ਬੌਲੀਵੁੱਡ ’ਚ ਭੈਣ-ਭਰਾਵਾਂ ਦਾ ਜਲਵਾ

ਦੀਪਤੀ ਅੰਗਰੀਸ਼

ਆਲੀਆ ਭੱਟ

ਭੈਣ ਭਰਾ ਦੇ ਰਿਸ਼ਤੇ ਨੂੰ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ। ਭਰਾ- ਭੈਣ ਇਕ ਦੂਜੇ ਲਈ ਵਧੀਆ ਦੋਸਤ ਤਾਂ ਹੁੰਦੇ ਹੀ ਹਨ, ਕਈ ਮਾਮਲਿਆਂ ਵਿਚ ਉਹ ਗੁਰੂ ਦੀ ਭੂਮਿਕਾ ਵਿਚ ਵੀ ਹੁੰਦੇ ਹਨ। ਜਦੋਂ ਗੱਲ ਬੌਲੀਵੁੱਡ ਦੀ ਹੁੰਦੀ ਹੈ ਤਾਂ ਵੀ ਬਿਲਕੁਲ ਅਜਿਹਾ ਹੀ ਹੁੰਦਾ ਹੈ। ਅਸਲ ਵਿਚ ਸਾਡਾ ਬੌਲੀਵੁੱਡ ਪ੍ਰਤੀ ਰੁਝਾਨ ਖਾਸਾ ਹੈ। ਉਨ੍ਹਾਂ ਦੇ ਪਰਿਵਾਰਕ ਰਿਸ਼ਤਿਆਂ ਵਿਚ ਵੀ ਅਸੀਂ ਕਾਫ਼ੀ ਦਿਲਚਸਪੀ ਲੈਂਦੇ ਹਾਂ। ਇਸ ਫ਼ਿਲਮੀ ਪਿਆਰ ਵਿਚ ਵਾਧਾ ਉਦੋਂ ਹੁੰਦਾ ਹੈ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਫਲਾਣਾ ਅਦਾਕਾਰ ਅਤੇ ਫਲਾਣੀ ਅਭਿਨੇਤਰੀ ਭਰਾ-ਭਰਾ, ਭਰਾ-ਭੈਣ ਅਤੇ ਭੈਣ-ਭੈਣ ਹਨ। ਅਜਿਹੇ ਵਿਚ ਉਹ ਕਲਾਕਾਰ ਸਾਡੇ ਮਨ ਵਿਚ ਵਿਸ਼ੇਸ਼ ਜਗ੍ਹਾ ਲੈ ਲੈਂਦੇ ਹਨ। ਸਾਡੀ ਦਰਸ਼ਕਾਂ ਦੀ ਅਜਿਹੀ ਹੀ ਮਾਨਸਿਕਤਾ ਹੈ। ਇਸ ਪਿਆਰ ਵਿਚ ਅਸੀਂ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਉਤਸੁਕਤਾ ਨਾਲ ਦੇਖਦੇ ਹਾਂ। ਬੌਲੀਵੁੱਡ ਵਿਚ ਕਈ ਅਜਿਹੇ ਅਦਾਕਾਰ ਅਤੇ ਅਭਿਨੇਤਰੀਆਂ ਹਨ ਜਿਹੜੇ ਆਪਸ ਵਿਚ ਸਕੇ ਭਰਾ, ਭੈਣ ਜਾਂ ਰਿਸ਼ਤੇ ਵਿਚੋਂ ਆਪਸ ਵਿਚ ਭਰਾ ਜਾਂ ਭੈਣ ਲੱਗਦੇ ਹਨ। ਇਹ ਦਰਸ਼ਕਾਂ ਦੇ ਚਹੇਤੇ ਬਣੇ ਹਨ। ਚਾਹੇ ਉਹ ਅਪਾਰਸ਼ਕਤੀ ਖੁਰਾਣਾ-ਆਯੂਸ਼ਮਾਨ ਖੁਰਾਣਾ ਹੋਵੇ ਜਾਂ ਫਿਰ ਸ਼ਿਲਪਾ ਸ਼ੈਟੀ-ਸ਼ਮਿਤਾ ਸ਼ੈਟੀ, ਸੈਫ ਅਲੀ ਖ਼ਾਨ-ਸੋਹਾ ਅਲੀ ਖ਼ਾਨ ਹੋਵੇ ਜਾਂ ਫਿਰ ਫਰਹਾਨ ਅਖ਼ਤਰ-ਜ਼ੋਯਾ ਅਖ਼ਤਰ ਹੋਣ। ਅਜਿਹੇ ਕਈ ਨਾਂ ਹਨ। ਹੁਣ ਤਕ ਇਨ੍ਹਾਂ ਹਰਮਨਪਿਆਰੇ ਬੌਲੀਵੁੱਡ ਭੈਣ, ਭਰਾਵਾਂ ਨੂੰ ਤੁਸੀਂ ਫ਼ਿਲਮੀ ਸਕਰੀਨ ’ਤੇ ਦੇਖਿਆ ਹੈ, ਪਰ ਜਲਦੀ ਹੀ ਇਨ੍ਹਾਂ ਵਿਚੋਂ ਕੁਝ ਇਕੱਠੇ ਫ਼ਿਲਮਾਂ ਕਰਦੇ ਵੀ ਨਜ਼ਰ ਆਉਣਗੇ। ਦਰਸ਼ਕਾਂ ਲਈ ਇਹ ਕਾਫ਼ੀ ਰੁਮਾਂਚਕ ਹੋਵੇਗਾ, ਪਰ ਇਹ ਉਨ੍ਹਾਂ ਵਿਚ ਪੇਸ਼ੇਵਰ ਦੂਰੀਆਂ ਲੈ ਕੇ ਆਵੇਗਾ ਜਾਂ ਨਜ਼ਦੀਕੀਆਂ ਇਹ ਸਮਾਂ ਹੀ ਦੱਸੇਗਾ।

ਪੂਜਾ ਭੱਟ

ਪ੍ਰਿਅੰਕਾ ਚੋਪੜਾ-ਪਰਿਣੀਤੀ ਚੋਪੜਾ ਨੂੰ ਦੇਸ਼ ਵਿਦੇਸ਼ ਵਿਚ ਹਰ ਕੋਈ ਜਾਣਦਾ ਹੈ। ਦੋਵੇਂ ਬੌਲੀਵੁੱਡ ਦੀਆਂ ਹਿੱਟ ਅਭਿਨੇਤਰੀਆਂ ਤਾਂ ਹਨ ਹੀ, ਨਾਲ ਹੀ ਚਚੇਰੀਆਂ ਭੈਣਾਂ ਹੁੰਦੇ ਹੋਏ ਦੋਵੇਂ ਇਕ ਦੂਜੇ ਪ੍ਰਤੀ ਵਿਸ਼ੇਸ਼ ਜੁੜਾਅ ਰੱਖਦੀਆਂ ਹਨ। ਉਹ ਦੋਵੇਂ ਇਕੱਠਾ ਕਾਫ਼ੀ ਸਮਾਂ ਬਿਤਾਉਂਦੀਆਂ ਹਨ। ਇਸਦੀ ਗਵਾਹੀ ਸੋਸ਼ਲ ਮੀਡੀਆ ਦਿੰਦਾ ਹੈ। ਦੋਵਾਂ ਨੂੰ ਪਹਿਲੀ ਵਾਰ ਇਕੱਠਾ ਫ਼ਿਲਮ ‘ਫ੍ਰੋਜਨ 2’ ਵਿਚ ਦੇਖਿਆ ਜਾਵੇਗਾ। ਇਹ ਐਨੀਮੇਟਿਡ ਫ਼ਿਲਮ ਹੈ। ਆਲੀਆ ਭੱਟ-ਪੂਜਾ ਭੱਟ ਦੋਵੇਂ ਭੈਣਾਂ ਬੌਲੀਵੁੱਡ ਦੀਆਂ ਵਧੀਆ ਕਲਾਕਾਰ ਹਨ। 90 ਦੇ ਦਹਾਕੇ ਵਿਚ ਪੂਜਾ ਭੱਟ ਨੇ ਬੌਲੀਵੁੱਡ ਵਿਚ ਰਾਜ ਕੀਤਾ ਅਤੇ ਅੱਜ ਉਸਦੀ ਛੋਟੀ ਭੈਣ ਆਲੀਆ ਭੱਟ ਦਾ ਬੌਲੀਵੁੱਡ ਵਿਚ ਜਲਵਾ ਹੈ। ਦੋਵੇਂ ਹੀ ਸਥਾਪਿਤ ਅਭਿਨੇਤਰੀਆਂ ਹਨ। ਦੋਵਾਂ ਨੂੰ ਇਕੱਠਾ ਮਹੇਸ਼ ਭੱਟ ਦੀ ਫ਼ਿਲਮ ‘ਸੜਕ 2’ ਵਿਚ ਦੇਖਿਆ ਜਾਵੇਗਾ। ਦਰਸ਼ਕਾਂ ਨੂੰ ਇਕ ਸਕਰੀਨ ’ਤੇ ਦੋਵੇਂ ਭੈਣਾਂ ਦੀ ਜੋੜੀ ਜ਼ਰੂਰ ਪਸੰਦ ਆਵੇਗੀ। ਸ਼੍ਰਧਾ ਕਪੂਰ-ਸਿਧਾਂਤ ਕਪੂਰ ਨੂੰ ਤੁਸੀਂ ਕਈ ਵਾਰ ਦੇਖਿਆ ਹੈ, ਪਰ ਅਲੱਗ ਅਲੱਗ। ਦੋਵੇਂ ਸਕੇ ਭੈਣ ਭਰਾ ਹਨ ਅਤੇ ਦੋਵੇਂ ਚਕਾਚੌਂਧ ਤੋਂ ਦੂਰ ਰਹਿੰਦੇ ਹਨ। ਇਨ੍ਹਾਂ ਦੋਨਾਂ ਦਾ ਰਿਸ਼ਤਾ ਬਹੁਤ ਗਹਿਰਾ ਹੈ। ਦੋਵਾਂ ਨੂੰ ਇਕੱਠੇ ‘ਹਸੀਨਾ ਪਾਰਕਰ’ ਫ਼ਿਲਮ ਵਿਚ ਦੇਖਿਆ ਗਿਆ ਸੀ। ਆਦਿੱਤਿਆ ਰਾਏ ਕਪੂਰ-ਕੁਨਾਲ ਰਾਏ ਕਪੂਰ ਦੀ ਭਰਾ-ਭਰਾ ਦੀ ਜੋੜੀ ਕਾਫ਼ੀ ਚਰਚਿਤ ਹੈ। ਦੋਵਾਂ ਦੇ ਕਰੀਅਰ ਦੀ ਯਾਦਗਾਰ ਅਤੇ ਬਿਹਤਰੀਨ ਫ਼ਿਲਮ ਹੈ ‘ਯਹ ਜਵਾਨੀ ਹੈ ਦੀਵਾਨੀ’। ਕੁਨਾਲ ਦੇ ਖਾਤੇ ਵਿਚ ਹੈ ਫ਼ਿਲਮ ‘ਲਾਇੰਸ ਆਫ ਪੰਜਾਬ ਪ੍ਰੀਜੈਂਟ’, ‘ਡੇਹਲੀ ਬੇਲੀ’ ਅਤੇ ‘ਐਕਸ਼ਨ ਜੈਕਸਨ’। ਉੱਥੇ ਆਦਿੱਤਿਆ ਨੇ ਆਪਣਾ ਦਰਸ਼ਕ ਵਰਗ ਦਾ ਦਾਇਰਾ ਫ਼ਿਲਮ ‘ਆਸ਼ਿਕੀ 2’, ‘ਫਿਤੂਰ’, ‘ਓਕੇ ਜਾਨੂ’ ਅਤੇ ‘ਕਲੰਕ’ ਨਾਲ ਵਧਾਇਆ ਹੈ।

ਕਰਿਸ਼ਮਾ ਤੇ ਕਰੀਨਾ ਕਪੂਰ

ਹੁਮਾ ਕੁਰੈਸ਼ੀ-ਸਾਕਿਬ ਸਲੀਮ ਬੌਲੀਵੁੱਡ ਵਿਚ ਨਵੀਂ ਭਰਾ-ਭੈਣ ਦੀ ਜੋੜੀ ਹੈ। ਦੋਵੇਂ ਗ਼ੈਰ ਫ਼ਿਲਮੀ ਪਿਛੋਕੜ ਤੋਂ ਹਨ। ਯਾਨੀ ਦੋਵਾਂ ਨੇ ਥੋੜ੍ਹੀ ਜ਼ਿਆਦਾ ਮਿਹਨਤ ਕੀਤੀ ਹੈ। ਉਂਜ ਇਨ੍ਹਾਂ ਦੀ ਦਮਦਾਰ ਅਦਾਕਾਰੀ ਸਭ ਕੁਝ ਦੱਸਦੀ ਹੈ। ਦੋਵਾਂ ਨੇ ਪ੍ਰਵਾਲ ਰਮਨ ਦੀ ‘ਦੋਬਾਰਾ-ਸੀ ਯੋਅਰ ਏਵਿਲ’ ਵਿਚ ਕੰਮ ਕੀਤਾ ਹੈ। ਰਣਬੀਰ ਕਪੂਰ-ਕਰੀਨਾ ਕਪੂਰ ਦੋਵੇਂ ਬੌਲੀਵੁੱਡ ਦੇ ਚਰਚਿਤ ਅਤੇ ਸੁਪਰਹਿੱਟ ਫ਼ਿਲਮਾਂ ਦੇਣ ਵਾਲੇ ਚਿਹਰੇ ਹਨ। ਇਹ ਗਲੈਮਰ ਦੀ ਦੁਨੀਆਂ ਦੀ ਸਭ ਤੋਂ ਤੇਜ਼ ਤਰਾਰ ਜੋੜੀ ਹੈ। ਹਾਲਾਂਕਿ ਇਹ ਚਚੇਰੇ ਭੈਣ ਭਰਾ ਹਨ, ਪਰ ਇਨ੍ਹਾਂ ਦਾ ਰਿਸ਼ਤਾ ਇਕ ਮਜ਼ਬੂਤ ਭੈਣ ਭਰਾ ਵਾਲਾ ਹੈ ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰਦੇ ਹਨ। ਅਰਜੁਨ ਕਪੂਰ-ਸੋਨਮ ਕਪੂਰ ਭੈਣ-ਭਰਾ ਦੀ ਜੋੜੀ ਬਹੁਤ ਵਧੀਆ ਹੈ, ਦੋਵਾਂ ਦਾ ਰਿਸ਼ਤਾ ਬਹੁਤ ਗਹਿਰਾ ਹੈ। ਜਿੱਥੇ ਭੈਣ ਸੋਨਮ ਬੌਲੀਵੁੱਡ ਦੀ ਸਭ ਤੋਂ ਫੈਸ਼ਨਪ੍ਰਸਤ ਅਭਿਨੇਤਰੀ ਹੈ, ਉੱਥੇ ਅਰਜੁਨ ਬੌਲੀਵੁੱਡ ਦਾ ਬੇਹੱਦ ਪ੍ਰਤਿਭਾਸ਼ਾਲੀ ਮੁੰਡਾ ਹੈ। ਫਰਹਾਨ ਅਖ਼ਤਰ-ਜ਼ੋਯਾ ਅਖ਼ਤਰ ਦੀ ਭੈਣ-ਭਰਾ ਦੀ ਜੋੜੀ ਬੌਲੀਵੁੱਡ ਦੀ ਸਭ ਤੋਂ ਜ਼ਿਆਦਾ ਪ੍ਰਤਿਭਾਸ਼ਾਲੀ ਜੋੜੀ ਹੈ। ਦੋਵੇਂ ਬਿਹਤਰ ਨਿਰਦੇਸ਼ਕ ਸਾਬਤ ਹੋਏ ਹਨ। ਇਨ੍ਹਾਂ ਨੇ ਬੌਲੀਵੁੱਡ ਨੂੰ ਸ਼ਾਨਦਾਰ ਫ਼ਿਲਮਾਂ ਦਿੱਤੀਆਂ ਹਨ। ਨਾਲ ਹੀ ਫਰਹਾਨ ਇਕ ਬਿਹਤਰੀਨ ਅਦਾਕਾਰ ਵੀ ਹੈ। ਸੈਫ ਅਲੀ ਖ਼ਾਨ ਅਤੇ ਸੋਹਾ ਅਲੀ ਖ਼ਾਨ ਦਰਮਿਆਨ ਗਹਿਰਾ ਪਿਆਰ ਹੈ। ਇਹ ਕਿਸੇ ਵੀ ਵਾਦ ਵਿਵਾਦ ਦੀ ਸਥਿਤੀ ਵਿਚ ਇਕ ਦੂਜੇ ਦਾ ਸਮਰਥਨ ਜ਼ਰੂਰ ਕਰਦੇ ਹਨ, ਪਰ ਜ਼ਿਆਦਾਤਰ ਇਹ ਆਪਣੇ ਪਿਆਰ ਨੂੰ ਜਨਤਕ ਨਹੀਂ ਕਰਦੇ। ਸਾਜਿਦ ਖ਼ਾਨ-ਫਰਾਹ ਖ਼ਾਨ ਇਨ੍ਹਾਂ ਦੋਵਾਂ ਨੇ ਦਰਸ਼ਕਾਂ ਨੂੰ ਅਣਗਿਣਤ ਹਿੱਟ ਫ਼ਿਲਮਾਂ ਦਿੱਤੀਆਂ ਹਨ। ਇਹ ਇਕ ਦੂਜੇ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ ਅਤੇ ਜਦੋਂ ਵੀ ਲੋੜ ਹੁੰਦੀ ਹੈ ਤਾਂ ਇਕ ਦੂਜੇ ਨਾਲ ਖੜ੍ਹੇ ਹੁੰਦੇ ਹਨ।

ਸਾਕਿਬ ਸਲੀਮ ਤੇ ਹੁਮਾ ਕੁਰੈਸ਼ੀ

ਭੈਣਾਂ ਦਾ ਧਮਾਲ

ਹਿੰਦੀ ਸਿਨਮਾ ਵਿਚ ਤੁਸੀਂ ਭਾਈ ਭੈਣ ਨੂੰ ਤਾਂ ਖੂਬ ਦੇਖਿਆ ਅਤੇ ਸਲਾਹਿਆ ਹੈ, ਪਰ ਅਸਲੀ ਭੈਣਾਂ ਦਾ ਵੀ ਜਲਵਾ ਅਲੱਗ ਹੀ ਹੈ ਜੋ ਨੂਤਨ ਅਤੇ ਤਨੂਜਾ ਦੇ ਜ਼ਮਾਨੇ ਤੋਂ ਅੱਜ ਤਕ ਦੇਖਿਆ ਗਿਆ ਹੈ। ਬੇਸ਼ੱਕ ਬੌਲੀਵੁੱਡ ਵਿਚ ਕਈ ਭੈਣ ਜੋੜੀਆਂ ਆਈਆਂ, ਪਰ ਉਨ੍ਹਾਂ ਦੀਆਂ ਕੁਝ ਫ਼ਿਲਮਾਂ ਹਿੱਟ ਹੋਈਆਂ ਹਨ ਤਾਂ ਕੁਝ ਦੀਆਂ ਫਲਾਪ। ਇਸਦੇ ਬਾਵਜੂਦ ਇਨ੍ਹਾਂ ਨੇ ਆਪਣੀ ਦਿੱਖ ਤੋਂ ਲੈ ਕੇ ਅਦਾਕਾਰੀ ਤਕ ਨਾਮ ਕਮਾਇਆ ਹੈ। ਇਨ੍ਹਾਂ ਵਿਚੋਂ ਚਰਚਿਤ ਜੋੜੀਆਂ ਹਨ ਅਸ਼ਰਾ ਅਤੇ ਸ਼ਰੂਤੀ ਹਸਨ, ਕਰਿਸ਼ਮਾ ਤੇ ਕਰੀਨਾ ਕਪੂਰ, ਅੰਮ੍ਰਿਤਾ ਅਤੇ ਮਲਾਇਕਾ ਅਰੋੜਾ, ਟਵਿੰਕਲ ਅਤੇ ਰਿੰਕੀ ਖੰਨਾ, ਨੂਤਨ ਅਤੇ ਤਨੂਜਾ, ਸ਼ਿਲਪਾ-ਸ਼ਮਿਤਾ ਸ਼ੈਟੀ, ਸ਼ਿਲਪਾ ਅਤੇ ਨਮਰਤਾ ਸ਼ਿਰੋਡਕਰ, ਸੁਸ਼ਮਾ ਅਤੇ ਸਮੀਰਾ ਰੈਡੀ ਅਤੇ ਰਾਈਮਾ ਅਤੇ ਰੀਆ ਸੇਨ। ਕਾਜੋਲ ਅਤੇ ਰਾਣੀ ਮੁਖਰਜੀ ਰਿਸ਼ਤੇਦਾਰੀ ਵਿਚੋਂ ਭੈਣਾਂ ਲੱਗਦੀਆਂ ਹਨ ਅਤੇ ਦੋਵਾਂ ਨੇ ਕਈ ਸੁਪਰਹਿੱਟ ਫ਼ਿਲਮਾਂ ਵਿਚ ਕੰਮ ਕੀਤਾ ਹੈ।

ਸਕੇ ਭਰਾਵਾਂ ਦਾ ਪਿਆਰ

ਬੌਲੀਵੁੱਡ ਦੇ ਪੁਰਾਣੇ ਦੌਰ ਵਿਚ ਕਪੂਰ ਭਰਾਵਾਂ ਦਾ ਜਲਵਾ ਹੁੰਦਾ ਸੀ। ਇਨ੍ਹਾਂ ਵਿਚ ਰਾਜ ਕਪੂਰ, ਸ਼ੰਮੀ ਕਪੂਰ, ਸ਼ਸ਼ੀ ਕਪੂਰ ਅਤੇ ਬਾਅਦ ਵਿਚ ਰਣਧੀਰ ਕਪੂਰ, ਰਿਸ਼ੀ ਕਪੂਰ ਅਤੇ ਰਾਜੀਵ ਕਪੂਰ ਨੂੰ ਸਭ ਜਾਣਦੇ ਹਨ, ਪਰ ਅੱਜਕੱਲ੍ਹ ਆਯੂਸ਼ਮਾਨ-ਅਪਾਰਸ਼ਕਤੀ ਖੁਰਾਣਾ ਅਤੇ ਸ਼ਾਹਿਦ ਕਪੂਰ-ਇਸ਼ਾਨ ਖੱਟਰ ਦੀ ਜੋੜੀ ਬਹੁਤ ਹਿੱਟ ਹੋ ਰਹੀ ਹੈ। ਸਕੇ ਭਰਾਵਾਂ ਵਿਚ ਰਘੂ ਰਾਮ-ਰਾਜੀਵ ਲਕਸ਼ਮਣ, ਅਭਿਸ਼ੇਕ-ਸਿਧਾਰਥ ਨਿਗਮ, ਲਵ-ਕੁਸ਼ ਸਿਨਹਾ, ਆਮਿਰ-ਫੈਜ਼ਲ ਖ਼ਾਨ, ਅਨਿਲ-ਸੰਜੈ ਕਪੂਰ, ਸਲਮਾਨ-ਅਰਬਾਜ਼-ਸੋਹੇਲ ਖਾਨ, ਰਾਹੁਲ-ਅਕਸ਼ੈ ਖੰਨਾ ਅਤੇ ਸਨੀ-ਬੌਬੀ ਦਿਓਲ ਵੀ ਚਰਚਿਤ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All