ਬੁਢਾਪੇ ਦੇ ਹਨੇਰੇ ਵਿਚ ਜਵਾਨੀ ਦਾ ਚਾਨਣ

ਬਜ਼ੁਰਗ ਦਿਵਸ ’ਤੇ ਵਿਸ਼ੇਸ਼

ਮਹਿੰਦਰ ਸਿੰਘ ‘ਦੋਸਾਂਝ’

ਮੈਂ 81ਵੇਂ ਸਾਲ ਵਿਚ ਪ੍ਰਵੇਸ਼ ਕਰਨ ਵਾਲਾ ਹਾਂ ਅਤੇ ਮੇਰਾ ਬੁਢਾਪਾ ਬਹੁਤ ਹੀ ਖ਼ੂਬਸੂਰਤ ਤੇ ਸੁਖਾਵਾਂ ਹੈ, ਮੈਂ ਆਪਣੇ ਅੰਦਰਲੇ ਤੇ ਬਾਹਰਲੇ ਸੰਸਾਰ ਵਿਚ ਭਰਪੂਰ, ਸੰਤੁਸ਼ਟ ਤੇ ਸੰਪੂਰਨ ਹਾਂ। ਏਨੀਂ ਉਮਰ ਵਿਚ ਮੈਨੂੰ ਸਿਹਤ ਦੀ ਕੋਈ ਵਿਸ਼ੇਸ਼ ਸਮੱਸਿਆ ਨਹੀਂ, ਖਾਣੇ ਵਿਚ ਖੰਡ, ਲੂਣ, ਮਿਰਚਾਂ ਆਦਿ ਦਾ ਬੁੱਕ ਭਰ ਕੇ ਖਾਣੇ ਨਾਲ ਖਾ ਲਵਾਂ ਤਾਂ ਵੀ ਕੋਈ ਦਿੱਕਤ ਨਹੀਂ, ਇਨ੍ਹਾਂ ਤੋਂ ਬਿਨਾਂ ਵੀ ਖਾਣਾ ਠੀਕ ਲੱਗਦਾ ਹੈ। ਮਨ ਤੋਂ ਬਾਹਰ ਦੀ ਮੇਰੀ ਦੁਨੀਆਂ ਬਹੁਤ ਵਿਸ਼ਾਲ ਤੇ ਖ਼ੂਬਸੂਰਤ ਹੈ, ਮੇਰੇ ਅਨੇਕਾਂ ਮਿੱਤਰ, ਸਨੇਹੀ, ਪਾਠਕ ਤੇ ਸ਼ੁਭਚਿੰਤਕ ਤਾਂ ਹਨ ਹੀ, ਇਕ ਹੋਰ ਵੱਡੀ ਦੁਨੀਆਂ ਹੈ ਫ਼ਲਾਂ, ਫੁੱਲਾਂ, ਦਰੱਖਤਾਂ, ਬੂਟਿਆਂ, ਪਸ਼ੂਆਂ, ਪੰਛੀਆਂ ਤੇ ਛੋਟੇ ਛੋਟੇ ਹੋਰ ਅਣਗਿਣਤ ਜੀਵ ਜੰਤੂਆਂ ਦੀ। ਬਹਾਰ ਦੇ ਮੌਸਮ ਵਿਚ ਦਰੱਖਤਾਂ ਦੀਆਂ ਰੁੰਡ ਮਰੁੰਡ ਸ਼ਾਖਾਂ ’ਤੇ ਆਪਣੇ ਨੈਣ ਖੋਲ੍ਹ ਕੇ ਨਵੀਂ ਦੁਨੀਆਂ ਨੂੰ ਨਮਸਕਾਰ ਕਰਦੀਆਂ ਨਰਮ ਨਾਜ਼ੁਕ ਕਰੂੰਬਲਾਂ ਤੇ ਨਵੀਆਂ ਪੱਤੀਆਂ ਮੈਨੂੰ ਜਿਵੇਂ ਜਵਾਨੀ ਦਾ ਨਵਾਂ ਸੰਦੇਸ਼ ਦਿੰਦੀਆਂ ਤੇ ਨਵਾਂ ਬਲ ਬਖ਼ਸ਼ਦੀਆਂ ਹਨ। ਪਹਿਲਾਂ ਬੀਜੀ ਫ਼ਸਲ ਦੇ ਬੀਜਾਂ ਵਿਚੋਂ ਮਿੱਟੀ ਦਾ ਪਰਦਾ ਚੁੱਕ ਕੇ ਨਵੇਂ ਸੰਸਾਰ ਨੂੰ ‘ਜੀ ਆਇਆਂ’ ਆਖਣ ਲਈ ਨਿਕਲਦੀਆਂ ਨਵੀਆਂ ਤੇ ਖ਼ੂਬਸੂਰਤ ਤੂਈਆਂ ਨੂੰ ਮੈਂ ਨੱਸ ਕੇ ਵੇਖਣਾ ਜਾਂਦਾ ਹਾਂ। ਜ਼ਿੰਦਗੀ ਵਿਚ ਕਾਹਲ, ਚਿੰਤਾ ਫ਼ਿਕਰ ਤੇ ਗੁੱਸੇ ਨੂੰ ਮੁੱਢੋਂ ਹੀ ਤਿਆਗ ਦਿੱਤਾ ਹੈ, ਪਰ ਭਾਰੇ ਤੋਂ ਭਾਰੇ ਤੇ ਜ਼ੋਖਮ ਭਰੇ ਕੰਮ ਲੋਕਾਂ ਦੇ ਵਾਰ ਵਾਰ ਹਟਾਉਣ ਦੇ ਬਾਵਜੂਦ ਅਜੇ ਵੀ ਕਰਦੇ ਰਹਿਣ ਲਈ ਮਨ ਹਰ ਸਮੇਂ ਤਿਆਰ ਰਹਿੰਦਾ ਹੈ। ਭਾਰੀ ਸਰਦੀ ਵਿਚ ਲੋਕ ਕੰਬਲਾਂ, ਰਜਾਈਆਂ,ਚਾਹ ਤੇ ਸ਼ਰਾਬ ਦੀ ਅਕਸਰ ਵਰਤੋਂ ਕਰਦੇ ਹਨ, ਪਰ ਠੰਢ ’ਚ ਆਪਣੀ ਇਕੋ ਦਵਾਈ ਹੈ, ਮਿੱਟੀ ਪੁੱਟਣ ਲਈ ਕਹੀ ’ਤੇ ਜ਼ੋਰ ਦਾ ਕੰਮ। ਸਾਦੀ ਤੇ ਸੀਮਤ ਖੁਰਾਕ, ਸਾਦਾ ਪਹਿਰਾਵਾ ਤੇ ਸਾਦੇ ਜੀਵਨ ਨੇ ਮੇਰੀ ਜ਼ਿੰਦਗੀ ਨੂੰ ਸ਼ਾਨਦਾਰ ਸੇਧ ਬਖ਼ਸ਼ੀ ਹੈ। ਹੁਣ ਵੀ ਆਪਣੇ ਖੇਤੀਬਾੜੀ ਫਾਰਮ ’ਤੇ ਕਹੀਆਂ ਚਲਾਉਣ ਤੇ ਰੰਬੇ ਦਾਤੀਆਂ ਨਾਲ ਕੰਮ ਕਰਨ ਦਾ ਚਾਅ ਤੇ ਉਤਸ਼ਾਹ ਕਦੇ ਮਨ ’ਚੋਂ ਗਾਇਬ ਨਹੀਂ ਹੋਇਆ। ਅਜਿਹੇ ਰੁਝੇਵਿਆਂ ਨੇ ਮੇਰੇ ਸਰੀਰ ਨੂੰ ਭਰਪੂਰ ਬਲ ਬਖ਼ਸ਼ਿਆ ਹੈ। ਮੇਰੇ ਮਨ ਦੀਆਂ ਵੀ ਆਪਣੀਆਂ ਲੋੜਾਂ ਹਨ, ਜਦੋਂ ਮੈਂ ਹੱਥਾਂ ’ਚੋਂ ਖੇਤੀ ਦੇ ਸੰਦ ਛੱਡਦਾ ਹਾਂ ਤਾਂ ਮਨ ਮਜ਼ਬੂਤ ਰੱਖਣ ਲਈ ਕਲਮ ਤੇ ਕਿਤਾਬਾਂ ਫੜ ਲੈਂਦਾ ਹਾਂ। ਅਜੇ ਤਕ ਆਪਣੇ ਬਾਗ਼ ਅੰਦਰ ਉੱਚੇ ਦਰੱਖਤਾਂ ’ਤੇ ਚੜ੍ਹ ਕੇ ਫ਼ਲ ਤੋੜਨ ਦੀ ਸਮਰੱਥਾ ਹੈ। ਆਪਣੇ ਸਰੀਰ ਨੂੰ ਵੱਖ ਵੱਖ ਲੋੜਾਂ ਲਈ ਵਰਤਣ ਵਾਸਤੇ ਹੌਸਲਾ ਤੇ ਉਤਸ਼ਾਹ ਮਨ ਵਿਚੋਂ ਕਦੇ ਗ਼ਾਇਬ ਨਹੀਂ ਹੋਇਆ। ਘਰ ਵਿਚ ਕਾਰਾਂ ਸਕੂਟਰ ਖੜ੍ਹੇ ਹਨ, ਪਰ ਮੈਨੂੰ ਹਮੇਸ਼ਾਂ ਪੈਦਲ ਜਾਂ ਸਾਈਕਲ ’ਤੇ ਚੱਲ ਕੇ ਅਗੰਮੀ ਖ਼ੁਸ਼ੀ ਮਹਿਸੂਸ ਹੁੰਦੀ ਹੈ।

ਮਹਿੰਦਰ ਸਿੰਘ ‘ਦੋਸਾਂਝ’

ਬੁਢਾਪੇ ਵਿਚ ਵੀ ਮੈਨੂੰ ਸੁਭਾਗ ਪ੍ਰਾਪਤ ਹੈ ਕਿ ਮੈਂ ਆਪਣੇ ਅੰਦਰਲੇ ਅਤੇ ਬਾਹਰਲੇ ਸੰਸਾਰ ਵਿਚ ਸੰਪੰਨ, ਸੰਤੁਸ਼ਟ ਤੇ ਖ਼ੁਸ਼ ਹਾਂ, ਜ਼ਿੰਦਗੀ ਦੀ ਕਮਾਈ ਨਾਲ ਭਰੇ ਖ਼ਜ਼ਾਨੇ ਨੂੰ ਬੁਢਾਪੇ ਵਿਚ ਖ਼ੁਸ਼ੀ ਨਾਲ ਵਰਤ ਰਿਹਾ ਹਾਂ। ਜਦੋਂ ਮੈਂ ਇਕਾਂਤ ਵਿਚ ਆਪਣੇ ਅੰਦਰਲੇ ਸੰਸਾਰ ਵਿਚ ਵਿਚਰਦਾ ਹਾਂ ਤਾਂ ਦੂਰ ਪਿੱਛੇ ਆਪਣੇ ਅਤੀਤ ਵਿਚ ਖਿਲਰੇ ਚੰਗੇ ਤੇ ਮਹਾਨ ਲੋਕਾਂ ਦੇ ਵਿਚਾਰ ਤੇ ਉਨ੍ਹਾਂ ਨਾਲ ਮਿਲਣੀਆਂ ਦੀਆਂ ਖ਼ੂਬਸੂਰਤ ਸਿਮਰਤੀਆਂ ਤਲਾਸ਼ ਕਰਦਾ ਹਾਂ, ਉਨ੍ਹਾਂ ਦੇ ਮਹਾਨ ਵਿਚਾਰਾਂ ਦੇ ਅਰਥ ਤਲਾਸ਼ ਕਰਦਾ ਹਾਂ, ਜ਼ਿੰਦਗੀ ਦੀ ਲੰਮੀ ਯਾਤਰਾ ਵਿਚ ਪੜ੍ਹੇ ਨਾਵਲਾਂ, ਕਹਾਣੀਆਂ ਦੇ ਪਾਤਰਾਂ ਦੇ ਦੁੱਖ, ਸੁੱਖ,ਵਰਤ ਵਿਹਾਰ ਤੇ ਉਨ੍ਹਾਂ ਦੇ ਕਿਰਦਾਰਾਂ ਦਾ ਮੁਲਾਂਕਣ ਤੇ ਵਿਸ਼ਲੇਸ਼ਣ ਕਰਦਾ ਹਾਂ ਤੇ ਉਨ੍ਹਾਂ ਨਾਲ ਸੰਵਾਦ ਰਚਾਉਣ ਵਿਚ ਰੁਝਿਆ ਰਹਿੰਦਾ ਹਾਂ। ਮੇਰਾ ਮਨ ਉਨ੍ਹਾਂ ਲੋਕਾਂ ਨਾਲ ਵੀ ਅਕਸਰ ਜੁੜਿਆ ਰਹਿੰਦਾ ਹੈ ਜੋ ਮੇਰੀ ਜ਼ਿੰਦਗੀ ਦੇ ਵੱਖ ਵੱਖ ਮੋੜਾਂ ’ਤੇ ਰਾਹਾਂ ਵਿਚ ਟੁੱਟ ਕੇ ਡਿੱਗੇ ਮੇਰੇ ਇਰਾਦਿਆਂ ਨੂੰ ਸੁਪਨਿਆਂ ਦੇ ਖ਼ੂਬਸੂਰਤ ਖੰਭ ਲਾ ਕੇ ਵਿਸ਼ਾਲ ਅੰਬਰਾਂ ’ਤੇ ਮੁੜ ਉੱਡਣ ਦਾ ਮੌਕਾ ਦਿੰਦੇ ਰਹੇ ਹਨ। ਆਪਣੇ ਮਨ ਦੇ ਖ਼ੂਬਸੂਰਤ ਸੰਸਾਰ ਵਿਚ ਮੈਂ ਅਨੇਕਾਂ ਲੇਖਕਾਂ, ਵਿਦਵਾਨਾਂ, ਬੁੱਧੀਜੀਵੀਆਂ, ਦਾਰਸ਼ਨਿਕਾਂ ਤੇ ਵਿਗਿਆਨੀਆਂ ਤੋਂ ਮਿਲੀਆਂ ਨੇਕ ਸਲਾਹਾਂ ਤੇ ਸੇਧਾਂ ਦਾ ਲੇਖਾ ਜੋਖਾ ਕਰਦਾ ਰਹਿੰਦਾ ਹਾਂ। ਇਨ੍ਹਾਂ ਸੇਧਾਂ ਤੇ ਸਲਾਹਾਂ ਨੂੰ ਜੀਵਨ ਵਿਚ ਲਾਗੂ ਕਰਨ ਦੀਆਂ ਨਵੀਆਂ ਨਵੀਆਂ ਜੁਗਤਾਂ ਤਲਾਸ਼ਦਾ ਰਹਿੰਦਾ ਹਾਂ। ਮਨ ਵਿਚ ਪਈਆਂ ਇਨ੍ਹਾਂ ਸੇਧਾਂ ਤੇ ਸਲਾਹਾਂ ਦੇ ਆਸਰੇ ਭਵਿੱਖ ਵਿਚ ਹੋਰ ਅੱਗੇ ਵਧਣ ਲਈ ਮਨ ਵਿਚ ਉਤਸੁਕਤਾ ਤੇ ਉਤਸ਼ਾਹ ਕਾਇਮ ਰਹਿੰਦਾ ਹੈ। ਮੇਰਾ ਬਾਹਰ ਦਾ ਸੰਸਾਰ ਬਹੁਤ ਹੀ ਖ਼ੂਬਸੂਰਤ ਤੇ ਵਿਸ਼ਾਲ ਹੈ, ਏਸ ਸੰਸਾਰ ਵਿਚ ਮੇਰਾ ਵਿਸ਼ਾਲ ਤੇ ਖ਼ੂਬਸੂਰਤ ਪਰਿਵਾਰ ਹੈ। ਇਸ ਪਰਿਵਾਰ ਅੰਦਰ ਮੈਂ ਆਪਣੇ ਅਨੇਕਾਂ ਮਿੱਤਰਾਂ, ਸਨੇਹੀਆਂ, ਸ਼ੁੱਭਚਿੰਤਕਾਂ ਦੇ ਨਾਲ-ਨਾਲ ਆਪਣੇ ਫਾਰਮ ਦੇ ਦਰੱਖਤਾਂ, ਫੁੱਲਾਂ, ਬੂਟਿਆਂ, ਫ਼ਸਲਾਂ, ਪਸ਼ੂਆਂ ਪੰਛੀਆਂ ਤੇ ਛੋਟੇ ਛੋਟੇ ਜੀਵਾਂ ਦੀ ਖ਼ੂਬਸੂਰਤ ਰੌਣਕ ਨਾਲ ਜੁੜਿਆ ਰਹਿੰਦਾ ਹਾਂ। ਫੇਰ ਮੱਕੀ ਦੇ ਟਾਂਢਿਆਂ ਦੇ ਕੁੱਛੜ ਚੜ੍ਹੀਆਂ ਊੰਘਦੀਆਂ ਦੋਧੀਆਂ ਛੱਲੀਆਂ ਤੇ ਫ਼ਸਲਾਂ ਦੇ ਸਿਰਾਂ ’ਤੇ ਸਜੇ ਅਣਗਿਣਤ ਸਿੱਟਿਆਂ ਦੇ ਸੋਹਣੇ ਮੁਕਟ ਵੇਖਦਾ ਹਾਂ ਤਾਂ ਕੁਦਰਤ ਦੀ ਰਚਾਈ ਲੀਲਾ ਮਨ ਨੂੰ ਜਿਵੇਂ ਟੁੰਬ ਲੈਂਦੀ ਹੈ ਤੇ ਮਨ ਨੂੰ ਸਭ ਸਮੱਸਿਆਵਾਂ ਤੇ ਫ਼ਜ਼ੂਲ ਦੀਆਂ ਘੁੰਮਣ ਘੇਰੀਆਂ ਭੁੱਲ ਜਾਂਦੀਆਂ ਹਨ। ਸਭ ਕੁਝ ਸੁੰਦਰ ਤੇ ਸੁਖਾਵਾਂ ਜਾਪਣ ਲੱਗਦਾ ਹੈ। ਮੇਰੇ ਮਨ ਨੂੰ ਖ਼ੁਸ਼ੀ ਤੇ ਖ਼ੂਬਸੂਰਤ ਅਨੁਭਵ ਬਖ਼ਸ਼ਣ ਲਈ ਦੁਪਹਿਰ ਦਾ ਸਮਾਂ ਅਕਸਰ ਮਹੱਤਵਪੂਰਨ ਤੇ ਢੁਕਵਾਂ ਹੁੰਦਾ ਹੈ। ਇਸ ਸਮੇਂ ਮੇਰੇ ਬਾਗ਼ ਦੇ ਅਤੇ ਫ਼ਸਲਾਂ ਦੇ ਅਣਗਿਣਤ ਵੰਨ ਸੁਵੰਨੇ ਤੇ ਰੰਗ ਬਿਰੰਗੇ ਫੁੱਲਾਂ ’ਤੇ ਚੁੰਮਣ ਦੇਣ ਲਈ ਅਨੇਕਾਂ ਭੌਰਿਆਂ, ਤਿਤਲੀਆਂ ਤੇ ਮਧੂ ਮੱਖੀਆਂ ਦਾ ਖ਼ੂੁਬਸੂਰਤ ਪਰਿਵਾਰ ਪਹੁੰਚਿਆ ਹੁੰਦਾ ਹੈ। ਇਨ੍ਹਾ ਭੌਰਿਆਂ, ਤਿਤਲੀਆਂ ਤੇ ਮਧੂ ਮੱਖੀਆਂ ਦਾ ਮਧੁਰ ਸੰਗੀਤ ਮੇਰੇ ਮਨ ਨੂੰ ਧੁਰ ਅੰਦਰ ਗਹਿਰਾਈਆਂ ਤਕ ਵਿਲੱਖਣ ਸਰੋਦ ਨਾਲ ਭਰ ਦਿੰਦਾ ਹੈ। ਮੈਂ ਆਪਣੇ ਦਰੱਖਤਾਂ ਦੇ ਇਕ ਇਕ ਫੁੱਲ ਕੋਲ ਜਾ ਕੇ ਇਨ੍ਹਾਂ ਘਰ ਆਏ ਸੁੰਦਰ ਮਹਿਮਾਨਾਂ ਨੂੰ ‘ਜੀ ਆਇਆਂ’ ਆਖਦਾ ਹਾਂ। ਇਨ੍ਹਾਂ ਨਿੱਕੇ ਨਿੱਕੇ ਜੀਵਾਂ ਦੀਆਂ ਮਧੁਰ ਆਵਾਜ਼ਾਂ ਦਾ ਸੋਹਣਾ ਸੰਗੀਤ ਮੇਰੀ ਸੁਣਨ ਸ਼ਕਤੀ ਵਿਚ ਵਾਧਾ ਕਰਦਾ ਹੈ। ਮੈਂ ਇਨ੍ਹਾਂ ਜੀਵਾਂ ਦੀਆਂ ਸੁਖਾਵੀਆਂ ਰੌਣਕਾਂ ਨਾਲ ਜੁੜ ਕੇ ਖ਼ੁਸ਼ੀ ਤੇ ਤਸੱਲੀ ਮਹਿਸੂਸ ਕਰਦਾ ਹਾਂ। ਇਹ ਜੀਵ ਮੈਨੂੰ ਕੁਦਰਤ ਦੇ ਖ਼ੂਬਸੂਰਤ ਕਲਾਕਾਰ ਜਾਪਦੇ ਹਨ। ਸ਼ਾਮ ਦਾ ਸਮਾਂ ਵੀ ਮੇਰੇ ਮਨ ਨੂੰ ਅਕਸਰ ਤ੍ਰਿਪਤੀ ਬਖ਼ਸ਼ਦਾ ਹੈ। ਇਸ ਸਮੇਂ ਮੇਰੇ ਫਾਰਮ ਦੇ ਬਾਗ਼ ਬਗੀਚੇ ਵਿਚ ਰੈਣ ਬਸੇਰੇ ਵਾਸਤੇ ਅਣਗਿਣਤ ਪੰਛੀਆਂ ਦੀ ਸੰਘਣੀ ਭੀੜ ਜੁੜ ਜਾਂਦੀ ਹੈ, ਇਕੋ ਸਮੇਂ ਇਨ੍ਹਾਂ ਪੰਛੀਆਂ ਦੀਆਂ ਸੁਰੀਲੀਆਂ ਆਵਾਜ਼ਾਂ ਦਾ ਸੰਗੀਤ ਮਨ ਨੂੰ ਤਕੜਾ ਕਰਨ ਲਈ ਮੇਰੇ ਦਿਲ ਨੂੰ ਛੂਹ ਲੈਂਦਾ ਹੈ। ਮੇਰੇ ਮਨ ਨੂੰ ਖ਼ੂੁਬਸੂਰਤ ਅਹਿਸਾਸ ਬਖ਼ਸ਼ਣ ਲਈ ਸਭ ਤੋਂ ਅਨੁਕੂਲ ਮੌਸਮ ਬਹਾਰ ਦਾ ਹੁੰਦਾ ਹੈ। ਇਸ ਮੌਸਮ ਵਿਚ ਮੈਂ ਬਾਗ਼ ’ਚ ਦਰੱਖਤਾਂ ਦੀਆਂ ਰੁੰਡ ਮਰੁੰਡ ਸਾਖਾਂ ਵਿਚੋਂ ਨਿਕਲਦੀਆਂ ਖ਼ੂਬਸੂਰਤ ਕਰੂੰਬਲਾਂ ਨੂੰ ਆਪਣੇ ਨੈਣ ਖੋਲ੍ਹ ਕੇ ਨਵੀਂ ਦੁਨੀਆਂ ਨੂੰ ਸਲਾਮ ਕਰਦਿਆਂ ਵੇਖਦਾ ਹਾਂ ਤਾਂ ਮਨ ਖ਼ੁਸ਼ੀ ਨਾਲ ਖਿੜ ਜਾਂਦਾ ਹੈ, ਮਨ ਨੂੰ ਦੁਖੀ ਤੇ ਪ੍ਰੇਸ਼ਾਨ ਕਰਨ ਵਾਲੀ ਹਰ ਗੱਲ ਹਰ ਘਟਨਾ ਵਿਸਰ ਜਾਂਦੀ ਹੈ। ਸਰਕਾਰੀ ਨੌਕਰੀ ਤੇ ਵਿਕਸਤ ਦੇਸ਼ਾਂ ਵਿਚ ਵਸਣ ਦੇ ਸੱਦੇ ਠੁਕਰਾ ਕੇ ਆਪਣੇ ਖੇਤਾਂ ਵਿਚ ਹੱਥੀਂ ਸਿਰਜੇ ਖ਼ੂਬਸੂਰਤ ਸੰਸਾਰ ਵਿਚ ਮੈਂ ਖ਼ੁਸ਼ ਹਾਂ। ਇਸ ਸੰਸਾਰ ਨੇ ਹੀ ਮੈਨੂੰ ਸੁੰਦਰ ਤੇ ਸੁਖਾਵਾਂ ਜੀਵਨ ਬਖ਼ਸ਼ਿਆ ਹੈ। ਅਜਿਹਾ ਨਹੀਂ ਕਿ ਮੇਰੇ ਮਨ ਨੂੰ ਪ੍ਰੇਸ਼ਾਨ ਕਰਨ ਵਾਲੀ ਕੋਈ ਗੱਲ ਨਹੀਂ ਹੁੰਦੀ, ਮੇਰੇ ਆਪਣੇ ਕਰੀਬੀ ਤੇ ਕਈ ਹੋਰ ਲੋਕ ਮੇਰੇ ਮਨ ਨੂੰ ਸੱਟਾਂ ਮਾਰਨ ਲਈ ਕਈ ਤਰ੍ਹਾਂ ਦੇ ਵਿਵਹਾਰ ਕਰ ਜਾਂਦੇ ਹਨ, ਪਰ ਅਜਿਹੇ ਲੋਕਾਂ ਨਾਲ ਉਲਝਣ ਲਈ ਤੇ ਇਨ੍ਹਾਂ ਨਾਲ ਨਫ਼ਰਤ ਤੇ ਈਰਖਾ ਕਰਨ ਲਈ ਮੇਰੇ ਕੋਲ ਇਕ ਸਕਿੰਟ ਦਾ ਸਮਾਂ ਵੀ ਨਹੀਂ। ਅੱਖਾਂ ਨਵੇਂ ਤੋਂ ਨਵੇਂ ਖ਼ੂਬਸੂਰਤ ਸੁਪਨਿਆਂ ਨਾਲ ਤੇ ਮਨ ਨਵੀਆਂ ਤੇ ਉਸਾਰੂ ਸੋਚਾਂ ਨਾਲ ਮੂੰਹ ਤਕ ਭਰਿਆ ਰਹਿੰਦਾ ਹੈ, ਮਨ ਤੇ ਦਿਲ ਵਿਚ ਕੋਈ ਵਾਲ਼ ਜਿੰਨਾ ਛੇਕ ਨਹੀਂ ਜਿਸ ਰਾਹੀਂ ਕੋਈ ਢਾਹੂ ਵਿਚਾਰ ਜਾਂ ਨਿਰਾਸ਼ਤਾ ਮਨ ਵਿਚ ਪ੍ਰਵੇਸ਼ ਕਰ ਸਕੇ। 80 ਸਾਲ ਦੀ ਉਮਰ ਵਿਚ ਵੀ ਮੈਂ ਖ਼ੁਸ਼, ਖ਼ੁਸ਼ਹਾਲ ਤੇ ਸੰਤੁਸ਼ਟ ਹਾਂ। ਬਿਮਾਰੀਆਂ ਨੂੰ ਕੂਹਣੀਆਂ ਨਾਲ ਪਿੱਛੇ ਧੱਕ ਕੇ ਤੇਜ਼ੀ ਨਾਲ ਅੱਗੇ ਵਧ ਰਿਹਾ ਹਾਂ। ਜੇਕਰ ਭਾਰਤ ਵਿਚ ਇਨਸਾਨ ਦੀ ਔਸਤ ਉਮਰ 70 ਸਾਲ ਹੈ ਤਾਂ ਮੈਂ 10 ਸਾਲ ਉਮਰ ’ਤੇ ਬੋਨਸ ਵੀ ਪ੍ਰਾਪਤ ਕਰ ਲਿਆ ਹੈ, ਅਜੇ ਚੱਲ ਸੋ ਚੱਲ ਹੈ, ਹੋਰ ਸਮਾਂ ਨਾ ਮਿਲੇ ਤਦ ਵੀ ਖ਼ੁਸ਼ੀ ਹੋਵੇਗੀ। ਮੈਨੂੰ ਆਸ ਹੈ ਕਿ ਤਕੜਾ ਮਨ ਤੇ ਮਜ਼ਬੂਤ ਸਰੀਰ ਅਜੇ ਹੋਰ ਅੱਗੇ ਤਕ ਮੇਰਾ ਸਾਥ ਦੇਵੇਗਾ। ਮਨ ਵਿਚੋਂ ਮੌਤ ਦਾ ਭੈਅ ਬਾਹਰ ਕੱਢ ਕੇ ਦਿਲ ਵਿਚ ਮੌਤ ਦੀ ਸੁਖਾਵੀਂ ਗੋਦ ਵਿਚ ਬਿਰਾਜਣ ਦਾ ਅਹਿਸਾਸ ਪੈਦਾ ਕੀਤਾ ਹੈ। ਇਕ ਖ਼ੂਬਸੂਰਤ ਤੇ ਭਰਪੂਰ ਜੀਵਨ ਜੀਅ ਕੇ ਹੁਣ ਮੌਤ ਨਾਲ ਜਾਣ ਲਈ ਬਿਸਤਰਾ ਕੱਛ ਵਿਚ ਹੈ, ਮੌਤ ਉਸ ਸੁੰਦਰ ਬੱਸ ਵਰਗੀ ਜਾਪਦੀ ਹੈ ਜੋ ਹੁਣੇ ਆਵੇਗੀ ਤੇ ਉਸ ਵਿਚ ਚੜ੍ਹ ਕੇ ਕਿਸੇ ਅਨੰਤ ਮੰਜ਼ਿਲ ਵੱਲ ਚੱਲ ਪਵਾਂਗਾ, ਜਿੱਥੇ ਜ਼ਿੰਦਗੀ ਦਾ ਇਕ ਸਹਿਜ ਤੇ ਸ਼ਾਂਤ ਪੜਾਅ ਮਿਲੇਗਾ। ਮੌਤ ਨੂੰ ਇਉਂ ਜੱਫੀ ਪਾ ਕੇ ਮਿਲਾਂਗਾ ਜਿਵੇਂ ਕੋਈ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਮਿਲਦਾ ਹੈ। ਸੰਤ ਕਬੀਰ ਜੀ ਦਾ ਇਹ ਸ਼ਲੋਕ ਮੌਤ ਤੋਂ ਪਾਰ ਵੀ ਮੇਰੀ ਜ਼ਿੰਦਗੀ ਨੂੰ ਨਵੇਂ ਤੇ ਖ਼ੂਬਸੂਰਤ ਅਰਥ ਪ੍ਰਦਾਨ ਕਰੇਗਾ: ਕਬੀਰਾ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ। ਮਰਨੇ ਹੀ ਤੇ ਪਾਈਏ, ਪੂਰਨੁ ਪਰਮਾਨੰਦੁ

ਸੰਪਰਕ : 94632 33991

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All