ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ

ਹਿੰਦੋਸਤਾਨ ਦੇ ਪਹਿਲੇ ਅਖ਼ਬਾਰ ‘ਬੰਗਾਲ ਗਜ਼ਟ’ ਦੀ ਸ਼ੁਰੂਆਤ ਜੇਮਜ਼ ਅਗਸਤਸ ਹਿੱਕੀ ਨਾਮੀ ਅੰਗਰੇਜ਼ ਨੇ 29 ਜਨਵਰੀ 1780 ਨੂੰ ਕਲਕੱਤਾ ਦੀ ਧਰਤੀ ’ਤੇ ਕੀਤੀ। ਬੰਗਾਲ ਗਜ਼ਟ ਨੂੰ ‘ਕਲਕੱਤਾ ਜਨਰਲ ਐਡਵਰਟਾਈਜ਼ਰ’ ਅਤੇ ‘ਹਿੱਕੀਜ਼ ਗਜ਼ਟ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਇਸ ਮਗਰੋਂ ਹੀ ਹਿੰਦੋਸਤਾਨ ਵਿਚ ਵੱਖ ਵੱਖ ਅਖ਼ਬਾਰ ਹੋਂਦ ਵਿਚ ਆਏ ਜਿਨ੍ਹਾਂ ਨੇ ਮੁਲਕ ਦੀ ਆਜ਼ਾਦੀ ਦੇ ਘੋਲ ਵਿਚ ਵਡਮੁੱਲਾ ਯੋਗਦਾਨ ਪਾਇਆ।

1780 ਵਿਚ ਸ਼ੁਰੂ ਹੋਏ ‘ਬੰਗਾਲ ਗਜ਼ਟ’ ਦੇ ਸੰਨ 1781 ਦੇ ਇਕ ਅੰਕ ਦਾ ਪੰਨਾ।

ਗੁਰਪ੍ਰਵੇਸ਼ ਸਿੰਘ ਢਿੱਲੋਂ ਵਿਰੋਧੀ ਸੁਰ

ਚੌਵੀ ਅਗਸਤ 1600 ਨੂੰ ਅੰਗਰੇਜ਼ਾਂ ਨੇ ਹਿੰਦੋਸਤਾਨ ਦੀ ਧਰਤੀ ’ਤੇ ਵਪਾਰ ਅਤੇ ਇਸਾਈ ਧਰਮ ਦੇ ਫੈਲਾਅ ਦੀ ਮਨਸ਼ਾ ਨਾਲ ਹੀ ਪੈਰ ਧਰਿਆ ਸੀ, ਪਰ ਬਾਅਦ ਵਿਚ ਉਨ੍ਹਾਂ ਜੱਕੋ-ਤੱਕੀ ’ਚ ਇੱਥੇ ਆਪਣਾ ਰਾਜ ਹੀ ਕਾਇਮ ਕਰ ਲਿਆ। ਆਪਣੀ ਹਕੂਮਤ ਦੇ ਸਾਲਾਂ ਦੌਰਾਨ ਉਨ੍ਹਾਂ ਨੇ ਇੱਥੇ ਕਈ ਕਿਸਮ ਦੇ ਪ੍ਰਸ਼ਾਸਨਿਕ, ਸਮਾਜਿਕ, ਤਕਨੀਕੀ, ਕਾਨੂੰਨੀ ਅਤੇ ਹੋਰ ਸੁਧਾਰ ਕੀਤੇ। ਚਾਹੇ ਇਨ੍ਹਾਂ ਸੁਧਾਰਾਂ ਨੂੰ ਅਣਚਿਤਵੇ ਜਾਂ ਨਿੱਜੀ ਹਿੱਤਾਂ ਦੀ ਪੂਰਤੀ ਲਈ ਕੀਤੇ ਮੰਨਿਆ ਜਾਂਦਾ ਹੈ, ਪਰ ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਇਨ੍ਹਾਂ ਸੁਧਾਰਾਂ ਸਦਕਾ ਹੀ ਹਿੰਦੋਸਤਾਨ ਵਿਚ ਕਈ ਇਨਕਲਾਬਾਂ ਨੂੰ ਹੁਲਾਰਾ ਮਿਲਿਆ। ਸਾਡੇ ਮੁਲਕ ਵਿਚ ਜਨਸੰਚਾਰ ਦੀ ਮੋੜ੍ਹੀ ਗੱਡਣ ਵਾਲੇ ਵੀ ਅੰਗਰੇਜ਼ ਹੀ ਸਨ। ਅੱਗੇ ਚੱਲ ਕੇ ਜਨਸੰਚਾਰ ਦੇ ਸ਼ਕਤੀਸ਼ਾਲੀ ਹਥਿਆਰ ‘ਅਖ਼ਬਾਰ’ ਨੇ ਹੀ ਦੇਸ਼ ਦੀ ਆਜ਼ਾਦੀ ਲਈ ਰਾਹ ਪੱਧਰਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਹਿੰਦੋਸਤਾਨ ਦੇ ਪਹਿਲੇ ਅਖ਼ਬਾਰ ‘ਬੰਗਾਲ ਗਜ਼ਟ’ ਦੀ ਸ਼ੁਰੂਆਤ ਜੇਮਜ਼ ਅਗਸਤਸ ਹਿੱਕੀ ਨਾਮੀ ਅੰਗਰੇਜ਼ ਨੇ 29 ਜਨਵਰੀ 1780 ਨੂੰ ਕਲਕੱਤਾ ਦੀ ਧਰਤੀ ’ਤੇ ਕੀਤੀ। ਬੰਗਾਲ ਗਜ਼ਟ ਨੂੰ ‘ਕਲਕੱਤਾ ਜਨਰਲ ਐਡਵਰਟਾਈਜ਼ਰ’ ਅਤੇ ‘ਹਿੱਕੀਜ਼ ਗਜ਼ਟ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਹਰ ਸ਼ਨਿੱਚਰਵਾਰ ਛਪਦਾ ਹਫ਼ਤਾਵਾਰੀ ਬੰਗਾਲ ਗਜ਼ਟ 12 ਇੰਚ ਲੰਮਾ, 8 ਇੰਚ ਚੌੜਾ, ਚਾਰ ਪੰਨਿਆਂ ਦਾ ਪੱਤਰ ਸੀ ਜਿਸ ਨੂੰ ਤਿੰਨ ਕਾਲਮਾਂ ਵਿਚ ਵੰਡਿਆ ਹੋਇਆ ਸੀ। ਇਸ ਅਖ਼ਬਾਰ ਦੀ ਸ਼ੁਰੂਆਤ ਉਨ੍ਹਾਂ ਵੇਲਿਆਂ ’ਚ ਹੋਈ, ਜਦੋਂ ਪੂਰੀ ਦੁਨੀਆ ’ਚ ਕਈ ਅਹਿਮ ਘਟਨਾਵਾਂ ਅੰਗੜਾਈਆਂ ਭੰਨ ਰਹੀਆਂ ਸਨ। 1776 ’ਚ ਅੰਗਰੇਜ਼ਾਂ ਨੇ ਆਪਣੀ ਪਹਿਲੀ ਕਲੋਨੀ, ਅਮਰੀਕਾ, ਗੁਆ ਲਈ ਸੀ ਅਤੇ ਫਰਾਂਸ ਵਿਚ ਇਨਕਲਾਬ ਦੀ ਫਿਜ਼ਾ ਰੁਮਕਣ ਲੱਗੀ ਸੀ। ਇਸ ਹਵਾ ਦੇ ਬੁੱਲੇ ਹਿੰਦੋਸਤਾਨ ਦੀ ਤਤਕਾਲੀ ਰਾਜਧਾਨੀ ਕਲਕੱਤਾ ਵਿਚ ਵੀ ਆਉਣ ਲੱਗੇ ਸਨ।

ਬੰਗਾਲ ਗਜ਼ਟ ਦਾ ਬਾਨੀ ਜੇਮਜ਼ ਅਗਸਤਸ ਹਿੱਕੀ।

ਆਇਰਲੈਂਡ ਦੇ ਜੰਮਪਲ ਹਿੱਕੀ ਨੇ ਇੰਗਲੈਂਡ ’ਚ ਰਹਿੰਦਿਆਂ ਕਈ ਧੰਦਿਆਂ ਵਿਚ ਕਿਸਮਤ ਅਜ਼ਮਾਈ, ਪਰ ਸਭ ਪਾਸੇ ਘਾਟਾ ਹੀ ਪੇਸ਼ ਪਿਆ। ਅਖੀਰ ਫ਼ਰਵਰੀ 1773 ਵਿਚ ਉਹ ਹਿੰਦੋਸਤਾਨ ਆਇਆ ਅਤੇ ਸਮੁੰਦਰੀ ਵਪਾਰ ਕਰਨ ਲੱਗਾ। ਇੱਥੇ ਵੀ ਬੁਰੇ ਹਾਲਾਤ ਨੇ ਉਸ ਦਾ ਪਿੱਛਾ ਨਾ ਛੱਡਿਆ ਅਤੇ ਇਕ ਦਿਨ ਭਾਰੀ ਤੂਫ਼ਾਨ ਕਾਰਨ ਉਸ ਦਾ ਜਹਾਜ਼ ਡੁੱਬ ਗਿਆ ਜਿਸ ਦੇ ਚੱਲਦਿਆਂ ਉਸ ਦੀ ਆਰਥਿਕ ਹਾਲਤ ਡਾਵਾਂਡੋਲ ਹੋ ਗਈ। ਕਰਜ਼ਦਾਰ ਹੋਣ ਅਤੇ ਕਰਜ਼ਾ ਨਾ ਮੋੜ ਸਕਣ ਕਾਰਨ ਉਸ ਨੂੰ ਜੇਲ੍ਹ ਜਾਣਾ ਪਿਆ। ਇਸੇ ਜੇਲ੍ਹ ’ਚ ਰਹਿੰਦਿਆਂ ਉਸ ਨੇ ਛਪਾਈ ਦਾ ਸਾਮਾਨ ਖ਼ਰੀਦਿਆ ਅਤੇ ਛਪਾਈ ਦੇ ਧੰਦੇ ਵਿਚ ਪੈ ਗਿਆ। ਇਹੀ ਧੰਦਾ ਅੱਗੇ ਚੱਲ ਕੇ ਬੰਗਾਲ ਗਜ਼ਟ ਦੇ ਜਨਮ ਦਾ ਸਬੱਬ ਬਣਿਆ। ਜੇਮਜ਼ ਅਗਸਤਸ ਹਿੱਕੀ ਇਸ ਗੱਲੋਂ ਜਾਣੂ ਸੀ ਕਿ ਉਸ ਦਾ ਅੰਗਰੇਜ਼ ਹੋਣਾ ਆਮ ਪਾਠਕਾਂ ਨੂੰ ਇਸ ਅਖ਼ਬਾਰ ਦੇ ਈਸਟ ਇੰਡੀਆ ਕੰਪਨੀ ਪੱਖੀ ਹੋਣ ਦਾ ਪ੍ਰਭਾਵ ਦੇ ਸਕਦਾ ਹੈ। ਇਸ ਭੁਲੇਖੇ ਨੂੰ ਦੂਰ ਕਰਨ ਲਈ ਉਸ ਨੇ ਅਖ਼ਬਾਰ ਦੇ ਨਾਮ (ਮਾਸਟਹੈੱਡ) ਹੇਠਾਂ ਇਕ ਨਾਅਰਾ ‘ਬੰਗਾਲ ਗਜ਼ਟ- ਸਰਬ ਸਾਂਝਾ ਹਫ਼ਤਾਵਾਰੀ ਸਿਆਸੀ ਅਤੇ ਵਪਾਰਕ ਪੱਤਰ ਜਿਹੜਾ ਕਿਸੇ ਪਾਰਟੀ ਦੇ ਪ੍ਰਭਾਵ ਥੱਲੇ ਨਹੀਂ’ ਲਿਖਿਆ। ਹਿੱਕੀ ਨੇ ਆਪਣੇ ਅਖ਼ਬਾਰ ’ਚ ਹਰ ਉਸ ਖ਼ਬਰ ਨੂੰ ਜਗ੍ਹਾ ਦਿੱਤੀ ਜੋ ਕਲਕੱਤਾ ਲਈ ਮਹੱਤਵ ਰੱਖਦੀ ਸੀ। ਸੜਕਾਂ ਦੀ ਖਸਤਾ ਹਾਲਤ ਤੋਂ ਲੈ ਕੇ ਅੰਗਰੇਜ਼ ਅਫ਼ਸਰਾਂ ਦੇ ਆਲੀਸ਼ਾਨ ਬੰਗਲਿਆਂ ’ਚ ਹੁੰਦੇ ਭ੍ਰਿਸ਼ਟਾਚਾਰ ਤੱਕ ਦੀਆਂ ਸਭ ਖ਼ਬਰਾਂ ਨੂੰ ਹਿੱਕੀ ਨੇ ਬੜੀ ਹਿੰਮਤ ਅਤੇ ਦਲੇਰੀ ਨਾਲ ਛਾਪਿਆ। ਮਿਸਾਲ ਵਜੋਂ ਪੁਰਤਗਾਲੀਆਂ ਦੇ ਕਬਰਸਤਾਨ ਕੋਲ ਰਹਿੰਦੇ ਬੰਗਾਲ ਗਜ਼ਟ ਦੇ ਇਕ ਪੱਤਰਕਾਰ ਨੇ ਖ਼ਬਰ ਛਾਪੀ ਕਿ ਇਸ ਛੋਟੇ ਜਿਹੇ ਕਬਰਸਤਾਨ ’ਚ ਹਰ ਵਰ੍ਹੇ 400 ਮੁਰਦੇ ਬਿਨਾਂ ਤਾਬੂਤਾਂ ਤੋਂ ਦਫ਼ਨਾਏ ਜਾਂਦੇ ਹਨ ਅਤੇ ਮੌਨਸੂਨ ’ਚ ਤੇਜ਼ ਬਾਰਸ਼ਾਂ ਕਾਰਨ ਇਨ੍ਹਾਂ ਕਬਰਾਂ ਦੀ ਮਿੱਟੀ ਖੁਰ ਜਾਂਦੀ ਹੈ। ਕਬਰਾਂ ’ਚ ਸੜਦੀਆਂ ਇਨ੍ਹਾਂ ਲਾਸ਼ਾਂ ਦੇ ਟੁਕੜੇ ਮੀਂਹ ਵਾਲੇ ਪਾਣੀ ’ਚ ਘੁਲ ਕੇ ਪੀਣ ਦੇ ਪਾਣੀ ’ਚ ਆ ਰਲਦੇ ਹਨ ਅਤੇ ਉਸ ਨੂੰ ਪਲੀਤ ਕਰ ਦਿੰਦੇ ਹਨ ਜਿਸ ਕਾਰਨ ਲੋਕਾਂ ਨੂੰ ਬਿਮਾਰੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਇਕ ਪੱਤਰਕਾਰ ਨੇ ਲਿਖਿਆ ਕਿ ਕੰਪਨੀ ਨੂੰ ਸੜਕਾਂ ’ਤੇ ਗਲਦੀਆਂ ਪਸ਼ੂਆਂ ਦੀਆਂ ਲਾਸ਼ਾਂ ਨੂੰ ਚੁੱਕਣਾ ਚਾਹੀਦਾ ਹੈ। ਉਸ ਵੇਲੇ ਬੰਗਾਲੀ ਗ਼ਰੀਬ ਲੋਕ ਫੂਸ ਦੀਆਂ ਛੱਤਾਂ ਦੇ ਘਰ ਬਣਾਉਂਦੇ ਸਨ ਅਤੇ ਗਰਮੀਆਂ ’ਚ ਅਕਸਰ ਹੀ ਇਨ੍ਹਾਂ ਦੇ ਘਰਾਂ ਨੂੰ ਅੱਗ ਪੈ ਜਾਂਦੀ ਸੀ। ਬੰਗਾਲ ਗਜ਼ਟ ’ਚ ਇਨ੍ਹਾਂ ਘਟਨਾਵਾਂ ਦਾ ਵਿਸ਼ੇਸ਼ ਜ਼ਿਕਰ ਹੁੰਦਾ ਸੀ। ਇਨ੍ਹਾਂ ਖ਼ਬਰਾਂ ਦੀ ਬਦੌਲਤ ਹੀ ਸੁਪਰੀਮ ਕੋਰਟ ਨੇ ਕਲਕੱਤਾ ਵਿਚ ਘਾਹ ਦੀਆਂ ਛੱਤਾਂ ਵਾਲੇ ਘਰ ਬਣਾਉਣ ’ਤੇ ਰੋਕ ਲਾਉਣ ਅਤੇ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਦੀ ਹਦਾਇਤ ਕੀਤੀ। ਬੰਗਾਲ ਗਜ਼ਟ ਵਿਚ ਅੰਗਰੇਜ਼ਾਂ ਦੀਆਂ ਫ਼ੌਜੀ ਮੁਹਿੰਮਾਂ ਬਾਰੇ ਵੀ ਬੇਝਿਜਕ ਹੋ ਕੇ ਛਾਪਿਆ ਜਾਂਦਾ ਸੀ। ਹਿੱਕੀ ਨੇ ਆਪਣੀਆਂ ਲਿਖਤਾਂ ’ਚ ਈਸਟ ਇੰਡੀਆ ਕੰਪਨੀ ’ਤੇ ਹਿੰਦੋਸਤਾਨੀ ਰਿਆਸਤਾਂ ਨੂੰ ਧੱਕੇ ਨਾਲ ਆਪਣੇ ਰਾਜ ਵਿਚ ਰਲਾਉਣ ਦੇ ਸਿੱਧੇ ਦੋਸ਼ ਲਾਏ। ਜਦੋਂ ਅੰਗਰੇਜ਼ ਹੈਦਰ ਅਲੀ ਹੱਥੋਂ ਪੌਲੀਲੂਰ ਦੀ ਜੰਗ ਹਾਰੇ ਤਾਂ ਕੰਪਨੀ ਇਹ ਖ਼ਬਰ ਲੁਕਾਉਣਾ ਚਾਹੁੰਦੀ ਸੀ, ਪਰ ਹਿੱਕੀ ਨੇ ਖੁੱਲ੍ਹ ਕੇ ਇਸ ਬਾਬਤ ਲਿਖਿਆ ਅਤੇ ਹੈਦਰ ਅਲੀ ਵੱਲੋਂ ਅੰਗਰੇਜ਼ ਸਿਪਾਹੀਆਂ ਨਾਲ ਕੀਤੇ ਮਨੁੱਖੀ ਵਰਤਾਅ ਦੀ ਸ਼ਲਾਘਾ ਕੀਤੀ।

1881 ਵਿਚ ਸ਼ੁਰੂ ਹੋਏ ‘ਦਿ ਟ੍ਰਿਬਿਊਨ’ ਦੇ 9 ਫਰਵਰੀ 1881 ਦੇ ਅੰਕ ਦਾ ਇਕ ਪੰਨਾ।

ਹਿੱਕੀ ਦੀ ਲਿਖਣ ਸ਼ੈਲੀ ਸਾਹਿਤਕ ਨਹੀਂ ਸੀ, ਪਰ ਉਹ ਵਿਅੰਗਾਤਮਕ ਚੋਭਾਂ ਲਿਖਣ ਵਿਚ ਮਾਹਿਰ ਸੀ। ਉਹ ਉਸ ਵੇਲੇ ਦੇ ਮਰਦ ਪ੍ਰਧਾਨ ਸਮਾਜ ਦਾ ਵੀ ਹਾਮੀ ਸੀ ਅਤੇ ਔਰਤਾਂ ਸਬੰਧੀ ਵਿਸ਼ਿਆਂ ’ਤੇ ਲਿਖਣ ਲੱਗਿਆਂ ਉਹ ਅਕਸਰ ਹੀ ਮਰਦਾਂ ਨੂੰ ਔਰਤਾਂ ਤੋਂ ਉਪਰ ਦੱਸਦਾ ਸੀ। ਹਿੱਕੀ ਨੇ ਆਪਣੇ ਪਾਠਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਉਨ੍ਹਾਂ ਨੂੰ ਖ਼ਤ ਅਤੇ ਕਵਿਤਾਵਾਂ ਲਿਖਣ ਲਈ ਵੀ ਪ੍ਰੇਰਿਆ। ਇਸ ਅਖ਼ਬਾਰ ਦੀ ਖਾਸੀਅਤ, ਇਸ ਵਿਚ ਛਪਦੇ ‘ਸੰਪਾਦਕ ਦੇ ਨਾਂ ਖ਼ਤ’ ਅਤੇ ਪੁੰਗਰਦੇ ਕਵੀਆਂ ਲਈ ਨਿਰਧਾਰਿਤ ‘ਪੋਇਟਸ ਕੌਰਨਰ’ ਨਾਮੀ ਕਾਲਮ ਸਨ। ਇਨ੍ਹਾਂ ਕਾਲਮਾਂ ਜ਼ਰੀਏ ਹੀ ਹਿੱਕੀ ਨੇ ਲੋਕਾਂ ਨੂੰ ਹਕੂਮਤ ਦੇ ਕੰਨੀਂ ਆਪਣੀ ਆਵਾਜ਼ ਪਹੁੰਚਾਉਣ ਦਾ ਜ਼ਰੀਆ ਬਖ਼ਸ਼ਿਆ। ਈਸਟ ਇੰਡੀਆ ਕੰਪਨੀ ਨੇ ਬੰਗਾਲ ਗਜ਼ਟ ਰਾਹੀਂ ਹੁੰਦੇ ਵਿਰੋਧੀ ਪ੍ਰਚਾਰ ਦਾ ਟਾਕਰਾ ਕਰਨ ਲਈ ਨਵੰਬਰ 1780 ਵਿਚ ਆਪਣੀ ਸਰਪ੍ਰਸਤੀ ਹੇਠ ‘ਦਿ ਇੰਡੀਆ ਗਜ਼ਟ’ ਨਾਮੀ ਅਖ਼ਬਾਰ ਸ਼ੁਰੂ ਕਰਵਾਇਆ। ਇਸ ਅਖ਼ਬਾਰ ਦੇ ਸੰਚਾਲਕ ਬੀ. ਮੈਸਿੰਕ ਅਤੇ ਪੀਟਰ ਰੀਡ ਨਾਮੀ ਅੰਗਰੇਜ਼ ਸਨ। ਤਤਕਾਲੀ ਗਵਰਨਰ-ਜਨਰਲ ਵਾਰਨ ਹੇਸਟਿੰਗਜ਼ ਨੇ ‘ਦਿ ਇੰਡੀਆ ਗਜ਼ਟ’ ਲਈ ਡਾਕ ਸੇਵਾ ਵੀ ਮੁਫ਼ਤ ਕਰ ਦਿੱਤੀ ਜਦੋਂਕਿ ਹਿੱਕੀ ਨੂੰ ਆਪਣਾ ਅਖ਼ਬਾਰ ਡਾਕ ਰਾਹੀਂ ਭੇਜਣ ਬਦਲੇ ਪੈਸੇ ਅਦਾ ਕਰਨੇ ਪੈਂਦੇ ਸਨ। ਹੇਸਟਿੰਗਜ਼ ਦੇ ਇਸ ਫ਼ੈਸਲੇ ਨੇ ਹਿੱਕੀ ਅੰਦਰ ਰੋਹ ਭਰ ਦਿੱਤਾ ਅਤੇ ਉਸ ਨੇ ਵਾਰਨ ਹੇਸਟਿੰਗਜ਼ ’ਤੇ ਸਿੱਧੇ ਸ਼ਬਦੀ ਹਮਲੇ ਸ਼ੁਰੂ ਕਰ ਦਿੱਤੇ। ਹੇਸਟਿੰਗਜ਼ ਖ਼ਿਲਾਫ਼ ਛਾਪੇ ਇਕ ਲੇਖ ’ਚ ਉਸ ਨੇ ਦੋਸ਼ ਲਾਇਆ ਕਿ ਉਹ ਗੁਆਂਢੀ ਸੂਬਿਆਂ ਨੂੰ ਧੱਕੇ ਨਾਲ ਹਥਿਆਉਣਾ ਚਾਹੁੰਦਾ ਹੈ। ਹਿੱਕੀ ਨੇ ਹੇਸਟਿੰਗਜ਼ ਨੂੰ ‘ਗ੍ਰੇਟ ਮੁਗ਼ਲ’ ਦਾ ਲਕਬ ਦੇਣ ਦੇ ਨਾਲ-ਨਾਲ ਉਸ ਦੀ ਮਰਦਾਨਗੀ ’ਤੇ ਵੀ ਉਂਗਲ ਚੱਕੀ। ਹਿੱਕੀ ਨੇ ਸਿਰਫ਼ ਵਾਰਨ ਹੇਸਟਿੰਗਜ਼ ਨੂੰ ਹੀ ਨਿਸ਼ਾਨੇ ’ਤੇ ਨਹੀਂ ਸੀ ਲਿਆ ਸਗੋਂ ਉਸ ਵੇਲੇ ਦੀਆਂ ਦੋ ਹੋਰ ਵੱਡੀਆਂ ਹਸਤੀਆਂ ਨਾਲ ਵੀ ਸਿੱਧਾ ਮੱਥਾ ਲਾਇਆ। ਤਤਕਾਲੀ ਕ੍ਰਿਸ਼ਚੀਅਨ ਮਿਸ਼ਨ ਦੇ ਆਗੂ ਜੌਨ ਜ਼ੈਕਾਰਿਸ ਕੇਰਨੈਂਡਰ ’ਤੇ ਉਸ ਨੇ ਇਕ ਲੇਖ ਰਾਹੀਂ ਦੋਸ਼ ਮੜ੍ਹਿਆ ਕਿ ਉਸ ਨੇ ਅਨਾਥ ਬੱਚਿਆਂ ਦੀ ਪੜ੍ਹਾਈ ਲਈ ਰੱਖੇ ਫੰਡ ’ਚੋਂ ਪੈਸਾ ਖਾਧਾ ਹੈ। ਹਿੱਕੀ ਬੜਾ ਚੁਸਤ ਸੀ ਅਤੇ ਮਾਣਹਾਨੀ ਦੇ ਦਾਅਵਿਆਂ ਤੋਂ ਬਚਣ ਲਈ ਅਕਸਰ ਆਪਣੇ ‘ਸ਼ਿਕਾਰਾਂ’ ਨੂੰ ਨਿੱਕੇ ਨਾਵਾਂ ਨਾਲ ਸੰਬੋਧਨ ਕਰਦਾ ਸੀ। ਉਹ ਬੰਗਾਲ ਦੀ ਸੁਪਰੀਮ ਕੋਰਟ ਦੇ ਪ੍ਰਮੁੱਖ ਜੱਜ ਐਲੀਜਾਹ ਇੰਪੇ ਦਾ ਜ਼ਿਕਰ ਆਪਣੇ ਅਖ਼ਬਾਰ ’ਚ ‘ਪੂਲਬੰਡੀ’ ਨਾਂ ਹੇਠ ਕਰਦਾ ਸੀ। ਹਿੱਕੀ ਨੇ ਇੰਪੇ ਦਾ ਇਹ ਨਾਮ ਇਸ ਲਈ ਰੱਖਿਆ ਸੀ ਕਿਉਂਕਿ ਉਸ (ਇੰਪੇ) ’ਤੇ ਦਰਿਆ ਦੇ ਪੁਲ ਅਤੇ ਬੰਨ੍ਹ ਪੱਕੇ ਕਰਨ ਦੇ ਠੇਕੇ ’ਚੋਂ ਪੈਸੇ ਖਾਣ ਦਾ ਦੋਸ਼ ਸੀ। ਸਾਈਮਨ ਡਰੋਜ਼

ਜੇਮਜ਼ ਅਗਸਤਸ ਹਿੱਕੀ ਨੇ ਵਾਰਨ ਹੇਸਟਿੰਗਜ਼ ਜੋ ਉਸ ਵੇਲੇ ਈਸਟ ਇੰਡੀਆ ਕੰਪਨੀ ਦਾ ਹਿੰਦੋਸਤਾਨ ਵਿਚ ਵਾਇਸਰਾਏ ਸੀ, ਖ਼ਿਲਾਫ਼ ਖੁੱਲ੍ਹ ਕੇ ਲਿਖਿਆ। ਬਾਅਦ ਵਿਚ ਇੰਗਲੈਂਡ ਦੀ ਸਰਕਾਰ ਨੇ ਵੀ ਵਾਰਨ ਹੇਸਟਿੰਗਜ਼ ਖ਼ਿਲਾਫ਼ ਰਿਸ਼ਵਤਖੋਰੀ ਦਾ ਮੁਕੱਦਮਾ ਚਲਾਇਆ।

ਨਾਮੀ ਇਕ ਅੰਗਰੇਜ਼ ਰਾਹੀਂ ਵਾਰਨ ਹੇਸਟਿੰਗਜ਼ ਦੀ ਪਤਨੀ ਮਰੀਅਮ ਹੇਸਟਿੰਗਜ਼ ਨੇ ਹਿੱਕੀ ਤੋਂ ਬੰਗਾਲ ਗਜ਼ਟ ਲਈ ਡਾਕ ਸੇਵਾ ਕਰ-ਮੁਕਤ ਕਰਵਾਉਣ ਬਦਲੇ ਰਿਸ਼ਵਤ ਦੀ ਮੰਗ ਕੀਤੀ, ਪਰ ਆਪਣੇ ਅਸੂਲ ਦਾ ਪੱਕਾ ਹਿੱਕੀ ਇਸ ਲਈ ਰਾਜ਼ੀ ਨਾ ਹੋਇਆ। ਵਾਰਨ ਹੇਸਟਿੰਗਜ਼ ਨੂੰ ਹਿੱਕੀ ਦੀ ਇਸ ਹੈਂਕੜ ’ਤੇ ਗੁੱਸਾ ਆਇਆ ਅਤੇ ਉਸ ਨੇ ਬੰਗਾਲ ਗਜ਼ਟ ਲਈ ਡਾਕ ਸੇਵਾ ਮੁਕੰਮਲ ਤੌਰ ’ਤੇ ਬੰਦ ਕਰਨ ਦਾ ਹੁਕਮ ਦੇ ਦਿੱਤਾ। ਹਿੱਕੀ ਨੇ ਹਿੰਮਤ ਹਾਰਨ ਦੀ ਜਗ੍ਹਾ 20 ਡਾਕੀਏ ਰੱਖ ਲਏ ਜਿਹੜੇ ਉਸ ਦਾ ਅਖ਼ਬਾਰ ਪਾਠਕਾਂ ਤੱਕ ਪਹੁੰਚਾਉਣ ਲੱਗੇ। ਪਰ ਡਾਕ ਸੇਵਾ ਬੰਦ ਹੋਣ ਨਾਲ ਬੰਗਾਲ ਗਜ਼ਟ ਦੀ ਪ੍ਰਸਿੱਧੀ ਨੂੰ ਭਾਰੀ ਸੱਟ ਵੱਜੀ। ਹਿੱਕੀ ਦੀ ਕਲਮ ਨੂੰ ਖੁੰਢਾ ਕਰਨ ਲਈ ਅੰਗਰੇਜ਼ ਅਫ਼ਸਰਾਂ ਨੇ ਪੂਰੀ ਵਾਹ ਲਾ ਲਈ। ਅਖੀਰ ਜਦ ਉਹ ਹਿੱਕੀ ਨੂੰ ਘੇਰਨ ’ਚ ਨਾਕਾਮ ਰਹੇ ਤਾਂ 12 ਜੂਨ 1781 ਨੂੰ ਹੇਸਟਿੰਗਜ਼ ਅਤੇ ਕੇਰਨੈਂਡਰ ਨੇ ਉਸ ’ਤੇ ਮਾਣਹਾਨੀ ਦਾ ਦਾਅਵਾ ਠੋਕ ਦਿੱਤਾ। ਇਸ ਕੇਸ ’ਚ ਉਸ ਨੂੰ 2,000 ਰੁਪਏ ਜੁਰਮਾਨਾ ਅਤੇ ਕੈਦ ਹੋਈ। ਹਿੱਕੀ ਭਾਵੇਂ ਇਸ ਮੁਕੱਦਮੇ ’ਚੋਂ ਬਾਅਦ ਵਿਚ ਬਰੀ ਹੋ ਗਿਆ, ਪਰ ਨਾਲ ਦੀ ਨਾਲ ਉਸ ਉਪਰ ਕਈ ਹੋਰ ਮਾਣਹਾਨੀ ਦੇ ਮੁਕੱਦਮੇ ਚਲਾ ਦਿੱਤੇ ਗਏ ਜਿਨ੍ਹਾਂ ਦੀ ਘੁੰਮਣਘੇਰੀ ’ਚ ਉਹ ਉਲਝਦਾ ਚਲਾ ਗਿਆ। ਉਹ ਫਿਰ ਵੀ ਨਾ ਘਬਰਾਇਆ ਅਤੇ ਜੇਲ੍ਹ ’ਚ ਰਹਿੰਦਿਆਂ ਵੀ ਅਖ਼ਬਾਰ ਕੱਢਦਾ ਰਿਹਾ ਅਤੇ ਅੰਗਰੇਜ਼ ਹਕੂਮਤ ਵਿਰੁੱਧ ਲਿਖਦਾ ਰਿਹਾ। ਆਖ਼ਰ ਅਦਾਲਤ ਨੇ ਮਾਰਚ 1782 ਵਿਚ ਉਸ ਦੀ ਪ੍ਰੈਸ ਜ਼ਬਤ ਕਰਨ ਦੇ ਹੁਕਮ ਦੇ ਦਿੱਤੇ। ਹਿੱਕੀ ਲੰਮੇ ਅਰਸੇ ਬਾਅਦ ਜੇਲ੍ਹੋਂ ਛੁੱਟਿਆ ਤਾਂ ਮੁਕੱਦਮਿਆਂ ਕਾਰਨ ਉਸ ਦੀ ਆਰਥਿਕ ਹਾਲਤ ਕਮਜ਼ੋਰ ਹੋ ਚੁੱਕੀ ਸੀ। ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਅਤਿ ਦੀ ਆਰਥਿਕ ਤੰਗੀ ਨਾਲ ਜੂਝਦਾ ਹਿੱਕੀ ਅਖੀਰ 1802 ’ਚ ਚੀਨ ਨੂੰ ਜਾਂਦੇ ਜਹਾਜ਼ ਵਿਚ ਫੌਤ ਹੋ ਗਿਆ। ਹਿੱਕੀ ਤਾਂ ਭਾਵੇਂ ਅਣਜਾਣ ਮੌਤ ਮਰ ਗਿਆ, ਪਰ ਉਸ ਦੀਆਂ ਲਿਖਤਾਂ ਦੀ ਕੀਮਤ ਪਈ। ਇਨ੍ਹਾਂ ਲਿਖਤਾਂ ਦੇ ਸਿਰ ’ਤੇ ਹੀ ਜੱਜ ਐਲਿਜਾਹ ਇੰਪੇ ਅਤੇ ਗਵਰਨਰ ਜਨਰਲ ਵਾਰਨ ਹੇਸਟਿੰਗਜ਼ ਖ਼ਿਲਾਫ਼ ਮਹਾਂਦੋਸ਼ ਦੀ ਕਾਰਵਾਈ ਅਮਲ ’ਚ ਲਿਆਂਦੀ ਗਈ ਅਤੇ ਉਨ੍ਹਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣੇ ਪਏ। ਸਿਰਫ਼ ਪ੍ਰੈਸ ਹੀ ਨਹੀਂ ਸਗੋਂ ਪ੍ਰੈਸ ਦੀ ਆਜ਼ਾਦੀ ਅਤੇ ਤਾਕਤ ਦਾ ਅਹਿਸਾਸ ਵੀ ਸਾਨੂੰ ਅੰਗਰੇਜ਼ਾਂ ਨੇ ਹੀ ਕਰਵਾਇਆ ਹੈ ਜਿਸ ਤੋਂ ਸਾਡਾ ਅਜੋਕਾ ਮੀਡੀਆ ਸੇਧ ਲੈ ਸਕਦਾ ਹੈ।

ਜੇਮਜ਼ ਅਗਸਤਸ ਹਿੱਕੀ ਤੇ ਦੀਵਾਨ ਸਿੰਘ ਮਫ਼ਤੂਨ

ਗੁਰਪ੍ਰਵੇਸ਼ ਸਿੰਘ ਢਿੱਲੋਂ

ਕੀ ਜੇਮਜ਼ ਅਗਸਤਸ ਹਿੱਕੀ ਤੇ ਦੀਵਾਨ ਸਿੰਘ ਮਫ਼ਤੂਨ ਵਿਚ ਕੋਈ ਰਿਸ਼ਤਾ ਹੈ? ਨਹੀਂ। ਪਰ ਸ਼ਾਇਦ ਹੈ। ਉਹ ਇਹ ਹੈ ਕਿ ਆਪਣੇ ਅਖ਼ਬਾਰ ’ਚ ਖ਼ਬਰਾਂ ਛਾਪਣ ਕਾਰਨ ਕਈ ਵਾਰ ਜਿਵੇਂ ਹਿੱਕੀ ਉੱਤੇ ਮੁਕੱਦਮੇ ਚੱਲੇ; ਉਸੇ ਤਰ੍ਹਾਂ ਅੰਗਰੇਜ਼ਾਂ ਦੇ ਜ਼ਮਾਨੇ ’ਚ ਛਪਦੇ ਉਰਦੂ ਦੇ ਹਫ਼ਤਾਵਾਰੀ ‘ਰਿਆਸਤ’ ਦੇ ਸੰਪਾਦਕ ਦੀਵਾਨ ਸਿੰਘ ਮਫ਼ਤੂਨ ਉੱਤੇ ਸਮੇਂ ਦੇ ਰਾਜਿਆਂ, ਮਹਾਰਾਜਿਆਂ ਨੇ ਬਹੁਤ ਸਾਰੇ ਕੇਸ ਕੀਤੇ। ਸਆਦਤ ਹਸਨ ਮੰਟੋ ਮੁਤਾਬਿਕ ਉਰਦੂ ਦੀ ਪੱਤਰਕਾਰੀ ਵਿਚ ਦੀਵਾਨ ਸਿੰਘ ਮਫ਼ਤੂਨ ਦਾ ਉਹੀ ਰੁਤਬਾ ਸੀ ਜੋ ਉਸ ਸਮੇਂ ਦੇ ਅੰਗਰੇਜ਼ੀ ਅਖ਼ਬਾਰ ‘ਬੰਬੇ ਸੈਂਟੀਨਲ’ ਦੇ ਸੰਪਾਦਕ ਬੀ.ਜੀ. ਹਾਰਨੀਮੈਨ ਦਾ। ਮੰਟੋ ਮੁਤਾਬਿਕ ‘‘ਦੀਵਾਨ ਸਿੰਘ ਮਫ਼ਤੂਨ ਨੇ ਆਪਣੀ ਪਹਿਲਵਾਨੀ ਦਾ ਜ਼ੋਰ ਕਈ ਅਖਾੜਿਆਂ ਵਿਚ ਦਿਖਾਇਆ। ਵੱਡੀਆਂ-ਵੱਡੀਆਂ ਰਿਆਸਤਾਂ ਨਾਲ ਪੰਜਾ ਲੜਾਇਆ। ਅਕਾਲੀਆਂ ਨਾਲ ਟਾਕਰਾ ਹੋਇਆ। ਮਾਸਟਰ ਤਾਰਾ ਸਿੰਘ ਅਤੇ ਸਰਦਾਰ ਖੜਕ ਸਿੰਘ ਨਾਲ ਤਲਵਾਰਬਾਜ਼ੀ ਕੀਤੀ। ਮੁਸਲਿਮ ਲੀਗ ਨਾਲ ਵੀ ਲੜਿਆ। ਪੁਲੀਸ ਨੂੰ ਵੀ ਨਚਾਇਆ। ਖ਼ੁਆਜ਼ਾ ਗੇਸੂਦਰਾਜ਼ ਹਜ਼ਰਤ ਨਿਜ਼ਾਮੀ ਨਾਲ ਮਸ਼ਕਰੀਆਂ ਕੀਤੀਆਂ। ਤੀਹ ਤੋਂ ਉੱਤੇ ਮੁਕੱਦਮੇ ਚਲਾਏ ਗਏ ਅਤੇ ਹਰ ਵਾਰ ਸੁਰਖ਼ਰੂ ਰਿਹਾ। ਬਹੁਤ ਵੱਡਾ ਅਤੇ ਬਹੁਤ ਮਸ਼ਹੂਰ ਮੁਕੱਦਮਾ (ਜੋ ਨਵਾਬ ਭੋਪਾਲ ਨੇ ਉਸ ’ਤੇ ਚਲਾਇਆ ਸੀ) ਜਿਸ ਵਿਚ ਉਨ੍ਹਾਂ ਨੂੰ ਸ਼ਾਇਦ ਉਸ ਸਮੇਂ ਦੀ ਕੈਦ ਦੀ ਸਜ਼ਾ ਦਿੱਤੀ ਗਈ ਸੀ ਜੋ ਉਨ੍ਹਾਂ ਨੇ ਹਵਾਲਾਤ ਵਿਚ ਗੁਜ਼ਾਰਿਆ ਸੀ। ਸਰਦਾਰ ਸਾਹਿਬ ਨੇ ਸਿਆਣੇ ਜੱਜ ਦੇ ਇਹ ਸ਼ਬਦ ਖ਼ਾਸ ਤੌਰ ’ਤੇ ਆਪਣੇ ਬਿਆਨ ਵਿਖ ਦਰਜ ਕੀਤੇ ਹੋਏ ਸਨ: ‘‘ਮੈਂ ਸਰਦਾਰ ਦੀਵਾਨ ਸਿੰਘ ਮਫ਼ਤੂਨ ਦੀ ਹਿੰਮਤ ਦੀ ਦਾਦ ਦਿੰਦਾ ਹਾਂ ਜੋ ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਲੰਬੇ ਸਮੇਂ ਤਕ ਇਕ ਸ਼ਹਿਜ਼ਾਦੇ ਦਾ ਤਨਦੇਹੀ ਨਾਲ ਮੁਕਾਬਲਾ ਕਰਦਾ ਰਿਹਾ।’’

ਸੰਪਰਕ: 97812-12311

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਗਲਵਾਨ ਵਾਦੀ ’ਚੋਂ ਚੀਨੀ ਫ਼ੌਜ ਪਿੱਛੇ ਹਟੀ

ਗਲਵਾਨ ਵਾਦੀ ’ਚੋਂ ਚੀਨੀ ਫ਼ੌਜ ਪਿੱਛੇ ਹਟੀ

* ਆਪਸੀ ਸਮਝ ਦੇ ਆਧਾਰ ’ਤੇ ਭਾਰਤ ਵੀ ਫੌਜੀ ਨਫ਼ਰੀ ਕਰੇਗਾ ਘੱਟ * ਚੀਨੀ...

ਮੁਅੱਤਲ ਡੀਐੱਸਪੀ ਤੇ ਪੰਜ ਹੋਰਨਾਂ ਖ਼ਿਲਾਫ਼ ਦੋਸ਼ਪੱਤਰ ਦਾਖ਼ਲ

ਮੁਅੱਤਲ ਡੀਐੱਸਪੀ ਤੇ ਪੰਜ ਹੋਰਨਾਂ ਖ਼ਿਲਾਫ਼ ਦੋਸ਼ਪੱਤਰ ਦਾਖ਼ਲ

* ਚਾਰਜਸ਼ੀਟ ਵਿਚ ਪਾਕਿਸਤਾਨ ਹਾਈ ਕਮਿਸ਼ਨ ਦਾ ਵੀ ਜ਼ਿਕਰ

ਫ਼ੀਸ ਮਾਮਲਾ: ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਹਾਈ ਕੋਰਟ ਪੁੱਜੇ ਮਾਪੇ

ਫ਼ੀਸ ਮਾਮਲਾ: ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਹਾਈ ਕੋਰਟ ਪੁੱਜੇ ਮਾਪੇ

* ਸਿੰਗਲ ਬੈਂਚ ਦੇ ਫ਼ੈਸਲੇ ਤੋਂ ਸਨ ਅਸੰਤੁਸ਼ਟ * ਅਦਾਲਤ ਨੇ ਸੁਣਵਾਈ 13 ...

ਪੰਜਾਬ ’ਚ ਅੱਜ ਤੋਂ ਈ-ਰਜਿਸਟ੍ਰੇਸ਼ਨ ਬਿਨਾਂ ‘ਨੋ ਐਂਟਰੀ’

ਪੰਜਾਬ ’ਚ ਅੱਜ ਤੋਂ ਈ-ਰਜਿਸਟ੍ਰੇਸ਼ਨ ਬਿਨਾਂ ‘ਨੋ ਐਂਟਰੀ’

* ਅੱਧੀ ਰਾਤ ਤੋਂ ਅਮਲ ਵਿੱਚ ਆਏ ਹੁਕਮ

ਕੇਸ ਸੱਤ ਲੱਖ ਤੋਂ ਪਾਰ, ਕਰੋੜ ਟੈਸਟ ਮੁਕੰਮਲ

ਕੇਸ ਸੱਤ ਲੱਖ ਤੋਂ ਪਾਰ, ਕਰੋੜ ਟੈਸਟ ਮੁਕੰਮਲ

* ਲਗਾਤਾਰ ਚੌਥੇ ਦਿਨ 20 ਹਜ਼ਾਰ ਤੋਂ ਵੱਧ ਮਾਮਲੇ * 24 ਘੰਟਿਆਂ ਦੌਰਾਨ ...