ਬੱਚਿਆਂ ਤੋਂ ਬਚਪਨ ਨਾ ਖੋਹੀਏ

ਗੁਰਬਿੰਦਰ ਸਿੰਘ ਮਾਣਕ

ਬੱਚੇ ਕੁਦਰਤ ਦੀ ਸਭ ਤੋਂ ਖ਼ੂਬਸੂਰਤ ਸਿਰਜਣਾ ਹਨ। ਜੇ ਇਸ ਧਰਤੀ ’ਤੇ ਬੱਚਿਆਂ ਦੀਆਂ ਮਾਸੂਮ ਕਿਲਕਾਰੀਆਂ ਨਾ ਗੂੰਜਦੀਆਂ ਹੁੰਦੀਆਂ ਤਾਂ ਇਹ ਧਰਤੀ ਨੀਰਸ ਤੇ ਵਿਰਾਨ ਨਜ਼ਰ ਆਉਂਦੀ। ਇਸ ਧਰਤੀ ਨੂੰ ਸੁਹਾਵਣੀ ਤੇ ਰਹਿਣਯੋਗ ਬਣਾਉਣ ਵਿੱਚ ਬੱਚਿਆਂ ਦੀ ਨਿਰਛਲ ਮੁਸਕਰਾਹਟ ਤੇ ਮਸੂਮੀਅਤ ਦਾ ਵੱਡਾ ਹੱਥ ਹੈ। ਮਨੁੱਖੀ ਜੀਵਨ ਦੇ ਤਿੰਨ ਪਡ਼ਾਵਾਂ ਬਚਪਨ, ਜਵਾਨੀ ਤੇ ਬੁਢਾਪੇ ਦੀ ਬਿਨਾਂ ਸ਼ੱਕ ਆਪਣੀ-ਆਪਣੀ ਮਹੱਤਤਾ ਹੈ, ਪਰ ਬਚਪਨ ਦੀ ਬਾਦਸ਼ਾਹੀ ਉਮਰ ਹਰ ਇੱਕ ਨੂੰ ਭਾਉਂਦੀ ਤੇ ਪਿਆਰੀ ਲੱਗਦੀ ਹੈ। ਛੋਟਾ ਬੱਚਾ ਘਰ ਦੇ ਸਭ ਜੀਆਂ ਦਾ ਪਿਆਰਾ ਤੇ ਦੁਲਾਰਾ ਹੁੰਦਾ ਹੈ। ਉਸ ਦੇ ਆਉਣ ਨਾਲ ਘਰ ਵਿੱਚ ਇੱਕ ਤਰ੍ਹਾਂ ਰੌਣਕ ਪਸਰ ਜਾਂਦੀ ਹੈ। ਬੱਚਿਆ ਦੇ ਤੋਤਲੇ ਬੋਲ ਸੁਣਦਿਆਂ ਮਨ ਨੂੰ ਅਜਿਹਾ ਸਕੂਨ ਮਿਲਦਾ ਹੈ ਜਿਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ। ਵੱਡੇ ਹੋਣ ’ਤੇ ਵੀ ਜਦੋਂ ਕਦੇ ਮਾਵਾਂ ਜਾਂ ਘਰ ਦੇ ਹੋਰ ਜੀਅ ਬੱਚਿਆਂ ਦੇ ਬਚਪਨ ਦੀਆਂ ਰਾਂਗਲੀਆਂ ਬਾਤਾਂ ਸੁਣਾਉਂਦੇ ਹਨ ਤਾਂ ਮਨ ਅਜੀਬ ਕਿਸਮ ਦੇ ਹੁਲਾਸ ਨਾਲ ਭਰ ਜਾਂਦਾ ਹੈ। ਬਚਪਨ ਦੀਆਂ ਮਨਮਾਨੀਆਂ, ਮਾਸੂਮ ਸ਼ਰਾਰਤਾਂ ਤੇ ਹਰ ਕਿਸੇ ਨੂੰ ਮੋਹ ਲੈਣ ਵਾਲੀਆਂ ਤੋਤਲੀਆਂ ਗੱਲਾਂ ਬੱਚੇ ਦੇ ਬਚਪਨ ਦੇ ਵਰ੍ਹਿਆਂ ਨੂੰ ਅਸਲ ਅਰਥਾਂ ਵਿੱਚ  ਬਾਦਸ਼ਾਹੀ ਬਣਾਉਂਦੀਆਂ ਹਨ। ਕਿਸੇ ਬਾਦਸ਼ਾਹ ਨੂੰ ਤਾਂ ਆਪਣੇ ਰਾਜ-ਭਾਗ ਬਾਰੇ ਸੌ ਚਿੰਤਾਵਾਂ ਤੇ ਦੁਸ਼ਵਾਰੀਆਂ ਹੋ ਸਕਦੀਆਂ ਹਨ, ਪਰ ਅਸਲ ਅਰਥਾਂ ਵਿੱਚ ਬਾਦਸ਼ਾਹ ਤਾਂ ਬੱਚਾ ਹੁੰਦਾ ਹੈ ਜਿਸ ਦੀ ਤਾਬਿਆ ਵਿੱਚ ਸਾਰਾ ਪਰਿਵਾਰ ਪੱਬਾਂ-ਭਾਰ ਹੋਇਆ ਰਹਿੰਦਾ ਹੈ। ਸਮਾਂ ਭਾਵੇਂ ਕਿੰਨਾ ਵੀ ਬਦਲ ਜਾਵੇ, ਬੱਚੇ ਦੀ ਆਮਦ ਹਮੇਸ਼ਾਂ ਹੀ ਖ਼ੁਸ਼ੀਆਂ ਦੀ ਫੁਹਾਰ ਲੈ ਕੇ ਆਂਉਂਦੀ ਹੈ। ਜੇ ਕਿਸੇ ਵੀ ਮਨੁੱਖ ਨੂੰ ਥੋਡ਼੍ਹਾ ਜਿਹਾ ਕੁਰੇਦਿਆ ਜਾਵੇ ਤਾਂ ਉਹ ਛੇਤੀ ਹੀ ਬਚਪਨ ਦੀ ਸਤਰੰਗੀ ਦੁਨੀਆਂ ਦੀਆਂ ਅਣਭੁੱਲ ਯਾਦਾਂ ਵਿੱਚ ਗੁਆਚ ਜਾਂਦਾ ਹੈ। ਬਚਪਨ ਬਹੁਤ ਭੋਲਾ ਤੇ ਮਾਸੂਮ ਹੁੰਦਾ ਹੈ। ਬੇਪਰਵਾਹੀ ਦੇ ਇਸ ਆਲਮ ਵਿੱਚ ਜੋ ਜੀਅ ਕਰੇ ਕਰਨ ਦੀ ਪੂਰੀ ਖੁੱਲ੍ਹ ਹੁੰਦੀ ਹੈ। ਦਾਦੀਆਂ ਨਾਨੀਆਂ ਤਾਂ ਛੋਟੇ ਬੱਚੇ ਨਾਲ ਇਸ ਕਦਰ ਆਪਮੁਹਾਰੇ ਗੱਲਾਂ ਕਰਦੀਆਂ ਹਨ, ਜਿਵੇਂ ਦੁਨੀਆਂ ਦੇ ਸਭ ਸੁੱਖ ਉਨ੍ਹਾਂ ਦੀ ਝੋਲੀ ਆ ਪਏ ਹੋਣ। ਕੁਦਰਤ ਵੱਲੋਂ ਬਖ਼ਸ਼ੇ ਇਸ ਅਦਭੁਤ ਖਿਡਾਉਣੇ ਨਾਲ ਖੇਡਦਿਆਂ ਉਨ੍ਹਾਂ ਨੂੰ ਆਪਣੀਆਂ ਸਭ ਦੁੱਖ ਤਕਲੀਫ਼ਾਂ ਵਿੱਸਰ ਜਾਂਦੀਆਂ ਹਨ। ਜਦੋਂ ਬੱਚਾ ਪਹਿਲਾ ਕਦਮ ਪੁੱਟਦਾ ਹੈ ਤਾਂ ਅਸੀਮ ਖ਼ੁਸ਼ੀ ਵਿੱਚ ਝੂਮਦੀਆਂ ਮਾਵਾਂ ਦਾ ਪੈਰ ਧਰਤੀ ’ਤੇ ਨਹੀਂ ਲੱਗਦਾ। ਅਨੇਕਾਂ ਦੁਸ਼ਵਾਰੀਆਂ ਵਿੱਚੋਂ ਗੁਜ਼ਰ ਕੇ ਮਾਂ-ਬਾਪ ਬੱਚਿਆਂ ਦੀ ਪਾਲਣਾ ਕਰਦੇ ਹਨ। ਮਾਂ ਤਾਂ ਆਪਣੇ ਸਾਰੇ ਸੁੱਖ ਆਰਾਮ ਬੱਚੇ ਤੋਂ ਨਿਛਾਵਰ ਕਰ ਦਿੰਦੀ ਹੈ। ਬੱਚਿਆਂ ਦੀਆਂ ਮਾਸੂਮੀਅਤ ਭਰੀਆਂ ਤੇ ਆਲੀਆਂ-ਭੋਲੀਆਂ ਗੱਲਾਂ ਹਰ ਇੱਕ ਦਾ ਮਨ ਮੋਹ ਲੈਂਦੀਆਂ ਹਨ। ਇਸ ਉਮਰੇ ਸ਼ਰਾਰਤਾਂ ਵੀ ਪਿਆਰੀਆਂ ਲੱਗਦੀਆਂ ਹਨ ਤੇ ਜ਼ਿਦ ਵੀ ਪੁੱਗ ਜਾਂਦੀ ਹੈ। ਸਿੱਧੀ ਤਰ੍ਹਾਂ ਕੋਈ ਗੱਲ ਨਾਂ ਗੌਲੇ ਤਾਂ ਰੁੱਸ ਕੇ ਜਾਂ ਰੋ ਕੇ ਮਨਾਈ ਜਾ ਸਕਦੀ ਹੈ। ਅਜੋਕੇ ਸਮੇਂ ਜਦੋਂ ਬੁਢਾਪੇ ਵਿੱਚ ਰੁਲਦਿਆਂ ਕਿਸੇ ਮਾਂ-ਬਾਪ ਨੂੰ ਦੇਖਦੇ ਹਾਂ ਤਾਂ ਮਨ ਪ੍ਰੇਸ਼ਾਨ ਹੋ ਜਾਂਦਾ ਹੈ ਕਿ ਕਿੰਨੀ ਬਦਕਿਸਮਤ ਹੈ ਉਹ ਅੌਲਾਦ ਜਿਹਡ਼ੀ ਮਾਪਿਆਂ ਨੂੰ ਦੁਰਕਾਰ ਕੇ ਉਨ੍ਹਾਂ ਦੀਆਂ ਅਸੀਸਾਂ ਤੋਂ ਵਾਂਝੀ ਹੋ ਗਈ ਹੈ। ਮਾਪਿਆਂ ਦਾ ਕਰਜ਼ ਉਤਾਰਿਆ ਨਹੀਂ ਜਾ ਸਕਦਾ, ਪਰ ਇਸ ਗੱਲ ਦਾ ਅਹਿਸਾਸ ਤਾਂ ਮਨ ਵਿੱਚ ਕੀਤਾ ਜਾ ਸਕਦਾ ਹੈ। ਸਮੇਂ ਦੇ ਬਦਲ ਰਹੇ ਮੁਹਾਣ ਨੇ ਸਾਡੀ ਜ਼ਿੰਦਗੀ ਦਾ ਬਹੁਤ ਕੁਝ ਬਦਲ ਦਿੱਤਾ ਹੈ। ਪਰਿਵਾਰਾਂ ਵਿੱਚ ਬੱਚਿਆਂ ਦੀ ਗਿਣਤੀ ਬਹੁਤ ਸੀਮਤ ਹੋ ਗਈ ਹੈ। ਇੱਕ ਜਾਂ ਹੱਦ ਦੋ ਬੱਚੇ ਹੋਣ ਕਾਰਨ ਹਰ ਮਾਂ-ਬਾਪ ਦਾ ਇਹੀ ਸੁਪਨਾ ਹੁੰਦਾ ਹੈ ਕਿ ਉਸ ਦੇ ਬੱਚੇ ਉੱਚ-ਵਿਦਿਆ ਹਾਸਲ ਕਰਕੇ ਉੱਚੇ ਅਹੁਦਿਆਂ ’ਤੇ ਪਹੁੰਚਣ ਤੇ ਖ਼ੂਬ ਪੈਸਾ ਕਮਾ ਕੇ ਸਫ਼ਲ ਜ਼ਿੰਦਗੀ ਜਿਊਣ। ਇਸ ਸੁਪਨੇ ਨੂੰ ਸਾਕਾਰ ਕਰਨ ਦੇ ਨਾਂ ’ਤੇ ਹੀ ਅਸੀਂ ਬੱਚਿਆਂ ਤੋਂ ਉਨ੍ਹਾਂ ਦਾ ਬਚਪਨ ਤੇ ਕਿਲਕਾਰੀਆਂ ਖੋਹ ਲਈਆਂ ਹਨ। ਬੱਚਿਆਂ ਦੇ ਜਨਮ ਦੇ ਨਾਲ ਹੀ ਮਾਪੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੇ ਸੁਪਨੇ ਸਿਰਜਣ ਲੱਗ ਜਾਂਦੇ ਹਨ। ਕਈ ਵਾਰ ਤਾਂ ਜਾਪਦਾ ਹੈ ਕਿ ਮਾਪੇੇ ਬੱਚਿਆਂ ਦੀ ਪਾਲਣਾ ਅਤੇ ਉਨ੍ਹਾਂ ਦੇ ਭਵਿੱਖ ਪ੍ਰਤੀ ਕੁਝ ਵਧੇਰੇ ਹੀ ਚਿੰਤਤ ਹੋ ਗਏ ਹਨ। ਬੱਚੇ ਦੇ ਖਾਣ-ਪੀਣ, ਸਿਹਤ, ਸਿੱਖਿਆ ਤੇ ਜੀਵਨ ਦੀਆਂ ਹੋਰ ਖ਼ੁਸ਼ੀਆਂ ਦੀ ਪ੍ਰਾਪਤੀ ਲਈ ਮਾਪੇ ਲੋਡ਼ੋਂ ਵੱਧ ਪ੍ਰੇਸ਼ਾਨ ਨਜ਼ਰ ਆਉਂਦੇ ਹਨ। ਬੱਚਿਆਂ ਦੀ ਸਿਹਤ ਪ੍ਰਤੀ ਮਾਪੇ ਜਿੰਨੇ ਵੱਧ ਚਿੰਤਾਵਾਨ ਹੁੰਦੇ ਹਨ, ਉਨੇ ਹੀ ਬੱਚੇ ਕਮਜ਼ੋਰ ਤੇ ਬੇਨੂਰ ਜਿਹੇ ਨਜ਼ਰ ਆਉਂਦੇ ਹਨ। ਗੋਭਲਾ ਜਿਹਾ ਸਿਹਤਮੰਦ ਬੱਚਾ ਤਾਂ ਕਿਤੇ ਹੀ ਨਜ਼ਰੀਂ ਪੈਂਦਾ ਹੈ। ਮਾਸੂਮ ਜਿਹੀਆਂ ਜਿੰਦਾਂ ਦੇ ਹੀ ਮੋਟੇ ਮੋਟੇ ਸ਼ੀਸ਼ਿਆਂ ਵਾਲੀਆਂ ਐਨਕਾਂ ਲੱਗੀਆਂ ਨਜ਼ਰ ਆਉਂਦੀਆਂ ਹਨ। ਬੱਚਿਆਂ ਨੂੰ ਪੌਸ਼ਟਿਕ ਖੁਰਾਕ ਦੇਣ ਦੇ ਬਾਵਜੂਦ ਮਾਪੇ ਚਿੰਤਾ ਵਿੱਚ ਹਨ ਕਿ ਉਨ੍ਹਾਂ ਦੇ ਬੱਚੇ ਹੇਠਾਂ ਹੀ ਹੇਠਾਂ ਤੁਰੇ ਜਾਂਦੇ ਹਨ। ਬਿਨਾਂ ਸ਼ੱਕ ਫਾਸਟ ਫੂਡ ਦੇ ਰੁਝਾਨ ਨੇ ਬੱਚਿਆਂ ਦੀ ਸਿਹਤ ਨੂੰ ਪ੍ਰਭਾਵਿਤ ਕੀਤਾ ਹੈ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਅਜੋਕੇ ਬੱਚੇ ਘਰਾਂ ਵਿੱਚ ਬਣਦੇ ਰਵਾਇਤੀ ਭੋਜਨ ਖਾਣ ਤੋਂ ਕੰਨੀ ਕਤਰਾਉਂਦੇ ਹਨ। ਜਿੱਥੇ ਮਾਵਾਂ ਵਧੇਰੇ ਸੁਚੇਤ ਹਨ ਤੇ ਬੱਚਿਆਂ ਦੀ ਮਾਨਸਿਕਤਾ ਨੂੰ ਸਮਝ ਕੇ ਖਾਣਾ ਤਿਆਰ ਕਰਦੀਆਂ ਹਨ, ਉੱਥੇ ਹੀ ਬੱਚੇ ਕੁਝ ਖਾਣ ਲਈ ਤਿਆਰ ਹੁੰਦੇ ਹਨ। ਅਸਲ ਕਹਾਣੀ ਇਹ ਹੈ ਕਿ ਅਜੋਕੇ ਸਮੇਂ ਵਿੱਚ ਬੱਚਿਆਂ ’ਤੇ ਬਹੁਤ ਮਾਨਸਿਕ ਦਬਾਓ ਹੈ। ਖੇਡਣ ਮੱਲ੍ਹਣ ਦੀ ਉਮਰੇ ਹੀ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਚਿੰਤਾਵਾਂ ਵਿੱਚ ਪਾ ਦਿੱਤਾ ਜਾਂਦਾ ਹੈ। ਬੱਚੇ ਦੀ ਪਡ਼੍ਹਾਈ ਸਬੰਧੀ ਅਜੋਕੇ ਮਾਪੇ ਬਹੁਤ ਫ਼ਿਕਰਮੰਦ ਹਨ। ਸਰਕਾਰੀ ਸਕੂਲਾਂ ਵਿੱਚ ਤਾਂ ਕੋਈ ਮਾਪਾ ਆਪਣੇ ਬੱਚੇ ਨੂੰ ਪਡ਼੍ਹਾਉਣ ਲਈ ਤਿਆਰ ਨਹੀਂ ਹੈ। ਮਹਿੰਗੇ ਪ੍ਰਾਈਵੇਟ ਸਕੂਲਾਂ ਵਿੱਚ ਬੱਚੇ ਨੂੰ ਦਾਖਲ ਕਰਾਉਣ ਦੀ ਹੋਡ਼ ਵਿੱਚ ਅੱਜ ਕੱਲ੍ਹ ਮਾਪੇ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸ ਦੀ ਰਜਿਸਟ੍ਰੇਸ਼ਨ ਕਰਵਾ ਦਿੰਦੇ ਹਨ ਤਾਂ ਕਿ ਬੱਚੇ ਚੰਗੇ ਸਕੂਲ ਵਿੱਚ ਦਾਖਲ ਹੋਣ ਤੋਂ ਰਹਿ ਨਾ ਜਾਣ। ਢਾਈ ਕੁ ਸਾਲ ਦੀ ਉਮਰ ਹੁੰਦਿਆਂ ਹੀ ਬੱਚਿਆਂ ਨੂੰ ਸਕੂਲ ਭੇਜਣ ਦੀ ਤਿਆਰੀ ਅਾਰੰਭ ਦਿੱਤੀ ਜਾਂਦੀ ਹੈ। ਲੋਕਾਂ ਦੀ ਅਜਿਹੀ ਮਾਨਸਿਕਤਾ ਦਾ ਲਾਭ ਉਠਾਉਣ ਵਾਲਿਆਂ ਨੇ ਅਜਿਹੀਆਂ ਦੁਕਾਨਾਂ ਵੀ ਖੋਲ੍ਹ ਰੱਖੀਆਂ ਹਨ ਜਿੱਥੇ ਬੱਚੇ ਨੂੰ ਦਾਖਲੇ ਦੀ ਇੰਟਰਵਿਊ ਲਈ ਤਿਆਰ ਕੀਤਾ ਜਾਂਦਾ ਹੈ। ਤਿੰਨ ਕੁ ਸਾਲ ਦੇ ਮਾਸੂਮ ਬੱਚੇ ਨੂੰ ਬੈਲਟ ਤੇ ਟਾਈ ਵਿੱਚ ਜਕਡ਼ ਕੇ ਅਤੇ ਉਸ ਦੀ ਪਿੱਠ ’ਤੇ ਸਕੂਲ ਬੈਗ ਲਟਕਾ ਕੇ ਸਕੂਲ ਵੈਨ ਵਿੱਚ ਚਡ਼੍ਹਾ ਦਿੱਤਾ ਜਾਂਦਾ ਹੈ। ਜਬਰੀ ਥੋਪੇ ਅਨੁਸ਼ਾਸਨ ਵਿੱਚ ਬੱਝਿਆ ਬੱਚਾ ਇਸ ਅਜੀਬ ਵਰਤਾਰੇ ਤੋਂ ਬੇਹੱਦ ਤੰਗੀ ਮਹਿਸੂਸ ਕਰਦਾ ਹੈ। ਕਦੇ ਕਦੇ ਉਹ ਰੋ ਕੇ ਆਪਣੇ ਮਨ ਦੀ ਦੁਖਦਾਈ ਸਥਿਤੀ ਦਾ ਪ੍ਰਗਟਾਵਾ ਵੀ ਕਰਦਾ ਹੈ, ਪਰ ਉਸ ਦੀ ਸੁਣਦਾ ਕੋਈ ਨਹੀਂ। ਇਸ ਮਾਨਸਿਕ ਪ੍ਰੇਸ਼ਾਨੀ ਵਿੱਚ ਬੱਚੇ ਦੀ ਭੁੱਖ ਪਿਆਸ ਮਰ ਜਾਂਦੀ ਹੈ। ਮਾਪੇ ਬਹੁਤ ਕੋਸ਼ਿਸ਼ ਕਰਦੇ ਹਨ ਕਿ ਬੱਚਾ ਕੁਝ ਖਾਵੇ, ਪਰ ਬੱਚਾ ਦਬਾਅ ਕਾਰਨ ਪੀਡ਼ਤ ਹੋ ਜਾਂਦਾ ਹੈ। ਉਹ ਆਪਣੇ ਮਨ ਦੀ ਗੱਲ ਦੱਸਣ ਤੋਂ ਅਸਮਰੱਥ ਹੁੰਦਾ ਹੈ, ਪਰ ਉਸ ਦਾ ਉੱਤਰਿਆ ਚਿਹਰਾ ਸਾਰੀ ਕਹਾਣੀ ਕਹਿ ਰਿਹਾ ਹੁੰਦਾ ਹੈ। ਸਕੂਲ ਜਾਣ ਤੋਂ ਬਾਅਦ ਤਾਂ ਅਕਸਰ ਹੀ ਬੱਚਿਆਂ ਦਾ ਖੇਡਣਾ ਕੁੱਦਣਾ ਬਹੁਤ ਘੱਟ ਜਾਂਦਾ ਹੈ, ਪਰ ਮਹਿੰਗੇ ਸਕੂਲਾਂ ਦੀਆਂ ਫੀਸਾਂ ਤੇ ਹੋਰ ਖ਼ਰਚੇ ਮਾਪਿਆਂ ਨੂੰ ਹਮੇਸ਼ਾਂ ਉਕਸਾਈ ਰੱਖਦੇ ਹਨ ਕਿ ਬੱਚਾ ਜਲਦੀ ਤੋਂ ਜਲਦੀ ਪਡ਼੍ਹਨ ਵਿੱਚ ਪ੍ਰਬੀਨ ਹੋ ਜਾਵੇ। ਬੱਚਾ ਘਰ ਤੋਂ ਸਕੂਲ, ਸਕੂਲ ਤੋਂ ਘਰ, ਘਰ ਤੋਂ ਟਿਊਸ਼ਨ ਤੇ ਟਿਊਸ਼ਨ ਤੋਂ ਬਾਅਦ ਹੋਮ ਵਰਕ ਮੁਕਾਉਣ ਦੇ ਚੱਕਰਵਿਊ ਵਿੱਚ ਏਨਾ ਉਲਝ ਜਾਂਦਾ ਹੈ ਕਿ ਬਾਹਰ ਜਾ ਕੇ ਖੇਡਣ-ਕੁੱਦਣ ਲਈ ਵੀ ਤਰਸ ਜਾਂਦਾ ਹੈ। ਬੱਚਿਆਂ ਦੇ ਚਿਹਰਿਆਂ ਵੱਲ ਤੱਕਿਆਂ ਉਨ੍ਹਾਂ ਦੀਆਂ ਉਦਾਸ ਅੱਖਾਂ ਵਿੱਚੋਂ ਇਹ ਇਬਾਰਤ ਪਡ਼੍ਹੀ ਜਾ ਸਕਦੀ ਹੈ। ਢੇਰ ਸਾਰੇ ਵਿਸ਼ਿਆਂ ਦੇ ਵਿਸ਼ਾਲ ਪਾਠਕ੍ਰਮਾਂ ਦੀ ਤੋਤਾ-ਰਟਣੀ ਕਰਦਿਆਂ ਬੱਚੇ ਦੇ ਅੰਦਰਲੀਆਂ ਸੰਭਾਵਨਾਵਾਂ ਦਮ ਤੋਡ਼ ਜਾਂਦੀਆਂ ਹਨ। ਹਰ ਮਾਂ-ਬਾਪ ਆਪਣੇ ਬੱਚੇ ਨੁੰ ਪਹਿਲੀ ਪੁਜ਼ੀਸ਼ਨ ’ਤੇ ਹੀ ਦੇਖਣਾ ਚਾਹੁੰਦਾ ਹੈ। ਬੱਚੇ ਦੇ ਨੰਬਰ ਕੁਝ ਘੱਟ ਆ ਜਾਣ ਤਾਂ ਘਰਾਂ ਵਿੱਚ ਸੋਗ ਪਸਰ ਜਾਂਦਾ ਹੈ। ਬੱਚੇ ਤੋਂ ਇਸ ਤਰ੍ਹਾਂ ਦੀ ਪ੍ਰਾਪਤੀ ਦੀ ਆਸ਼ਾ ਨੂੰ ਅਸਲੀਅਤ ਵਿੱਚ ਬਦਲਣ ਲਈ ਮਾਪੇ ਬੱਚਿਆਂ ’ਤੇ ਕਈ ਤਰ੍ਹਾਂ ਦੀਆਂ ਸਖ਼ਤੀਆਂ ਵੀ ਕਰਦੇ ਹਨ। ਇਸ ਤਰ੍ਹਾਂ ਕਰਨ ਨਾਲ ਬੱਚਿਆਂ ਵਿੱਚ ਹੀਣਭਾਵਨਾ ਦਾ ਅਹਿਸਾਸ ਪੈਦਾ ਹੋ ਜਾਂਦਾ ਹੈ ਅਤੇ ਕਿਸੇ ਕੰਮ ਨੂੰ ਕਰਨ ਵਿੱਚ ਉਸ ਦੀ ਰੁਚੀ ਨਹੀਂ ਰਹਿੰਦੀ। ਇਮਤਿਹਾਨਾਂ ਦੇ ਦਿਨਾਂ ਵਿੱਚ ਤਾਂ ਘਰਾਂ ਵਿੱਚ ਇੱਕ ਤਰ੍ਹਾਂ ਨਾਲ ‘ਕਰਫਿਊ’ ਵਰਗੀ ਸਥਿਤੀ ਬਣ ਜਾਂਦੀ ਹੈ। ਸਾਰੀ ਉਮਰ ਹੀ ਬੰਦਾ ਜ਼ਿੰਦਗੀ ਦੀ ਦੌਡ਼ ਵਿੱਚ ਹੱਫਿਆ ਦੌਡ਼ਿਆ ਰਹਿੰਦਾ ਹੈ। ਅਜੋਕੇ ਸਮਿਆਂ ਦੀ ਸੋਚ ਨੇ ਮਾਸੂਮ ਤੇ ਫੁੱਲਾਂ ਵਰਗੇ ਕੋਮਲ ਬੱਚਿਆਂ ਨੂੰ ਦੌਡ਼ਨ ਲਈ ਮਜਬੂਰ ਕਰਕੇ ਉਨ੍ਹਾਂ ਤੋਂ ਉਨ੍ਹਾਂ ਦਾ ਰਾਂਗਲਾ ਬਚਪਨ ਖੋਹ ਲਿਆ ਹੈ। ਬੱਚੇ ਸਾਡਾ ਵੱਡਮੁਲਾ ਸਰਮਾਇਆ ਹਨ। ਆਓ, ਇਨ੍ਹਾਂ ਨੂੰ ਖਿਡ਼ਨ ਤੇ ਮਹਿਕਣ ਦੇਈਏ। ਇਨ੍ਹਾਂ ਦੇ ਮੁਰਝਾਏ ਚਿਹਰਿਆਂ ਦੀ ਵਿਰਾਨੀ ਸਮੁੱਚੇ ਸਮਾਜ ਲਈ ਕਈ ਤਰ੍ਹਾਂ ਦੇ ਸੰਕਟ ਪੈਦਾ ਕਰ ਸਕਦੀ ਹੈ। ਬੱਚਿਆਂ ’ਤੇ ਲੋਡ਼ ਤੋਂ ਵੱਧ ਬੋਝ ਤੇ ਲੋਡ਼ ਤੋਂ ਵਧੇਰੇ ਆਸ਼ਾਵਾਂ ਉਨ੍ਹਾਂ ਦੀ ਮੌਲਿਕਤਾ ਨੂੰ ਕਿਧਰੇ ਨਸ਼ਟ ਨਾ ਕਰ ਦੇਣ। ਬੱਚੇ ਦੇ ਅੰਦਰ ਛੁਪੀਆਂ ਸੰਭਾਵਨਾਵਾਂ ਦੀ ਥਾਹ ਪਾਉਣੀ ਬਹੁਤ ਜ਼ਰੂਰੀ ਹੈ। ਉਸ ’ਤੇ ਠੋਸਿਆਂ ਕੋਈ ਵੀ ਪ੍ਰਾਪਤੀ ਸੰਭਵ ਨਹੀਂ। ਬੱਚੇ ਦੇ ਸਰਵਪੱਖੀ ਵਿਕਾਸ ਤੇ ਨਰੋਈ ਸਿਹਤ ਲਈ ਸਹਿਪਾਠੀ ਕਿਰਿਆਵਾਂ ਅਤੇ ਖੇਡਣ ਕੁੱਦਣ ਦਾ ਵਿਸ਼ੇਸ਼ ਮਹੱਤਵ ਹੈ। ਗੁੰਮ-ਸੁੰਮ ਰਹਿਣ ਵਾਲੇ ਬੱਚਿਆਂ ਨੂੰ ਵੀ ਕਦੇ ਖੇਡਦਿਆਂ ਤੱਕੋ, ਉਨ੍ਹਾਂ ਦੇ ਚਿਹਰੇ ਫੁੱਲਾਂ ਵਾਂਗ ਖਿਡ਼ੇ ਨਜ਼ਰ ਆਉਣਗੇ। ਬਿਨਾਂ ਸ਼ੱਕ ਸਮਾਂ ਬਦਲ ਗਿਆ ਹੈ ਤੇ ਹਰ ਮਾਪੇ ਨੂੰ ਬੱਚਿਆਂ ਦੇ ਚੰਗੇ ਭਵਿੱਖ ਦੀ ਚਿੰਤਾ ਹੋਣੀ ਸੁਭਾਵਿਕ ਹੈ, ਪਰ ਬੱਚਿਆਂ ਦੇ ਮਨ ਵਿੱਚ ਤਣਾਉ ਪੈਦਾ ਕਰਕੇ ਜਾਂ ਉਨ੍ਹਾਂ ਦੀ ਸਮਰੱਥਾ ਤੇ ਬੁੱਧੀ ਦੀ ਸੀਮਾਂ ਤੋਂ ਵਡੇਰੀਆਂ ਆਸਾਂ ਰੱਖ ਕੇ ਕੋਈ ਪ੍ਰਾਪਤੀ ਕਰਨੀ ਸੰਭਵ ਨਹੀਂ ਹੈ। ਬਚਪਨ ਹੱਸਦਾ ਖੇਡਦਾ, ਖਿਡ਼ਖਿਡ਼ਾਉਂਦਾ ਤੇ ਕਿਲਕਾਰੀਆਂ ਮਾਰਦਾ ਹੀ ਮਨਾਂ ਨੂੰ ਸਰਸ਼ਾਰ ਕਰਦਾ ਹੈ। ਆਓ, ਬੱਚਿਆਂ ਤੋਂ ਉਨ੍ਹਾਂ ਦਾ ਬਚਪਨ ਨਾ ਖੋਹ ਕੇ ਇਸ ਤਰ੍ਹਾਂ ਦਾ ਵਾਤਾਵਰਨ ਸਿਰਜੀਏ ਕਿ ਉਹ ਹੋਰ ਮੌਲਣ, ਵਿਗਸਣ ਤੇ ਆਲੇ-ਦੁਆਲੇ ਨੂੰ ਮਹਿਕਾਉਂਦੇ ਰਹਿਣ।

ਸੰਪਰਕ: 98153-56086

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦਸਹਿਰੇ ’ਤੇ ਕਿਸਾਨ ਫੁੂਕਣਗੇ ਕੇਂਦਰ ਤੇ ਕਾਰਪੋਰੇਟਾਂ ਦੇ ਪੁਤਲੇ

ਦਸਹਿਰੇ ’ਤੇ ਕਿਸਾਨ ਫੁੂਕਣਗੇ ਕੇਂਦਰ ਤੇ ਕਾਰਪੋਰੇਟਾਂ ਦੇ ਪੁਤਲੇ

ਕਈ ਸ਼ਹਿਰਾਂ ਅਤੇ ਹਜ਼ਾਰ ਪਿੰਡਾਂ ਵਿਚ ਪੁਤਲੇ ਫੂਕਣ ਦੀ ਯੋਜਨਾ; ਕਿਸਾਨਾਂ ਨ...

ਕਿਸਾਨ ਅੰਦੋਲਨ: ਭਾਜਪਾ ਨੂੰ ਝਟਕਾ, ਸੂਬਾ ਕਿਸਾਨ ਮੋਰਚਾ ਇੰਚਾਰਜ ਨੇ ਪਾਰਟੀ ਛੱਡੀ

ਕਿਸਾਨ ਅੰਦੋਲਨ: ਭਾਜਪਾ ਨੂੰ ਝਟਕਾ, ਸੂਬਾ ਕਿਸਾਨ ਮੋਰਚਾ ਇੰਚਾਰਜ ਨੇ ਪਾਰਟੀ ਛੱਡੀ

ਮੋਗਾ ਦੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਸਰਦੂਲ ਕੰਗ ਵੱਲੋਂ ਅਸਤੀਫ਼ਾ

ਸ਼ਹਿਰ

View All