਰ ਲਵੇ! ਕਲਾਕਾਰ ਅੰਤ ਵਿਚ ਆਤਮਹੱਤਿਆ ਦਾ ਰਾਹ ਰੱਦ ਕਰਕੇ ਸੰਘਰਸ਼ ਦੇ ਰਾਹ ਪੈਂਦਾ ਹੈ। ਕਲਾਕਾਰ ਪਲ ਭਰ ਲਈ ਫਰੀਜ਼ ਹੁੰਦੇ ਹਨ, ਪਰ ਅਗਲੇ ਹੀ ਪਲ ਸੰਘਰਸ਼ ਦਾ ਗੀਤ ਗਾਉਂਦੇ ਆਡੀਟੋਰੀਅਮ ਤੋਂ ਬਾਹਰ ਖੁੱਲ੍ਹੇ ਵਿਹੜੇ ਵਿਚ ਪਹੁੰਚ ਜਾਂਦੇ ਹਨ, ਦਰਸ਼ਕ ਮਗਰ ਮਗਰ ਤੁਰਦਾ ਹੈ, ਕਲਾਕਾਰਾਂ ਦੀਆਂ ਜੋਸ਼ ਨਾਲ ਕੰਬਦੀਆਂ ਬਾਹਾਂ ਨੂੰ ਖੁੱਲ੍ਹੇ ਅੰਬਰ ਹੇਠ ਚੁਣੌਤੀ ਸਿਰਜਦਿਆਂ ਦੇਖ ਰਿਹਾ ਹੈ। ਦਰਸ਼ਕ ਉੱਤਰੀ ਭਾਰਤ ਦੇ ਕਿਸੇ ਪਿੰਡ ਦੀ ਸੱਥ ਵਿਚ ਪਹੁੰਚ ਗਿਆ ਹੈ। ਉਹ ਸਾਫ਼ ਦੇਖ ਰਿਹਾ ਹੈ ਕਿ ਸਖ਼ਤ ਘਾਲਣਾ ਕਰਕੇ ਕਮਾਏ ਸਰੀਰ ਐਡੀ ਛੇਤੀ ਭੁਰਨ ਵਾਲੀ ਮਿੱਟੀ ਦੇ ਨਹੀਂ ਬਣੇ ਹੋਏ, ਉਹ ਟੱਕਰ ਲੈਣਗੇ। ਨਾਟਕ ਦੇ ਕਲਾਈਮੈਕਸ ਦਾ ਪ੍ਰਭਾਵ ਪ੍ਰਚੰਡ ਹੈ, ਪਰ ਸਮੁੱਚਾ ਨਾਟਕ ਉਸ ਪ੍ਰਭਾਵ ਨੂੰ ਨਿਰੰਤਰ ਬਣਾਈ ਰੱਖਣ ਤੋਂ ਉੱਕਿਆ ਹੋਇਆ ਹੈ। ਨਾਟਕ ਦੀ ਪਟਕਥਾ ਟੁਕੜਿਆਂ ਵਿਚ ਵੰਡੀ ਹੋਈ ਹੈ। ਇਹ ਨਵੀਂ ਘਾੜਤ ਨਹੀਂ, ਪਹਿਲਾਂ ਵੀ ਅਜ਼ਮਾਈ ਗਈ ਹੈ, ਪਰ ਟੁਕੜਿਆਂ ਨੂੰ ਸਹੀ ਤਰਤੀਬ ਦੇਣਾ ਹੀ ਨਾਟਕਕਾਰ ਅਤੇ ਨਿਰਦੇਸ਼ਕ ਦਾ ਮੁੱਢਲਾ ਫਰਜ਼ ਹੈ। ਹਰ ਨਾਟਕ ਦੇ ਕਿਤੇ ਧੁਰ ਅੰਦਰ ਉਸਦੀ ਕੇਂਦਰੀ ਚੂਲ ਦਾ ਵਾਸਾ ਹੁੰਦਾ ਹੈ। ਕਦੇ ਇਹ ਸਪੱਸ਼ਟ ਹੁੰਦੀ ਹੈ ਤੇ ਕਦੇ ਇਸ਼ਾਰਾ ਮਾਤਰ ਆਪਣੀ ਹੋਂਦ ਦਾ ਅਹਿਸਾਸ ਜਗਾਈ ਰੱਖਦੀ ਹੈ, ਪਰ ਇੱਥੇ ਚਕਰੇਸ਼ ਉਕਾਈ ਕਰ ਬੈਠਾ ਹੈ। ਆਪਣਾ ਧਿਆਨ ਉਸ ਕੇਂਦਰ ਬਿੰਦੂ ’ਤੇ ਸਥਿਰ ਨਹੀਂ ਕਰ ਸਕਿਆ। ਫਲਸਰੂਪ ਬਹੁਤ ਕੁਝ ਕਹਿ ਦੇਣ ਦੇ ਲਾਲਚ ਵਸ ਉਸ ਤਣਾਅ ਦੀ ਡੋਰ ਵਾਰ ਵਾਰ ਢਿੱਲੀ ਛੱਡਦਾ ਹੈ ਜਿਸ ਡੋਰ ਨੇ ਦਰਸ਼ਕ ਨੂੰ ਕੱਸ ਕੇ ਰੱਖਣਾ ਸੀ। ਕਿਸਾਨੀ ਸੰਕਟ ਬੜਾ ਗਹਿਰਾ ਹੈ, ਇਸਦੇ ਪਾਸਾਰ ਵਡੇਰੇ ਹਨ, ਕਾਰਨਾਂ ਦੀ ਖੋਜ ਕਰਦਿਆਂ ਬੁਰੇ ਦੇ ਘਰ ਤਕ ਜਾਣਾ ਪਵੇਗਾ। ਜੇ ਜ਼ਰਾ ਵੀ ਉਕਾਈ ਹੋ ਗਈ ਤਾਂ ਅਸੀਂ ਸਤਹੀ ਵਿਸ਼ਲੇਸ਼ਣ ਦੇਣ ਦਾ ਗੁਨਾਹ ਕਰ ਬੈਠਾਂਗੇ ਤੇ ਹਾਲ ’ਚ ਬੈਠਾ ਸ਼ਹਿਰੀ ਦਰਸ਼ਕ ਮਸਲੇ ਦੀ ਕੋਈ ਓਪਰੀ ਤੰਦ ਫੜ ਕੇ ਨਿਰਣੇ ਤਕ ਪਹੁੰਚ ਜਾਏਗਾ। ਅਲੰਕਾਰ ਥੀਏਟਰ ਦੀ ਟੀਮ ਨੂੰ ਫ਼ਿਕਰਮੰਦੀ ਜ਼ਾਹਰ ਕਰਦਾ ਨਾਟਕ ਪੇਸ਼ ਕਰਨ ਲਈ ਪਿੱਠ ’ਤੇ ਥਾਪੜਾ, ਪਰ ਫ਼ਿਕਰਮੰਦੀ ਦੀ ਗੰਭੀਰਤਾ ’ਚ ਉਕਾਈ ਕਰਨ ਲਈ ਗੱਲ੍ਹ ’ਤੇ ਹਲਕਾ ਜਿਹਾ ਠੋਲਾ!

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All