ਬੱਸ ਲੰਘਾਊ ਭੂਆ

ਪਰਗਟ ਸਿੰਘ ਸਤੌਜ

ਪਰਗਟ ਸਿੰਘ ਸਤੌਜ

“ਲੈ ਮੈਂ ਤੇਰੇ ਚਾਚੇ ਕੇ ਜਾ ਆਮਾਂ, ਕਿਤੇ ਬੱਸ ਵੀ ਨਾ ਲੰਘ ਜੇ। ਲੈ ਮੈਂ ਤੇਰੇ ਤਾਏ ਕੇ ਜਾ ਆਮਾਂ ਕਿਤੇ ਬੱਸ ਵੀ ਨਾ ਲੰਘ ਜੇ।” ਭੂਆ ਜਦੋਂ ਵੀ ਆਉਂਦੀ ਹੈ ਉਹ ਇਹ ਵਾਕ ਬੋਲਦੀ-ਬੋਲਦੀ ਬੱਸ ਲੰਘਾ ਲੈਂਦੀ ਹੈ। ਬਾਅਦ ਵਿਚ ਭੂਆ ਨੂੰ ਸੱਤ ਕਿਲੋਮੀਟਰ ਜਾ ਕੇ ਚੀਮਿਆਂ ਤੋਂ ਬੱਸ ਚੜ੍ਹਾ ਕੇ ਆਉਣ ਦੀ ਡਿਊਟੀ ਜ਼ਿਆਦਾਤਰ ਮੈਂ ਹੀ ਨਿਭਾਉਂਦਾ ਹਾਂ। ਇਸੇ ਕਰਕੇ ਮੈਨੂੰ ਲੱਗਦਾ ਹੈ ਜਿਵੇਂ ਭੂਆ ਦੇ ਉਪਰੋਕਤ ਵਾਕ ਦਾ ਅਸਲ ਮਤਲਬ ਇਹ ਹੋਵੇ, “ਤੂੰ ਮੈਨੂੰ ਛੱਡ ਕੇ ਆਈਂ। ਮੈਂ ਤੇਰੇ ਚਾਚੇ/ਤਾਏ ਕੇ ਜਾ ਕੇ ਬੱਸ ਲੰਘਾ ਆਵਾਂ।” ਅਸੀਂ ਪਿਆਰ ਨਾਲ ਹੁਣ ਭੂਆ ਦਾ ਨਾਮ ਹੀ ‘ਬੱਸ ਲੰਘਾਊ ਭੂਆ’ ਰੱਖ ਦਿੱਤਾ ਹੈ। ਭੂਆ ਆਪਣੇ-ਆਪ ਵਿਚ ਬੜੀ ਦਿਲਚਸਪ ਪਾਤਰ ਹੈ। ਜੇ ਕੋਈ ਵੀ ਭੂਆ ਨੂੰ ਮਿਲਣ ਚਲਾ ਜਾਵੇ ਤਾਂ ਭੂਆ ਮਿਲਣ ਆਏ ਨੂੰ ਖੁਆ-ਖੁਆ ਕੇ ਨਾਨਕ ਸਿੰਘ ਦੀ ‘ਭੂਆ’ ਕਹਾਣੀ ਯਾਦ ਕਰਵਾ ਦਿੰਦੀ ਹੈ। ਚਾਹੇ ਕੋਈ ਵੀ ਸਮਾਂ ਹੋਵੇ ਉਹ ਝੱਟ ਚੁੱਲ੍ਹੇ ਉੱਪਰ ਤਵਾ ਰੱਖ ਕੇ ਪਰੌਂਠੇ ਲਾਹੁਣ ਲੱਗ ਪਵੇਗੀ। ਤਵਾ ਹੇਠਾਂ ਉਤਰਦਿਆਂ ਖੀਰ ਵਾਲੀ ਪਤੀਲੀ ਚੁੱਲ੍ਹੇ ’ਤੇ ਟਿਕ ਜਾਵੇਗੀ। ਖੀਰ ਦੇ ਨਾਲ ਕੜਾਹ ਵੀ ਤਿਆਰ ਹੋ ਜਾਂਦਾ ਹੈ। ਬੰਦਾ ਵਾਟੀ ਵਿਚੋਂ ਦੋ ਚਮਚੇ ਖਾਏਗਾ ਤਾਂ ਭੂਆ ਦੋ ਕੜਛੀਆਂ ਹੋਰ ਪਾ ਦੇਵੇਗੀ। ਮਹਿਮਾਨ ਕਿਨਾਰਿਆਂ ਤਕ ਭਰੀ ਵਾਟੀ ਵੱਲ ਵੇਖੇਗਾ ਤੇ ਕਦੇ ਭੂਆ ਦੇ ਸਕੂਨ ਭਰੇ ਚਿਹਰੇ ਵੱਲ। ਕੁਝ ਦਿਨ ਹੋਏ ਅਸੀਂ ਸਰਸੇ ਤੋਂ ਵਾਪਸ ਆਉਂਦੇ ਭੂਆ ਕੋਲ ਰੁਕ ਗਏ। ਭੂਆ ਨੂੰ ਲਾਟਰੀ ਨਿਕਲਣ ਜਿੰਨਾ ਚਾਅ ਚੜ੍ਹ ਗਿਆ। ਦੋ ਬੱਚਿਆਂ ਸਮੇਤ ਅਸੀਂ ਚਾਰ ਜਣੇ ਸੀ। ਭੂਆ ਨੇ ਚਾਹ ਨਾਲ ਸਭ ਨੂੰ ਦੋ-ਦੋ ਸਮੋਸੇ, ਇਕ-ਇਕ ਟੀਸੀ ਲੱਗੀ ਭੁਜੀਏ, ਬਿਸਕੁਟਾਂ ਦੀ ਪਲੇਟ ਲਿਆ ਰੱਖੀ। ਅਸੀਂ ਫਸੀ ਬਿੱਲੀ ਵਾਂਗ ਇਕ ਦੂਜੇ ਦੇ ਮੂੰਹ ਵੱਲ ਵੇਖੀਏ। ਅੰਮ੍ਰਿਤ ਨੇ ਅੱਖਾਂ ਰਾਹੀਂ ਮੈਨੂੰ ਇਸ਼ਾਰਾ ਕੀਤਾ ਤਾਂ ਮੈਂ ਭੂਆ ਨੂੰ ਕਿਹਾ, “ਏਨੇ ਸਮੋਸਿਆਂ ਦੀ ਕੀ ਲੋੜ ਸੀ ਭੂਆ?” “ਲੈ ਇਹ ਤਾਂ ਖਾਣਾ ਪਊ ਭਾਈ। ਇਕ-ਇਕ ਥੋਡਾ ਹੋਰ ਪਿਐ ਆਹ ਲਿਫ਼ਾਫ਼ੇ ’ਚ।’ “ਚਾਹ ਹੋਰ ਪਾ ਗੁਰਾਂ ਦਿੱਤੇ।” ਭੂਆ ਨੇ ਚਾਹ ਦਾ ਜੱਗ ਲਈਂ ਖੜ੍ਹੇ ਗੁਰਦਿੱਤੇ ਨੂੰ ਕਿਹਾ ਤਾਂ ਅਸੀਂ ਸਭ ਨੇ ਆਪਣੇ-ਆਪਣੇ ਕੱਪਾਂ ਉੱਪਰ ਹੱਥ ਰੱਖ ਕੇ, “ਬਸ ਬਸ ਬਸ।” ਕਹਿ ਕੇ ਖਹਿੜਾ ਛੁਡਾਇਆ। ਭੂਆ ਦਾ ਪਲੇਠਾ ਪੁੱਤਰ ਤਿੰਨ ਕੁ ਸਾਲ ਦੀ ਉਮਰ ’ਚ ਮਰ ਗਿਆ ਸੀ। ਮੇਰਾ ਉਸ ਨਾਲ ਬਹੁਤ ਪਿਆਰ ਸੀ। ਜਦੋਂ ਭੂਆ ਦੇ ਦੁਬਾਰਾ ਮੁੰਡਾ ਹੋਇਆ ਤਾਂ ਉਸਨੇ ਉਸਦਾ ਨਾਮ ਗੁਰਦਿੱਤਾ ਰੱਖਿਆ ਭਾਵ ਗੁਰਾਂ ਦਾ ਦਿੱਤਾ। ਭੂਆ ਦਾ ਮੁੰਡਾ ਅੱਜ-ਕੱਲ੍ਹ ਗੁਰਦਿੱਤ ਸਿੰਘ ਸੇਖੋਂ ਦੇ ਨਾਮ ਹੇਠ ਗ਼ਜ਼ਲ ਅਤੇ ਕਵਿਤਾ ਲਿਖਦਾ ਹੈ। ਜਦੋਂ ਗੁਰਦਿੱਤੇ ਨੇ ਲਿਖਣਾ ਸ਼ੁਰੂ ਕੀਤਾ ਸੀ ਤਾਂ ਭੂਆ ਨੇ ਮੈਨੂੰ ਉਲਾਂਭਾ ਦਿੱਤਾ, “ਵੇ ਭਾਈ ਤੈਂ ਗੁਰਾਂ ਦਿੱਤੇ ਨੂੰ ਕਬੀਤਾਮਾਂ (ਕਵਿਤਾਵਾਂ) ਆਲਾ ਕੰਮ ਕਿਧਰੋਂ ਸਿਖਾ ਤਾ। ਕੋਈ ਕੰਮ ਨ੍ਹੀਂ ਕਰਦਾ, ਸਾਰਾ ਦਿਨ ਬੈਠਾ ਕਾਪੀਆਂ ’ਤੇ ਝਰੀਟਾਂ ਮਾਰੀ ਜਾਂਦਾ ਰਹਿੰਦੈ।” ਹੁਣ ਜਦੋਂ ਕਦੇ ਗੁਰਦਿੱਤ ਦੀ ਕੋਈ ਕਵਿਤਾ ਗ਼ਜ਼ਲ ਇੱਧਰ-ਉੱਧਰ ਕਿਸੇ ਅਖ਼ਬਾਰ ਰਸਾਲੇ ਵਿਚ ਛਪਦੀ ਹੈ ਤਾਂ ਭੂਆ ਬੜਾ ਹੁੱਬ-ਹੁੱਬ ਕੇ ਇਹ ਗੱਲ ਦੱਸਦੀ ਹੈ। ਬੱਸ ਲੰਘਾਊ ਭੂਆ ਦਾ ਮੇਰੇ ਨਾਲ ਬੜਾ ਮੋਹ ਰਿਹਾ ਹੈ। ਬਚਪਨ ਵਿਚ ਮੈਂ ਦੋ ਮਹੀਨੇ ਭੂਆ ਕੋਲ ਰਿਹਾ ਸਾਂ। ਜੇ ਭੂਆ ਨੇ ਮੈਨੂੰ ਕਿਸੇ ਗੱਲੋਂ ਦਬਕਾ ਮਾਰਨਾ ਹੁੰਦਾ ਤਾਂ ਕਹਿ ਦਿੰਦੀ, “ਮੈਂ ਕਹਿਣੀ ਆਂ ਮੇਲੇ (ਮੇਰੇ ਪਿਤਾ) ਨੂੰ, ਤੈਨੂੰ ਲੈ ਕੇ ਜਾਣਗੇ।” ਮੈਂ ਇਸ ਧਮਕੀ ਤੋਂ ਡਰਦਾ ਝੱਟ ਭੂਆ ਦੀ ਗੱਲ ਮੰਨ ਲੈਂਦਾ। ਭੂਆ ਦੇ ਵਿਹੜੇ ਗ਼ਰੀਬੀ ਨੇ ਹਮੇਸ਼ਾਂ ਡੇਰਾ ਲਾਈ ਰੱਖਿਆ ਹੈ, ਪਰ ਰਿਸ਼ਤੇਦਾਰੀ ਵਿਚ ਮੂੰਹ ਦਿਖਾਉਣ ਜਾਂ ਪਿਆਰ ਮੁਹੱਬਤ ਸਦਕਾ ਜੇ ਕਿਤੇ ਵੀ ਉਹ ਖ਼ੁਸ਼ੀ-ਗਮੀ ’ਤੇ ਜਾਂਦੀ ਹੈ ਤਾਂ ਕੱਪੜਿਆਂ ਦੀ ਗਠੜੀ ਜ਼ਰੂਰ ਸਿਰ ਚੁੱਕ ਕੇ ਲਿਆਉਂਦੀ ਹੈ। ਜੇ ਕੋਈ ਕਹੇ, “ਭੂਆ ਤੂੰ ਇਹ ਖੇਚਲ ਕਾਹਨੂੰ ਕਰਨੀ ਸੀ?” ਤਾਂ ਉਹ ਗੁੱਸਾ ਦਿਖਾਉਂਦੀ ਕਹੇਗੀ, “ਕਿਉਂ ਤੁਸੀਂ ਕੀ ਮੇਰੇ ਕੁਛ ਲੱਗਦੇ ਨ੍ਹੀਂ? ਨਾਲੇ ਇਹ ਦਿਨ ਕਿਹੜਾ ਰੋਜ਼-ਰੋਜ਼ ਆਉਂਦੇ ਨੇ।” ਭੂਆ ਦੇ ਇਕੋ ਇਕ ਕਮਰੇ ਵਿਚ ਦੋ ਪੀੜ੍ਹੀਆਂ, ਦੋ ਇਕੋ ਜਿਹੇ ਪਿੱਤਲ ਦੇ ਡੋਲੂ, ਦੋ ਪਿੱਤਲ ਦੇ ਵੱਡੇ ਗਲਾਸ, ਦੋ ਕਣਕ ਵਾਲੇ ਢੋਲ, ਗੱਲ ਕੀ ਹਰ ਚੀਜ਼ ਜੋਟੇ ਵਿਚ ਮਿਲੇਗੀ। ਜੇ ਪੁੱਛੋ, “ਭੂਆ ਇਹ ਦੋ ਦੋ ਕਿਉਂ ਰੱਖੇ ਨੇ?” ਤਾਂ ਜਵਾਬ ਹੋਵੇਗਾ, “ਜਦੋਂ ਮੇਰਾ ਗੁਰਾਂ ਦਿੱਤਾ ਤੇ ਕਾਲਾ ਅੱਡ ਹੋਣਗੇ ਤਾਂ ਇਕ-ਇਕ ਆ ਜਾਵੇਗਾ।” ਕਿਤੇ ਵੀ, ਕਿਸੇ ਵੀ ਆਂਢ-ਗੁਆਂਢ ਜਾਂ ਰਿਸ਼ਤੇਦਾਰੀ ਵਿਚ ਕੋਈ ਗਮੀ ਹੋ ਜਾਵੇ ਤਾਂ ਭੂਆ ਸ਼ਾਲ ਦਾ ਝੁੰਗਲਮਾਟਾ ਮਾਰੀਂ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ। ਸ਼ਾਲ ਦੇ ਝੁੰਗਲਮਾਟੇ ਵਿਚ ਉਸਦੀ ਸਿਰਫ਼ ਇਕ ਅੱਖ ਇੰਜ ਨੰਗੀ ਹੁੰਦੀ ਹੈ ਜਿਵੇਂ ਨਾਮੀਂ ਡਾਕੂ ਕਿਤੇ ਡਾਕਾ ਮਾਰਨ ਚੱਲਿਆ ਹੋਵੇ। ਭੂਆ ਦੇ ਦਿਲ-ਦਰਵਾਜ਼ੇ ਸਾਡੇ ਲਈ ਹੀ ਨਹੀਂ, ਹਰ ਇਕ ਆਉਣ-ਜਾਣ ਵਾਲੇ ਲਈ ਹਮੇਸ਼ਾਂ ਖੁੱਲ੍ਹੇ ਰਹਿੰਦੇ ਹਨ। ਜੇ ਕੋਈ ਸਾਡੀ ਜਾਣ ਪਛਾਣ ਵਾਲਾ ਭੂਆ ਕੋਲ ਚਲਾ ਜਾਵੇ ਤਾਂ ਭੂਆ ਨੂੰ ਉਸ ਵਿਚੋਂ ਵੀ ਅਸੀਂ ਦਿਸਣ ਲੱਗਦੇ ਹਾਂ। ਭੂਆ ਉਸਦੀ ਵੀ ਖਵਾ-ਪਿਆ ਕੇ ਬਹੁਤ ਸੇਵਾ ਕਰਦੀ ਹੈ। ਭੂਆ ਅਨਪੜ੍ਹ ਹੈ ਫਿਰ ਵੀ ਉਹ ਅਖ਼ਬਾਰ ਪੜ੍ਹਨ ਵਾਲੇ ਬੰਦੇ ਜਿੰਨੀ ਜਾਣਕਾਰੀ ਰੱਖਦੀ ਹੈ। ਕਿਸੇ ਦੀ ਪੈਨਸ਼ਨ ਲਗਵਾਉਣੀ ਹੋਵੇ, ਕਿਸੇ ਦਾ ਨਵੀਂ ਸਕੀਮ ਦਾ ਫਾਰਮ ਭਰਨਾ ਹੋਵੇ ਜਾਂ ਇਸ ਤਰ੍ਹਾਂ ਦਾ ਕੋਈ ਹੋਰ ਕੰਮ ਹੋਵੇ। ਭੂਆ ਕਿਸੇ ਨੂੰ ਨਿਰਾਸ਼ ਨਹੀਂ ਕਰਦੀ। ਉਹ ਆਉਣ ਵਾਲੇ ਨੂੰ ਇਕ ਮਿੰਟ ਰੁਕਣ ਲਈ ਕਹੇਗੀ ਤੇ ਅਗਲੇ ਪਲ ਹੀ ਚੁੰਨੀ ਚੁੱਕ ਕੇ ਉਸਦੀ ਮਦਦ ਲਈ ਝੱਟ ਮਾਨਸਾ ਵਾਲੀ ਬੱਸ ਚੜ੍ਹ ਜਾਵੇਗੀ। ਅਜਿਹੇ ਸੇਵਾ ਦੇ ਕੰਮ ਵਿਚ ਉਹ ਕਦੇ ਵੀ ਬੱਸ ਨਹੀਂ ਲੰਘਣ ਦਿੰਦੀ। ਉਸ ਦੀਆਂ ਗੱਲਾਂ, ਉਸ ਦੀਆਂ ਹਰਕਤਾਂ ਅਤੇ ਉਸਦੇ ਮੋਹ-ਮੁਹੱਬਤੀ ਸੁਭਾਅ ਕਰਕੇ ਮੈਨੂੰ ਹਮੇਸ਼ਾਂ ਉਸ ਵਿਚੋਂ ਪੁਰਾਣਾ ਪੰਜਾਬ ਨਜ਼ਰ ਆਉਣ ਲੱਗਦਾ ਹੈ, ਤੁਰਦਾ ਫਿਰਦਾ, ਗੁਰਾਂ ਦੇ ਨਾਂ ’ਤੇ ਜਿਉਂਦਾ ਪੰਜਾਬ।

ਸੰਪਰਕ: 94172-41787

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਉਪ ਰਾਜਪਾਲ ਨੇ ਕੀਤਾ ਉਦਘਾਟਨ; ਕੇਂਦਰ ਤੇ ਦਿੱਲੀ ਦੇ ਆਗੂਆਂ ਨੇ ਲਿਆ ਕੋਵ...

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਲੁਧਿਆਣਾ ਜੇਲ੍ਹ ਵਿੱਚ 26 ਕੈਦੀਆਂ ਤੇ ਹਵਾਲਾਤੀਆਂ ਨੂੰ ਕਰੋਨਾ

ਸ਼ਹਿਰ

View All