ਬੇਰੁਖ਼ੀ ਦਾ ਸ਼ਿਕਾਰ ਧਨੌਲੇ ਦਾ ਇਤਿਹਾਸਕ ਕਿਲ੍ਹਾ

ਸੰਨ 1755 'ਚ ਮਹਾਰਾਜਾ ਜਸਮੇਰ ਨੇ ਕਸਬਾ ਧਨੌਲਾ 'ਚ ਲਗਪਗ ਪੰਜ ਏਕੜ ਜ਼ਮੀਨ ਵਿਚ ਵਿਸ਼ਾਲ ਕਿਲਾ ਬਣਾਇਆ ਸੀ। ਇਸ ਦੀ ਇਮਾਰਤ, ਇਮਾਤਰਸਾਜ਼ੀ ਦਾ ਇਕ ਅਤਿ ਸੁੰਦਰ ਨਮੂਨਾ ਹੈ। ਇਸ ਦਾ ਵਿਸ਼ਾਲ ਦਰਵਾਜ਼ਾ ਅਤੇ ਵੱਡੀਆਂ-ਵੱਡੀਆਂ ਦਿਓ-ਕੱਦ ਕੰਧਾਂ ਇਸ ਦੀ ਮਜ਼ਬੂਤੀ ਦੀ ਹਾਂਮੀ ਭਰਦੀਆਂ ਹਨ।19ਵੀਂ ਸਦੀ ਦੇ ਅੱਧ ਤਕ ਇਹ ਕਿਲਾ ਰਿਆਸਤ ਨਾਭਾ ਦਾ ਸਦਰ ਮੁਕਾਮ ਰਿਹਾ। ਇਸ ਵਿਚ ਮਹਾਰਾਜੇ ਨੇ ਇਕ ਵਿਸ਼ੇਸ਼ ਕਮਰਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਬਣਵਾਇਆ ਸੀ ਜੋ ਅਜੇ ਵੀ ਕਾਇਮ ਹੈ। ਇਸ ਕਿਲੇ ਵਿਚਲੀ ਖੂਹੀ ਦੇ ਪਾਣੀ ਦੀਆਂ ਬਜ਼ੁਰਗ ਸਿਫਤਾਂ ਕਰਦੇ ਹੋਏ ਆਖਦੇ ਹਨ ਕਿ ਇਹਦਾ ਪਾਣੀ ਨਾਭੇ ਰਾਣੀਆਂ ਲਈ ਵਿਸ਼ੇਸ਼ ਤੌਰ 'ਤੇ ਲਿਜਾਇਆ ਜਾਂਦਾ ਸੀ। ਰਿਆਸਤਾਂ ਟੁੱਟਣ ਪਿੱਛੋਂ ਇਸ ਕਿਲ੍ਹੇ ਨੇ ਥਾਣੇ ਦਾ ਰੂਪ ਅਖ਼ਤਿਆਰ ਕਰ ਲਿਆ। ਕਾਫ਼ੀ ਸਮਾਂ ਇਹ ਕਿਲਾ ਨਕਸਲਵਾੜੀ ਲਹਿਰ ਦੇ ਕਾਰਕੁਨਾਂ 'ਤੇ ਤਸ਼ੱਦਦ ਲਈ ਵਰਤਿਆ ਜਾਂਦਾ ਰਿਹਾ। ਸਾਕਾ ਨੀਲਾ ਤਾਰਾ ਵੇਲੇ ਪਟਿਆਲਾ ਰੇਂਜ ਦੇ ਆਈ.ਜੀ. ਪਰਮਜੀਤ ਸਿੰਘ ਗਿੱਲ ਇਥੇ ਬਤੌਰ ਐਸ.ਐਚ.ਓ. ਸਨ। ਉਨ੍ਹਾਂ ਨੇ ਇਸ ਦੀ ਮੁਰੰਮਤ ਕਰਾਉਣ ਦਾ ਬੀੜਾ ਚੁੱਕਿਆ ਸੀ ਪਰ ਉਨ੍ਹਾਂ ਦੀ ਬਦਲੀ ਤੋਂ ਬਾਅਦ ਇਹ ਕੰਮ ਵਿਚੇ ਹੀ ਰਹਿ ਗਿਆ। ਇਸ ਤੋਂ ਕਾਫ਼ੀ ਸਮਾਂ ਬਾਅਦ ਥਾਣੇ ਨੂੰ ਤਬਦੀਲ ਕਰਕੇ ਇਸ ਦੇ ਵਿਹੜੇ ਵਿੱਚ ਨਵੇਂ ਥਾਣੇ ਦੀ ਇਮਾਰਤ ਬਣਾਈ ਗਈ। ਜਿਸ ਦਾ ਉਦਘਾਟਨ ਤਤਕਾਲੀ ਪੰਜਾਬ ਪੁਲੀਸ ਦੇ ਮੁਖੀ ਕੇ.ਪੀ.ਐਸ. ਗਿੱਲ ਨੇ ਕੀਤਾ ਸੀ ਪ੍ਰੰਤੂ ਇਸ ਦੇ ਬਾਹਰੀ ਅਕਾਰ ਦੀ ਮੁਰੰਮਤ ਤੱਕ ਨਾ ਕਰਵਾਈ ਗਈ। ਹੁਣ ਤਾਂ ਇਸਦੀਆਂ ਆਲੇ-ਦੁਆਲੇ ਦੀਆਂ ਕੰਧਾਂ ਹੀ ਰਹਿ ਗਈਆਂ ਹਨ।  ਇਥੇ ਜੇਬਾਂ 'ਗਰਮ' ਕਰਨ ਵਾਲੇ ਥਾਣਾ ਮੁਖੀ ਤਾਂ ਵਧੇਰੇ ਆਏ ਪ੍ਰੰਤੂ ਪਰਮਜੀਤ ਸਿੰਘ ਗਿੱਲ ਵਰਗਾ ਕਲਾ ਪ੍ਰੇਮੀ ਅਤੇ ਇਤਿਹਾਸਕ ਇਮਾਰਤਾਂ ਨੂੰ ਪਿਆਰ ਕਰਨ ਵਾਲਾ ਕੋਈ ਅਧਿਕਾਰੀ ਨਹੀਂ ਪਧਾਰਿਆ। ਸ਼ਾਇਦ ਪੁਲੀਸ ਤੇ ਕਲਾ ਦੇ ਕੋਈ ਮੇਲ ਨਾ ਹੋਣ ਕਾਰਨ ਹੀ ਇਸ ਦੀ ਤਰਸਯੋਗ ਹਾਲਤ ਬਣੀ ਹੋਈ ਹੈ। ਇਹ ਕਿਲ੍ਹਾ ਇਕੱਲੇ ਥਾਣਾ ਮੁਖੀਆਂ ਦੀ ਬੇਰੁਖ਼ੀ ਦਾ ਸ਼ਿਕਾਰ ਹੀ ਨਹੀਂ ਹੋਇਆ ਸਗੋਂ ਇਸ ਨੂੰ ਸਿਆਸਤਦਾਨਾਂ, ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਵੀ ਦੁਰਕਾਰਿਆ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਇਸ ਹਲਕੇ ਤੋਂ ਅਕਾਲੀ ਦਲ ਦੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਿਧਾਇਕ ਸਨ ਤੇ ਬੀਬੀ ਰਾਜਿੰਦਰ ਕੌਰ ਭੱਠਲ ਦੇ ਭਰਾ ਕੁਲਦੀਪ ਸਿੰਘ ਭੱਠਲ ਹਲਕਾ ਇੰਚਾਰਜ ਸਨ, ਉਦੋਂ ਹੋਰਨਾਂ ਕੰਮਾਂ ਲਈ ਉਨ੍ਹਾਂ ਬਹੁਤ ਗਰਾਂਟਾਂ ਵੰਡੀਆਂ ਪਰ ਕਿਲੇ ਦੀ ਮੁਰੰਮਤ-ਸੰਭਾਲ ਵੱਲ ਉਨ੍ਹਾਂ ਦੀ ਨਜ਼ਰ ਨਹੀਂ ਗਈ। ਉਨ੍ਹਾਂ ਤੋਂ ਬਾਅਦ ਕੁਲਦੀਪ ਸਿੰਘ ਭੱਠਲ ਵਿਧਾਇਕ ਬਣ ਗਏ ਤੇ ਸਰਕਾਰ ਅਕਾਲੀ-ਭਾਜਪਾ ਦੀ ਆ ਗਈ ਤੇ ਭਾਈ ਲੌਂਗੋਵਾਲ ਹਾਰਨ ਕਾਰਨ ਹਲਕਾ ਇੰਚਾਰਜ ਬਣੇ। ਉਨ੍ਹਾਂ ਵੀ ਸ੍ਰੀ ਭੱਠਲ ਵਾਂਗ ਗਰਾਂਟਾਂ ਬਥੇਰੀਆਂ ਵੰਡੀਆਂ ਪਰ ਕਿਲੇ ਲਈ ਧੇਲਾ ਨਹੀਂ ਦਿੱਤਾ। ਹੁਣ ਨਵੀਂ ਹਲਕਾਬੰਦੀ ਵਿਚ ਵਿਧਾਨ ਸਭਾ ਧਨੌਲਾ ਨੂੰ ਤੋੜ ਕੇ ਬਰਨਾਲਾ ਵਿਧਾਨ ਸਭਾ ਹਲਕੇ ਵਿਚ ਪਾ ਦਿੱਤੇ ਜਾਣ ਕਾਰਨ ਲੌਂਗੋਵਾਲ ਇਸ ਤੋਂ ਬਾਹਰ ਹੋਣ ਕਾਰਨ ਭਾਈ ਗੋਬਿੰਦ ਲੌਂਗੋਵਾਲ ਨੇ ਧੂਰੀ ਹਲਕੇ ਵੱਲ ਕੂਚ ਕਰ ਲਿਆ। ਸ਼ੁਰੂ ਤੋਂ ਇਸ ਹਲਕੇ ਦੀ ਰਵਾਇਤ ਰਹੀ ਹੈ ਕਿ ਇਥੋਂ ਆਮ ਤੌਰ ਉਤੇ ਸਰਕਾਰ ਵਿਰੋਧੀ ਵਿਧਾਇਕ ਹੀ ਵਿਧਾਨ ਸਭਾ ਵਿਚ ਜਾਂਦਾ ਰਹੇ ਹਨ। ਆਜ਼ਾਦੀ ਤੋਂ ਬਾਅਦ ਬਹੁਤਾ ਸਮਾਂ ਇਥੋਂ ਸਵਰਗੀ ਜਥੇਦਾਰ ਕਾਮਰੇਡ ਹਰਦਿੱਤ ਸਿੰਘ ਭੱਠਲ ਨੇ ਨੁਮਾਇੰਦਗੀ ਕੀਤੀ। ਹੁਣ ਵੀ ਬਰਨਾਲਾ ਹਲਕੇ ਤੋਂ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਵਿਧਾਇਕ ਹਨ ਤੇ ਸਰਕਾਰ ਅਕਾਲੀ-ਭਾਜਪਾ ਦੀ ਹੈ। ਦਿਲਚਸਪ ਗੱਲ ਤਾਂ ਇਹ ਹੈ ਕਿ ਪਾਰਲੀਮੈਂਟ ਵਿੱਚ ਸੰਗਰੂਰ ਪਾਰਲੀਮੈਂਟ ਹਲਕੇ ਤੋਂ ਕਾਂਗਰਸ ਦੇ ਇਸ ਸਮੇਂ ਵਿਜੈ ਕੁਮਾਰ ਸਿੰਗਲਾ ਐਮਪੀ ਹਨ ਜਦੋਂ ਕਿ ਅਕਾਲੀ ਦਲ ਵੱਲੋਂ ਸੁਖਦੇਵ ਸਿੰਘ ਢੀਂਡਸਾ ਰਾਜ ਸਭਾ ਮੈਂਬਰ ਹਨ ਪਰ ਦੋਵਾਂ ਨੇ ਕਿਲ੍ਹੇ ਖਾਤਰ ਇਕ ਗਲੀ ਵਾਲਾ ਪੈਸਾ ਤੱਕ ਨਹੀਂ ਦਿੱਤਾ ਤੇ ਨਾ ਹੀ ਪੰਜਾਬ ਦਾ ਸਭਿਆਚਾਰਕ ਤੇ ਪੁਰਾਤੱਤਵ ਵਿਭਾਗ ਇਸ ਵੱਲ ਸਵੱਲੀ ਨਜ਼ਰ ਨਾਲ ਦੇਖ ਰਿਹਾ ਹੈ।  ਜੇ ਇਸੇ ਤਰ੍ਹਾਂ ਇਹ ਬੇਰੁਖੀ ਜਾਰੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਕਿਲ੍ਹਾ ਢਹਿ-ਢੇਰੀ ਹੋ ਜਾਵੇਗਾ ਤੇ ਧਨੌਲਾ ਕਸਬਾ ਇਸ ਵਿਰਾਸਤੀ ਇਮਾਰਤ ਤੋਂ ਵਾਂਝਾ ਹੋ ਜਾਵੇਗਾ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਪੁਲੀਸ ਇਸ ਕਿਲੇ ਨੂੰ ਥਾਣੇ ਦੇ ਤੌਰ ਉਤੇ ਤਾਂ ਵਰਤ ਰਹੀ ਹੈ ਪ੍ਰੰਤੂ ਇਸ ਦੀ ਖਸਤਾ ਹਾਲਤ ਵੱਲ ਧਿਆਨ ਹੀ ਨਹੀਂ ਦੇ ਰਹੀ।

-ਕੁਲਦੀਪ ਸਿੰਘ ਧਨੌਲਾ * ਸੰਪਰਕ: 94642-91023

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All