ਭੀਲਵਾੜਾ ਨੂੰ ਇਟਲੀ ਬਣਨ ਤੋਂ ਰੋਕੇਗੀ ਰਾਜਸਥਾਨ ਸਰਕਾਰ

ਅਜਮੇਰ ’ਚ ਕਰੋਨਾਵਾਇਰਸ ਦੇ ਸ਼ੱਕੀ ਨੂੰ ਲੈ ਕੇ ਜਾਂਦੇ ਹੋਏ ਸਿਹਤ ਮੁਲਾਜ਼ਮ। -ਫੋਟੋ: ਪੀਟੀਆਈ

ਜੈਪੁਰ, 24 ਮਾਰਚ ਰਾਜਸਥਾਨ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਰਾਜ ਵਿੱਚ ਸਿਹਤ ਐਮਰਜੈਂਸੀ ਐਨਾਨੀ ਜਾ ਚੁੱਕੀ ਕਰੋਨਾਵਾਇਰਸ ਬਿਮਾਰੀ ਦੇ ਟਾਕਰੇ ਲਈ ਸਿਹਤ ਪ੍ਰਬੰਧਨ ਵਾਸਤੇ ਅੱਜ ਵਧੀਕ ਮੁੱਖ ਸਕੱਤਰ ਦੀ ਅਗਵਾਈ ਹੇਠ ਇਕ ਨੌਂ-ਮੈਂਬਰੀ ਕੰਟਰੋਲ ਸਥਾਪਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਵਿੱਚ ਭੀਲਵਾੜਾ ਤੇ ਝੁਨਝਨੂ ’ਚ 17 ਸ਼ੱਕੀ ਵਿਅਕਤੀਆਂ ਦੀਆਂ ਟੈਸਟ ਰਿਪੋਰਟਾਂ ਪਾਜ਼ੇਟਿਵ ਆ ਚੁੱਕੀਆਂ ਹਨ। ਵਧੀਕ ਮੁੱਖ ਸਕੱਤਰ ਨੇ ਉਨ੍ਹਾਂ ਅਫ਼ਵਾਹਾਂ ਨੂੰ ਨਿਰਆਧਾਰ ਕਰਾਰ ਦਿੱਤਾ ਹੈ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਭੀਲਵਾੜਾ, ਇਟਲੀ ਬਣ ਚੁੱਕਾ ਹੈ। ਉਨ੍ਹਾਂ ਲੋਕਾਂ ਨੂੰ ਨਾ ਡਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭੀਲਵਾੜਾ ਨੂੰ ਕਦੇ ਵੀ ਇਟਲੀ ਨਹੀਂ ਬਣਨ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਭੀਲਵਾੜਾ ਤੇ ਝੁਨਝਨੂ ਜ਼ਿਲ੍ਹੇ ਰਾਜਸਥਾਨ ਵਿੱਚ ਸਭ ਤੋਂ ਸੰਵੇਦਨਸ਼ੀਲ ਹੋ ਕੇ ਉੱਭਰੇ ਹਨ। ਐਤਵਾਰ ਤੇ ਸੋਮਵਾਰ ਨੂੰ ਭੀਲਵਾੜਾ ਵਿੱਚ 13 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਸੀ ਜਦੋਂਕਿ ਝੁਨਝਨੂ ਵਿੱਚ ਚਾਰ ਕੇਸਾਂ ਦੀ ਪੁਸ਼ਟੀ ਹੋਈ ਸੀ। ਉਸ ਤੋਂ ਬਾਅਦ ਇਨ੍ਹਾਂ ਦੋਵੇਂ ਜ਼ਿਲ੍ਹਿਆਂ ਵਿੱਚ ਜੰਗੀ ਪੱਧਰ ’ਤੇ ਲੋਕਾਂ ਦੀ ਸਕਰੀਨਿੰਗ ਦੀ ਕਾਰਵਾਈ ਸ਼ੁਰੂ ਹੋ ਗਈ। ਰਾਜਸਥਾਨ ਦੇ ਸਿਹਤ ਮੰਤਰੀ ਰਘੂ ਸ਼ਰਮਾ ਨੇ ਕਿਹਾ ਕਿ ਪਾਜ਼ੇਟਿਵ ਪਾਏ ਗਏ 13 ਮਰੀਜ਼ਾਂ ਨੂੰ ਏਕਾਂਤਵਾਸ ਵਿੱਚ ਰੱਖਿਆ ਗਿਆ ਹੈ। ਸੂਬਾ ਸਰਕਾਰ ਦੇ ਸਿਹਤ ਵਿਭਾਗ ਦੀ ਚੌਕਸੀ ਕਾਰਨ ਹਾਲਾਤ ਕਾਬੂ ਹੇਠ ਹਨ। ਉਨ੍ਹਾਂ ਕਿਹਾ ਕਿ 19 ਤੋਂ 24 ਮਾਰਚ ਤੱਕ ਭੀਲਵਾੜਾ ਵਿੱਚ 70 ਹਜ਼ਾਰ ਪਰਿਵਾਰਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ ਅਤੇ ਕਰੀਬ ਤਿੰਨ ਲੱਖ ਲੋਕਾਂ ਦਾ ਸਰਵੇਖਣ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ 19 ਮਾਰਚ ਨੂੰ ਭੀਲਵਾੜਾ ਵਿੱਚ ਕੁਝ ਸ਼ੱਕੀ ਮਰੀਜ਼ਾਂ ਬਾਰੇ ਸੂਚਨਾ ਮਿਲਣ ’ਤੇ ਬਿਨਾਂ ਕਿਸੇ ਦੇਰੀ ਤੋਂ ਰੈਪਿਡ ਰਿਸਪੌਂਸ ਟੀਮ ਦੇ 300 ਮੈਂਬਰ ਉੱਥੇ ਭੇਜੇ ਗਏ। ਵਧੀਕ ਮੁੱਖ ਸਕੱਤਰ (ਸਿਹਤ) ਨੇ ਕਿਹਾ ਕਿ ਭੀਲਵਾੜਾ ਵਿੱਚ 263 ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ 38 ਮਰੀਜ਼ ਏਕਾਂਤਵਾਸ ਵਿੱਚ ਹਨ। ਪਿਛਲੇ ਦੋ ਦਿਨਾਂ ਵਿੱਚ ਪਾ਼ਜ਼ੇਟਿਵ ਪਾਏ ਗਏ 13 ਮਰੀਜ਼ਾਂ ਦੇ ਘਰਾਂ ਨੂੰ ਕੀਟਾਣੂਮੁਕਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ 137 ਲੋਕਾਂ ਦੇ ਸੈਂਪਲ ਲਏ ਗਏ ਹਨ। ਜ਼ਿਲ੍ਹੇ ਵਿੱਚ ਰੋਗ ਨੂੰ ਫੈਲਣ ਤੋਂ ਰੋਕਣ ਲਈ ਕਰਫਿਊ ਜਾਰੀ ਹੈ। ਇਸ ਤੋਂ ਇਲਾਵਾ ਝੁਨਝਨੂ ਜ਼ਿਲ੍ਹੇ ਵਿੱਚ ਮੰਗਲਵਾਰ ਤੱਕ 61 ਸੈਂਪਲ ਲਏ ਗਏ, ਜਿਨ੍ਹਾਂ ਵਿੱਚੋਂ ਚਾਰ ਪਾਜ਼ੇਟਿਵ ਪਾਏ ਗਏ।

-ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All