ਬੋਲਟ ਤੇ ਲਾਥਮ ਦਾ ਭਾਰਤ ਖ਼ਿਲਾਫ਼ ਖੇਡਣਾ ਬੇਯਕੀਨੀ

ਔਕਲੈਂਡ, 8 ਜਨਵਰੀ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਅਤੇ ਵਿਕਟਕੀਪਰ ਤੇ ਬੱਲੇਬਾਜ਼ ਟੌਮ ਲਾਥਮ ਦੇ ਭਾਰਤ ਖ਼ਿਲਾਫ਼ ਘਰੇਲੂ ਟੀ-20 ਲੜੀ ਵਿੱਚ ਖੇਡਣ ਬਾਰੇ ਬੇਯਕੀਨੀ ਬਰਕਰਾਰ ਹੈ। ਇਨ੍ਹਾਂ ਦੋਵਾਂ ਨੂੰ ਆਸਟਰੇਲੀਆ ਖ਼ਿਲਾਫ਼ ਟੈਸਟ ਲੜੀ ਦੌਰਾਨ ਸੱਟ ਲੱਗ ਗਈ ਹੈ। ਦੂਜੇ ਟੈਸਟ ਦੌਰਾਨ ਮਿਸ਼ੇਲ ਸਟਾਰਕ ਦੀ ਗੇਂਦ ਹੱਥ ’ਤੇ ਲੱਗਣ ਕਾਰਨ ਬੋਲਟ ਦੀ ਉਂਗਲ ’ਚ ਫਰੈਕਚਰ ਹੋ ਗਿਆ ਸੀ। ਕੋਚ ਗੈਰੀ ਸਟੀਡ ਨੇ ਕਿਹਾ ਕਿ ਇਸ ਤੇਜ਼ ਗੇਂਦਬਾਜ਼ ਦਾ ਭਾਰਤ ਖ਼ਿਲਾਫ਼ ਟੀ-29 ਲੜੀ ਵਿੱਚ ਖੇਡਣਾ ਤੈਅ ਨਹੀਂ ਹੈ। ਸਟੀਡ ਨੇ ਅੱਜ ਕਿਹਾ, ‘‘ਸੱਜੇ ਹੱਥ ਵਿੱਚ ਫਰੈਕਚਰ ਕਾਰਨ ਬੋਲਟ ਅਜੇ ਆਰਾਮ ਕਰ ਰਿਹਾ ਹੈ ਅਤੇ ਉਹ ਇਸ ਹਫ਼ਤੇ ਗੇਂਦਬਾਜ਼ੀ ਸ਼ੁਰੂ ਕਰੇਗਾ।’’ ਸਿਡਨੀ ਵਿੱਚ ਤੀਜੇ ਅਤੇ ਆਖ਼ਰੀ ਟੈਸਟ ਦੇ ਚੌਥੇ ਦਿਨ ਮਾਰਨਸ ਲਾਬੂਸ਼ਾਨੇ ਦਾ ਕੈਚ ਲੈਂਦਿਆਂ ਲਾਥਮ ਜ਼ਖ਼ਮੀ ਹੋ ਗਿਆ ਸੀ, ਉਸ ਦੇ ਹੱਥ ਦੀ ਉਂਗਲ ’ਚ ਵੀ ਫਰੈਕਚਰ ਹੋਇਆ ਹੈ। ਨਿਊਜ਼ੀਲੈਂਡ ਕ੍ਰਿਕਟ ਨੇ ਕਿਹਾ, ‘‘ਐਕਸ-ਰੇ ਵਿੱਚ ਟੌਮ ਲਾਥਮ ਦੀ ਉਂਗਲ ਵਿੱਚ ਫਰੈਕਚਰ ਦੀ ਪੁਸ਼ਟੀ ਹੋਈ ਹੈ। ਉਸ ਨੂੰ ਲਗਪਗ ਚਾਰ ਹਫ਼ਤੇ ਆਰਾਮ ਦੀ ਲੋੜ ਹੈ।’’ ਆਸਟਰੇਲੀਆ ਤੋਂ ਟੈਸਟ ਲੜੀ ਹਾਰਨ ਵਾਲੀ ਨਿਊਜ਼ੀਲੈਂਡ ਟੀਮ ਨੇ ਇਸ ਮਹੀਨੇ ਭਾਰਤ ਦੀ ਮੇਜ਼ਬਾਨੀ ਕਰਨੀ ਹੈ। ਭਾਰਤ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਲੜੀ ਔਕਲੈਂਡ ਵਿੱਚ 24 ਜਨਵਰੀ ਤੋਂ ਸ਼ੁਰੂ ਹੋਵੇਗੀ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All