ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ

ਸਤਵਿੰਦਰ ਬਸਰਾ ਲੁਧਿਆਣਾ, 31 ਮਈ ਪੰਜਾਬ ਪੁਲੀਸ ਨੇ ਲੁਧਿਆਣਾ ਤੋਂ ਨਿੱਜੀ ਬੀਜ ਫਰਮ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਕੇ ਪੰਜਾਬ ਵਿਚ ਝੋਨੇ ਦੇ ਬੀਜ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਉਹ ਕਿਸਾਨਾਂ ਨੂੰ ਝੋਨੇ ਦੀਆਂ ਨਵੀਆਂ ਵਿਕਸਿਤ ਕਿਸਮਾਂ ਦੇ ਬੀਜ, ਜਿਨ੍ਹਾਂ ਦੀ ਅਜੇ ਤਕ ਕੇਂਦਰੀ ਬੀਜ ਸੂਚੀਕਰਨ ਕਮੇਟੀ ਵੱਲੋਂ ਵਪਾਰਕ ਮਾਰਕੀਟਿੰਗ ਲਈ ਪ੍ਰਵਾਨਗੀ ਵੀ ਨਹੀਂ ਹੋਈ ਸੀ, ਦੇ ਰੂਪ ’ਚ ਭਾਰੀ ਕੀਮਤਾਂ ’ਤੇ ਜਾਅਲੀ ਬੀਜ ਵੇਚਦਾ ਸੀ। ਡੀਜੀਪੀ ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਹੈ ਕਿ ਲੁਧਿਆਣਾ ਸਥਿਤ ਨਿੱਜੀ ਫਰਮ 'ਬਰਾੜ ਬੀਜ ਸਟੋਰ' ਦੇ ਮਾਲਕ ਹਰਵਿੰਦਰ ਸਿੰਘ ਉਰਫ਼ ਕਾਕਾ ਬਰਾੜ ਨੂੰ ਲੁਧਿਆਣਾ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੀ.ਏ.ਯੂ. ਗੇਟ ਨੰਬਰ 1, ਲੁਧਿਆਣਾ ਦੇ ਸਾਹਮਣੇ ਪੈਂਦੇ ਇਸ ਬੀਜ ਸਟੋਰ ਦਾ ਲਾਇਸੈਂਸ ਰੱਦ ਕਰ ਕੇ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਨਰਿੰਦਰ ਸਿੰਘ ਬੈਨੀਪਾਲ ਨੇ ‘ਬਰਾੜ ਬੀਜ ਸਟੋਰ’ ਦੀ ਚੈਕਿੰਗ ਕੀਤੀ ਸੀ। ਉਨ੍ਹਾਂ ਨੂੰ ਬਰਾੜ ’ਤੇ ਗ਼ਲਤ ਬੀਜ ਵੇਚਣ ਦਾ ਸ਼ੱਕ ਹੋਇਆ ਸੀ। ਜਾਅਲੀ ਬੀਜਾਂ ਦੀ ਬਰਾਮਦਗੀ ਅਤੇ ਜ਼ਬਤ ਹੋਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲੀਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਲੁਧਿਆਣਾ ਵਿਚ ਬੀਜ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ ਵੇਚੇ ਜਾ ਰਹੇ ਬੀਜਾਂ ਦੇ ਨਮੂਨੇ ਵੀ ਲਏ। ਇਹ ਨਮੂਨੇ ਲੈਬਾਰਟਰੀ ਜਾਂਚ ਲਈ ਭੇਜੇ ਗਏ ਹਨ। ਜ਼ਿਲ੍ਹਾ ਪੁਲੀਸ ਨੇ ਹੈਲਪਲਾਈਨ ਨੰਬਰ 9115601160, 9115601161 ਵੀ ਜਾਰੀ ਕੀਤੇ ਹਨ, ਤਾਂ ਜੋ ਬੀਜ ਵੇਚਣ ਵਾਲੀਆਂ ਦੁਕਾਨਾਂ ਦੁਆਰਾ ਵੱਧ ਵਸੂਲੀ ਕਰਨ ਅਤੇ ਬੀਜਾਂ ਅਤੇ ਖਾਦ ਦੀ ਗੁਣਵੱਤਾ ਬਾਰੇ ਕਿਸੇ ਸ਼ੱਕ ਦੀ ਸ਼ਿਕਾਇਤ ਕੀਤੀ ਜਾ ਸਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All