ਬੰਗਲੁਰੂ ’ਚ ਅਭਿਆਸ ਛੱਡਣਾ ਸਾਇਨਾ ਦਾ ਨਿੱਜੀ ਫ਼ੈਸਲਾ: ਪਾਦੂਕੋਨ ਅਕੈਡਮੀ

ਨਵੀਂ ਦਿੱਲੀ, 14 ਜਨਵਰੀ ਪ੍ਰਕਾਸ਼ ਪਾਦੂਕੋਨ ਬੈਡਮਿੰਟਨ ਅਕੈਡਮੀ ਨੇ ਅੱਜ ਸਪੱਸ਼ਟ ਕੀਤਾ ਕਿ ਰੀਓ ਓਲੰਪਿਕਸ ਤੋਂ ਪਹਿਲਾਂ ਹੈਦਰਾਬਾਦ ’ਚ ਗੋਪੀਚੰਦ ਅਕੈਡਮੀ ਛੱਡ ਕੇ ਬੰਗਲੁਰੂ ’ਚ ਵਿਮਲ ਕੁਮਾਰ ਦੀ ਅਗਵਾਈ ਹੇਠ ਅਭਿਆਸ ਕਰਨਾ ਸਾਇਨਾ ਨੇਹਵਾਲ ਦਾ ਨਿੱਜੀ ਫ਼ੈਸਲਾ ਸੀ ਤੇ ਅਕੈਡਮੀ ਦੀ ਇਸ ’ਚ ਕੋਈ ਭੂਮਿਕਾ ਨਹੀਂ ਰਹੀ। ਗੋਪੀਚੰਦ ਨੇ ਆਪਣੀ ਕਿਤਾਬ ‘ਡ੍ਰੀਮਜ਼ ਆਫ ਏ ਬਿਲੀਅਨ: ਇੰਡੀਆ ਐਂਡ ਦਿ ਓਲੰਪਿਕ ਗੇਮਜ਼’ ਦੇ ਇੱਕ ਅਧਿਆਏ ’ਚ ਲਿਖਿਆ ਹੈ ਕਿ 2014 ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਵਿਮਲ ਕੁਮਾਰ ਦੀ ਅਗਵਾਈ ਹੇਠ ਬੰਗਲੁਰੂ ਸਥਿਤ ਅਕੈਡਮੀ ’ਚ ਅਭਿਆਸ ਦੇ ਸਾਇਨਾ ਦੇ ਫ਼ੈਸਲੇ ਤੋਂ ਕਾਫੀ ਦੁਖੀ ਹੋਏ ਸੀ। ਗੋਪੀਚੰਦ ਨੇ ਇਹ ਵੀ ਕਿਹਾ ਸੀ ਉਨ੍ਹਾਂ ਇਸ ਗੱਲ ਦਾ ਵੀ ਬੁਰਾ ਲੱਗਾ ਕਿ ਪਾਦੂਕੋਨ, ਵਿਮਲ ਤੇ ਓਲੰਪਿਕ ਗੋਲਡ ਕਵੈਸਟ ਦੇ ਅਧਿਕਾਰੀ ਵੀਰੇਨ ਰਾਸਕਿਨ੍ਹਾ ਨੇ ਸਾਇਨਾ ਨੂੰ ਹੈਦਰਾਬਾਦ ਛੱਡਣ ਲਈ ਉਤਸ਼ਾਹਿਤ ਕੀਤਾ। ਪਾਦੂਕੋਨ ਅਕੈਡਮੀ ਨੇ ਕਿਹਾ, ‘ਬੰਗਲੁਰੂ ’ਚ ਪੀਪੀਬੀਏ ’ਚ ਅਭਿਆਸ ਕਰਨ ਦੇ ਸਾਇਨਾ ਦੇ ਫ਼ੈਸਲੇ ’ਚ ਪੀਪੀਬੀਏ ਦਾ ਕੋਈ ਹੱਥ ਨਹੀਂ ਹੈ।’ ਇਸ ਨੇ ਕਿਹਾ, ‘ਵਿਮਲ ਕੁਮਾਰ ਨੇ ਸਾਇਨਾ ਨੂੰ ਖਰਾਬ ਫਾਰਮ ਤੋਂ ਕੱਢ ਕੇ ਦੁਨੀਆਂ ਦੀ ਨੰਬਰ ਇੱਕ ਖਿਡਾਰਨ ਬਣਨ ’ਚ ਮਦਦ ਕੀਤੀ। ਇਸ ਤੋਂ ਇਲਾਵਾ ਉਸ ਨੇ ਆਲ ਇੰਡੀਆ ਇੰਗਲੈਂਡ ਚੈਂਪੀਅਨਸ਼ਿਪ ਅਤੇ ਵਿਸ਼ਵ ਚੈਂਪੀਅਨਸ਼ਿਪ ’ਚ ਵੀ ਚਾਂਦੀ ਦੇ ਤਗ਼ਮੇ ਜਿੱਤੇ।’ ਕਿਤਾਬ ’ਚ ਗੋਪੀਚੰਦ ਨੇ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਨੂੰ ਹੈਰਾਨੀ ਹੈ ਕਿ ਪਾਦੂਕੋਨ ਨੇ ਕਦੀ ਉਨ੍ਹਾਂ ਬਾਰੇ ਕੁਝ ਸਕਾਰਾਤਮਕ ਨਹੀਂ ਕਿਹਾ। ਇਸ ’ਤੇ ਪੀਪੀਬੀਏ ਨੇ ਕਿਹਾ, ‘ਪੀਪੀਬੀਏ ਇੱਕ ਖਿਡਾਰੀ ਤੇ ਕੋਚ ਵਜੋਂ ਭਾਰਤੀ ਬੈਡਮਿੰਟਨ ’ਚ ਪੁਲੇਲਾ ਗੋਪੀਚੰਦ ਦੇ ਯੋਗਦਾਨ ਦਾ ਸਨਮਾਨ ਕਰਦਾ ਹੈ। ਅਸੀਂ ਵਿਸ਼ਵ ਪੱਧਰ ’ਤੇ ਉਨ੍ਹਾਂ ਦੇ ਖਿਡਾਰੀਆਂ ਦੀ ਕਾਮਯਾਬੀ ਦੀ ਸ਼ਲਾਘਾ ਕੀਤੀ ਹੈ ਅਤੇ ਹਮੇਸ਼ਾ ਉਨ੍ਹਾਂ ਨਾਲ ਚੰਗੇ ਰਿਸ਼ਤੇ ਰਹੇ ਹਨ।’ ਗੋਪੀਚੰਦ ਨੇ ਖੁਦ ਪਾਦੂਕੋਨ ਦੀ ਅਗਵਾਈ ਹੇਠ ਅਭਿਆਸ ਕੀਤਾ ਅਤੇ 2001 ’ਚ ਆਲ ਇੰਗਲੈਂਡ ਜਿੱਤਣ ਮਗਰੋਂ ਕੋਚ ਗਾਂਗੁਲੀ ਪ੍ਰਸਾਦ ਨਾਲ ਜੁੜੇ। ਪਾਦੂਕੋਨ ਅਕੈਡਮੀ ਨੇ ਕਿਹਾ, ‘ਪੀਪੀਬੀਏ ਪਿਛਲੇ 25 ਸਾਲ ਤੋਂ ਖਿਡਾਰੀਆਂ ਨੂੰ ਸਿਖਲਾਈ ਦੇ ਰਿਹਾ ਹੈ। ਸਾਡੇ ਕਈ ਖਿਡਾਰੀ ਆਪਣੇ ਕਰੀਅਰ ਦੇ ਵੱਖ ਵੱਖ ਦੌਰ ’ਚ ਅਕੈਡਮੀ ਛੱਡ ਕੇ ਚਲੇ ਗਏ। ਅਸੀਂ ਕਦੀ ਉਨ੍ਹਾਂ ਦੀ ਤਰੱਕੀ ਦੇ ਰਾਹ ’ਚ ਅੜਿੱਕਾ ਨਹੀਂ ਪਾਇਆ ਅਤੇ ਇਹੀ ਅਕੈਡਮੀ ਦੀ ਨੀਤੀ ਰਹੇਗੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All