ਬੱਕਰੀਆਂ ਵਾਲੇ

ਬੱਕਰੀਆਂ ਵਾਲੇ

ਦਇਆ ਸਿੰਘ ਸੰਧੂ ਸੇਧਾਂ ਤੇ ਸਾਰਾਂ

ਕਾਲਜੀ ਪੜ੍ਹਾਈ ਅਤੇ ਟਰੇਨਿੰਗ ਪੂਰੀ ਕਰਨ ਉਪਰੰਤ ਇਕ ਮਹੀਨੇ ਦੇ ਅੰਦਰ ਹੀ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਇਕ ਲੰਬੂਤਰੇ ਜਿਹੇ ਜ਼ਿਲ੍ਹੇ ਵਿਚ ਸਰਕਾਰੀ ਅਧਿਆਪਕ ਦੀ ਨੌਕਰੀ ਮਿਲ ਗਈ। ਉਨ੍ਹਾਂ ਸਮਿਆਂ ਵਿਚ ਇਹ ਨੌਕਰੀ ਛੇ ਮਹੀਨੇ ਦੇ ਆਧਾਰ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਅਧਿਕਾਰ ਖੇਤਰ ਵਿਚ ਹੁੰਦੀ ਸੀ ਅਤੇ ਲਗਾਤਾਰ ਅੱਗੇ ਚਲਦੀ ਸੀ, ਸਾਲ ਦੋ ਸਾਲ ਬਾਅਦ ਪੱਕੀ ਹੋ ਜਾਂਦੀ ਸੀ। 30 ਅਧਿਆਪਕਾਂ ਦਾ ਇਕੋ ਕੋ-ਐਜੂਕੇਸ਼ਨ ਸਕੂਲ ਜਿੱਥੇ ਮੈਂ ਸਭ ਤੋਂ ਛੋਟੀ ਉਮਰ ਦਾ ਅਧਿਆਪਕ ਸੀ। ਦਰਿਆ ਕੰਢੇ ਸਰਕੜੇ-ਬੂਟਿਆਂ ਵਿਚ ਘਿਰਿਆ ਪੱਛੜਿਆ ਸਕੂਲ। ਜ਼ਿਲ੍ਹੇ ਵਾਲੇ ਸ਼ਹਿਰ ਤੋਂ ਦੂਰ। ਜ਼ਿਆਦਾਤਰ ਅਧਿਆਪਕ ਪਿੰਡ ਵਿਚ ਕਿਰਾਏ ’ਤੇ ਰਹਿੰਦੇ, ਹਫ਼ਤੇ ਬਾਅਦ ਘਰ ਜਾਂਦੇ। ਸਾਡਾ ਸਕੂਲ ਹਾਇਰ ਸੈਕੰਡਰੀ ਸੀ। ਇਸ ਸਕੂਲ ਨਾਲ ਇਕ ਹੋਰ ਮਿਡਲ ਸਕੂਲ ਵੀ ਅਟੈਚ ਸੀ ਜਿਸ ਦਾ ਅੱਠਵੀਂ ਜਮਾਤ ਦਾ ਸਾਲਾਨਾ ਨਤੀਜਾ ਸਾਡੇ ਸਕੂਲ ਤੋਂ ਪ੍ਰਵਾਨ ਕਰਾਉਣਾ ਪੈਂਦਾ ਸੀ। ਇਕੱਤੀ ਮਾਰਚ ਦਾ ਦਿਨ ਆ ਗਿਆ। ਉਸ ਦਿਨ ਸਾਡੇ ਸਕੂਲ ਵੱਲੋਂ ਪ੍ਰਿੰਸੀਪਲ ਸਾਹਿਬ ਨੇ ਇਕ ਅਧਿਆਪਕ ਡੈਲੀਗੇਟ ਕਰਕੇ ਭੇਜਣਾ ਸੀ ਜੋ ਮਿਡਲ ਸਕੂਲ ਦਾ ਅੱਠਵੀਂ ਦਾ ਉਨ੍ਹਾਂ ਅਧਿਆਪਕਾਂ ਵੱਲੋਂ ਤਿਆਰ ਕੀਤਾ ਨਤੀਜਾ ਪ੍ਰਵਾਨ ਕਰਨ ਉਪਰੰਤ ਐਲਾਨੇ ਤੇ ਨਤੀਜੇ ਦੀ ਇਕ ਕਾਪੀ ਸਾਡੇ ਸਕੂਲ ਲੈ ਕੇ ਆਵੇ। ਪ੍ਰਿੰਸੀਪਲ ਸਾਹਿਬ ਨੇ ਇਹ ਕੰਮ ਮੈਨੂੰ ਸੌਂਪਦਿਆਂ ਹੁਕਮ ਦਿੱਤਾ ਕਿ ਸਾਈਕਲ ਦਾ ਪ੍ਰਬੰਧ ਕਰਕੇ ਜਲਦੀ ਸਬੰਧਿਤ ਮਿਡਲ ਸਕੂਲ ਪਹੁੰਚ ਕੇ ਤਿਆਰ ਨਤੀਜਾ ਪ੍ਰਵਾਨ ਕਰਕੇ ਦਸਤਖ਼ਤ ਕਰ, ਨਤੀਜਾ ਬੋਲ ਕੇ ਇਕ ਕਾਪੀ ਪ੍ਰਿੰਸੀਪਲ ਦਫ਼ਤਰ ਚਾਰ ਵਜੇ ਤੋਂ ਪਹਿਲਾਂ ਪਹਿਲਾਂ ਜਮ੍ਹਾਂ ਕਰਾਵਾਂ। ਚਾਰ-ਪੰਜ ਮਹੀਨੇ ਦੀ ਕੱਚੀ ਨੌਕਰੀ ਸੀ। ਕੀ ਕਰ ਸਕਦਾ ਸਾਂ? ਆਡਰ ਬੁੱਕ ਨੋਟ ਕੀਤੀ। ਸਾਈਕਲ ਚੁੱਕਿਆ। ਚੱਲ ਪਿਆ ਮਿਡਲ ਸਕੂਲ ਨੂੰ ਜੋ ਉੱਥੋਂ ਛੇ-ਸੱਤ ਕਿਲੋਮੀਟਰ ਸੀ। ਬੂਟਿਆਂ, ਸਰਕੜੇ ਵਿਚਦੀ ਇਕ ਕੱਚੀ ਪਗਡੰਡੀ ਰਾਹੀਂ ਇਕ ਘੰਟੇ ਵਿਚ ਸਕੂਲ ਪਹੁੰਚ ਗਿਆ। ਛੇ ਅਧਿਆਪਕ ਅੱਠਵੀਂ ਦਾ ਨਤੀਜਾ ਤਿਆਰ ਕਰ ਰਹੇ ਸਨ।

ਦਇਆ ਸਿੰਘ ਸੰਧੂ

ਉਨ੍ਹਾਂ ਨੂੰ ਮੈਨੂੰ ਵੇਖਦਿਆਂ ਹੀ ਪਤਾ ਚੱਲ ਗਿਆ ਕਿ ਮੈਂ ਕਿੱਧਰ ਆਇਆ ਹਾਂ। ਉਨ੍ਹਾਂ ਪਹਿਲਾਂ ਮੈਨੂੰ ਚਾਹ-ਪਾਣੀ ਪਿਆਇਆ ਤੇ ਫਿਰ ਨਤੀਜਾ ਬਣਾਉਣ ਲੱਗੇ। ਛੇਵੀਂ-ਸੱਤਵੀਂ ਦਾ ਨਤੀਜਾ ਉਨ੍ਹਾਂ ਪਹਿਲਾਂ ਹੀ ਬਣਾ ਰੱਖਿਆ ਸੀ, ਪਰ ਅੱਠਵੀਂ ਦਾ ਨਤੀਜਾ ਮੇਰੀ ਹਾਜ਼ਰੀ ਵਿਚ ਤਿਆਰ ਹੋਇਆ। ਅੱਠਵੀਂ ਦੇ ਕੁੱਲ 16 ਬੱਚੇ। ਬਾਰਾਂ ਵਿਦਿਆਰਥੀ ਤਾਂ ਨਿਯਮਾਂ ਮੁਤਾਬਿਕ ਪਾਸ ਹੋ ਗਏ, ਪਰ ਚਾਰ ਵਿਦਿਆਰਥੀਆਂ ’ਤੇ ਪੇਚ ਫਸ ਗਏ। ਸਲਾਹ ਕਰਨ ਲੱਗੇ। ਉਨ੍ਹਾਂ ਚਾਰ ਬੱਚਿਆਂ ਵਿਚੋਂ ਪਹਿਲੇ ਵਿਦਿਆਰਥੀ ਦਾ ਬਾਇਓਡਾਟਾ ਲੱਭਿਆ। ਇਕ ਜਣਾ ਕਹਿਣ ਲੱਗਾ, ‘‘ਇਹ ਤਾਂ ਸਰਪੰਚ ਦਾ ਭਤੀਜਾ ਹੈ।’’ ਦੂਜਾ ਕਹਿਣ ਲੱਗਾ, ‘‘ਫਿਰ ਤਾਂ ਪਾਸ ਕਰਨਾ ਪਊ।’’ ਸੋ ਫ਼ੈਸਲਾ ਹੋਇਆ ਕਿ ਕਰ ਦਿਓ ਪਾਸ। ਦੂਜੇ ਬੱਚੇ ਬਾਰੇ ਪਤਾ ਕੀਤਾ ਤਾਂ ਕਹਿਣ ਲੱਗੇ, ‘‘ਇਹ ਤਾਂ ਚੁਬਾਰੇ ਵਾਲਿਆਂ ਦਾ ਮੁੰਡਾ ਹੈ। ਇਨ੍ਹਾਂ ਦੇ ਘਰੋਂ ਤਾਂ ਆਪਾਂ ਨੂੰ ਦੁੱਧ ਆਉਂਦਾ ਹੈ। ਹੋਰ ਵੀ ਕਈ ਕੁਝ ਆਉਂਦਾ ਹੈ। ਚੰਗਾ ਜੀ, ਚਲੋ ਜੀ ਇਸ ਨੂੰ ਵੀ ਕਰ ਦਿਓ ਪਾਸ। ਫੇਲ੍ਹ ਰਹਿ ਗਏ ਦੋ ਵਿਦਿਆਰਥੀ। ਦੇਖੀਏ, ਇਹ ਕੀਹਦੇ ਬੱਚੇ ਹਨ।’’ ਇਕ ਕਹਿਣ ਲੱਗਾ, ‘‘ਓਏ ਇਹ ਫਲਾਣੇ ਬੱਕਰੀਆਂ ਵਾਲੇ ਦੇ ਮੁੰਡੇ, ਸੱਚ ਇਕ ਉਸ ਦਾ ਭਤੀਜਾ।’’ ਫ਼ੈਸਲਾ ਹੋਇਆ ਕਿ ਚਲੋ ਇਨ੍ਹਾਂ ਦੋਵਾਂ ਨੂੰ ਹੀ ਫੇਲ੍ਹ ਕਰ ਦਿਓ। ਸੋ, ਉਹ ਦੋਵੇਂ ਫੇਲ੍ਹ ਕਰ ਦਿੱਤੇ। ਕਾਰਬਨ ਕਾਪੀਆਂ ਰਾਹੀਂ ਤਿੰਨਾਂ ਕਾਪੀਆਂ ਵਿਚ ਨਤੀਜਾ ਤਿਆਰ ਹੋ ਗਿਆ। ਉਹ ਅਧਿਆਪਕ ਹਾਲੇ ਦਸਤਖ਼ਤ ਕਰਨ ਹੀ ਲੱਗੇ ਸਨ ਕਿ ਮੈਂ ਪਿਸ਼ਾਬ ਕਰਨ ਦਾ ਬਹਾਨਾ ਲਾ ਕੇ ਬਾਹਰ ਗਰਾਊਂਡ ਵਿਚਦੀ ਤੁਰਦਾ-ਤੁਰਦਾ ਸਰਕੜੇ ਦੇ ਓਹਲੇ ਵੱਲ ਜਾ ਰਿਹਾ ਸੀ। ਗਰਾਊਂਡ ਵਿਚ ਵਿਦਿਆਰਥੀ ਫੁਟਬਾਲ ਖੇਡ ਰਹੇ ਸਨ। ਮੈਂ ਦੌੜ ਕੇ ਉਨ੍ਹਾਂ ਵਿਚ ਸ਼ਾਮਲ ਹੋ ਕੇ ਪੂਰੇ ਜ਼ੋਰ ਨਾਲ ਦੌੜ ਕੇ ਇਕ ਜ਼ੋਰਦਾਰ ਕਿੱਕ ਫੁਟਬਾਲ ਨੂੰ ਮਾਰੀ ਤੇ ਬਾਲ ਗਰਾਊਂਡ ਤੋਂ ਬਾਹਰ ਕੱਢ ਦਿੱਤੀ। ਭੱਜ ਕੇ ਬੱਚਿਆਂ ਤੋਂ ਪਹਿਲਾਂ ਪਹੁੰਚ ਫੁਟਬਾਲ ਨੂੰ ਆਪਣੇ ਪੈਰ ਹੇਠ ਕਾਬੂ ਕਰ ਖੜੋ ਗਿਆ। ਸਾਰੇ ਵਿਦਿਆਰਥੀ ਮੇਰੇ ਕੋਲ ਖੜ੍ਹ ਗਏ। ਮੈਂ ਬੱਚਿਆਂ ਤੋਂ ਉਨ੍ਹਾਂ ਦੋ ਬੱਚਿਆਂ ਬਾਰੇ ਪੁੱਛਿਆ। ਉਨ੍ਹਾਂ ਦੋਵਾਂ ਦੇ ਨਾਮ ਮੈਂ ਫੇਲ੍ਹ ਹੋਏ ਵਿਦਿਆਰਥੀਆਂ ਦੀ ਲਿਸਟ ਵਿਚੋਂ ਨੋਟ ਕੀਤੇ ਹੋਏ ਸਨ। ਉਹ ਬੱਕਰੀਆਂ ਵਾਲਿਆਂ ਦੇ ਬੱਚੇ ਸਨ। ਮੈਂ ਉਨ੍ਹਾਂ ਦੀ ਹਾਲਤ ਨੂੰ ਗਹੁ ਨਾਲ ਵੇਖਿਆ। ਪੈਰੋਂ ਨੰਗੇ, ਪਾਟੇ ਕੱਪੜੇ। ਦੋਵਾਂ ਦੇ ਮੁੰਨੇ ਹੋਏ ਸਿਰ, ਬਿਨਾਂ ਤੇਲ ਲੱਗੇ ਖਿੰਡੇ-ਪੁੰਡੇ ਵਾਲ। ਤਰਸਯੋਗ ਹਾਲਤ। ਫੁਟਬਾਲ ਬੱਚਿਆਂ ਨੂੰ ਦੇ ਕੇ ਮੈਂ ਦਫ਼ਤਰ ਵਿਚ ਆ ਗਿਆ। ਅਧਿਆਪਕ ਕਹਿਣ ਲੱਗੇ, ‘‘ਸਰ, ਨਤੀਜਾ ਤਿਆਰ ਹੈ। ਕਰੋ ਦਸਤਖ਼ਤ ਤੇ ਐਲਾਨ ਕਰਕੇ ਛੁੱਟੀ ਕਰੀਏ।’’ ਸ਼ੀਟਾਂ ’ਤੇ ਉਨ੍ਹਾਂ ਤਿਆਰ ਕਰਤਾ, ਪੜਤਾਲ ਕਰਤਾ ਆਦਿ ਦੇ ਦਸਤਖ਼ਤ ਕੀਤੇ ਹੋਏ ਸਨ। ਮੈਂ ਨਤੀਜੇ ਦੀ ਇਕ ਕਾਪੀ ਚੁੱਕੀ। ਕਮਰੇ ਤੋਂ ਬਾਹਰ ਆਇਆ। ਆਪਣਾ ਸਾਈਕਲ ਚੁੱਕਿਆ ਤੇ ਜ਼ੋਰ ਨਾਲ ਭੱਜਾ। ਪਹਿਲਾਂ ਨਾਲੋਂ ਅੱਧੇ ਸਮੇਂ ਵਿਚ ਆਪਣੇ ਸਕੂਲ ਪਹੁੰਚ ਗਿਆ। ਸਾਰਾ ਘਟਨਾਕ੍ਰਮ ਪ੍ਰਿੰਸੀਪਲ ਸਾਹਿਬ ਨੂੰ ਸੁਣਾ ਦਿੱਤਾ। ਉਨ੍ਹਾਂ ਨੇ ਕੁਝ ਸੀਨੀਅਰ ਅਧਿਆਪਕਾਂ ਨਾਲ ਸਲਾਹ ਮਸ਼ਵਰਾ ਕਰਨ ਹਿੱਤ ਆਪਣੇ ਦਫ਼ਤਰ ਬੁਲਾਇਆ। ਹਾਲੇ ਅਸੀਂ ਚਰਚਾ ਕਰ ਹੀ ਰਹੇ ਸੀ ਕਿ ਮਿਡਲ ਸਕੂਲ ਦੇ ਦੋ ਅਧਿਆਪਕ, ਪਿੰਡ ਦਾ ਸਰਪੰਚ ਤੇ ਤਿੰਨ-ਚਾਰ ਹੋਰ ਪਿੰਡ ਵਾਸੀ ਦਫ਼ਤਰ ਪਹੁੰਚ ਗਏ। ਮੁੱਕਦੀ ਗੱਲ ਇਹ ਕਿ ਮੇਰੇ ’ਤੇ ਦਬਾਅ ਬਣਨ ਲੱਗਾ ਕਿ ਮੈਂ ਦਸਤਖ਼ਤ ਕਰ ਦੇਵਾਂ, ਪਰ ਮੈਂ ਅੜ ਗਿਆ ਕਿ ਜੇਕਰ ਇਹ ਦੋ ਮੁੰਡੇ ਫੇਲ੍ਹ ਕਰਨੇ ਹਨ ਤਾਂ ਸਰਪੰਚ ਦਾ ਭਤੀਜਾ ਤੇ ਉਸ ਜ਼ਿਮੀਂਦਾਰ ਦਾ ਮੁੰਡਾ ਵੀ ਫੇਲ੍ਹ ਕੀਤੇ ਜਾਣ ਜਾਂ ਗ਼ਰੀਬ ਬੱਕਰੀਆਂ ਵਾਲਿਆਂ ਦੇ ਇਹ ਦੋ ਮੁੰਡੇ ਵੀ ਪਾਸ ਕੀਤੇ ਜਾਣ। ਅੰਤ ਫ਼ੈਸਲਾ ਹੋਇਆ ਤੇ ਚਾਰੋਂ ਲੜਕੇ ਪਾਸ ਕਰ ਦਿੱਤੇ ਗਏ। ਦੁਬਾਰਾ ਨਤੀਜਾ ਤਿਆਰ ਕਰ ਉਹ ਦੋਵੇਂ ਮੁੰਡੇ ਪਾਸ ਹੋ ਗਏ। ਅਗਲੇ ਦਿਨ ਛੁੱਟੀ ਸੀ। ਮੈਂ ਸਾਈਕਲ ਲੈ ਕੇ ਉਸ ਪਿੰਡ ਬੱਕਰੀਆਂ ਵਾਲੇ ਦੇ ਘਰ ਗਿਆ। ਘਰ ਕੀ ਸੀ। ਕੱਖਾਂ-ਕਾਨਿਆਂ ਦੀਆਂ ਦੋ ਕੁੱਲੀਆਂ। ਦੋਵਾਂ ਭਰਾਵਾਂ ਪਾਸ ਪੰਜ ਪੰਜ, ਸੱਤ ਸੱਤ ਬੱਕਰੀਆਂ। ਦਿਹਾੜੀ-ਦੱਪਾ ਕਰਨ ਵਾਲੇ ਬੱਚੇ। ਮੈਂ ਉਨ੍ਹਾਂ ਨੂੰ ਨੌਵੀਂ ਜਮਾਤ ਵਿਚ ਦਾਖ਼ਲ ਹੋਣ ਲਈ ਪ੍ਰੇਰਿਆ। ਉਹ ਦੋਵੇਂ ਬੱਚੇ ਸਰੀਰ ਪੱਖੋਂ ਕਾਫ਼ੀ ਤਕੜੇ ਸਨ, ਨੌਵੀਂ ਵਿਚ ਸਾਡੇ ਸਕੂਲ ਦਾਖ਼ਲ ਹੋ ਗਏ। ਮੈਂ ਪ੍ਰਿੰਸੀਪਲ ਸਾਹਿਬ ਅੱਗੇ ਬੇਨਤੀ ਕਰਕੇ ਰੈੱਡਕਰਾਸ ਫੰਡ ਵਿਚੋਂ ਦੋਵਾਂ ਨੂੰ ਇਕ ਇਕ ਖਾਕੀ ਪੈਂਟ ਤੇ ਕਮੀਜ਼ ਬਣਵਾ ਦਿੱਤੀ। ਦੋਵਾਂ ਬੱਚਿਆਂ ਨੂੰ ਕਬੱਡੀ ਦੀ ਟੀਮ ਵਿਚ ਭਰਤੀ ਕਰ ਲਿਆ। ਖੇਡ ਵਿਚ ਉਹ ਦੋਵੇਂ ਮੋਹਰੀ ਬਣ ਗਏ। ਉੱਥੇ ਰਹਿੰਦਾ ਹੋਣ ਕਰਕੇ ਸ਼ਾਮ ਨੂੰ ਮੈਂ ਦੋਵਾਂ ਨੂੰ ਥੋੜ੍ਹੀ ਅੰਗਰੇਜ਼ੀ ਤੇ ਕੁਝ ਹਿਸਾਬ ਪੜ੍ਹਾ ਦੇਣਾ। ਉਹ ਪੜ੍ਹਾਈ ਵਿਚ ਵੀ ਚੱਲ ਨਿਕਲੇ। ਦਸਵੀਂ ਪਾਸ ਕਰਕੇ ਉਹ ਫ਼ੌਜ ਵਿਚ ਭਰਤੀ ਹੋ ਗਏ। ਉਸ ਇਕੋ ਸਕੂਲ ਵਿਚ 28 ਸਾਲ ਲਗਾ ਮੈਂ ਆਪਣੇ ਜ਼ਿਲ੍ਹੇ ਵਿਚ ਨੌਂ ਸਾਲ ਨੌਕਰੀ ਕਰਕੇ ਨੌਂ ਸਾਲ ਪਹਿਲਾਂ ਸੇਵਾਮੁਕਤ ਹੋ ਚੁੱਕਾ ਹਾਂ। ਲਗਪਗ ਅੱਧੀ ਸਦੀ ਹੋਣ ਨੂੰ ਆਈ ਹੈ। ਪਿਛਲੇ ਸਾਲ ਇਕ ਦਿਨ ਵੱਡੀ ਕਾਰ ਮੇਰੇ ਘਰ ਦੇ ਗੇਟ ਸਾਹਮਣੇ ਆ ਰੁਕੀ। ਮੇਰੇ ਘਰ ਦਾ ਮੇਨ ਗੇਟ ਆਮ ਤੌਰ ’ਤੇ ਖੁੱਲ੍ਹਾ ਰਹਿੰਦਾ ਹੈ। ਸਰੀਰ ਠੀਕ ਨਾ ਹੋਣ ਕਰਕੇ ਦਿਨ ਦੇ 12-1 ਵਜੇ ਮੈਂ ਡਰਾਇੰਗ ਰੂਮ ਵਿਚ ਸੋਫ਼ੇ ’ਤੇ ਲੇਟਿਆ ਹੋਇਆ ਸੀ। ਦੋ ਪਹਿਨੇ-ਪੱਚਰੇ ਸਰਦਾਰ ਮੇਰੇ ਸੋਫ਼ੇ ਕੋਲ ਮੇਰੇ ਪੈਰਾਂ ਵੱਲ ਬੈਠ ਮੇਰੇ ਪੈਰ ਦਬਾਉਣ ਲੱਗੇ। ਮੈਂ ਚੌਂਕਿਆ। ਉਨ੍ਹਾਂ ਇਕ ਵੱਡਾ ਡਰਾਈ ਫਰੂਟ ਦਾ ਡੱਬਾ ਮੇਜ਼ ’ਤੇ ਰੱਖ ਦਿੱਤਾ ਸੀ। ਮੈਂ ਸੋਫ਼ੇ ਤੋਂ ਉੱਠ ਕੇ ਉਨ੍ਹਾਂ ਨੂੰ ਪਿਆਰ ਦਿੱਤਾ। ਉਨ੍ਹਾਂ ਆਪਣਾ ਤੁਆਰਫ਼ ਕਰਾਇਆ। ਬਹੁਤ ਪੁਰਾਣੀ ਫ਼ਿਲਮ ਮੇਰੇ ਅੱਗੇ ਘੁਮਾ ਦਿੱਤੀ। ਇਹ ਉਹੋ ਦੋਵੇਂ ਬੱਕਰੀਆਂ ਵਾਲਿਆਂ ਦੇ ਮੁੰਡੇ ਸਨ। ਦੱਸਣ ਲੱਗੇ, ‘‘ਸਰ, ਬੜੀ ਮੁਸ਼ਕਿਲ ਨਾਲ ਤੁਹਾਨੂੰ ਲੱਭਿਆ। ਅਸੀਂ ਦੋਵੇਂ ਦਸਵੀਂ ਕਰਕੇ ਫ਼ੌਜ ਵਿਚ ਭਰਤੀ ਹੋ ਗਏ। ਹੁਣ ਕਈ ਸਾਲ ਹੋ ਗਏ ਪੈਨਸ਼ਨ ਆਇਆਂ। ਦੋਵੇਂ ਹੀ ਆਨਰੇਰੀ ਕੈਪਟਨ। ਅੱਜਕੱਲ੍ਹ ਅਕਾਲ ਪੁਰਖ਼ ਨੇ ਬਹੁਤ ਕਿਰਪਾ ਕੀਤੀ ਹੋਈ ਹੈ। ਸਾਡੀਆਂ ਰਾਜਸਥਾਨ ’ਚ ਦੋਵਾਂ ਦੀਆਂ ਕੋਠੀਆਂ ਹਨ, ਕਾਰਾਂ ਹਨ। ਮੇਰਾ ਲੜਕਾ ਰਾਜਸਥਾਨ ਵਿਚ ਕਲਾਸ-ਵਨ ਅਫ਼ਸਰ ਹੈ ਅਤੇ ਕੁਝ ਦਿਨਾਂ ਬਾਅਦ ਉਸ ਦਾ ਵਿਆਹ ਹੈ। ਤੁਸੀਂ ਜ਼ਰੂਰ ਆਉਣਾ ਹੈ।’’ ਬਿਮਾਰ ਹੋਣ ਕਾਰਨ ਮੈਂ ਟਾਲ-ਮਟੋਲ ਕੀਤੀ, ਪਰ ਉਨ੍ਹਾਂ ਮੇਰੀ ਪੇਸ਼ ਨਾ ਜਾਣ ਦਿੱਤੀ। ਕਹਿਣ ਲੱਗੇ, ‘‘ਰਾਜਸਥਾਨ ਤੋਂ ਤੁਹਾਨੂੰ ਕਾਰ ਲੈਣ ਆਵੇਗੀ ਅਤੇ ਕਾਰ ਹੀ ਛੱਡ ਕੇ ਜਾਵੇਗੀ।’’ ਕਾਰ ਆਈ, ਉਹ ਦੋਵੇਂ ਭਰਾ ਮੈਨੂੰ ਲੈਣ ਆਏ। ਕਈ ਦਿਨ ਵਿਆਹ ਦੇਖਿਆ। ਉਨ੍ਹਾਂ ਮੈਨੂੰ ਰਾਜਸਥਾਨ ਦੀਆਂ ਉਹ ਥਾਵਾਂ ਦਿਖਾਈਆਂ ਜੋ ਨਾ ਮੈਂ ਵੇਖੀਆਂ ਸਨ ਤੇ ਨਾ ਅਗਾਂਹ ਹੀ ਦੇਖਣ ਦੀ ਉਮੀਦ ਹੈ।

ਸੰਪਰਕ: 95010-32057

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਮੁੱਖ ਖ਼ਬਰਾਂ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਆਮ ਤੌਰ ’ਤੇ ਪਹਿਲੀ ਜੂਨ ਨੂੰ ਕੇਰਲ ਪੁੱਜਦਾ ਹੈ ਮੌਨਸੂਨ

ਸ਼ਹਿਰ

View All