ਭਾਰਤ ਕਰੋਨਾਵਾਇਰਸ ਜੜ੍ਹੋਂ ਪੁੱਟਣ ਦੇ ਸਮਰੱਥ: ਡਬਲਿਊਐੱਚਓ

ਜਨੇਵਾ, 24 ਮਾਰਚ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਇਕ ਸਿਖਰਲੇ ਅਧਿਕਾਰੀ ਨੇ ਕਿਹਾ ਕਿ ਚੇਚਕ (ਛੋਟੀ ਮਾਤਾ) ਤੇ ਪੋਲੀਓ ਜਿਹੇ ਖਾਮੋਸ਼ ਕਾਤਲਾਂ ਨੂੰ ਜੜ੍ਹੋਂ ਪੁੱਟਣ ਲਈ ਮੋਹਰੇ ਹੋ ਕੇ ਅਗਵਾਈ ਕਰਨ ਵਾਲਾ ਭਾਰਤ ਮਾਰੂ ਕਰੋਨਾਵਾਇਰਸ ਮਹਾਮਾਰੀ ਨੂੰ ਵੀ ਖ਼ਤਮ ਕਰਨ ਦੀ ਸਿਰੇ ਦੀ ਸਮਰੱਥਾ ਰੱਖਦਾ ਹੈ। ਹੁਣ ਤਕ ਆਲਮੀ ਪੱਧਰ ’ਤੇ 15000 ਦੇ ਕਰੀਬ ਵਾਇਰਸ ਦੀ ਲਾਗ ਕਰਕੇ ਮੌਤ ਦੇ ਮੂੰਹ ਜਾ ਪਏ ਹਨ ਜਦੋਂਕਿ ਤਿੰਨ ਲੱਖ ਤੋਂ ਵੱਧ ਲੋਕ ਅਜੇ ਵੀ ਇਸ ਦੀ ਮਾਰ ਹੇਠ ਹਨ। ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਨਿਰਦੇਸ਼ਕ ਮਾਈਕਲ ਰਿਆਨ ਨੇ ਕਿਹਾ ਕਿ ਆਬਾਦੀ ਪੱਖੋਂ ਵਿਸ਼ਵ ਦੇ ਦੂਜੇ ਸਭ ਤੋਂ ਵੱਡੇ ਮੁਲਕ ਭਾਰਤ ਕੋਲ ਕਰੋਨਾਵਾਇਰਸ ਮਹਾਮਾਰੀ ਨੂੰ ਨੱਥ ਪਾਉਣ ਦੀ ਸ਼ਾਨਦਾਰ ਸਮਰੱਥਾ ਹੈ। ਭਾਰਤ ਲੋਕਾਂ ਦੀ ਸ਼ਮੂਲੀਅਤ ਨਾਲ ਚੇਚਕ ਤੇ ਪੋਲੀਓ ਨੂੰ ਜੜ੍ਹੋਂ ਪੁੱਟਣ ਦਾ ਤਜਰਬਾ ਰੱਖਦਾ ਹੈ। ਰਿਆਨ ਨੇ ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ, ‘ਭਾਰਤ ਪਹਿਲਾਂ ਵੀ ਦੋ ਖਾਮੋਸ਼ ਕਾਤਲਾਂ ਨੂੰ ਆਪਣੇ ਮੁਲਕ ਵਿੱਚ ਜੜ੍ਹੋਂ ਖ਼ਤਮ ਕਰਕੇ ਪੂਰੇ ਵਿਸ਼ਵ ਦੀ ਅਗਵਾਈ ਕਰ ਚੁੱਕਾ ਹੈ।’ ਉਨ੍ਹਾਂ ਕਿਹਾ ਕਿ ਭਾਰਤ ਨੇ ਲੋਕਾਂ ਦੀ ਸ਼ਮੂਲੀਅਤ ਸਦਕਾ ਚੇਚਕ ਦਾ ਖ਼ਾਤਮਾ ਕਰਕੇ ਵਿਸ਼ਵ ਨੂੰ ਵੱਡਾ ਤੋਹਫ਼ਾ ਦਿੱਤਾ ਸੀ। ਭਾਰਤ ਨੇ ਪੋਲੀਓ ਦਾ ਖਾਤਮਾ ਕੀਤਾ ਹੈ।’ ਉਨ੍ਹਾਂ ਕਿਹਾ, ‘ਭਾਰਤ ਵਿੱਚ ਸਿਰੇ ਦੀਆਂ ਸਮਰੱਥਾਵਾਂ ਹਨ। ਇਸ ਲਈ ਇਹ ਹੋਰ ਵੀ ਅਹਿਮ ਹੋ ਜਾਂਦਾ ਹੈ ਕਿ ਭਾਰਤ ਜਿਹੇ ਮੁਲਕ ਕੁੱਲ ਆਲਮ ਨੂੰ ਅੱਗੇ ਹੋ ਕੇ ਰਸਤਾ ਵਿਖਾਉਣ।’ ਪੋਲੀਓ ਤੇ ਚੇਚਕ ਜਿਹੇ ਰੋਗਾਂ, ਜਿਨ੍ਹਾਂ ਭਾਰਤ ਵਿੱਚ ਕਦੇ ਵੱਡੀ ਗਿਣਤੀ ਜਾਨਾਂ ਲਈਆਂ ਸਨ, ਨੂੰ ਆਮ ਲੋਕਾਂ ਦੀ ਭਾਗੀਦਾਰੀ ਨਾਲ ਮਾਤ ਦਿੱਤੀ ਗਈ। ਭਾਰਤ ਸਾਲ 2014 ਵਿੱਚ ਪੋਲੀਓ ਮੁਕਤ ਹੋ ਗਿਆ ਸੀ ਜਦੋਂਕਿ ਚੇਚਕ ਤੋਂ ਖਹਿੜਾ ਸਾਲ 1977 ਵਿੱਚ ਛੁੱਟਿਆ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾ. ਟੈਡਰੋਸ ਅਧਾਨੌਮ ਗੈਬਰੇਆਇਸਸ ਨੇ ਚੇਤਾਵਨੀ ਦਿੱਤੀ ਕਿ ਕਰੋਨਾਵਾਇਰਸ ਮਹਾਮਾਰੀ ‘ਤੇਜ਼ੀ’ ਨਾਲ ਆਪਣੇ ਪੈਰ ਪਸਾਰ ਰਹੀ ਹੈ, ਪਰ ਅਜੇ ਵੀ ਇਸ ਨੂੰ ‘ਪੁੱਠੇ ਪੈਰੀਂ’ ਕਰਨਾ ਸੰਭਵ ਹੈ। ਉਨ੍ਹਾਂ ਕਿਹਾ ਕਿ ਚੀਨ ਵਿੱਚ ਮਹਾਮਾਰੀ ਦੇ ਫੈਲਣ ਮਗਰੋਂ ਆਲਮੀ ਪੱਧਰ ’ਤੇ ਪਹਿਲੇ ਇਕ ਲੱਖ ਲੋਕਾਂ ਨੂੰ ਇਸ ਵਾਇਰਸ ਦੀ ਮਾਰ ਹੇਠ ਆਉਣ ਵਿੱਚ 67 ਦਿਨ ਲੱਗੇ। ਜਦੋਂਕਿ ਇਸ ਦੇ ਮੁਕਾਬਲੇ ਦੂਜੇ ਇਕ ਲੱਖ ਕੇਸਾਂ ਨੂੰ 11 ਦਿਨ ਤੇ ਉਸ ਤੋਂ ਅਗਲੇ ਇਕ ਲੱਖ ਕੇਸਾਂ ਨੂੰ ਮਹਿਜ਼ ਚਾਰ ਦਿਨ ਦਾ ਸਮਾਂ ਲੱਗਾ। ਟੈਡਰੋਸ ਨੇ ਕਿਹਾ, ‘ਅਸੀਂ ਇਸ ਮਹਾਮਾਰੀ ਦੀ ਪੇਸ਼ਕਦਮੀ ਨੂੰ ਰੋਕ ਕੇ ‘ਪੁੱਠੇ ਪੈਰੀਂ’ ਕਰਨਾ ਹੈ।’ -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All