
ਮੁਹੰਮਦ ਬਸ਼ੀਰ
ਸਮੁੱਚੇ ਸਿੱਖਿਆ ਤੰਤਰ ਦਾ ਮੁੱਖ ਉਦੇਸ਼ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ। ਇਸ ਦਾ ਭਾਵ ਇਹ ਹੈ ਕਿ ਬੱਚੇ ਸਿੱਖਿਆ ਢਾਂਚੇ ਦਾ ਕੇਂਦਰ ਬਿੰਦੂ ਹਨ। ਵਿਦਿਅਕ ਤੰਤਰ ਦੇ ਤਾਣੇ-ਬਾਣੇ ਵਿੱਚ ਆਉਣ ਵਾਲਾ ਹਰ ਬੱਚਾ ਮਹੱਤਵ ਰੱਖਦਾ ਹੈ। ਹਰ ਬੱਚੇ ਵਿੱਚ ਕੁਝ ਖ਼ਾਸ ਜ਼ਰੂਰ ਹੁੰਦਾ ਹੈ, ਜਿਸ ਦਾ ਵਿਕਾਸ ਕਰ ਕੇ ਬੱਚੇ ਨੂੰ ਸਬੰਧਿਤ ਖੇਤਰ ਵਿੱਚ ਬੁਲੰਦੀਆਂ ’ਤੇ ਪਹੁੰਚਾਇਆ ਜਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਹਰ ਬੱਚੇ ਦੀ ਮਾਨਸਿਕ ਸਥਿਤੀ ਤੇ ਉਸ ਦੀ ਅੰਦਰਲੀ ਯੋਗਤਾ ਨੂੰ ਜਾਣ ਕੇ ਉਸ ਲਈ ਸਭ ਤੋਂ ਚੰਗਾ ਮਾਰਗ ਚੁਣਿਆ ਜਾਵੇ ਤਾਂ ਜੋ ਉਸ ਦੀ ਯੋਗਤਾ ਦੀ ਸੁਚੱਜੀ ਵਰਤੋਂ ਹੋ ਸਕੇ।
ਭਾਵੇਂ ਭਾਰਤ ਨੂੰ ਆਜ਼ਾਦ ਹੋਇਆਂ 70 ਸਾਲ ਤੋਂ ਵੱਧ ਸਮਾਂ ਬੀਤ ਗਿਆ ਹੈ ਪਰ ਅਜੇ ਤਕ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਕੋਈ ਚੰਗੀ ਸਿੱਖਿਆ ਨੀਤੀ ਨਹੀਂ ਬਣਾਈ ਗਈ, ਜਿਸ ਨਾਲ ਬੱਚੇ ਅੰਦਰਲਾ ਹੁਨਰ ਪਛਾਣ ਕੇ ਉਸ ਦਾ ਵਿਕਾਸ ਕੀਤਾ ਜਾ ਸਕੇ। ਅਧੂਰੇ ਅੰਕੜੇ ਇਕੱਠੇ ਕਰ ਕੇ ਜ਼ਮੀਨੀ ਸੱਚਾਈਆਂ ਤੋਂ ਦੂਰ ਸਿੱਖਿਆ ਖੇਤਰ ਵਿੱਚ ਨਵੇਂ ਤਜਰਬੇ ਕੀਤੇ ਜਾ ਰਹੇ ਹਨ। ਸਿੱਖਿਆ ਦਾ ਅਧਿਕਾਰ ਕਾਨੂੰਨ 2009 ਦੇ ਸਹਾਰੇ ਪਾਸ ਹੋਣ ਵਾਲੇ ਕਰੀਬ 50 ਫ਼ੀਸਦੀ ਬੱਚਿਆਂ ਨੂੰ ਗਣਿਤ ਅਤੇ ਮਾਂ ਬੋਲੀ ਪੰਜਾਬੀ ਦਾ ਮੁੱਢਲਾ ਗਿਆਨ ਵੀ ਨਹੀਂ ਹੈ। ਇਸ ਕਾਨੂੰਨ ਆਸਰੇ ਅੱਠਵੀਂ ਪਾਸ ਕਰਨ ਵਾਲੇ ਕੁਝ ਬੱਚਿਆਂ ਨੂੰ ਤਾਂ ਆਪਣੇ ਦਸਤਖ਼ਤ ਵੀ ਨਹੀਂ ਕਰਨੇ ਆਉਂਦੇ। ਜਦੋਂ ਪੂਰੀ ਸਥਿਤੀ ’ਤੇ ਨਜ਼ਰ ਮਾਰੀਏ ਤਾਂ ਪਤਾ ਚਲਦਾ ਹੈ ਕਿ ਅਧਿਆਪਕ ਵਰਗ ਤਾਂ ਅਜੋਕੇ ਸਿੱਖਿਆ ਢਾਂਚੇ ਦਾ ਇੱਕ ਮੋਹਰਾ ਮਾਤਰ ਰਹਿ ਗਿਆ ਹੈ, ਜੋ ਖ਼ੁਦ ਸ਼ਾਸਕ ਵਰਗ ਦੀਆਂ ਆਪਹੁਦਰੀਆਂ ਅਤੇ ਡੰਗ ਟਪਾਊ ਨੀਤੀਆਂ ਦਾ ਸ਼ਿਕਾਰ ਹੋ ਕੇ ਮਾਨਸਿਕ ਪਰੇਸ਼ਾਨੀਆਂ ਝੱਲ੍ਹ ਰਿਹਾ ਹੈ।
ਅਧਿਆਪਕਾਂ ਨੂੰ ਠੇਕੇ ’ਤੇ ਭਰਤੀ ਕਰ ਕੇ ਨਿਗੂਣੀਆਂ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ। ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਸਕੂਲਾਂ ਵਿੱਚ ਗਣਿਤ ਤੇ ਵਿਗਿਆਨ ਵਿਸ਼ਿਆਂ ਦੀਆਂ ਪੋਸਟਾਂ ਦਾ ਖ਼ਾਲੀ ਹੋਣਾ ਹੈ। ਸਮਾਜਿਕ ਸਿੱਖਿਆ ਦੇ ਅਧਿਆਪਕ ਵਿਦਿਆਰਥੀਆਂ ਨੂੰ ਅੰਗਰੇਜ਼ੀ ਪੜ੍ਹਾ ਰਹੇ ਹਨ। ਗਣਿਤ ਅਧਿਆਪਕਾਂ ਦੀਆਂ ਖ਼ਾਲੀ ਆਸਾਮੀਆਂ ਭਰਨ ਦੀ ਥਾਂ ਗਣਿਤ ਮੇਲੇ ਕਰਵਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਹ ਸੁਹਿਰਦ ਯਤਨ ਨਹੀਂ ਬਲਕਿ ਮਹਿਜ਼ ਲਿੱਪਾ-ਪੋਚੀ ਹੀ ਹੈ। ਭਾਵੇਂ ਅਧਿਆਪਕਾਂ ਤੋਂ ਗ਼ੈਰ ਵਿਦਿਅਕ ਕੰਮ ਨਾ ਲੈਣ ਸਬੰਧੀ ਕਈ ਪੱਤਰ ਜਾਰੀ ਹੋਏ ਹਨ ਪਰ ਅਜੇ ਵੀ ਇਹ ਰੁਝਾਨ ਨਿਰੰਤਰ ਜਾਰੀ ਹੈ। ਵਿਦਿਆਰਥੀਆਂ ਦੇ ਸਿਲੇਬਸ ਵਿੱਚ ਵੀ ਸਮੇਂ ਦੇ ਅਨੁਸਾਰ ਬਦਲਾਅ ਲਿਆਉਣ ਦੀ ਸਖ਼ਤ ਜ਼ਰੂਰਤ ਹੈ। ਜ਼ਮੀਨੀ ਸੱਚਾਈਆਂ ਦੀ ਪੜਚੋਲ ਕਰਕੇ ਹਰੇਕ ਪ੍ਰਕਾਰ ਦੇ ਬੱਚਿਆਂ ਦੇ ਮਾਨਸਿਕ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਨੀਤੀ ਤਿਆਰ ਕੀਤੀ ਜਾਵੇ।
ਸੰਪਰਕ: 94171-58300
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ