ਭਾਰਤੀ ਮੂਲ ਦੇ ਸੱਤ ਆਸਟ੍ਰੇਲਿਆਈ ਨਾਗਰਿਕਾਂ ਨੂੰ ਸਰਵਉੱਚ ਸਨਮਾਨ

ਮੈਲਬਰਨ, 11 ਜੂਨ ਮੈਡੀਸਨ, ਸੰਗੀਤ, ਸਿੱਖਿਆ ਅਤੇ ਵਿੱਤੀ ਖੇਤਰ ਵਿਚ ਆਪਣੇ ਮਹੱਤਵਪੂਰਨ ਯੋਗਦਾਨ ਲਈ ਤਿੰਨ ਔਰਤਾਂ ਸਮੇਤ ਭਾਰਤੀ ਮੂਲ ਦੇ ਸੱਤ ਆਸਟ੍ਰੇਲਿਆਈ ਨਾਗਰਿਕਾਂ ਨੂੰ ਮੁਲਕ ਦੇ ਸਰਵਉੱਚ ਸਨਮਾਨ ਨਾਲ ਨਿਵਾਜਿਆ ਗਿਆ ਹੈ। ਸੋਮਵਾਰ ਰਾਤ ਹੋਏ ਐਵਾਰਡ ਸਮਾਗਮ ਵਿਚ ਮੋਨਾਸ਼ ਅਲਫਰੈੱਡ ਸਾਈਕੈਟਰੀ ਰਿਸਰਚ ਸੈਂਟਰ ਦੀ ਡਾਇਰੈਕਟਰ ਜਯਾਸ੍ਰੀ ਕੁਲਕਰਨੀ ਨੂੰ ਮਨੋਵਿਗਿਆਨ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਲਈ ਆਰਡਰ ਆਫ ਆਸਟਰੇਲੀਆ (ਓਏਐੱਮ) ਮਿਲਿਆ ਹੈ ਜਦਕਿ ਪਰਫਾਰਮਿੰਗ ਆਰਟਸ ਵਿਚ ਯੋਗਦਾਨ ਲਈ ਜੈ ਸ੍ਰੀ ਰਾਮਾਚੰਦਰਨ ਨੂੁੰ ਓਏਐੱਮ ਦਿੱਤਾ ਗਿਆ ਹੈ। ਭਾਰਤੀ ਮੂਲ ਦੀ ਇਕ ਹੋਰ ਔਰਤ ਵਿਨੀਤਾ ਹਰਦਿਕਾਰ ਨੂੰ ਮੈਡੀਸਨ ਤੇ ਵਿਸ਼ੇਸ਼ ਤੌਰ ਉਤੇ ਬੱਚਿਆਂ ਦੇ ਜਿਗਰ ਸਬੰਧੀ ਬਿਮਾਰੀਆਂ ਤੇ ਟਰਾਂਸਪਲਾਂਟੇਸ਼ਨ ਲਈ ਓਏਐੱਮ ਐਵਾਰਡ ਦਿੱਤਾ ਗਿਆ ਹੈ। ਇਹ ਐਵਾਰਡ ਹਾਸਲ ਕਰਨ ਵਾਲੇ ਦੂਜੇ ਭਾਰਤੀਆਂ ਵਿਚ ਸ਼ਸ਼ੀ ਕੰਤ ਕੋਛੜ ਦਾ ਨਾਂ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਚੈਰੀਟੇਬਲ ਕਾਰਜਾਂ ਰਾਹੀਂ ਸਮਾਜ ਸੇਵਾ ਦੇ ਖੇਤਰ ਵਿਚ ਯੋਗਦਾਨ ਲਈ ਨਿਵਾਜਿਆ ਗਿਆ ਹੈ। ਅਰੁਨ ਕੁਮਾਰ ਨੂੰ ਵਿੱਤੀ ਯੋਜਨਾਬੰਦੀ ਦੇ ਖੇਤਰ ਵਿਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਹੈ। ਕੈਨਬਰਾ ਨਾਲ ਸਬੰਧਤ ਕ੍ਰਿਸ਼ਨਾ ਧਾਨਾ ਨਦੀਮਪੱਲੀ ਨੂੰ ਬਹੁ-ਸੱਭਿਆਚਾਰਵਾਦ ਲਈ ਦਿੱਤੇ ਯੋਗਦਾਨ ਜਦਕਿ ਬ੍ਰਿਸਬੇਨ ਆਧਾਰਤ ਮਹਾ ਸਿੰਨਾਥਾਂਬੀ ਨੂੰ ਪ੍ਰਾਪਰਟੀ ਸਨਅਤ ਤੇ ਸਮਾਜ ਲਈ ਦਿੱਤੇ ਯੋਗਦਾਨ ਲਈ ਓਏਐੱਮ ਦਿੱਤਾ ਗਿਆ ਹੈ। ਮਹਾਰਾਣੀ ਦੇ ਜਨਮ ਦਿਨ ਮੌਕੇ ਕਰਵਾਏ ਗਏ ਐਵਾਰਡ ਸਮਾਗਮਾਂ ਦੇ ਹਿੱਸੇ ਵਜੋਂ ਲਗਭਗ 1000 ਆਸਟਰੇਲਿਆਈ ਨਾਗਰਿਕਾਂ ਦਾ ਸਨਮਾਨ ਕੀਤਾ ਗਿਆ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All